ਏਜੰਸੀਆਂ
ਨਵੀਂ ਦਿੱਲੀ/6 ਮਈ : ਕਾਊਂਸਿਲ ਫ਼ਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮੀਨੇਸ਼ਨਸ (ਸੀਆਈਐਸਸੀਈ) ਦੇ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਸੋਮਵਾਰ ਨੂੰ ਜਾਰੀ ਕੀਤੇ ਗਏ। ਇਨ੍ਹਾਂ ਨਤੀਜਿਆਂ ਵਿਚ ਲੜਕੀਆਂ ਨੇ ਮੁੰਡਿਆਂ ਨੂੰ ਪਛਾੜ ਦਿੱਤਾ। ਸੀਆਈਐਸਸੀਈ ਦੇ ਇਕ ਅਧਿਕਾਰੀ ਨੇ ਦੱਸਿਆ ਕਿ 99.47 ਫੀਸਦੀ ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ, ਜਦਕਿ 98.19 ਫੀਸਦੀ ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ।
ਸੀਆਈਐਸਸੀਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਕੱਤਰ ਜੋਸੇਫ ਇਮੈਨੁਅਲ ਨੇ ਕਿਹਾ ਕਿ 10ਵੀਂ ਜਮਾਤ ਵਿਚ 99.31 ਫੀਸਦੀ ਮੁੰਡੇ ਪਾਸ ਹੋਏ, ਜਦਕਿ 99.65 ਫੀਸਦੀ ਕੁੜੀਆਂ ਪਾਸ ਹੋਈਆਂ। ਇਸੇ ਤਰ੍ਹਾਂ 12ਵੀਂ ਜਮਾਤ ਵਿਚ ਮੁੰਡਿਆਂ ਦੀ ਪਾਸ ਫੀਸਦੀ 97.53 ਫੀਸਦੀ ਰਹੀ, ਜਦਕਿ ਕੁੜੀਆਂ ਦੀ ਪਾਸ ਫ਼ੀਸਦੀ 98.92 ਫ਼ੀਸਦੀ ਰਹੀ।
10ਵੀਂ ਜਮਾਤ ਵਿਚ ਇੰਡੋਨੇਸ਼ੀਆ, ਸਿੰਗਾਪੁਰ ਅਤੇ ਦੁਬਈ ਦੇ ਸਕੂਲਾਂ ਨੇ 100 ਫ਼ੀਸਦੀ ਨਾਲ ਵਿਦੇਸ਼ਾਂ ਵਿਚ ਵਧੀਆ ਪ੍ਰਦਰਸ਼ਨ ਕੀਤਾ। 12ਵੀਂ ਜਮਾਤ ਵਿਚ ਸਿੰਗਾਪੁਰ ਅਤੇ ਦੁਬਈ ਦੇ ਸਕੂਲਾਂ ਨੇ ਵਿਦੇਸ਼ਾਂ ਵਿਚ ਵਧੀਆ ਪ੍ਰਦਰਸ਼ਨ ਕੀਤਾ।
ਸੀਆਈਐਸਸੀਈ ਪ੍ਰੀਖਿਆ (ਕਲਾਸ 10) 60 ਲਿਖਤੀ ਵਿਸ਼ਿਆਂ ਵਿਚ ਆਯੋਜਿਤ ਕੀਤੀ ਗਈ ਸੀ, ਜਿਸ ਵਿਚੋਂ 20 ਭਾਰਤੀ ਭਾਸ਼ਾਵਾਂ ਵਿਚ, 13 ਵਿਦੇਸ਼ੀ ਭਾਸ਼ਾਵਾਂ ਵਿਚ ਅਤੇ ਇਕ ਸ਼ਾਸਤਰੀ ਭਾਸ਼ਾ ਵਿਚ ਸੀ। ਸੀਆਈਐਸਸੀਈ ਪ੍ਰੀਖਿਆਵਾਂ 21 ਫਰਵਰੀ ਨੂੰ ਸ਼ੁਰੂ ਹੋਈਆਂ ਅਤੇ 28 ਮਾਰਚ ਨੂੰ 18 ਦਿਨਾਂ ਵਿਚ ਸਮਾਪਤ ਹੋਈਆਂ। ਸੀਆਈਐਸਸੀਈ ਪ੍ਰੀਖਿਆ (ਕਲਾਸ 12) 47 ਲਿਖਤੀ ਵਿਸ਼ਿਆਂ ਵਿਚ ਆਯੋਜਿਤ ਕੀਤੀ ਗਈ ਸੀ, ਜਿਨ੍ਹਾਂ ਵਿਚੋਂ 12 ਭਾਰਤੀ ਭਾਸ਼ਾਵਾਂ, ਚਾਰ ਵਿਦੇਸ਼ੀ ਭਾਸ਼ਾਵਾਂ ਅਤੇ ਦੋ ਸ਼ਾਸਤਰੀ ਭਾਸ਼ਾਵਾਂ ਵਿਚ ਸਨ। ਸੀਆਈਐਸਸੀਈ ਪ੍ਰੀਖਿਆਵਾਂ 12 ਫਰਵਰੀ ਨੂੰ ਸ਼ੁਰੂ ਹੋਈਆਂ ਅਤੇ 4 ਅਪ੍ਰੈਲ ਨੂੰ ਖ਼ਤਮ ਹੋਈਆਂ।