ਕਰਨਾਲ, 2 ਜੁਲਾਈ
ਹਰਿਆਣਾ ਦੇ ਕਰਨਾਲ ਵਿਖੇ ਅੱਜ ਸਵੇਰੇ ਇਕ ਚੱਲਦੀ ਮਾਲਗੱਡੀ ਦੇ 8 ਡੱਬੇ ਪਟੜੀ ਤੋਂ ਉੱਤਰ ਗਏ। ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ 4 ਵਜੇ ਦੇ ਕਰੀਬ ਤਰਾਵੜੀ ਵਿਖੇ ਰੇਲ ਟ੍ਰੈਕ ’ਤੇ ਵਾਪਰਿਆ। ਹਾਦਸੇ ਤੋਂ ਬਾਅਦ ਦੋਨਾਂ ਪਾਸਿਆਂ ਤੋਂ ਰੇਲਗੱਡੀਆਂ ਨੂੰ ਰੁਕਵਾ ਦਿੱਤਾ ਗਿਆ ਹੈ ਤੇ ਪੁਲਿਸ ਤੇ ਰੇਲਵੇ ਵਿਭਾਗ ਵਲੋਂ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਕਾਰਨ ਰੇਲ ਟ੍ਰੈਕ ਅਤੇ ਬਿਜਲੀ ਦੇ ਖੰਭਿਆਂ ਨੂੰ ਵੀ ਨੁਕਸਾਨ ਪੁੱਜਾ ਹੈ। ਤਰਾਵੜੀ ਰੇਲ ਵਿਭਾਗ ਵਲੋਂ ਟ੍ਰੈਕ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਰੂਟ ’ਤੇ ਆਉਣ ਵਾਲੀਆਂ ਰੇਲਗੱਡੀਆਂ ਦਾ ਰਾਹ ਫ਼ਿਲਹਾਲ ਤਬਦੀਲ ਕਰ ਦਿੱਤਾ ਗਿਆ ਹੈ।