ਕਰਨਾਲ, 3 ਜੁਲਾਈ
ਯਮੁਨਾਨਗਰ ਜ਼ਿਲ੍ਹਾ ਪੁਲਿਸ ਦੀ ਕ੍ਰਾਈਮ ਬ੍ਰਾਂਚ ਵਿਚ ਤਾਇਨਾਤ ਏ.ਐਸ.ਆਈ. ਦਾ ਉਸ ਦੇ ਪਿੰਡ ਕੁਟੇਲ ਦੀ ਹੱਦ ਅੰਦਰ ਸਥਿਤ ਘਰ ਦੇ ਬਾਹਰ ਸੈਰ ਕਰਦੇ ਸਮੇਂ ਮੋਟਰ ਸਾਈਕਲ ਸਵਾਰ ਅਣਪਛਾਤੇ ਦੋ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਨਾਲ ਖ਼ੇਤਰ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੌਕੇ ’ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸੰਜੀਵ ਬੀਤੀ ਰਾਤ ਨੂੰ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ ਕਿ ਮੋਟਰ ਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਇਕ ਗੋਲੀ ਉਸ ਦੇ ਸਿਰ ਵਿਚ ਅਤੇ ਇਕ ਗੋਲੀ ਉਸ ਦੀ ਕੰਡ ਵਿਚ ਵੱਜੀ। ਗੋਲੀਆਂ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਅਤੇ ਹੋਰ ਲੋਕ ਮੌਕੇ ’ਤੇ ਤੁਰੰਤ ਪਹੁੰਚ ਗਏ ਪਰ ਉਸ ਸਮੇਂ ਤੱਕ ਹਮਲਾਵਰ ਮੌਕੇ ’ਤੋਂ ਫ਼ਰਾਰ ਹੋ ਗਏ। ਗੰਭੀਰ ਹਾਲਤ ਵਿਚ ਜ਼ਖ਼ਮੀ ਹੋਏ ਸੰਜੀਵ ਨੂੰ ਤੁਰੰਤ ਇੱਥੋ ਦੇ ਇਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਫ਼.ਐਸ.ਐਲ. ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ, ਜਿਨ੍ਹਾਂ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਖ਼ੇਤਰ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਘਾਲਦੇ ਹੋਏ ਹਮਲਾਵਰਾਂ ਦੀ ਭਾਲ ਕਰ ਰਹੀ ਹੈ । ਹਮਲਾਵਰਾਂ ਵਲੋਂ ਗੋਲੀਆਂ ਮਾਰੇ ਜਾਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਥਾਣਾ ਮਧੂਬਨ ਦੇ ਇੰਚਾਰਜ ਮਨੀਸ਼ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਹਸਮਲਾਵਰਾਂ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ ।