ਕੁਰੂਕਸ਼ੇਤਰ, 13 ਜੁਲਾਈ
ਰਾਜ ਮੰਤਰੀ ਸੁਭਾਸ਼ ਸੁਧਾ ਦੇ ਕਾਫ਼ਲੇ ਵਿੱਚ ਸ਼ਾਮਲ ਐਸਕਾਰਟ ਵਾਹਨ ਕੁਰੂਕਸ਼ੇਤਰ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਵਿੱਚ ਗੱਡੀ ਵਿੱਚ ਸਵਾਰ ਇੱਕ ਕਾਂਸਟੇਬਲ ਜ਼ਖ਼ਮੀ ਹੋ ਗਿਆ ਜਦਕਿ ਬਾਕੀ ਸੁਰੱਖਿਆ ਮੁਲਾਜ਼ਮ ਵਾਲ-ਵਾਲ ਬਚ ਗਏ। ਦੱਸਿਆ ਜਾ ਰਿਹਾ ਹੈ ਕਿ ਰਾਜ ਮੰਤਰੀ ਚੰਡੀਗੜ੍ਹ ਤੋਂ ਮਹਿੰਦਰਗੜ੍ਹ ਜਾ ਰਹੇ ਸਨ। ਜਦੋਂ ਉਹ ਨੈਸ਼ਨਲ ਹਾਈਵੇਅ 'ਤੇ ਪਿਹੋਵਾ ਖੇਤਰ ਦੇ ਪਿੰਡ ਸੈਣਸਾ ਕੋਲ ਪਹੁੰਚੇ ਤਾਂ ਉਨ੍ਹਾਂ ਦੇ ਕਾਫਲੇ 'ਚ ਸ਼ਾਮਲ ਐਸਕਾਰਟ ਗੱਡੀ ਦਾ ਅਚਾਨਕ ਟਾਇਰ ਫਟ ਗਿਆ, ਜਿਸ ਕਾਰਨ ਇਹ ਹਾਦਸਾਗ੍ਰਸਤ ਹੋ ਗਿਆ। ਗੱਡੀ ਵਿੱਚ ਐਸਕਾਰਟ ਇੰਚਾਰਜ ਵੇਦਪਾਲ ਦੇ ਨਾਲ ਚਾਰ ਸਿਪਾਹੀਆਂ ਦੀ ਟੀਮ ਸੀ। ਹਾਦਸਾ ਹੁੰਦੇ ਹੀ ਕਾਫਲਾ ਰੁਕ ਗਿਆ ਅਤੇ ਜ਼ਖਮੀ ਹੌਲਦਾਰ ਸੰਜੀਵ ਕੁਮਾਰ ਨੂੰ ਤੁਰੰਤ ਪਿਹੋਵਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਕੁਰੂਕਸ਼ੇਤਰ ਰੈਫਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਰਾਜ ਮੰਤਰੀ ਨੇ ਮਹਿੰਦਰਗੜ੍ਹ ਜਾਣ ਦੀ ਆਪਣੀ ਯੋਜਨਾ ਰੱਦ ਕਰ ਦਿੱਤੀ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਹਸਪਤਾਲ ਭੇਜਣ ਤੱਕ ਉਹ ਉੱਥੇ ਹੀ ਰਹੇ।