ਕੁਲਸੀਰ ਸਿੰਘ ਔਜਲਾ
ਦਿੜ੍ਹਬਾ/11 ਸਤੰਬਰ:
ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਆਈ.ਸੀ.ਏ.ਆਰ.-ਅਟਾਰੀ, ਜ਼ੋਨ 1, ਲੁਧਿਆਣਾ ਦੀ ਅਗਵਾਈ ਹੇਠ 4 ਤੋਂ 100 ਸਤੰਬਰ ਤੱਕ "ਵਾਤਾਵਰਣ ਅਨੁਕੂਲ ਸਫਾਈ ਏਜੰਟਾਂ ਦੀ ਤਿਆਰੀ" ਵਿੱਚ ਹੁਨਰ ਸਿਖਾਉਣ ਸਬੰਧੀ ਪੰਜ-ਦਿਨਾਂ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ। ਜਿਸ ਵਿੱਚ ਜ਼ਿਲ੍ਹਾ ਸੰਗਰੂਰ ਦੀਆਂ 38 ਕਿਸਾਨ ਬੀਬੀਆਂ ਅਤੇ ਨੌਜਵਾਨ ਕਿਸਾਨਾਂ ਨੇ ਭਾਗ ਲਿਆ। ਡਾ. ਮਨਦੀਪ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਸਿਖਲਾਈ ਵਿੱਚ ਭਾਗ ਲੈਣ ਵਾਲਿਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਇਸ ਉੱਦਮ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਪੇਂਡੂ ਔਰਤਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਵਿੱਚ ਕੇਵੀਕੇ ਦੀ ਭੂਮਿਕਾ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਨੇ ਭਾਗੀਦਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਿਖਲਾਈ ਤੋਂ ਪ੍ਰਾਪਤ ਗਿਆਨ ਨੂੰ ਸਹਾਇਕ ਕਿੱਤਿਆਂ ਨੂੰ ਅਪਣਾਉਣ ਅਤੇ ਸਵੈ-ਰੁਜ਼ਗਾਰ ਵੱਲ ਵਧਣ ਲਈ ਲਾਗੂ ਕਰਨ। ਡਾ. ਪਰਵਿੰਦਰ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ), ਕੇਵੀਕੇ ਸਮਰਾਲਾ ਨੇ ਸਾਬਣ ਤਿਆਰ ਕਰਨ ਦੀ ਵਿਧੀ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਵਾਤਾਵਰਣ-ਅਨੁਕੂਲ ਸਫਾਈ ਉਤਪਾਦਾਂ ਦੀ ਵਰਤੋਂ ਕਰਨ ਨਾਲ ਹੋਣ ਵਾਲੇ ਲਾਭਾਂ ਬਾਰੇ ਵੀ ਜਾਣਕਾਰੀ ਦਿੱਤੀ, ਇਸ ਮੌਕੇ
ਸ਼੍ਰੀਮਤੀ ਮਮਤਾ ਰਾਣੀ ਅਤੇ ਸ਼੍ਰੀ ਸੁਖਵਿੰਦਰ ਸਿੰਘ ਨੇ ਘਰ ਵਿੱਚ ਸਾਬਣ ਬਣਾਉਣ ਦਾ ਅਭਿਆਸ ਕੀਤਾ, ਅਤੇ ਇਸ ਨੂੰ ਮੁਲਾਂਕਣ ਲਈ ਕੇਵੀਕੇ ਦੇ ਮਾਹਿਰਾਂ ਨੂੰ ਦਿਖਾਇਆ, ਜਿਨ੍ਹਾਂ ਨੇ ਉਸਾਰੂ ਫੀਡਬੈਕ ਪ੍ਰਦਾਨ ਕੀਤੀ।