ਨੰਗਲ, 11 ਸਤੰਬਰ (ਸਤਨਾਮ ਸਿੰਘ)
ਤਹਿਸੀਲ ਨੰਗਲ ਅਧੀਂਨ ਪੈਂਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਾਣਕਪੁਰ ਦੀਆਂ ਦੋ ਵਿਦਿਆਰਥਣਾਂ ਦੀਆਂ ਸਾਹਿਤਕ ਰਚਨਾਵਾਂ ’ਪੰਜਾਬ ਭਵਨ’ ਵੱਲੋਂ ਛਾਪੀ ਸਾਹਿਤਕ ਕਿਤਾਬ ’ਨਵੀਆਂ ਕਲਮਾਂ ਨਵੀਂ ਉੜਾਣ’ (ਭਾਗ 21) ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਬੱਚਿਆਂ ਦੇ ਗਾਈਡ ਅਧਿਆਪਕ ਸਟੇਟ ਐਵਾਰਡੀ ਵਿਕਾਸ ਵਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਮੁਖੀ ਮੈਡਮ ਸੁਮਨ ਦੀ ਯੋਗ ਅਗਵਾਈ ਵਿੱਚ ਵਿਸ਼ਾਲੀ ਸ਼ਰਮਾ ਅਤੇ ਮੁਸਕਾਨ ਨੇ ਇਹ ਮਾਣ ਪ੍ਰਾਪਤ ਕੀਤਾ ਹੈ। ਇਹ ਕਿਤਾਬ ਸੁੱਖੀ ਬਾਠ ਦੀ ਵਿਸ਼ੇਸ਼ ਪਹਿਲਕਦਮੀ ਉੱਤੇ ਛਾਪੀ ਗਈ ਹੈ ਅਤੇ ਇਸ ਦੇ ਮੁੱਖ ਸੰਪਾਦਕ ਭਾਸ਼ਾ ਵਿਭਾਗ ਰੂਪਨਗਰ ਦੇ ਸਾਬਕਾ ਭਾਸ਼ਾ ਅਫਸਰ ਗੁਰਿੰਦਰ ਸਿੰਘ ਕਲਸੀ ਹਨ। ਇਸ ਕਿਤਾਬ ਵਿੱਚ ਵਿਦਿਆਰਥੀਆਂ ਦੀਆਂ 83 ਰਚਨਾਵਾਂ ਸ਼ਾਮਿਲ ਹਨ, ਜਿਨਾਂ ਵਿੱਚ ਵਿਸ਼ਾਲੀ ਸ਼ਰਮਾ ਦੀ ਰਚਨਾ ’ਉਲਟਾ ਪੁਲਟਾ ਬਰੈਡ’ ਅਤੇ ਮੁਸਕਾਨ ਦੀ ਰਚਨਾ ’ਅਸਲੀ ਖੁਸ਼ਬੂ’ ਸ਼ਾਮਿਲ ਹਨ। ਸਕੂਲ ਸਟਾਫ ਵੱਲੋਂ ਇਨ੍ਹਾਂ ਹੋਣਹਾਰ ਬਾਲ ਲੇਖਕਾਂ ਦਾ ਮੈਡਲ ਅਤੇ ਕਾਪੀਆਂ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਮੈਡਮ ਪਵਨ ਕੁਮਾਰੀ, ਮੈਡਮ ਨੀਤੂ, ਮਮਤਾ ਸ਼ਰਮਾ, ਉਰਮਲਾ ਦੇਵੀ ਅਤੇ ਰਾਧਾ ਰਾਣੀ ਵਿਸ਼ੇਸ਼ ਰੂਪ ਤੇ ਹਾਜ਼ਰ ਸਨ।