ਨਾਭਾ 26 ਫਰਵਰੀ (ਵਰਿੰਦਰ ਵਰਮਾ)
ਨਾਭਾ ਬਲਾਕ ਦੇ ਪਿੰਡ ਚੌਧਰੀ ਮਾਜਰਾ ਦੇ ਰਹਿਣ ਵਾਲੇ ਸੰਦੀਪ ਸਿੰਘ ਉਰਫ ਬਾਵਾ 24 ਸਾਲਾ ਦੀ ਪਿੰਡ ਵਿੱਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਉਹ ਮਾਪਿਆਂ ਦਾ ਸੰਦੀਪ ਬਾਵਾ ਇਹ ਇਕਲੌਤਾ ਪੁੱਤਰ ਸੀ, ਮਾਤਾ ਪਿਤਾ ਨੇ ਬੜੇ ਹੀ ਲਾੜ ਪਿਆਰ ਨਾਲ ਪਾਲ ਕੇ ਉਸ ਦਾ ਤਿੰਨ ਦਿਨ ਪਹਿਲਾਂ ਹੀ ਵਿਆਹ ਕੀਤਾ ਸੀ ਅਤੇ ਵਿਆਹ ਦੇ ਅਜੇ ਚਾਅ ਵੀ ਪੂਰੇ ਨਹੀਂ ਸੀ ਹੋਏ ਕੀ ਤੜਕਸਾਰ ਪਿੰਡ ਵਿੱਚ ਹੀ ਲਾਸ਼ ਮਿਲਣ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅੱਜ ਅਸੀਂ ਆਪਣੇ ਨੂੰਹ ਨੂੰ ਲੈਣ ਲਈ ਜਾਣਾ ਸੀ ਅਤੇ ਗੱਡੀ ਵੀ ਸਾਡੀ ਤਿਆਰ ਸੀ, ਪਰ ਇਸ ਤੋਂ ਪਹਿਲਾਂ ਹੀ ਇਹ ਵੱਡਾ ਦੁਖਾਂਤ ਵਾਪਰ ਗਿਆ। ਇਸ ਮੌਕੇ ਤੇ ਮਿ੍ਰਤਕ ਦੇ ਪਿਤਾ ਹਰਵਿੰਦਰ ਸਿੰਘ ਅਤੇ ਰਿਸ਼ਤੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਬੇਟੇ ਦਾ ਤਿੰਨ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਬੀਤੀ ਰਾਤ ਪਿੰਡ ਦੇ ਹੀ ਨੌਜਵਾਨ ਨੇ ਫੋਨ ਕਰਕੇ ਉਸ ਨੂੰ ਬੁਲਾਇਆ ਅਤੇ ਆਪਣੇ ਨਾਲ ਲੈ ਗਿਆ ਅਤੇ ਰਾਤ ਭਰ ਉਹ ਘਰ ਨਹੀਂ ਪਰਤਿਆ ਅਤੇ ਸਵੇਰੇ ਉਸ ਦੀ ਲਾਸ਼ ਹੀ ਪਿੰਡ ਵਿੱਚੋਂ ਮਿਲੀ। ਸਾਡਾ ਇਕਲੋਤਾਂ ਪੁੱਤਰ ਹੀ ਸਾਡਾ ਸਹਾਰਾ ਸੀ, ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਸੱਚਾਈ ਦਾ ਪਤਾ ਲੱਗੇ ਅਤੇ ਜਿਨਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਨੂੰ ਲੈ ਕੇ ਨਾਭਾ ਸਦਰ ਥਾਣਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਉ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹ ਨੌਜਵਾਨ ਦੀ ਲਾਸ਼ ਪਿੰਡ ਵਿੱਚ ਹੀ ਮਿਲੀ ਹੈ ਅਤੇ ਇਸ ਦਾ ਤਿੰਨ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਇਸ ਦੀ ਮੌਤ ਕਿਵੇਂ ਹੋਈ ਹੈ ਅਸੀਂ ਇਸ ਸਬੰਧੀ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਨੌਜਵਾਨ ਦੀ ਮੌਤ ਕਿਵੇਂ ਹੋਈ ਹੈ।