ਸਮਾਣਾ, 22 ਮਾਰਚ (ਸੁਭਾਸ਼ ਚੰਦਰ/ਪੱਤਰ ਪ੍ਰੇਰਕ)
ਸਮਾਣਾ-ਪਾਤੜਾਂ ਸੜਕ ਤੇ ਪਿੰਡ ਰੇਤਗੜ੍ਹ ਨੇੜੇ ਜੇ.ਸੀ.ਬੀ. ਮਸ਼ੀਨ ਅਤੇ ਟਰੈਕਟਰ ਨਾਲ ਜੁੜੀ ਸੀਮਿੰਟ ਮਿਕਸਿੰਗ ਮਸ਼ੀਨ ਦੀ ਟਕੱਰ ’ਚ ਮਿਕਸਿੰਗ ਮਸ਼ੀਨ ਤੇ ਸਵਾਰ ਇਕ ਨੋਜਵਾਨ ਦੀ ਮੌਤ ਹੋ ਗਈ, ਜਦੋਂ ਕਿ ਟਰੈਕਟਰ ਚਾਲਕ ਸਣੇ ਮਿਕਸਿੰਗ ਮਸ਼ੀਨ ਤੇ ਸਵਾਰ ਉਸ ਦੇ ਹੋਰ ਤਿੰਨ ਸਾਥੀ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਹਾਦਸੇ ਉਪਰੰਤ ਚਾਲਕ ਜੇ.ਸੀ.ਬੀ. ਨੂੰ ਹਾਦਸੇ ਵਾਲੀ ਜਗ੍ਹਾ ਤੇ ਛੱਡ ਕੇ ਫਰਾਰ ਹੋ ਗਿਆ।
ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲਸ ਦੇ ਏ.ਐਸ.ਆਈ. ਧਰਮਿੰਦਰ ਸਿੰਘ ਨੇ ਦੱਸਿਆ ਕਿ ਸਥਾਨਕ ਹਸਪਤਾਲ ’ਚ ਇਲਾਜ ਅਧੀਨ ਗਗਨਦੀਪ ਸਿੰਘ ਨਿਵਾਸੀ ਪਿੰਡ ਸ਼ਾਹਪੁਰ ਵੱਲੋਂ ਪੁਲਸ ਨੂੰ ਦਰਜ਼ ਕਰਵਾਏ ਬਿਆਨ ਅਨੁਸਾਰ ਸ਼ਨੀਵਾਰ ਸਵੇਰੇ ਟਰੈਕਟਰ ਸਣੇ ਮਿਕਸਿੰਗ ਮਸ਼ੀਨ ਉਹ ਆਪਣੇ ਤਿੰਨ ਹੋਰ ਸਾਥੀਆਂ ਸਣੇ ਲੈਂਟਰ ਪਾਉਣ ਲਈ ਸਮਾਣਾ ਆ ਰਹੇ ਸਨ, ਕਿ ਪਿੰਡ ਰੇਤਗੜ੍ਹ ਨੇੜੇ ਇਕ ਲਾਪ੍ਰਵਾਹ ਚਾਲਕ ਨੇ ਆਪਣੀ ਤੇਜ ਰਫਤਾਰ ਜੇ.ਸੀ.ਬੀ. ਮਸ਼ੀਨ ਨਾਲ ਉਨ੍ਹਾਂ ਦੀ ਮਿਕਸਿੰਗ ਮਸ਼ੀਨ ’ਚ ਟਕੱਰ ਮਾਰ ਦਿੱਤੀ। ਇਸ ਹਾਦਸੇ ਵਿਚ ਮਿਕਸਿੰਗ ਮਸ਼ੀਨ ਤੇ ਬੈਠਾ ਲਵਪ੍ਰੀਤ ਸਿੰਘ (22) ਨਿਵਾਸੀ ਪਿੰਡ ਸ਼ਾਹਪੁਰ ਡਿੱਗ ਕੇ ਮਸ਼ੀਨ ਦੇ ਹੇਠਾਂ ਆ ਗਿਆ,ਜਦੋਂ ਕਿ ਟਰੈਕਟਰ ਚਾਲਕ ਜਨਕ ਰਾਜ ਅਤੇ ਬੀਰਾ ਸਿੰਘ ਨਿਵਾਸੀ ਪਿੰਡ ਕਕਰਾਲਾ ਅਤੇ ਉਹ ਖੁੱਦ ਵੀ ਡਿੱਗ ਕੇ ਗੰਭੀਰ ਜਖ਼ਮੀ ਹੋ ਗਏ। ਸਾਰੇ ਜਖ਼ਮੀਆਂ ਨੂੰ ਇਲਾਜ ਲਈ ਤਰੁੰਤ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਜਿਥੇ ਮੁੱਢਲੇ ਇਲਾਜ ਤੋਂ ਬਾਅਦ ਉਸ ਦੇ ਤਿੰਨ ਸਾਥੀਆਂ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਡਾਕਟਰਾਂ ਨੇ ਪਟਿਆਲਾ ਰੈਫਰ ਕਰ ਦਿੱਤਾ। ਜਿਥੇ ਇਲਾਜ ਦੌਰਾਨ ਲਵਪ੍ਰੀਤ ਸਿੰਘ ਦੀ ਮੌਤ ਹੋ ਗਈ। ਅਧਿਕਾਰੀ ਅਨੁਸਾਰ ਪੁਲਸ ਨੇ ਬਿਨਾਂ ਨੰਬਰੀ ਜੇ.ਸੀ.ਬੀ. ਦੇ ਚਾਲਕ ਨਿਰਭੈ ਸਿੰਘ ਨਿਵਾਸੀ ਪਿੰਡ ਠਸਕਾ(ਸੰਗਰੂਰ) ਦੇ ਖਿਲਾਫ ਮਾਮਲਾ ਦਰਜ਼ ਕਰਕੇ ਹਾਦਸਾ ਗ੍ਰਸਤ ਵਾਹਨਾਂ ਨੂੰ ਆਪਣੇ ਕਬਜੇ ਵਿਚ ਲੈ ਲਿਆ, ਜਦੋਂ ਕਿ ਪੋਸਟਮਾਰਟਮ ਉਪਰੰਤ ਮਿ੍ਰੱਤਕ ਦੀ ਲਾਸ਼ ਵਾਰਸਾ ਹਵਾਲੇ ਕਰ ਦਿੱਤੀ।