ਸ੍ਰੀ ਫ਼ਤਹਿਗੜ੍ਹ ਸਾਹਿਬ/28 ਮਾਰਚ:
(ਰਵਿੰਦਰ ਸਿੰਘ ਢੀਂਡਸਾ)
ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਅੱਜ ਸਰਹਿੰਦ ਸ਼ਹਿਰ ਵਿਖੇ ਸੀਵਰੇਜ ਪ੍ਰੋਜੈਕਟ ਦਾ ਨੀਹ ਪੱਥਰ ਰੱਖਿਆ ਗਿਆ, 98 ਲੱਖ 42 ਹਜਾਰ ਦੀ ਲਾਗਤ ਨਾਲ ਸਰਹਿੰਦ ਸ਼ਹਿਰ ਵਿਖੇ ਸੀਵਰੇਜ ਪਾਇਆ ਜਾਵੇਗਾ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਜਿੱਥੇ ਸ਼ਹਿਰ ਵਾਸੀਆਂ ਨੂੰ ਉਕਤ ਪ੍ਰੋਜੈਕਟ ਦੇ ਲਈ ਵਧਾਈ ਦਿੱਤੀ, ਉੱਥੇ ਹੀ ਵਿਸ਼ਵਾਸ ਦਵਾਇਆ ਕਿ ਸਾਲ 2025 ਨੂੰ ਵਿਕਾਸ ਦੇ ਬਾਰੇ ਵਜੋਂ ਮਨਾਇਆ ਜਾਵੇਗਾ। ਸਰਹਿੰਦ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੀਆਂ ਸਟਰੀਟ ਲਾਈਟਾਂ ਦੇ ਲਈ ਇਕ ਕਰੋੜ ਰੁਪਿਆ ਹੋਰ ਦਿੱਤਾ ਜਾਵੇਗਾ ਤਾਂ ਜੋ ਸ਼ਹਿਰ ਨੂੰ ਹੋਰ ਰੁਸ਼ਨਾਇਆ ਜਾ ਸਕੇ। ਇਸ ਤੋਂ ਇਲਾਵਾ ਹਲਕੇ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਪੰਜ ਕਰੋੜ ਰੁਪਿਆ ਦੇਣ ਦਾ ਭਰੋਸਾ ਦਿੱਤਾ ਗਿਆ ਹੈ, ਇਸ ਬਜਟ ਦੇ ਨਾਲ ਸ਼ਹਿਰ ਦੇ ਵਿੱਚ ਵਿਕਾਸ ਦੀ ਰਫਤਾਰ ਨੂੰ ਦੁੱਗਣੀ ਕੀਤਾ ਜਾ ਸਕੇਗਾ। ਉਹਨਾਂ ਕਿਹਾ ਕਿ ਸ਼ਹਿਰ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਬਾਥਰੂਮ ਬਣਾਏ ਜਾਣਗੇ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਔਖਿਆਈ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਉੱਤੇ ਰੇਹੜੀਆਂ ਲਗਾ ਕੇ ਸਬਜ਼ੀ ਵੇਚਣ ਵਾਲਿਆਂ ਦੇ ਲਈ ਇੱਕ ਸਬਜ਼ੀ ਮੰਡੀ ਬਣਾਈ ਜਾ ਰਹੀ ਹੈ, ਜਿੱਥੇ ਉਨਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਸਾਲ 2025 ਦਾ ਬਜਟ ਪੇਸ਼ ਕੀਤਾ ਗਿਆ ਹੈ, ਉਸ ਦੇ ਵਿੱਚ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਵਿਸ਼ੇਸ਼ ਤਵਜੋਂ ਦਿੱਤੀ ਗਈ ਹੈ। ਸਰਕਾਰ ਦਾ ਇੱਕ ਹੀ ਉਦੇਸ਼ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ ਅਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਚੰਗਾ ਇਲਾਜ ਦਿੱਤਾ ਜਾ ਸਕੇ। ਇਸ ਬਜਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਲਾਭ ਦਿੱਤਾ ਜਾ ਰਿਹਾ ਹੈ ਜੋ ਕਿ ਬਹੁਤ ਵਧੀਆ ਉਪਰਾਲਾ ਹੈ। ਜੋ ਪਹਿਲਾਂ 5 ਲੱਖ ਰੁਪਏ ਤੱਕ ਦਾ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਪਕ ਬਾਤਿਸ਼ ਬਲਾਕ ਪ੍ਰਧਾਨ,ਪ੍ਰਿਤਪਾਲ ਸਿੰਘ ਜੱਸੀ,ਜਸਵੀਰ ਸਿੰਘ ਬੰਟੀ,ਸੰਦੀਪ ਕੁਮਾਰ,ਹਰਕਮਲ ਸਿੰਘ,ਹਰਜਿੰਦਰ ਕੁਮਾਰ ,ਅਮਿਤ ਸ਼ਰਮਾ,ਆਜ਼ਮ,ਸੋਨੂੰ ਟੰਡਨ,ਬਲਵਿੰਦਰ ਕੁਮਾਰ,ਗੁਰਿੰਦਰ ਸਿੰਘ,ਅਸ਼ੀਸ਼ ਅੱਤਰੀ,ਅਸ਼ੀਸ਼ ਸੂਦ ,ਰਮੇਸ਼ ਕੁਮਾਰ ਸੋਨੂੰ,ਅਮਰ ਚੰਦ, ਅਵਤਾਰ ਸਿੰਘ, ਤਾਰੂ ਰਾਮ, ਮੱਖਣ ਸਹੋਤਾ,ਐਸ.ਡੀ.ਓ. ਰਜਨੀਸ਼ ਕੁਮਾਰ,ਜੇ.ਈ. ਅਕਸ਼ੇ ਕੁਮਾਰ, ਕੌਂਸਲਰ ਆਸ਼ਾ ਰਾਣੀ, ਕੌਂਸਲਰ ਹਰਵਿੰਦਰ ਕੌਰ, ਸੰਦੀਪ ਵਾਲਮੀਕਿ, ਨਿੱਜੀ ਸਕੱਤਰ ਮਾਨਵ ਟਿਵਾਣਾ ਆਦਿ ਵੀ ਹਾਜਰ ਸਨ।