ਸ੍ਰੀ ਫਤਿਹਗੜ੍ਹ ਸਾਹਿਬ/29 ਮਾਰਚ:
(ਰਵਿੰਦਰ ਸਿੰਘ ਢੀਂਡਸਾ)
ਥਾਈਲੈਂਡ, ਮੀਆਂਮਾਰ ਵਿੱਚ ਭੁਚਾਲ ਆਉਣ ਕਾਰਨ ਵੱਡੀ ਪੱਧਰ ਤੇ ਹੋਈ ਜਾਨੀ ਮਾਲੀ ਤਬਾਹੀ ਨੇ ਸਭ ਨੂੰ ਹਿੱਲਾ ਕੇ ਰੱਖ ਦਿਤਾ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਨਿਹੰਗ ਸਿੰਘਾਂ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਭੁਚਾਲ ਕਾਰਨ ਹੋਈ ਤਬਾਹੀ ਤੇ ਚਿੰਤਾ ਪ੍ਰਗਟ ਕਰਦਿਆਂ ਅਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕੀਤਾ।ਉਨ੍ਹਾਂ ਕਿਹਾ 10 ਕਿਲੋਮੀਟਰ ਦੀ ਪੱਧਰ ਤੇ ਆਈ ਇਸ ਆਫਤ ਵਿੱਚ ਉਚੀਆਂ ਤੇ ਵੱਡੀਆਂ ਇਮਾਰਤਾਂ ਦੇ ਢਹਿ ਢੇਰੀ ਹੋ ਜਾਣ ਕਾਰਨ ਬਹੁਤ ਸਾਰੇ ਮਨੁੱਖਾਂ ਦੇ ਮਾਰੇ ਜਾਣ ਤੇ ਲਾਪਤਾ ਹੋ ਜਾਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮਾਂਡਲਾ ਸ਼ਹਿਰ ਭੁਚਾਲ ਦਾ ਕੇਂਦਰ ਬਿੰਦੂ ਸੀ ਪਰ ਇਸ ਦੇ ਝਟਕੇ ਚੀਨ ਤੱਕ ਵੀ ਲੱਗੇ। ਅਜਿਹੀ ਦਰਦਨਾਕ ਦਿਲ ਕੰਬਾਊ ਆਫਤ ਮਨੁੱਖ ਨੂੰ ਰੱਬੀ ਹੋਂਦ ਸਪੱਸ਼ਟ ਤੌਰ ਤੇ ਦ੍ਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅਚਨਚੇਤ ਆਈ ਆਫਤ ਨਾਲ ਹੋਈਆਂ ਇਨ੍ਹਾਂ ਮੌਤਾਂ ਨਾਲ ਸੰਸਾਰੀ ਲੋਕਾਂ ਨੂੰ ਦੁੱਖ ਪੁੱਜਾ ਹੈ।