ਸ੍ਰੀ ਫਤਹਿਗੜ੍ਹ ਸਾਹਿਬ/9 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਰਵੋਤਮ ਬੁਨਿਆਦੀ ਢਾਂਚਾ ਅਤੇ ਮਿਆਰੀ ਸਿੱਖਿਆ ਦੇਣ ਦੀ ਵਚਨਬੱਧਤਾ ਉਤੇ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਪਹਿਰਾ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੇ ਇਤਿਹਾਸਕ ਫੈਸਲਿਆਂ ਸਦਕਾ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚੋਂ ਕੱਢ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਰਹੇ ਹਨ। ਇਹ ਪ੍ਰਗਟਾਵਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਹਲਕੇ ਦੇ ਤਿੰਨ ਸਕੂਲਾਂ ਵਿੱਚ ਕਰੀਬ 30 ਲੱਖ ਰੁਪਏ ਤੋਂ ਵਧੇਰੇ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਕੀਤਾ।ਵਿਧਾਇਕ ਰਾਏ ਨੇ ਸਰਕਾਰੀ ਹਾਈ ਸਕੂਲ ਰਜਿੰਦਰਗੜ੍ਹ ਵਿਖੇ 16 ਲੱਖ 29 ਹਜਾਰ 400 ਰੁਪਏ ਨਾਲ ਨਵੀਂ ਬਣੀ ਸਾਇੰਸ ਲੈਬ ਤੇ ਸਕੂਲ ਦੀ ਮੇਜਰ ਰਿਪੇਅਰ, ਸਰਕਾਰੀ ਮਿਡਲ ਸਕੂਲ ਭੈਣੀ ਕਲਾਂ ਵਿਖੇ 03 ਲੱਖ 60 ਹਜਾਰ ਨਾਲ ਬਣਾਈ ਚਾਰ ਦੀਵਾਰੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਭਾਈ ਕੀ ਵਿਖੇ 10 ਲੱਖ 11 ਹਜਾਰ ਰੁਪਏ ਨਾਲ ਬਣਾਏ ਨਵੇਂ ਕਮਰੇ ਤੇ ਚਾਰ ਦੀਵਾਰੀ ਨੂੰ ਲੋਕ ਅਰਪਿਤ ਕੀਤਾ।ਵਿਧਾਇਕ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ ਹੋਰ ਬਿਹਤਰੀਨ ਬਣਾਉਣ ਲਈ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਦਾ ਆਗਾਜ਼ ਕੀਤਾ ਹੈ ਜਿਸ ਦੇ ਤਹਿਤ ਸਕੂਲਾਂ ਵਿੱਚ ਹਰ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿੱਖਿਆ ਅਤੇ ਸਿਹਤ ਨੂੰ, ਪੂਰੀ ਤਰ੍ਹਾਂ ਅਣਗੋਲਿਆ ਰੱਖਿਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਨਾਂ ਦੋਵੇਂ ਹੀ ਖੇਤਰਾਂ ਨੂੰ ਵਿਕਾਸ ਦਾ ਮੁੱਖ ਧੁਰਾ ਬਣਾਇਆ ਅਤੇ ਇਹੀ ਕਾਰਨ ਹੈ ਕਿ ਪੰਜਾਬ ਦੇ ਸਰਕਾਰੀ ਸਕੂਲ ਅੱਜ ਸਿੱਖਿਆ ਪ੍ਰਣਾਲੀ ਅਤੇ ਸੁਵਿਧਾਵਾਂ ਦੇ ਪੱਧਰ ਤੇ ਪ੍ਰਾਈਵੇਟ ਸਕੂਲਾਂ ਨੂੰ ਪਿੱਛੇ ਛੱਡ ਰਹੇ ਹਨ। ਉਹਨਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲਿਆ ਹੈ । ਉਨ੍ਹਾਂ ਕਿਹਾ ਕਿ ਅਤਿ ਆਧੁਨਿਕ ਸਿੱਖਿਆ ਪ੍ਰਣਾਲੀ, ਸਕੂਲੀ ਅਧਿਆਪਕਾਂ ਦੀ ਪੜਾਉਣ ਸ਼ੈਲੀ ਵਿੱਚ ਸੁਧਾਰ ਕਰਨ ਲਈ ਵਿਦੇਸ਼ਾਂ ਦੇ ਵਿਦਿਅਕ ਟੂਰ, ਵਾਈ ਫਾਈ ਸੁਵਿਧਾ, ਸਕੂਲਾਂ ਦੇ ਆਲੇ ਦੁਆਲੇ ਚਾਰਦੀਵਾਰੀ, ਸਕਿਉਰਟੀ ਗਾਰਡ, ਨਵੇਂ ਕਲਾਸ ਰੂਮਾਂ ਦੀ ਉਸਾਰੀ, ਵਿਦਿਆਰਥੀਆਂ ਲਈ ਸਾਫ ਸੁਥਰੇ ਪਖਾਨੇ, ਖੇਡ ਮੈਦਾਨ, ਪੀਣ ਵਾਲਾ ਸਾਫ ਪਾਣੀ, ਅਧਿਆਪਕਾਂ ਦੀ ਨਿਯਮਤ ਭਰਤੀ ਕਰਨ ਦੇ ਨਾਲ ਨਾਲ ਹਰ ਲੋੜ ਨੂੰ ਪੂਰਾ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।ਵਿਧਾਇਕ ਨੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡ ਗਤੀਵਿਧੀਆਂ ਨਾਲ ਜੋੜਿਆ ਜਾਵੇ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰ ਵੱਲੋਂ ਆਰੰਭੇ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਦੇ ਉਦੇਸ਼ਾਂ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਹਰ ਪੱਖੋਂ ਮੋਹਰੀ ਸਾਬਤ ਹੋਣਗੇ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ ਕਿਉਕਿ ਬੱਚਿਆਂ ਤੇ ਨੌਜਵਾਨਾਂ ਦੇ ਭਵਿੱਖ ਨੂੰ ਸਹੀ ਦਿਸ਼ਾ ਦੇਣ ਲਈ ਅਤੇ ਸੁਰੱਖਿਅਤ ਬਣਾਉਣ ਲਈ ਸਿੱਖਿਆ ਹੀ ਵਡਮੁੱਲਾ ਯੋਗਦਾਨ ਪਾ ਸਕਦੀ ਹੈ।ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ )ਸੁਸੀਲ ਨਾਥ, ਉਪ ਜਿਲ੍ਹਾ ਸਿੱਖਿਆ ਅਫਸਰ ਦੀਦਾਰ ਸਿੰਘ ਮਾਂਗਟ,ਜਗਜੀਤ ਸਿੰਘ ਚੋਹਲਟੀ ਖੇੜੀ, ਅਮਰਜੀਤ ਸਿੰਘ ਦੁਭਾਲੀ, ਬਿਕਰ ਸਿੰਘ ਰਜਿੰਦਰਗੜ੍ਹ, ਹੈਪੀ ਸਰਪੰਚ ਭੈਣੀਕਲਾਂ, ਦਫ਼ਤਰ ਸਕੱਤਰ ਬਹਾਦਰ ਖਾਨ, ਹਰਮੇਸ਼ ਪੂਨੀਆਂ ਅਤੇ ਪ੍ਰਹਿਲਾਦ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਮਾਪੇ, ਅਧਿਆਪਕ ਤੇ ਇਲਾਕੇ ਦੇ ਮੋਹਤਬਰ ਹਾਜਰ ਸਨ।