ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ 20 ਲੋਕਾਂ ਦੀ ਜਾਨ ਲੈਣ ਵਾਲੀ ਨਕਲੀ ਸ਼ਰਾਬ , ਦਰਅਸਲ ਮਿਥੇਨੌਲ ਸੀ- ਜੋ ਕਿ ਉਦਯੋਗਿਕ ਉਤਪਾਦਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਘਾਤਕ ਰਸਾਇਣ ਹੁੰਦਾ ਹੈ। ਦੋਸ਼ੀਆਂ ਨੇ ਇਹ ਰਸਾਇਣ ਨੋਇਡਾ ਦੀ ਇੱਕ ਫੈਕਟਰੀ ਤੋਂ ਉਦਯੋਗਿਕ ਕੰਮਾਂ ਲਈ ਵਰਤਣ ਦੇ ਬਹਾਨੇ ਖਰੀਦਿਆ ਸੀ। ਇਹ ਜਾਣਕਾਰੀ ਉਕਤ ਮਾਮਲੇ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੀ ਅਗਵਾਈ ਕਰ ਰਹੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਦਿੱਤੀ।