ਪਿੱਛੇ ਜਿਹੇ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਗੁਰਮਤਿ ਲੋਕਧਾਰਾ ਵਿਚਾਰ ਮੰਚ ਦੇ ਸਹਿਯੋਗ ਨਾਲ ਪਰਵਾਸ ਅਤੇ ਔਰਤ ਦੀ ਬਦਲ ਰਹੀ ਭੂਮਿਕਾ ਵਿਸ਼ੇ ਤੇ ਸੰਵਾਦ ਕਰਵਾਇਆ ਗਿਆ। ਇਸ ਵਿੱਚ ਦੇਸ਼ ਵਿਦੇਸ਼ ਤੋਂ ਵਿਦਵਾਨਾਂ ਨੇ ਹਿੱਸਾ ਲਿਆ। ਪਰਵਾਸ ਨੇ ਕਿਵੇਂ ਪੰਜਾਬੀ ਭਾਈਚਾਰੇ ਵਿੱਚ ਔਰਤ ਦੀ ਭੂਮਿਕਾ ਬਦਲੀ ਹੈ, ਇਸ ਬਾਰੇ ਇੱਕ ਮੁੱਖ ਪੱਖ ਇਹ ਸਾਹਮਣੇ ਆਇਆ ਕਿ ਹੌਲੀ-ਹੌਲੀ ਔਰਤ ਪੰਜਾਬੀ ਭਾਈਚਾਰੇ ਵਿੱਚ ਪਰਿਵਾਰ ਦਾ ਖ਼ਰਚਾ ਚਲਾਉਣ ਵਿੱਚ ਮੁੱਖ ਭੂਮਿਕਾ ਨਿਭਾਹੁਣ ਲਗੀ ਹੈ। ਅੰਗਰੇਜ਼ੀ ਵਿੱਚ ਇਸ ਨੂੰ ਬਰੈਡ ਵਿਨਰ ਆਫ਼ ਦੀ ਫੈਮਿਲੀ ਕਹਿੰਦੇ ਹਨ। ਪਹਿਲਾਂ ਜ਼ਿਆਦਾਤਰ ਮਰਦ ਇਹ ਭੂਮਿਕਾ ਨਿਭਾਉਂਦੇ ਸਨ। ਸਰਮਾਏਦਾਰ ਦੇਸ਼ਾਂ ਦੇ ਸੰਕਟ ਕਾਰਨ ਉਨ੍ਹਾਂ ਪੇਸ਼ਿਆਂ ਵਿੰਚ ਜਿੰਨ੍ਹਾਂ ਵਿਚ ਮਰਦ ਚੰਗੇ ਪੈਸੇ ਕਮਾਉਂਦੇ ਸਨ, ਹੁਣ ਉਹ ਕਮਾਈ ਨਹੀਂ ਰਹੀ। ਸਰਮਾਏਦਾਰ ਦੇਸ਼ਾਂ ਵਿੱਚ ਉਤਪਾਦਨ ਖੇਤਰ (ਮੈਨੂਫੈਕਚਰਿੰਗ) ਲਗਾਤਾਰ ਸੁੰਘੜ ਰਿਹਾ ਹੈ। ਇਸ ਦਾ ਮੁੱਖ ਕਾਰਨ ਚੀਨ ਦਾ ਸੰਸਾਰ ਦੇ ਮੈਨੂਫੈਕਚਰਿੰਗ ਹੱਬ (ਉਤਪਾਦਨ ਦਾ ਧੁਰਾ) ਵਜੋਂ ਉਭਰਨਾ ਹੈ। ਸਰਮਾਏਦਾਰ ਦੇਸ਼ਾਂ ਵਿੱਚ ਹੁਣ ਜ਼ਿਆਦਾਤਰ ਨੌਕਰੀਆਂ ਸੇਵਾਵਾਂ ਦੇ ਖੇਤਰ (ਸਰਵਿਸਜ਼ ਸੈਕਟਰ) ਵਿੱਚ ਹੀ ਉਪਲੱਬਧ ਹਨ। ਪਹਿਲਾਂ ਪੰਜਾਬੀ ਮਰਦ ਫੈਕਟਰੀਆਂ ਵਿੱਚ ਕੰਮ ਕਰਕੇ ਚੰਗੇ ਪੈਸੇ ਬਣਾ ਲੈਂਦੇ ਸਨ। ਪ੍ਰੰਤੂ ਉਤਪਾਦਨ ਖੇਤਰ ਸੁਘੜਨ ਨਾਲ ਫੈਕਟਰੀਆਂ ਵਿੱਚ ਕੰਮ ਮਿਲਣਾ ਬਹੁਤ ਘੱਟ ਗਿਆ।
ਫਿਰ ਪੰਜਾਬੀ ਮਰਦਾਂ ਨੇ ਵੱਡੀ ਗਿਣਤੀ ਵਿੱਚ ਟਰੱਕ ਡਰਾਈਵਰ ਅਤੇ ਟੈਕਸੀ ਡਰਾਈਵਰ ਦਾ ਕੰਮ ਕਰਕੇ ਚੰਗੇ ਪੈਸੇ ਬਣਾਉਣਾ ਸ਼ੁਰੂ ਕਰ ਦਿੱਤਾ। ਪ੍ਰੰਤੂ ਕੋਵਿਡ ਅਤੇ ਸਰਮਾਏਦਾਰੀ ਦੇ ਸੰਕਟ ਨੇ ਇਨ੍ਹਾਂ ਖੇਤਰਾਂ ਨੂੰ ਵੀ ਪ੍ਰਭਾਵਿਤ ਕੀਤਾ। ਊਬਰ ਅਤੇ ਵੱਧ ਰਹੇ ਮੁਕਾਬਲੇ ਕਰਕੇ ਇਨ੍ਹਾਂ ਖੇਤਰਾਂ ਵਿੱਚ ਵੀ ਆਮਦਨ ਬਹੁਤ ਘੱਟ ਗਈ। ਔਰਤਾਂ ਨੇ ਵੱਡੇ ਪੱਧਰ ’ਤੇ ਨਰਸਿੰਗ ਅਤੇ ਨੈਨੀ ਵਰਗੇ ਕਿੱਤੇ ਅਪਣਾ ਕੇ ਪਰਿਵਾਰਿਕ ਖ਼ਰਚੇ ਚਲਾਉਣ ਵਿੱਚ ਮੁੱਖ ਭੂਮਿਕਾ ਹਾਸਲ ਕੀਤੀ। ਭੂਮਿਕਾ ਨਿਭਾਉਣੀ ਸ਼ੁਰੂ ਕਰ ਦਿੱਤੀ। ਕੁਝ ਔਰਤਾਂ ਬਹੁਤ ਜ਼ਿਆਦਾ ਆਮਦਨ ਵਾਲੀਆਂ ਨੌਕਰੀਆਂ ’ਤੇ ਵੀ ਪਹੁੰਚ ਗਈਆਂ ਹਨ। ਇਹ ਔਰਤਾਂ ਹੁਣ ਆਪਣੇ ਬੱਚੇ ਪਾਲਣ ਲਈ ਨੈਨੀਆਂ ਰੱਖ ਲੈਂਦੀਆਂ ਹਨ ਅਤੇ ਬਹੁਤ ਜ਼ਿਆਦਾ ਪੈਸੇ ਦੂਜੀਆਂ ਔਰਤਾਂ ਨੂੰ ਦੇ ਰਹੀਆਂ ਹਨ। ਸਮੁੱਚੇ ਤੌਰ ’ਤੇ ਔਰਤਾਂ ਹੁਣ ਨਾ ਸਿਰਫ਼ ਪੈਸੇ ਹੀ ਜ਼ਿਆਦਾ ਕਮਾ ਰਹੀਆਂ ਹਨ ਸਗੋਂ ਇਹ ਜ਼ਿਆਦਾ ਪੜ੍ਹ ਲਿਖ ਵੀ ਰਹੀਆਂ ਹਨ ਅਤੇ ਇਨ੍ਹਾਂ ਦਾ ਆਪਣੇ ਕੰਮ ਕਾਰਨ ਸਮਾਜ ਨਾਲ ਵਾਹ ਵਾਸਤਾ ਵੀ ਜ਼ਿਆਦਾ ਪੈਂਦਾ ਹੈ।
ਇਨ੍ਹਾਂ ਨੂੰ ਅੰਗਰੇਜ਼ੀ ਬੋਲਣੀ ਵੀ ਚੰਗੀ ਆ ਜਾਂਦੀ ਹੈ ਤੇ ਗੱਲਬਾਤ ਦਾ ਤਰੀਕਾ ਵੀ ਸੁਧਰ ਜਾਂਦਾ ਹੈ। ਔਰਤਾਂ ਦੇ ਮੁਕਾਬਲੇ ਕਈ ਮਰਦ ਸਮਾਜ ਨਾਲੋਂ ਵਖਰੇਵਾਂ ਮਹਿਸੂਸ ਕਰਨ ਲੱਗ ਪਏ ਹਨ। ਜਦੋਂ ਮਰਦਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦੀਆਂ ਔਰਤਾਂ ਉਨ੍ਹਾਂ ਨਾਲੋਂ ਜ਼ਿਆਦਾ ਕਮਾਉਂਦੀਆਂ ਹਨ, ਜ਼ਿਆਦਾ ਪੜ੍ਹੀਆਂ ਲਿਖੀਆਂ ਹਨ ਅਤੇ ਉਨ੍ਹਾ ਨਾਲੋਂ ਗੱਲਬਾਤ ਵੀ ਜ਼ਿਆਦਾ ਚੰਗੀ ਕਰ ਲੈਂਦੀਆਂ ਹਨ ਤਾਂ ਕਈਆਂ ਵਿੱਚ ਹੀਣ ਭਾਵਨਾਵਾਂ ਤੇ ਈਰਖਾ ਵੀ ਪੈਦਾ ਹੋ ਜਾਦੀ ਹੈ। ਇਹ ਭਾਵਨਾਵਾਂ ਕਈ ਵਾਰੀ ਪਰਿਵਾਰਿਕ ਹਿੰਸਾ ਦਾ ਵੀ ਰੂਪ ਧਾਰਨ ਕਰ ਲੈਂਦੀਆਂ ਹਨ। ਪਰਿਵਾਰਿਕ ਹਿੰਸਾ ਪੰਜਾਬੀ ਭਾਈਚਾਰੇ ਦੀ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਪਿੱਛੇ ਜਿਹੇ ਯੂਕੇ ਵਿੱਚ ਹੋਏ ਇਕ ਸਰਵੇਖਣ ਵਿੱਚ ਜਿੱਥੇ 25 ਪ੍ਰਤੀਸ਼ਤ ਔਰਤਾਂ ਨੇ ਮੰਨਿਆ ਕਿ ਕਿਸੇ ਨਾ ਕਿਸੇ ਰੂਪ ਵਿੱਚ ਉਨ੍ਹਾਂ ਨੂੰ ਪਰਿਵਾਰਿਕ ਹਿੰਸਾ ਦਾ ਸਾਹਮਣਾ ਕਰਨਾ ਪਿਆ, ਉੱਥੇ 75 ਪ੍ਰਤੀਸ਼ਤ ਪੰਜਾਬੀ ਔਰਤਾਂ ਨੇ ਕਿਹਾ ਕਿ ਸਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਪਰਿਵਾਰਿਕ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ। ਇਕ ਹੋਰ ਗੱਲ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਬੱਚੇ ਜ਼ਿਆਦਾਤਰ ਆਪਣੀਆਂ ਮਾਵਾਂ ਨਾਲ ਹਮਦਰਦੀ ਰੱਖਦੇ ਹਨ। ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਨ੍ਹਾ ਦੇ ਪਿਤਾ ਦਾ ਉਨ੍ਹਾਂ ਦੀ ਮਾਂ ਨਾਲ ਵਤੀਰਾ ਗਲਤ ਹੈ। ਉਹ ਇਹ ਮਹਿਸੂਸ ਕਰਨ ਲੱਗ ਪੈਂਦੇ ਹਨ ਕਿ ਇਹ ਗਲਤ ਵਤੀਰਾ ਪੰਜਾਬੀ ਸਭਿਆਚਾਰ ਦਾ ਹਿੱਸਾ ਹੈ। ਇਸ ਕਰਕੇ ਬੱਚੇ ਪੰਜਾਬੀ ਬੋਲੀ ਅਤੇ ਸਭਿਆਚਾਰ ਤੋਂ ਵੀ ਦੂਰ ਹੋ ਰਹੇ ਹਨ। ਬੱਚਿਆਂ ਦੀ ਅਜਿਹੀਆਂ ਭਾਵਨਾਵਾਂ ਮਰਦਾਂ ਨੁੰ ਹੋਰ ਵਖਰੇਵੇਂ ਅਤੇ ਇਕੱਲੇਪਣ ਵੱਲ ਧੱਕ ਸਕਦੀਆਂ ਹਨ। ਜਿਸ ਨਾਲ ਪਰਿਵਾਰਿਕ ਸਮੱਸਿਆਵਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ। ਪਰਿਵਾਰਿਕ ਹਿੰਸਾ ਦਾ ਇਕ ਹੋਰ ਮਾੜਾ ਪ੍ਰਭਾਵ ਵੀ ਪੈ ਰਿਹਾ ਹੈ। ਸਮਾਜ ਵਿੱਚ ਪੰਜਾਬੀ ਭਾਈਚਾਰੇ ਦਾ ਅਕਸ ਖਰਾਬ ਹੁੰਦਾ ਹੈ। ਇਸ ਦੀ ਇੱਕ ਉਦਾਹਰਣ ਦਿੱਤੀ ਜਾ ਸਕਦੀ। ਕੁਝ ਸਮਾਂ ਪਹਿਲਾਂ ਕੇਨੈਡਾ ਦੇ ਇਕ ਵੱਡੇ ਅਖ਼ਬਾਰ ਨੇ ਇਕ ਪੰਜਾਬੀ ਮਰਦ ਦੀ, ਜੋ ਕਿ ਆਪਣੀ ਪਤਨੀ ਨੂੰ ਵਾਲਾਂ ਤੋਂ ਫੜ ਕੇ ਗਲੀ ਵਿੱਚ ਘਸੀਟ ਰਿਹਾ ਸੀ ਤਸਵੀਰ ਛਾਪੀ। ਪਰਿਵਾਰਿਕ ਹਿੰਸਾ ਵਿੱਚ ਪੰਜਾਬੀਆਂ ਦਾ ਹਿੱਸਾ ਬਾਕੀਆਂ ਨਾਲੋਂ ਕਿੰਨਾ ਜ਼ਿਆਦਾ ਹੈ ਇਸ ਦੀ ਪੁਸ਼ਟੀ ਇਸ ਗੱਲ ਤੋਂ ਵੀ ਹੋ ਜਾਂਦੀ ਹੈ ਕਿ ਪਰਿਵਾਰਿਕ ਕਲੇਸ਼ ਦੇ ਮਾਮਲਿਆਂ ਵਿੱਚ ਪੁਲਿਸ ਨੂੰ ਆਉਣ ਵਾਲੀਆਂ ਸ਼ਿਕਾਇਤਾਂ ਵਿੱਚ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੀ ਗਿਣਤੀ ਉਨ੍ਹਾਂ ਦੀ ਵਸੋਂ ਦੀਆਂ ਸ਼ਿਕਾਇਤਾਂ ਨਾਲੋਂ ਕਈ ਗੁਣਾਂ ਜ਼ਿਆਦਾ ਹੈ। ਕੇਨੈਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਪੁਲਿਸ ਨੂੰ ਪਰਿਵਾਰਿਕ ਝਗੜੇ ਬਾਰੇ ਆਉਣ ਵਾਲੀਆਂ ਕਾਲਾਂ ਵਿੱਚੋਂ 28 ਪ੍ਰਤੀਸ਼ਤ ਉਨ੍ਹਾਂ ਲੋਕਾਂ ਤੋਂ ਮਿਲਦੀਆਂ ਹਨ ਜੋ ਪੰਜਾਬੀ ਬੋਲ ਰਹੇ ਹੁੰਦੇ ਹਨ ਕਿਉਂਕਿ ਅੰਗਰੇਜ਼ੀ ਵਿੱਚ ਉਨ੍ਹਾਂ ਨੂੰ ਆਪਣੀ ਗੱਲ ਸਮਝਾਉਣੀ ਨਹੀਂ ਆਉਂਦੀ। ਜੇ ਇਨ੍ਹਾਂ ਵਿੱਚ ਉਹ ਪੰਜਾਬੀ ਵੀ ਸ਼ਾਮਲ ਕਰ ਲਏ ਜਾਣ ਤਾਂ ਜ਼ਾਹਿਰ ਹੈ ਕਿ ਇਹ ਗਿਣਤੀ ਘੱਟੋ-ਘੱਟ 50 ਪ੍ਰਤੀਸ਼ਤ ਤੋਂ ਜ਼ਿਆਦਾ ਹੋਏਗੀ। ਜ਼ਾਹਿਰ ਹੈ ਕਿ ਕੇਨੈਡਾ ਦੀ ਵਸੋਂ ਵਿੱਚ 2 ਪ੍ਰਤੀਸ਼ਤ ਹਿੱਸੇ ਵਾਲੀ ਪੰਜਾਬੀ ਵਸੋਂ ਪਰਿਵਾਰਿਕ ਹਿੰਸਾ ਵਿੱਚ ਵੱਡਾ ਹਿੱਸਾ ਰੱਖਦੀ ਹੈ।
ਅੰਤ ਇਹ ਵੀ ਕਿਹਾ ਜਾ ਸਕਦਾ ਹੈ ਪਰਵਾਸ ਨੇ ਰਲਿਆ ਮਿਲਿਆ ਪ੍ਰਭਾਵ ਪਾਇਆ ਹੈ। ਇਕ ਪਾਸੇ ਔਰਤਾਂ ਜ਼ਿਆਦਾ ਕਮਾ ਰਹੀਆਂ ਹਨ, ਜ਼ਿਆਦਾ ਪੜ੍ਹ ਲਿਖ ਰਹੀਆਂ ਹਨ ਅਤੇ ਸਮਾਜ ਵਿੱਚ ਬੇਹਤਰ ਦਰਜਾ ਹਾਸਲ ਕਰ ਰਹੀਆਂ ਹਨ। ਦੂਜੇ ਪਾਸੇ ਪਰਿਵਾਰਿਕ ਕਲੇਸ਼, ਹਿੰਸਾ ਅਤੇ ਸਮੱਸਿਆਵਾਂ ਵੱਧ ਰਹੀਆਂ ਹਨ। ਜਿੱਥੇ ਔਰਤਾਂ ਦਾ ਸਮਾਜ ਵਿੱਚ ਸਥਾਨ ਅਤੇ ਯੋਗਦਾਨ ਵਧਣਾ ਹਾਂ-ਪੱਖੀ ਕਿਹਾ ਜਾ ਸਕਦਾ ਹੈ, ਉੱਥੇ ਪਰਿਵਾਰਿਕ ਕਲੇਸ਼ ਅਤੇ ਹਿੰਸਾ ਵਿੱਚ ਵਾਧਾ ਅਤੇ ਇਸ ਨਾਲ ਜੁੜੀਆਂ ਮਾਨਸਿਕ ਸਮੱਸਿਆਵਾਂ, ਖਾਸ ਕਰਕੇ ਮਾਨਸਿਕ ਬਿਮਾਰੀਆਂ ਦਾ ਵਾਧਾ, ਨਾ-ਪੱਖੀ ਕਿਹਾ ਜਾ ਸਕਦਾ ਹੈ ਅਤੇ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਸਮੁੱਚੇ ਤੌਰ ’ਤੇ ਪੰਜਾਬੀ ਭਾਈਚਾਰਾ ਸੰਕਟ ਗ੍ਰਸਤ ਹੈ।
ਪੰਜਾਬ ਵਿੱਚੋਂ ਵੱਡੇ ਪੱਧਰ ’ਤੇ ਪਰਵਾਸ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਪਰਵਾਸ ਬਾਰੇ ਇਕ ਪਾਸੜ ਤੇ ਝੂਠਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਸਿਰਫ਼ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਚੰਗੀਆਂ ਗੱਲਾਂ ਹੀ ਦੱਸੀਆਂ ਜਾ ਰਹੀਆਂ ਹਨ। ਲੋੜ ਹੈ ਪਰਵਾਸ ਬਾਰੇ ਸੰਤੁਲਿਤ ਪਹੁੰਚ ਦੀ, ਜਿਸ ਵਿੱਚ ਹਾਂ-ਪੱਖੀ ਅਤੇ ਨਾਂਹ ਪੱਖੀ ਪੱਖ, ਪੇਸ਼ ਕੀਤੇ ਜਾਣ। ਪ੍ਰਾਪਤੀਆਂ ਦੇ ਨਾਲ ਸਮੱਸਿਆਵਾਂ ਬਾਰੇ ਕੀ ਵਿਚਾਰ ਹੋਵੇ। ਹੁਣੇ-ਹੁਣੇ ਇਹ ਖ਼ਬਰ ਆਈ ਹੈ ਕਿ ਰਾਇਲ ਮਾਉਂਟਿਡ ਪੁਲਿਸ ਆਫ਼ ਕੇਨੈਡਾ (ਆਰਸੀਐਮਪੀ) ਨੇ ਇਕ ਖੁਫ਼ੀਆ ਰਿਪੋਰਟ ਦਿੱਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਆਉਣ ਵਾਲੇ 5 ਸਾਲਾਂ ਵਿੱਚ ਕੇਨੈਡਾ ਵਿੱਚ ਵੱਡੀ ਆਰਥਿਕ ਮੰਦਹਾਲੀ ਆਉਣ ਵਾਲੀ ਹੈ ਅਤੇ ਸਮਾਜਿਕ ਅਸ਼ਾਂਤੀ ਹੋਣ ਦੀ ਸੰਭਾਵਨਾ ਹੈ।
ਡਾ. ਸਵਰਾਜ ਸਿੰਘ
-ਮੋਬਾ: 98153 08460