Thursday, November 21, 2024  

ਲੇਖ

ਮੇਰੀ ਕਮਾਲ ਦੀ ਦਾਦੀ (ਬੜੀ ਅੰਮਾ) ਦੀ ਪਿਆਰੀ ਯਾਦ ਵਿੱਚ

July 30, 2024

ਚੰਡੀਗੜ੍ਹ, 30 ਜੁਲਾਈ

 

ਮੈਂ, ਆਰਯਨ ਭਾਰੀ ਮਨ ਨਾਲ ਆਪਣੀ ਪਿਆਰੀ ਦਾਦੀ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹਾਂ, ਜਿਨ੍ਹਾਂ ਦੀ ਮੌਜੂਦਗੀ ਉਨ੍ਹਾਂ ਦੇ ਗੁਜ਼ਰ ਜਾਣ ਦੇ ਬਾਵਜੂਦ ਮੇਰੇ ਜੀਵਨ ਨੂੰ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਦੇ ਪੋਤੇ ਵਜੋਂ, ਮੈਨੂੰ ਉਨ੍ਹਾਂ ਦੇ ਪਿਆਰ ਦੀ ਡੂੰਘਾਈ, ਸ਼ਬਦਾਂ ਦੀ ਸੂਝ, ਪਿਆਰ ਦਾ ਨਿੱਘ ਤੇ ਝਿੜਕਣ ਦੇ ਤਰੀਕੇ ਨੂੰ ਵੇਖਣ ਦਾ ਮੌਕਾ ਮਿਲਿਆ।

ਦਾਦੀ ਜੀ ਕੋਲ ਹਰ ਕਿਸੇ ਨੂੰ ਵਿਸ਼ੇਸ਼ ਮਹਿਸੂਸ ਕਰਵਾਉਣ ਦਾ ਅਨੋਖਾ ਤਰੀਕਾ ਸੀ। ਉਨ੍ਹਾਂ ਦਾ ਘਰ ਹਾਸੇ, ਕਹਾਣੀਆਂ ਅਤੇ ਘਰੇਲੂ ਉਪਚਾਰਾਂ ਨਾਲ ਭਰਿਆ ਇੱਕ ਅਸਥਾਨ ਸੀ। ਉਨ੍ਹਾਂ ਦਾ ਬਗੀਚਾ ਉਨ੍ਹਾਂ ਦੇ ਪਾਲਣ ਪੋਸ਼ਣ ਦੀ ਭਾਵਨਾ ਦਾ ਪ੍ਰਮਾਣ ਸੀ, ਜਿੱਥੇ ਹਰ ਫੁੱਲ ਉਨ੍ਹਾਂ ਦੀ ਦੇਖਭਾਲ ਵਿੱਚ ਖਿੜਦਾ ਸੀ। ਉਨ੍ਹਾਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਆਪਣਾ ਸਮਝ ਕੇ ਸੰਭਾਲਿਆ।

ਉਹ ਇੱਕ ਬਹੁਤ ਹੀ ਦਲੇਰ ਅਤੇ ਮਜ਼ਬੂਤ ਔਰਤ ਸਨ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਗੱਲ ਨੂੰ ਉਨ੍ਹਾਂ ਦੇ ਸਾਰੇ ਜਾਣਨ ਵਾਲੇ ਜਾਣਦੇ ਹਨ। ਉਨ੍ਹਾਂ ਦੇ ਸ਼ਬਦ ਸਧਾਰਨ ਪਰ ਡੂੰਘੇ ਸਨ। ਉਨ੍ਹਾਂ ਨੇ ਮੈਨੂੰ ਦਿਆਲਤਾ, ਧੀਰਜ, ਲਗਨ ਅਤੇ ਮਿਹਨਤ ਦੀ ਮਹੱਤਤਾ ਸਿਖਾਈ। ਆਪਣੇ ਕੰਮਾਂ ਰਾਹੀਂ, ਉਨ੍ਹਾਂ ਨੇ ਦਿਖਾਇਆ ਕਿ ਸੱਚੀ ਤਾਕਤ ਕੋਮਲਤਾ ਵਿੱਚ ਹੈ ਅਤੇ ਪਿਆਰ ਸਭ ਤੋਂ ਮਹਾਨ ਵਿਰਾਸਤ ਹੈ। ਹਾਲਾਂਕਿ ਉਹ ਹੁਣ ਸਾਡੇ ਵਿੱਚ ਨਹੀਂ ਹਨ ਪਰ ਉਨ੍ਹਾਂ ਦੀਆਂ ਯਾਦਾਂ ਤੇ ਸੰਸਕਾਰ ਸਾਡੇ ਨਾਲ ਹਨ, ਜਿਨ੍ਹਾਂ ਦੀ ਅਸੀਂ ਕਦਰ ਕਰਦੇ ਹਾਂ ਤੇ ਉਨ੍ਹਾਂ ਵੱਲੋਂ ਦਿੱਤੀਆਂ ਕਦਰਾਂ-ਕੀਮਤਾਂ ਨੂੰ ਹਮੇਸ਼ਾ ਕਾਇਮ ਰੱਖਾਂਗੇ। ਮੈਂ ਅਕਸਰ ਉਨ੍ਹਾਂ ਦਾ ਚਿਹਰਾ, ਉਨ੍ਹਾਂ ਦੀਆਂ ਗੱਲਾਂ, ਉਨ੍ਹਾਂ ਦਾ ਗੁੱਸਾ, ਉਨ੍ਹਾਂ ਦਾ ਨਿੱਘ, ਉਨ੍ਹਾਂ ਦੀਆਂ ਕਹਾਣੀਆਂ, ਉਨ੍ਹਾਂ ਦਾ ਹਾਸਾ ਤੇ ਅਟੁੱਟ ਸਮਰਥਨ ਯਾਦ ਕਰਦਾ ਹਾਂ। ਸਾਡਾ ਸਾਰਾ ਪਰਿਵਾਰ ਉਨ੍ਹਾਂ ਤੋਂ ਸਲਾਹ ਲੈਂਦਾ ਸੀ ਜੋ ਸਭ ਤੋਂ ਸਟੀਕ ਤੇ ਪਾਬੰਦ ਹੁੰਦੀ ਸੀ, ਜਿਸ ਦਾ ਕੋਈ ਵੀ ਵਿਰੋਧ ਨਹੀਂ ਕਰ ਸਕਦਾ ਸੀ। ਉਹ ਅਕਾਦਮਿਕ ਤੇ ਆਮ ਜੀਵਨ ਦੋਵਾਂ ਪੱਖੋਂ ਤੋਂ ਅਤਿਅੰਤ ਗਿਆਨ ਵਾਲੀ ਔਰਤ ਸਨ। ਮੇਰੀ ਜਾਣਕਾਰੀ ਵਿੱਚ, ਮੈਂ ਲਗਭਗ 24 ਸਾਲਾਂ ਤੋਂ ਉਨ੍ਹਾਂ ਦੇ ਨਾਲ ਹਾਂ ਅਤੇ ਇੱਕ ਵੀ ਅਜਿਹੀ ਗੱਲ ਨਹੀਂ ਸੀ ਜਿਸ ਬਾਰੇ ਮੈਂ ਉਨ੍ਹਾਂ ਦੇ ਜਵਾਬ ਤੋਂ ਅਸੰਤੁਸ਼ਟ ਰਹਿ ਗਿਆ ਹੋਵਾ। ਅਕਾਦਮਿਕਤਾ ਦੇ ਸੰਦਰਭ ਵਿੱਚ, ਉਨ੍ਹਾਂ ਨੇ ਮੈਨੂੰ ਵਿਸ਼ੇਸ਼ ਤੌਰ 'ਤੇ ਵਿਗਿਆਨ ਅਤੇ ਗਣਿਤ ਸਿਖਾਇਆ ਅਤੇ ਉਨ੍ਹਾਂ ਦੇ ਜੀਵੰਤ ਗਿਆਨ ਨੇ ਮੇਰੇ ਮਨ ਨੂੰ ਸਿਰਫ਼ 'ਪੜ੍ਹਨ' ਦੀ ਬਜਾਏ ਸੱਚਾ ਗਿਆਨ ਪ੍ਰਾਪਤ ਕਰਨ ਲਈ ਸਮਰਪਿਤ ਕੀਤਾ। ਉਹ ਬਹੁਤ ਹੀ ਸੂਝਵਾਨ ਤੇ ਗਿਆਨਵਾਨ ਸਨ। ਉਨ੍ਹਾਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐਮਐਸਸੀ ਫਿਜ਼ਿਕਸ ਆਨਰਜ਼ ਉਦੋਂ ਕੀਤੀ, ਜਦੋਂ ਇਸ ਪੱਧਰ ਦੀ ਪੜ੍ਹਾਈ ਵਿਰਲੇ ਕਰਦੇ ਸਨ। ਉਹ ਸੀਨੀਅਰ ਸੈਕੰਡਰੀ ਸਕੂਲ, ਰਾਜਪੁਰਾ (ਪੰਜਾਬ) ਤੋਂ ਸੇਵਾ-ਮੁਕਤ ਪ੍ਰਿੰਸੀਪਲ ਸਨ।

ਦਾਦੀ ਦਾ ਜੀਵਨ ਪਿਆਰ, ਕੁਰਬਾਨੀ ਅਤੇ ਖੁਸ਼ੀ ਦੇ ਧਾਗੇ ਨਾਲ ਬੁਣਿਆ ਇੱਕ ਸੁੰਦਰ ਬਸਤਰ ਸੀ। ਉਨ੍ਹਾਂ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕ ਆਏ , ਜਿਨ੍ਹਾਂ 'ਤੇ ਉਨ੍ਹਾਂ ਇੱਕ ਅਮਿੱਟ ਛਾਪ ਛੱਡੀ। ਜਿਉਂ ਜਿਉਂ ਮੈਂ ਜ਼ਿੰਦਗੀ ਵਿਚ ਅੱਗੇ ਵਧਦਾ ਹਾਂ, ਮੈਂ ਉਨ੍ਹਾਂ ਦੀ ਵਿਰਾਸਤ ਦਾ ਸਨਮਾਨ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਉਹ 20 ਜੁਲਾਈ, 2024 ਨੂੰ ਸਾਨੂੰ ਸਭ ਨੂੰ ਛੱਡ ਕੇ ਚਲੇ ਗਏ ਸਨ, ਹਰ ਰੋਜ਼ ਸਾਨੂੰ ਉਨ੍ਹਾਂ ਦੇ ਸ਼ੁਭਚਿੰਤਕਾਂ ਦੇ ਫ਼ੋਨ ਆਉਂਦੇ ਹਨ ਜੋ ਉਨ੍ਹਾਂ ਦੇ ਸਦੀਵੀ ਵਿਛੋੜੇ ਤੋਂ ਦੁਖੀ ਹਨ।
ਮੇਰੀ ਸਭ ਤੋਂ ਪਿਆਰੀ ਦਾਦੀ, ਤੁਹਾਡੇ ਦੁਆਰਾ ਦਿੱਤੇ ਗਏ ਬੇਅੰਤ ਪਿਆਰ ਅਤੇ ਅਣਗਿਣਤ ਯਾਦਾਂ ਲਈ ਤੁਹਾਡਾ ਧੰਨਵਾਦ ਜੋ ਅਸੀਂ ਸਾਂਝੀਆਂ ਕੀਤੀਆਂ। ਮੈਨੂੰ ਸ਼੍ਰੀਮਤੀ ਨੰਦ ਰਾਣੀ ਦਾ ਪੋਤਾ ਹੋਣ ਦਾ ਮਾਣ ਹੈ। ਮੈਂ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਾਂਗਾ ਜੋ ਤੁਸੀਂ ਮੈਨੂੰ ਕਿਹਾ ਸੀ। ਹਾਲਾਂਕਿ ਤੁਸੀਂ ਚਲੇ ਗਏ ਹੋ ਅਤੇ ਇਹ ਕਹਿਣ ਦਾ ਕੋਈ ਮਤਲਬ ਨਹੀਂ ਹੈ ਕਿ ਇਹ ਜਲਦੀ ਸੀ ਜਾਂ ਨਹੀਂ, ਕਿਉਂਕਿ ਮੇਰੇ ਦਿਲ ਵਿੱਚ ਇਹ ਭਾਵਨਾ ਹੈ ਕਿ ਮੈਂ ਕਦੇ ਵੀ ਤੁਹਾਡੇ ਤੋਂ ਵੱਖ ਨਹੀਂ ਹੋਣਾ ਚਾਹੁੰਦਾ ਸੀ ਅਤੇ ਤੁਹਾਡੇ ਨਾਲ ਹਮੇਸ਼ਾ ਲਈ ਰਹਿਣਾ ਚਾਹੁੰਦਾ ਸੀ ਅਤੇ ਹਮੇਸ਼ਾ ਸਰੀਰਕ ਤੌਰ 'ਤੇ ਤੁਹਾਡਾ ਪਰਛਾਵਾਂ ਚਾਹੁੰਦਾ ਸੀ। ਮੈਂ ਸਾਡੀਆਂ ਲੰਬੀਆਂ ਗੱਲਾਂ, ਸਾਡੀਆਂ ਮਾਸੂਮ ਲੜਾਈਆਂ ਨੂੰ ਕਦੇ ਨਹੀਂ ਭੁਲਾਂਗਾ ਅਤੇ ਕੁੱਲ ਮਿਲਾ ਕੇ ਮੈਂ ਤੁਹਾਨੂੰ ਬਹੁਤ ਯਾਦ ਕਰਾਂਗਾ। ਮੈਂ ਇਸ ਸਮੇਂ ਉਲਝਣ ਵਿੱਚ ਹਾਂ ਕਿਉਂਕਿ ਮੈਂ ਇਹ ਸਮਝਣ ਦੇ ਯੋਗ ਨਹੀਂ ਹਾਂ ਕਿ ਤੁਸੀਂ ਹੁਣ ਸਾਡੇ ਵਿੱਚ ਨਹੀਂ ਹੋ। ਮੈਂ ਅਜੇ ਵੀ ਇਸ ਨੂੰ ਜਜ਼ਬ ਕਰਨ ਲਈ ਇੱਕ ਆਮ ਸਥਿਤੀ ਵਿੱਚ ਨਹੀਂ ਹਾਂ। ਇਸ ਲਈ ਸ਼ਾਇਦ ਮੈਂ ਇੱਥੇ ਕੁਝ ਗੱਲਾਂ ਦੁਹਰਾ ਰਿਹਾ ਹਾਂ। ਤੁਸੀਂ ਚਲੇ ਗਏ ਹੋ ਪਰ ਤੁਹਾਡੀ ਆਤਮਾ ਮੇਰੇ ਜੀਵਨ ਵਿੱਚ ਇੱਕ ਮਾਰਗ ਦਰਸ਼ਕ ਬਣੀ ਹੋਈ ਹੈ। ਮੈਂ ਤੁਹਾਨੂੰ ਸ਼ਬਦਾਂ ਤੋਂ ਵੱਧ ਯਾਦ ਕਰ ਸਕਦਾ ਹਾਂ, ਮੈਂ ਜਾਣਦਾ ਹਾਂ ਕਿ ਤੁਸੀਂ ਮੇਰੇ 'ਤੇ ਨਜ਼ਰ ਰੱਖ ਰਹੇ ਹੋ ਅਤੇ ਮੈਨੂੰ ਹਮੇਸ਼ਾ ਲਈ ਆਪਣੀਆਂ ਅਸੀਸਾਂ ਪ੍ਰਦਾਨ ਕਰੋਗੇ। ਇਹ ਸਮਾਂ ਜਾਣ ਦਾ ਨਹੀਂ ਸੀ ਬੜੀ ਅੰਮਾ। ਮੈਂ ਤੁਹਾਨੂੰ ਬਹੁਤ ਯਾਦ ਕਰਾਂਗਾ ਬੜੀ ਅੰਮਾ। ਮੈਂ ਤੁਹਾਨੂੰ ਸਦਾ ਲਈ ਪਿਆਰ ਕਰਾਂਗਾ ਬੜੀ ਅੰਮਾ।

ਢੇਰ ਸਾਰੇ ਪਿਆਰ ਨਾਲ ਤੁਹਾਡਾ ਆਪਣਾ,
ਆਰਯਨ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ