Tuesday, January 21, 2025  

ਲੇਖ

ਕਾਮਯਾਬੀ ਦੇ ਓਹਲੇ ਪਈ ਨਾਕਾਮੀ

May 28, 2024

ਸੀਬੀਐਸਈ 12ਵੀਂ ਜਮਾਤ ਦਾ ਨਤੀਜਾ ਆ ਗਿਆ ਹੈ।ਤੇ ਯਕੀਨਨ ਮੈਨੂੰ ਲਗਦੈ, ਇੱਕ ਵਾਰ ਫਿਰ ਮਾਅਰਕਾ ਮਾਰਨ ਵਾਲੀ ਇੱਕ ਟੋਲ਼ੀ, ਵਕਤੀ ‘ਸਟਾਰ’ ਵੱਜੋਂ ਉੱਭਰੇਗੀ। ਉਨ੍ਹਾਂ ਦੀ ਭੌਤਿਕ ਵਿਗਿਆਨ, ਰਸਾਇਣਕ ਵਿਗਿਆਨ, ਜੀਵ ਵਿਗਿਆਨ ਤੇ ਗਣਿਤ ਆਦਿ ਅੰਦਰ ‘ਚਮਤਕਾਰੀ’ ਪ੍ਰਾਪਤੀ ਦੀਆਂ ਗੱਲਾਂ ਹੋਣਗੀਆਂ ਅਤੇ ‘ਸੋਸ਼ਲ ਮੀਡੀਆ’ ’ਤੇ ਘੁੰਮਣਗੀਆਂ। ਫਿਰ ਵੀ, ਇਹ ‘ਕਾਮਯਾਬੀ ਦੀਆਂ ਕਹਾਣੀਆਂ’ ਮੈਨੂੰ ਨਹੀਂ ਭਾਉਂਦੀਆਂ। ਸਗੋਂ, ਮੈਂ ਇਸ ਗੱਲੋਂ ਚਿੰਤਤ ਹਾਂ ਕਿ ਗਲ-ਵੱਢ ਮੁਕਾਬਲੇਬਾਜ਼ੀ ਤੇ ਪ੍ਰੀਖਿਆ ਕੇਂਦਰਿਤ ਸਿੱਖਿਆ ਦਾ ਆਮ-ਚਲਣ ਹੋ ਗਿਆ ਹੈ ਜਿਸ ਰਾਹੀਂ ਸੁਤੰਤਰ-ਸਿੱਖਿਆ ਦੀ ਮੂਲ ਭਾਵਨਾ ਨੂੰ ਨਕਾਰਨ ਦੀ ਖੁੱਲ੍ਹ ਦਿੱਤੀ ਹੋਈ ਹੈ। ਇਸ ਸੰਦਰਭ ’ਚ ਮੈਂ ਤਿੰਨ ਮੁੱਦੇ ਉਠਾਉਣਾ ਚਾਹੁੰਦਾ ਹਾਂ।
‘ਪਹਿਲਾ, ਇੱਥੇ ਇੱਕ ਅਜਿਹੀ ਸਿੱਖਿਆ ਪ੍ਰਣਾਲੀ ਹੈ ਜੋਕਿ ਸੰਕੀਰਨ ਸਕੂਲਾਂ ਤੇ ਉਪਯੋਗਵਾਦੀ ‘ਕੋਚਿੰਗ ਸੈਂਟਰਾਂ’ ਦੇ ਨਾਪਾਕ ਗੱਠਜੋੜ ਰਾਹੀਂ ਭਿ੍ਰਸ਼ਟ ਹੋ ਚੁੱਕੀ ਹੈ। ਕਿਉਂਕਿ ਟੈਸਟਾਂ ਤੇ ਪ੍ਰੀਖਿਆਵਾਂ ਨੇ ਸਿਰਜਨਾਤਮਕ ਰੰਗਤ ਵਾਲੀ ਪਾਰਖੂ ਸਿੱਖਿਆ-ਵਿਧੀ ਨਾਲੋਂ ਵਧੇਰੇ ਅਹਿਮੀਅਤ ਹਾਸਲ ਕੀਤੀ ਹੋਈ ਹੈ, ਇਸ ਲਈ ਕਲਾਸਰੂਮ ’ਚੋਂ ਸਿੱਖਿਆ ਦਾ ਆਨੰਦ ਗਾਇਬ ਹੋਇਆ ਜਾਪਦਾ ਹੈ।ਕਿਸੇ ਵੀ ਚੰਗੇ ਸਿੱਖਿਆ ਸ਼ਾਸਤਰੀ ਜਾਂ ਅਧਿਆਪਕ ਨੂੰ ਜੇ ਤੁਸੀਂ ਪੁੱਛੋ, ਤੇ ਤੁਹਾਨੂੰ ਇਹੋ ਹੀ ਦੱਸਿਆ ਜਾਵੇਗਾ ਕਿ ਇੱਕ ਨੌਜਵਾਨ ਵਿਦਿਆਰਥੀ ਨੂੰ ਵਾਜ਼ਬ ਮੋਕਲੇ ਤੇ ਸੰਵਾਦੀ ਮਾਹੌਲ ਦੀ ਲੋੜ ਹੁੰਦੀ ਹੈ ਤਾਂ ਜੋ ਉਹ ਵਿਗਿਆਨ ਤੇ ਕਵਿਤਾ ਜਾਂ ਇਤਿਹਾਸ ਤੇ ਗਣਿਤ ਉੱਪਰ ਚਿੰਤਨ-ਮੰਥਨ ਨਾਲੋ-ਨਾਲ ਕਰ ਸਕੇ। ਪਰੰਤੂ, ਜਦ ਨਿਜ਼ਾਮ ਤੁਹਾਨੂੰ ਇੱਕ ਅਜਿਹੇ ਤਰਲੋਮੱਛੀ ਹੋਏ ਯੋਧੇ-ਰੂਪ ’ਚ ਢਾਲ ਦਿੰਦਾ ਹੈ ਜਿਹੜਾ ਕਿ ਇੱਕ ਬੇਹੱਦ ਗੁੰਝਲਦਾਰ ਤੇ ਮਸ਼ੀਨੀ ਕਿਸਮ ਦੇ ਇਮਤਿਹਾਨਾਂ ਦੀ ਅੰਤਹੀਣ ਲੜੀ-ਹਫ਼ਤਾਵਾਰੀ ਟੈਸਟ, ਮਾਸਿਕ ਟੈਸਟ, ਗਣਿਤ ਓਲੰਪੀਅਡ, ਬੋਰਡ ਪ੍ਰੀਖਿਆਵਾਂ ਅਤੇ ਵਧੇਰੇ-ਉਚੇਰੇ ਪੱਧਰ ਦੇ ਟੈਸਟ ਜਿਵੇਂ ਆਈਆਈਟੀ, ਜੇਈਈ, ਨੀਟ ਅਤੇ ਕਿਊਇਟ ਆਦਿ ਅੰਦਰ ‘ਕਾਮਯਾਬੀ’ ਦੇ ਮਗ਼ਰ ਨਿਰੰਤਰ ਦੌੜਦਾ ਰਹਿੰਦਾ ਹੈ-ਕੀ ਸਿੱਖਿਆ ਦਾ ਆਨੰਦ ਹੈ ਕਿਤੇ? ਜਾਂ ਕੀ ਕਿਤੇ ਡੂੰਘੀ ਜਾਂਚ ਤੇ ਖੋਜ-ਪੜਤਾਲ ਲਈ ਸਿਰਜਨਾਤਮਿਕ ਖ਼ਜਾਨੇ ਦੀ ਲੋੜ ਹੈ? ਸਗੋਂ, ਨਿਜ਼ਾਮ ਤਾਂ ਨੌਜਵਾਨ ਦੀ ਸਿਰਜਨਾਤਮਿਕਤਾ ਨੂੰ ਮਾਰਨਾ ਚਾਹੁੰਦਾ ਹੈ।
‘ਇਸ ਲਈ, ਜੇ ਭਾਵੇਂ ਪਹਿਲੇ ਨੰਬਰ ਵਾਲਾ ’ਟੌਪਰ’ ਬੋਰਡ ਪ੍ਰੀਖਿਆ ’ਚੋਂ 499/500 ਅੰਕ ਲੈ ਵੀ ਜਾਂਦਾ ਹੈ, ਤਾਂ ਇਸ ਦਾ ਹਰਗਿਜ਼ ਇਹ ਮਤਲਬ ਨਹੀਂ ਬਣਦਾ ਕਿ ਉਸ ਨੇ ਪਾਬਲੋ ਨੈਰੂਦਾ ਦੀ ਕਵਿਤਾ ਨੂੰ ਜਾਂ ਭੌਤਿਕ ਵਿਗਿਆਨ ਪ੍ਰਯੋਗਸ਼ਾਲਾ ’ਚ ਕਿਸੇ ਜੁਗਾੜੀ ਪ੍ਰਯੋਗ ਨੂੰ ਜਾਂ ਮਹਾਤਮਾ ਗਾਂਧੀ ਦੀ ‘ਸੱਚਾਈ ਨਾਲ ਮੇਰੇ ਅਨੁਭਵਾਂ ਦੀ ਕਹਾਣੀ’ ਵਿੱਚੋਂ ਕਿਸੇ ਪ੍ਰਸੰਗ ਨੂੰ ਮਾਣਿਆ ਤੇ ਆਤਮਸਾਤ ਕੀਤਾ ਹੋਵੇ। ਸਿੱਖਿਆ ਤਾਂ ਇੱਕ ਡੂੰਘਾ-ਅੰਦਰੂਨੀ ਗੁਣਾਤਮਿਕ ਅਨੁਭਵ ਹੈ। ਪਰੰਤੂ, ਮੂਲ ਰੂਪ ’ਚ ਗੁਣਾਤਮਿਕ ਨੂੰ ਗਿਣਨਾਤਮਿਕ ਸਮਝਣ ਦੀ ਮਾਨਸਿਕ ਖ਼ਬਤ ਨੇ ਸਿੱਖਿਆ ਦੇ ਆਨੰਦ ਨੂੰ ਤਬਾਹ ਕਰ ਦਿੱਤਾ ਜਾਪਦਾ ਹੈ।ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਸਾਡੇ ’ਟੌਪਰਜ਼’ ਵੀ ਮਸ਼ੀਨਾਂ ਵਾਂਗ ਹੀ ਚਲਦੇ ਹਨ। ਸਕੂਲਾਂ ਤੋਂ ’ਕੋਚਿੰਗ ਸੈਂਟਰਾਂ’ ਤੱਕ; ਜਾਂ ਸੁਬਹ-ਸਵੇਰ ਤੋ ਦੇਰ-ਰਾਤ ਤੱਕ-ਉਹ ਇੱਕ ਘੋੜੇ ਵਾਂਗ ਹੀ ਨਿਰੰਤਰ ਦੌੜ ਰਹੇ ਹਨ*
‘ਦੂਜਾ, ਸਾਨੂੰ ਇੰਨਾ ਕੁ ਸਵੀਕਾਰ ਕਰਨ ਜੋਗੇ ਇਮਾਨਦਾਰ ਤਾਂ ਹੋਣਾ ਬਣਦਾ ਹੈ ਕਿ ਇਨ੍ਹਾਂ ਕਾਮਯਾਬ ‘ਟੌਪਰਾਂ’ ਵਿੱਚੋਂ ਬਹੁਤਿਆਂ ਦੇ ਮਨ ਪਹਿਲਾਂ ਹੀ ਸਾਧੇ ਹੋਏ ਹੁੰਦੇ ਹਨ। ਉਨ੍ਹਾਂ ਤੋਂ ਪੁੱਛੋ: ‘ਤੁਹਾਡਾ ਜਿੰਦਗੀ ਦਾ ਟੀਚਾ ਕੀ ਮਿਥਿਆ ਹੋਇਆ ਹੈ?’ ਯਕੀਨਨ, ਉਨ੍ਹਾਂ ਵਿੱਚੋਂ ਬਹੁਤੇ ਤੁਹਾਨੂੰ ਮੰਡੀ-ਮਾਫ਼ਕ ਘੜਿਆ-ਘੜਾਇਆ ਜਵਾਬ ਦੇਣਗੇ: ਮੈਂ ਕੰਪਿਊਟਰ ਇੰਜੀਨੀਅਰ ਜਾਂ ਡਾਕਟਰ ਜਾਂ ਆਈ.ਏ.ਐਸ ਅਫ਼ਸਰ ਬਣਨਾ ਚਾਹੁੰਦਾ ਹਾਂ।’ ਤੁਹਾਨੂੰ ਕਦੇ-ਕਦਾਈਂ ਹੀ ਇਹ ਕਹਿੰਦੇ ਹੋਏ ਹੈਰਾਨ ਕਰਦਾ, ਕਰਦੀ ਕੋਈ ’ਟੌਪਰ’ ਮਿਲੇਗਾ, ਮਿਲੇਗੀ ਕਿ ਉਹ ਰਿਤਵਿਕ ਘਟਕ ਵਾਂਗ ਇੱਕ ਫਿਲਮ- ਨਿਰਮਾਤਾ, ਮੇਧਾ ਪਾਟਕਰ ਵਾਂਗ ਇੱਕ ਸਮਾਜਿਕ ਕਾਰਕੁੰਨ, ਰੋਮੀਲਾ ਥਾਪਰ ਵਾਂਗ ਇੱਕ ਇਤਿਹਾਸਕਾਰ, ਜਾਂ ਸੀ.ਵੀ.ਰਮਨ ਵਾਂਗ ਇੱਕ ਵਿਗਿਆਨੀ ਬਣਨਾ ਚਾਹੁੰਦਾ, ਚਾਹੁੰਦੀ ਹੈ।ਸੰਭਵ ਤੌਰ ’ਤੇ, ‘ਟੌਪਰਜ਼’ ਅੰਦਰ ਇਛਾਵਾਂ ਦਾ ਇਹ ਸਮਰੂਪੀਕਰਨ ਇਸ ਗੱਲ ਦਾ ਸੰਕੇਤ ਹੈ ਕਿ ਨਿਜ਼ਾਮ ਕਿਸ-ਵਿਧ ਲਾਈਲੱਗਾਂ ਦੇ ਝੁੰਡ ਤਿਆਰ ਕਰ ਰਿਹਾ ਹੈ। ਜੇ ਸਿੱਖਿਆ ਅੱਲ੍ਹੜ, ਨੌਜਵਾਨ ਦੇ ਮਨ ਨੂੰ ਹਲੂਣਨ ’ਚ ਨਾਕਾਮ ਰਹਿੰਦੀ ਹੈ ਤਾਂ ਤੁਸੀਂ ਅਜਿਹੀਆਂ ਅੰਕ-ਪੱਤਰੀਆਂ ਦਾ ਕੀ ਕਰੋਗੇ--ਭੌਤਿਕ ਵਿਗਿਆਨ: 99/100;ਗਣਿਤ ਸ਼ਾਸਤਰ: 100/100; ਰਸਾਇਣਕ ਵਿਗਿਆਨ:98/100; ਜੀਵ ਵਿਗਿਆਨ: 97/100; ਤੇ ਅੰਗ੍ਰੇਜ਼ੀ: 99/100 ?’
‘ਤੀਜਾ, ਮੈਂ ਪੱਕ ਨਾਲ ਤਾਂ ਨਹੀਂ ਇਹ ਕਹਿ ਸਕਦਾ ਕਿ ਕੀ ਅਸੀਂ ਉਨ੍ਹਾਂ ਨੂੰ ਜਾਨਣ-ਸਮਝਣ ਦੇ ਸਮਰੱਥ ਹਾਂ ਜਿਨ੍ਹਾਂ ਦੀ ਬੋਰਡ ਪ੍ਰੀਖਿਆ ’ਚ ਕਾਰਗੁਜ਼ਾਰੀ ਬਹੁਤੀ ਤਸੱਲੀਬਖਸ਼ ਨਹੀਂ ਹੁੰਦੀ। ਦਰਅਸਲ, ਚੋਖੇ-ਅੰਕਾਂ ਦੇ ਇਸ ਦੌਰ ਅੰਦਰ, ਭਾਵੇਂ, ਜੇ ਤੁਹਾਡੇ ਅੰਕ 90 ਫੀਸਦੀ ਵੀ ਆ ਜਾਂਦੇ ਹਨ ਤਾਂ ਵੀ ਤੁਸੀਂ ਆਪਣੇ-ਆਪ ਨੂੰ ‘ਨਾਕਾਮ’ ਸਮਝਣਾ ਸ਼ੁਰੂ ਕਰ ਦਿੰਦੇ ਹੋ। ਸਮਾਜਿਕ ਡਾਰਵਿਨਵਾਦ ਲਾਗੂ ਕਰ ਦਿੱਤਾ ਜਾਂਦਾ ਹੈ ਅਤੇ ਹਰ ਜਗ੍ਹਾ ‘ਕਾਮਯਾਬੀ ਸੋਹਲੇ’ ਗਾਏ ਜਾਣ ਲਗਦੇ ਹਨ। ਯਕੀਨਨ, ਜਿਹੜੇ ‘ਨਾਕਾਮ’ ਰਹਿ ਜਾਂਦੇ ਹਨ ਉਹ ਸ਼ਰਮ ਤੇ ਨਮੋਸ਼ੀ ਦੇ ਅਹਿਸਾਸ ਹੇਠ ਵਿਚਰਨ ਲਈ ਮਜ਼ਬੂਰ ਹੋ ਜਾਂਦੇ ਹਨ। ਇਸ ਦੌਰ ਅੰਦਰ, ਕਈ ਮੱਧ ਵਰਗੀ ਮਾਪੇ ਵੀ ਆਪਣੇ ਬੱਚਿਆਂ ਨੂੰ ਢੁੱਕਵੀਂ ’ਨੌਕਰੀ ਤੇ ਤਨਖ਼ਾਹ ਪੈਕੇਜ’ ਵਾਲੀਆਂ ਉਪਯੋਗੀ ਜਿਨਸਾਂ ਵਾਂਗ ਦੇਖਣਾ ਚਾਹੁੰਦੇ ਹਨ,ਉਹ ਵੀ ਸ਼ਰਮਿੰਦਗੀ ਮਹਿਸੂਸ ਕਰਦੇ ਹਨ ਜੇ ਉਨ੍ਹਾਂ ਦੇ ਬੱਚੇ ਇਹ ‘ਜੇਤੂ ਰਣਨੀਤੀ’ ਹਾਸਲ ਕਰਨ ’ਚ ਨਾਕਾਮ ਰਹਿੰਦੇ ਹਨ।’
‘ਇਹ ਅੱਤਿਆਚਾਰ ਹੈ ਜੋਕਿ ਉਨ੍ਹਾਂ ਅੰਦਰ ਜਿਹੜੇ ਇਸ ਚੂਹਾ-ਦੌੜ ’ਚ ਪਿੱਛੇ ਰਹਿ ਜਾਂਦੇ ਹਨ, ਮਾਨਸਿਕ ਪੀੜਾ ਰਾਹੀਂ ਅਤੇ ਖ਼ੁਦਕੁਸ਼ੀ ਪਰਵਿਰਤੀ ਦੇ ਰੂਪ ’ਚ ਵੀ ਸਪਸ਼ਟ ਉਜਾਗਰ ਹੁੰਦਾ ਹੈ। ਇਹੋ ਸਹੀ ਸਮਾਂ ਹੈ ਸਾਡੇ ਵੱਲੋਂ ਮੁੜ-ਸੋਚਣਾ ਸ਼ੁਰੂ ਕਰਨ ਦਾ ਕਿ ਸਿੱਖਿਆ ਦਾ ਮੰਤਵ ਕੀ ਹੈ। ਯਕੀਨਨ, ਸੁਤੰਤਰ ਸਿੱਖਿਆ ਦਾ ਮੂਲ ਉਦੇਸ਼ ਹੈ: ਸਿਖਿਅਕ/ਵਿਦਿਆਰਥੀ ਨੂੰ ਉਸ ਅੰਦਰਲੇ ਲੁਪਤ ਵਿਲੱਖਣ ਗੁਣਾਂ ਤੇ ਲੱਛਣਾਂ ਨੂੰ ਪਹਿਚਾਨਣ ਤੇ ਜ਼ਾਹਿਰ ਕਰਨ ਲਈ ਉਤਸ਼ਾਹਿਤ ਕਰਨਾ, ਅਤੇ ਉਸਦੇ ਕਾਰਜ-ਖੇਤਰ ਵਿੱਚੋਂ ਆਨੰਦ ਤੇ ਸੰਤੁਸ਼ਟੀ ਦਾ ਬੋਧ ਕਰਾਉਣਾ। ਪਰੰਤੂ, ਜਦ ਸਕੂਲ ਸਰਕਾਰੀ ਪਾਠਕ੍ਰਮ ਤੋਂ ਹਟ ਕੇ ਕੁੱਝ ਵੀ ਦੇਖਣ ’ਚ ਨਾਕਾਮ ਹੋ ਜਾਣ, ਅਤੇ ਕੇਵਲ ਘੜੇ-ਘੜਾਏ, ਮੰਡੀ-ਮਾਫ਼ਕ ਤੇ ’ਆਗਿਆਕਾਰੀ’ ਪੁਰਜੇ ਬਣਾਉਣਾ ਲੋਚਣ ਲੱਗ ਜਾਣ ਤਾਂ ਬਹੁਤ ਸਾਰੇ ਸਿਰਜਨਾਤਮਿਕ ਦਿਮਾਗ ਆਪਣੇ-ਆਪ ਨੂੰ ‘ਓਪਰੇ-ਬਿਗਾਨੇ’ ਸਮਝਣ ਲੱਗ ਪੈਂਦੇ ਹਨ। ਸੰਭਵ ਹੈ, ਉਨ੍ਹਾਂ ਵਿਦਿਆਰਥੀਆਂ ਵਿੱਚੋਂ ਜਿਨ੍ਹਾਂ ਦੀ ਬੋਰਡ ਪ੍ਰੀਖਿਆ ’ਚ ਕਾਰਗੁਜ਼ਾਰੀ ਚੰਗੀ ਨਹੀਂ ਰਹੀ,ਕੁੱਝ ਅੰਦਰ ਉਨ੍ਹਾਂ ਖੇਤਰਾਂ ਦੀ ਭਰਪੂਰ ਕਾਬਲੀਅਤ, ਸਮਰੱਥਾ ਹੋਵੇ ਜਿਨ੍ਹਾਂ ’ਚ ਸਕੂਲਾਂ ਦੀ ਦਿਲਚਸਪੀ ਹੀ ਨਹੀਂ ਹੈ-ਜਿਵੇਂ ਕਿ ਸਿਰਜਨਾਤਮਕ ਕਲਾ। ਬਹਿਰਹਾਲ, ਸਕੂਲੀ ਪੜ੍ਹਾਈ ਦਾ ਇੱਕ-ਆਯਾਮੀ, ਅਫ਼ਸਰਸ਼ਾਹ, ਗ਼ੈਰ-ਮਨੁੱਖੀ ਨਮੂਨਾ ਬਹੁਤ ਸਾਰੇ ਅੱਲ੍ਹੜ ਮਨਾਂ ਨੂੰ ਤਬਾਹ ਕਰ ਦਿੰਦਾ ਹੈ ਅਤੇ ਕਈ ਖਿੜਦੇ ਫੁੱਲਾਂ ਨੂੰ ਮਸਲ ਦਿੰਦਾ ਹੈ।’
-ਅਨੁ: ਯਸ਼ਪਾਲ ਚੇਤਨਾ ਵਰਗ
-ਅਭੀਜੀਤ ਪਾਠਕ
-ਮੋਬਾ:98145 35005

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ