Tuesday, December 03, 2024  

ਲੇਖ

ਅੱਜ ਦੇ ਸਮਿਆਂ ਦੇ ਰਾਜ ਨੇਤਾ ਅਤੇ ਮੀਡੀਆ

May 29, 2024

ਅਜੋਕੇ ਸਮਿਆਂ ਦੇ ਰਾਜਨੇਤਾਵਾਂ ਬਾਰੇ ਆਪਣੇ ਇਕ ਲੇਖ ਵਿੱਚ ਮੈਂ ਜਰਮਨੀ ਦੇ ਉੱਘੇ ਸਮਾਜ ਵਿਗਿਆਨੀ ਮੈਕਸ ਵੇਬਰ ਦੇ ਵਿਚਾਰ ਟੂਕੇ ਸਨ ਜੋ ਇਨ੍ਹਾਂ ਨੇਤਾਵਾਂ ਦੇ ਕਿਰਦਾਰ ਨੂੰ ਨਾਪਣ-ਤੋਲਣ ਲਈ ਬਹੁਤ ਲਾਹੇਵੰਦ ਅਤੇ ਪਾਏਦਾਰ ਕਸੌਟੀ ਪੇਸ਼ ਕਰਦੇ ਹਨ। ਉਹ ਲਿਖਦਾ ਹੈ:-‘‘ਉਹ ਸ਼ਖ਼ਸ, ਜਿਸ ਨੂੰ ਇਤਿਹਾਸ ਦੇ ਚੱਕੇ (wheels of history) ’ਤੇ ਆਪਣਾ ਹੱਥ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ, ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ? ਇਹ ਕਿਹਾ ਜਾ ਸਕਦਾ ਹੈ ਕਿ ਇੱਕ ਸਿਆਸਤਦਾਨ ਵਿੱਚ ਤਿੰਨ ਪ੍ਰਧਾਨ ਖੂਬੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ : ਗਰਮਜੋਸ਼ੀ (passion) ਜ਼ਿੰਮੇਵਾਰੀ (Responsibility) ਦੀ ਭਾਵਨਾ ਅਤੇ ਸੰਤੁਲਨ ਦੀ ਸੋਝੀ। ਯਕੀਨਨ ਗਰਮਜੋਸ਼ੀ ਕਿੰਨੀ ਵੀ ਖਰੀ ਜਾਂ ਪੱਕੀ ਕਿਉਂ ਨਾ ਹੋਵੇ, ਇਹ ਆਪਣੇ-ਆਪ ਵਿੱਚ ਕਾਫੀ ਨਹੀਂ। ਇਹ ਸਿਆਸਤਦਾਨ ਨੂੰ ਬਣਾ ਨਹੀਂ ਸਕਦੀ, ਜਿੰਨੀ ਦੇਰ ਤੱਕ ਇਹ ਗਰਮਜੋਸ਼ੀ ਕਿਸੇ ਠੋਸ ਕਾਰਨ ਨੂੰ ਸਮਰਪਿਤ ਨਹੀਂ ਹੁੰਦੀ ਅਤੇ ਉਸ ਕਾਰਨ ਪ੍ਰਤੀ ਜ਼ਿੰਮੇਵਾਰੀ ਜਾਂ ਪ੍ਰਤੀਬਧਤਾ ਉਸ ਦੇ ਕਾਰਜ ਕਰਨ ਦੀ ਸੇਧ ਨਹੀਂ ਬਣਦੀ ਅਤੇ ਇਸ ਦੇ ਲਈ ਇਕ ਸੰਤੁਲਨ ਦੀ ਸੋਝੀ ਹੋਣਾ ਲਾਜ਼ਮੀ ਹੈ। ਇਹ ਸਿਆਸਤਦਾਨ ਲਈ ਇਕ ਨਿਰਣਾਇਕ ਮਨੋਵਿਗਿਆਨਕ ਗੁਣ ਹੈ। ਦੁਨਿਆਦਾਰੀ ਦੇ ਕੰਮਾਂ ਨੂੰ ਅੰਦਰੂਨੀ ਇਕਾਗਰਤਾ ਅਤੇ ਸ਼ਾਂਤ ਸੁਭਾਅ ਨਾਲ ਨਜਿੱਠਣk ਉਸ ਦੀ ਕਾਬਲੀਅਤ ਹੈ। ਲਿਹਾਜ਼ਾ ਉਸਦੀ ਵਸਤਾਂ ਜਾਂ ਚੀਜ਼ਾਂ ਅਤੇ ਬੰਦਿਆਂ ਤੋਂ ਦੂਰੀ। ਇਸ ਦੂਰੀ ਜਾਂ ਫਾਸਲੇ ਦੀ ਘਾਟ ਆਪਣੇ ਆਪ ਵਿੱਚ ਹਰ ਸਿਆਸਤਦਾਨ ਲਈ ਖ਼ਤਰਨਾਕ ਅਪਰਾਧ ਹੈ।’’
ਸਾਡੇ ਮੁਲਕ ਵਿੱਚ ਜਿਥੇ ਪਾਰਲੀਮਾਨੀ ਚੋਣਾਂ ਦਾ ਮਾਹੌਲ ਗਰਮ ਹੈ। ਉਥੇ ਗਰਮੀ ਦੀ ਰੁੱਤ ਵੀ ਕਹਿਰ ਢਾਅ ਰਹੀ ਹੈ। ਜਿ ਥੇ ‘‘ ਚੋਣਾਂ ਦਾ ਪਰਵ’’ ਚੱਲ ਰਿਹੈ, ਕੀ ਉਥੇ ਦੇਸ਼ ਦਾ ਗਰਵ ਵੱਧ ਫੁੱਲ ਰਿਹਾ ਹੈ ਕਿ ਘੱਟ ਰਿਹਾ ਹੈ? ਜਾਂ ਸ਼ਾਇਦ ਬਿਲਕੁੱਲ ਹੀ ਨਿਘਾਰ ਵੱਲ ਚਲਿਆ ਗਿਆ ਹੈ? ਬਾਕੀ ਪਾਰਟੀਆਂ ਦੀ ਗੱਲ ਛੱਡ ਕੇ ਜੇ ਅਸੀਂ ਸੱਤਾ ’ਤੇ ਕਾਬਜ਼ ਪਾਰਟੀ ਦੀ ਗੱਲ ਕਰੀਏ ਜੋ ਪਿਛਲੇ ਦਸ ਸਾਲਾਂ ਤੋਂ ਨਿੱਗਰ ਬਹੁਮਤ ਹਾਸਲ ਕਰਕੇ ਬੜੇ ਧੜੱਲੇ ਨਾਲ ਹਕੂਮਤ ਚਲਾ ਰਹੀ ਹੈ, ਤਾਂ ਨਿਘਾਰ ਹੋਰ ਵਧੇਰੇ ਦਿਖਾਈ ਦੇਣ ਲਗਦਾ ਹੈ। ਇਸ ਤੋਂ ਅੱਗੇ ਜਾ ਕੇ ਜੇ ਅਸੀਂ ਬਾਕੀ ਆਮ ਸਿਆਸਤਦਾਨਾਂ ਨੂੰ ਛੱਡ ਕੇ ਸੱਤਾਧਾਰੀ ਪਾਰਟੀ ਦੇ ਸਟਾਰ ਪ੍ਰਚਾਰਕ ਅਤੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਤਾਂ ਚਿੰਤਾ ਹੋਰ ਵੱਧ ਜਾਂਦੀ ਹੈ। ਸਿਆਸੀ ਬੁਲਾਰਿਆਂ ਦੀ ਭਾਸ਼ਾ ਅਤੇ ਸ਼ੈਲੀ ਇੰਨੀ ਕੁ ਨਿੱਘਰ ਜਾਏਗੀ ਇਹ ਸੋਚ ਕੇ ਪਰੇਸ਼ਾਨੀ ਹੋਰ ਵੱਧ ਜਾਂਦੀ ਹੈ, ਜਦੋਂ ਇਹ ਹੋਰ ਵਧੇਰੇ ਬਹੁਮਤ ਨਾਲ 400 ਤੋਂ ਪਾਰ ਜਾਣ ਦੀ ਤਿਆਰੀ ਕਰਕੇ ਚੋਣ ਮੈਦਾਨ ਵਿੱਚ ਉੱਤਰੇ ਹੋਏ ਹਨ। ਦੇਸ਼ ਦੇ ਇਕ ਵੱਡੇ ਸੂਬੇ ਦਾ ਮੁੱਖ ਮੰਤਰੀ, ਜੋ ਸੱਤਾਧਾਰੀ ਪਾਰਟੀ ਦਾ ਸਟਾਰ ਪ੍ਰਚਾਰਕ ਵੀ ਹੈ, ਉਸ ਨੇ ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਦਾ ਹਵਾਲਾ ਦਿੰਦੇ ਹੋੲੈ ਆਪਣੀ ਰੈਲੀ ਵਿੱਚ ਕਿਹਾ ‘‘ਦੋ ਲੜਕੇ ਯਹਾਂ ਆਏ ਥੇ ਜਿਨਕੋ ਬੈਰੰਗ ਭੇਜ ਦਿਆ ਗਿਆ।’’ ਸ਼ਹਿਜ਼ਾਦੇ ਕਹਿ ਕੇ ਹੀ ਜ਼ਿਕਰ ਕਰਦੇ ਹਨ। ਵਿਰੋਧੀ ਧਿਰ ਦੇ ਲੀਡਰਾਂ ਨੂੰ ਇਸ ਤਰ੍ਹਾਂ ਸੰਬੋਧਨ ਕਰਨ ਨਾਲ ਉਨ੍ਹਾਂ ਦੀ ਰਾਜਨੀਤਕਤ ਸਾਖ ਜਾਂ ਪਛਾਣ ’ਤੇ ਤਾਂ ਸ਼ਾਇਦ ਫਰਕ ਨਾ ਹੀ ਪੈਂਦਾ ਹੋਵੇ ਪਰ ਕਹਿਣ ਵਾਲੇ ਦਾ ਕਿਰਦਾਰ ਜ਼ਰੂਰ ਝਲਕ ਜਾਂਦਾ ਹੈ। ਉਹਦੀ ਸਖਸ਼ੀਅਤ ਦਾ ਹਲਕਾਪਣ ਜਗ ਜਾਹਰ ਹੋ ਜਾਂਦਾ ਹੈ। ਪਰਜਾਤੰਤਰ ਵਿੱਚ ਛੋਟੀਆਂ ਵੱਡੀਆਂ ਪਾਰਟੀਆਂ, ਭਾਵੇਂ ਦੋ ਹੋਣ ਜਾਂ ਵੀਹ, ਉਨ੍ਹਾਂ ਨੇ ਆਪਣੇ ਹਿਸਾਬ ਨਾਲ ਵਿਉਂਤਬੰਦੀ ਕਰਕੇ ਦੋ ਮੁੱਖ ਧੜੇ ਬਣ ਹੀ ਜਾਣਾ ਹੁੰਦਾ ਹੈ। ਇਕ ਸੱਤਾਧਾਰੀ ਅਤੇ ਦੂਜਾ ਵਿਰੋਧੀ। ਇਨ੍ਹਾਂ ਦੋਨੋ ਰਾਜਨੀਤਕ ਟੀਮਾਂ ਵਿੱਚ ਬਿਲਕੁੱਲ ਉਸੇ ਤਰ੍ਹਾਂ ਮੈਚ ਖੇਡਿਆ ਜਾਂਦਾ ਹੈ, ਜਿਵੇਂ ਹਾਕੀ, ਫੁੱਟਬਾਲ ਜਾਂ ਕ੍ਰਿਕੇਟ ਦੀਆਂ ਟੀਮਾਂ ਵਿੱਚ 1 ਇਕ ਟੀਮ ਨੇ ਜਿੱਤਣਾ ਹੁੰਦਾ ਹੈ ਅਤੇ ਦੂਜੀ ਨੇ ਹਾਰਨਾ ਅਤੇ ਜਿੱਤ ਹਾਰ ਦਾ ਸਵਾਦ ਵੀ ਬਦਲ ਬਦਲ ਕੇ ਟੀਮਾਂ ਦੇ ਹੱਥ ਲਗਦਾ ਹੈ। ਫਿਰ ਉੱਚੇ ਨੀਵੇਂ ਜਾਂ ਚੰਗੇ ਮਾੜੇ ਦਾ ਸਵਾਲ ਪੈਦਾ ਕਿਉਂ ਹੋਵੇ। ਇਹ ਖੇਡਾਂ ਅਤੇ ਅਜਿਹੇ ਮੈਚ ਖਿਡਾਰੀਆਂ ਵਿੱਚ ਇਕ ਅਜਿਹਾ ਜਜ਼ਬਾ ਪੈਦਾ ਕਰਦੇ ਨੇ ਜਿਸ ਨੂੰ ‘‘ਸਪੋਰਟਸਮੈਨ ਸ਼ਿਪ’’ ਕਿਹਾ ਜਾਂਦਾ ਹੈ। ਇਹ ਸਾਡੇ ਮੁਲਕ ਦੀ ਅਤੇ ਅਜੋਕੇ ਰਾਜਨੀਤਕ ਸਿਸਟਮ ਦੀ ਤਰਾਸਦੀ ਹੀ ਕਹੀ ਜਾ ਸਕਦੀ ਹੈ ਕਿ 75 ਸਾਲਾਂ ਵਿੱਚ ਵੀ ਅਸੀਂ ‘‘ਪੋਲੀਟੀਕਲ ਮੈਨਸ਼ਿਪ’’ ਦਾ ਜਜ਼ਬਾ ਆਪਣੇ ਰਾਜਨੇਤਾਵਾਂ ਵਿੱਚ ਭਰ ਨਹੀਂ ਸਕੇ। ਨਵੀਂ ਬਣੀ ਸੰਸਦ ਹਾਲ ਦੀ ਪਲੇਠੀ ਲੋਕ ਸਭਾ ਵਿੱਚ ਸੱਤਾਧਾਰੀ ਸਾਂਸਦ ਨੇ ਇਕ ਮੁਸਲਿਮ ਭਾਈਚਾਰੇ ਦੇ ਸਾਂਸਦ ਵਾਸਤੇ ਅਜਿਹੇ ਅਪਸ਼ਬਦ ਵਰਤੇ ਜਿਹੜੇ ਸਾਰੀ ਲੋਕਾਈ ਨੂੰ ਸ਼ਰਮਸਾਰ ਕਰਦੇ ਹਨ। ਉਸਦੇ ਬਾਵਜੂਦ ਉਸ ’ਤੇ ਕੋਈ ਅਨੁਸ਼ਾਸ਼ਨੀ ਕਾਰਵਾਈ ਨਹੀਂ ਹੋਈ।
ਰਾਹੁਲ ਗਾਂਧੀ ਨੂੰ ‘‘ਸ਼ਹਿਜ਼ਾਦੇ’’ ਕਹਿਣ ਵਾਲੀ ਮਾਨਸਿਕਤਾ ਵੀ ਕਿਸੇ ਸੂਝਵਾਨ ਅਤੇ ਗੰਭੀਰ ਸੋਚ-ਵਿਚਾਰ ਕਰਨ ਵਾਲੇ ਸ਼ਖ਼ਸ਼ ਵੱਲ ਇਸ਼ਾਰਾ ਨਹੀਂ ਕਰਦੀ। ਆਪਣੇ ਆਪ ਨੂੰ ਵੱਡਾ ਕਰਨ ਜਾਂ ਦਿਖਾਉਣ ਲਈ ਦੂਸਰੇ ਨੂੰ ਛੋਟਾ ਕਰਨ ਜਾਂ ਦਿਖਾਉਣ ਲਈ ਦੂਸਰੇ ਨੂੰ ਛੋਟਾ ਕਰਨ ਵਾਲੀ ਸੋਚ ਇਕ ਹਲਕੀ ਮਾਨਸਿਕਤਾ ਵਾਲੇ ਬੰਦੇ ਦੀ ਪਛਾਣ ਕਰਾਉਂਦੀ ਹੈ। ਇਕ ਸ਼ਖ਼ਸ ਜਿਹੜਾ ਪਿਛਲੇ ਕਰੀਬ 25 ਸਾਲਾਂ ਤੋਂ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਰਿਹਾ ਹੋਵੇ ਉਹ ਦੇ ਮੂੰਹੋਂ ਅਜਿਹੇ ਹਲਕੇ ਅਲਫਾਜ਼ ਕਦੇ ਵੀ ਕਿਸੇ ਵੀ ਸੂਰਤ ਵਿੱਚ ਸ਼ੋਭਾ ਨਹੀਂ ਦਿੰਦੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਾਹੁਲ ਗਾਂਧੀ ਦੇਸ਼ ਦੇ ਇੱਕ ਚੋਟੀ ਦੇ ਪ੍ਰਤਿਸ਼ਠਤ ਪਰਵਾਰ ਦੇ ਵਾਰਿਸ ਹਨ ਪਰ ਉਨ੍ਹਾਂ ਨੇ ਕਦੇ ਵੀ ‘‘ਸ਼ਹਿਜ਼ਾਦਿਆਂ’ ਵਾਲੀ ਕੋਈ ਜਨਤਕ ਅਦਾਰੇ ਪਬਲਿਕ ਸਫੀਅਰ ਜੀਵਨ ਵਿੱਚ ਨਹੀਂ ਕੀਤੀ। ਉਨ੍ਹਾਂ ਨੇ ਤਾਂ ਚਿੱਟੇ ਰੰਗ ਦੀ ਟੀ-ਸ਼ਰਟ ਪਾ ਕੇ ਚਾਰ ਹਜ਼ਾਰ ਕਿਲੋਮੀਟਰ ਤੋਂ ਵੱਧ ਦੀ ਪੈਦਲ ‘‘ਭਾਰਤ ਜੋੜੇ ਯਾਤਰਾ’’ ਕੀਤੀ ਹੈ। ਇੱਕ ਸ਼ਹਿਜ਼ਾਦੇ ਦੀ ਮਾਨਸਿਕਤਾ ਰੱਖਣ ਵਾਲਾ ਸ਼ਖ਼ਸ ਅਜਿਹੀ ਯਾਤਰਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਇਹ ਗੱਲ ਕਿਸੇ ਵੀ ਸੋਚਣ-ਸਮਝਣ ਵਾਲੇ ਵਿਅਕਤੀ ਨੂੰ ਪਰੇਸ਼ਾਨ ਕਰੇਗੀ ਕਿ ਦੁਨੀਆ ਦੀ ਸਭ ਤੋਂ ਪ੍ਰਾਚੀਨ ਸਭਿਅਤਾ ਵਾਲੇ ਮੁਲਕ ਦਾ ਪ੍ਰਧਾਨ ਮੰਤਰੀ ਅਜਿਹੀਆਂ ਹਲਕੀਆਂ-ਫ਼ੁਲਕੀਆਂ ਟਿੱਪਣੀਆਂ ਆਪਣੇ ਹਮਸਫ਼ਰ ਬਾਰੇ ਕਰਦਾ ਹੈ। ਥੋੜੀ-ਬਹੁਤੀ ਜੁਮਲੇਬਾਜ਼ੀ ਤਾਂ ਭਾਸ਼ਣਾਂ ਦਾ ਹਿੱਸਾ ਰਹਿੰਦੀ ਹੈ ਪਰ ਅਜਿਹੀਆਂ ਗੱਲਾਂ ਜਿਨ੍ਹਾਂ ਦਾ ਕੋਈ ਆਧਾਰ ਹੀ ਨਾ ਹੋਵੇ, ਉਹ ਝੂਠ ਬਣ ਜਾਂਦਾ ਹੈ ਜਿਸ ਤੋਂ ਗੁਰੇਜ਼ ਹਰ ਛੋਟੇ ਤੋਂ ਛੋਟੇ ਅਹੁਦੇ ਵਾਲੇ ਅਫ਼ਸਰ ਨੂੰ ਵੀ ਕਰਨਾ ਚਾਹੀਦਾ ਹੈ , ਇਹ ਤਾਂ ਫੇਰ ਪ੍ਰਧਾਨ ਮੰਤਰੀ ਹਨ। ਇਹੋ ਕਾਰਨ ਹੈ ਕਿ ਕਾਂਗਰਸ ਦੇ ਪ੍ਰਧਾਨ ਖੜਗੇ ਮੌਜੂਦਾ ਪ੍ਰਧਾਨ ਮੰਤਰੀ ਨੂੰ ‘‘ਝੂਠਾਂ ਦਾ ਸਰਦਾਰ’’ ਕਹਿੰਦੇ ਹਨ। ਪਿਛਲੇ ਦਸ ਸਾਲਾਂ ਵਿੱਚ ਕਿੰਨੇ ਕੁ ਝੂਠ ਬੋਲ ਗਏ ਹਨ ਇਨ੍ਹਾਂ ਦੀ ਗਿਣਤੀ ਕਿਸੇ ਨੇ ਕੀਤੀ ਤਾਂ ਨਹੀਂ ਪਰ ਇਹ ਰਿਕਾਰਡ ਤਾਂ ਜ਼ਰੂਰ ਹੋਈਆਂ ਹਨ। ਇਨਫਰਮੇਸ਼ਨ ਟੈਕਨਾਲੋਜੀ ਦਾ ਜ਼ਮਾਨਾਂ ਹੈ, ਹਰ ਬੰਦੇ ਦੇ ਹੱਥ ਵੀ ਮੋਬਾਇਲ ਕੈਮਰਾ ਅਤੇ ਰਿਕਾਰਡਰ ਹੈ। ਕਿਤੇ ਵੀ ਕਿਹਾ-ਬੋਲਿਆ ਕੋਈ ਵੀ ਸ਼ਬਦ ਰਿਕਾਰਡ ਹੋਣੋਂ ਰਹਿ ਨਹੀਂ ਸਕਦਾ, ਖ਼ਾਸ ਤੌਰ ’ਤੇ ਜਦੋਂ ਇਹ ਪ੍ਰਧਾਨ ਮੰਤਰੀ ਦੇ ਮੁਖ ’ਚੋਂ ਨਿਕਲਿਆ ਹੋਵੇ। ਮੇਰੀ ਚਿੰਤਾ ਤੇ ਹੈਰਾਨੀ ਹੋਰ ਵੱਧ ਜਾਂਦੀ ਹੈ ਜਦ ਇਹ ਸੋਚੀਦਾ ਹੈ ਕਿ ਅਜਿਹਾ ਰਿਕਾਰਡ ਰਹਿੰਦੀ ਦੁਨੀਆਂ ਤੱਕ ਸਾਂਭ-ਸੰਭਾਲ ਕੇ ਰੱਖਿਆ ਜਾਵੇਗਾ। ਸਾਡੇ ਰਾਜਨੇਤਾਵਾਂ ਨੂੰ ਇਹ ਭਉ ਕਿਉਂ ਨਹੀਂ ਖਾਂਦਾ? ਇਉਂ ਜਾਪਦਾ ਹੈ ਕਿ ਸਾਡੇ ਪ੍ਰਧਾਨ ਮੰਤਰੀ ’ਤੇ ਅਸਰ ਅਮਰੀਕਾ ਦੇ ਸਾਬਕਾ ਪ੍ਰਧਾਨ ਡੌਨਾਲਡ ਟਰੰਪ ਦਾ ਹੈ। ਉਥੋਂ ਦੇ ਉੱਘੇ ਅਖ਼ਬਾਰ ‘‘ ਵਾਸ਼ਿੰਗਟਨ ਪੋਸਟ’’ ਨੇ ਅਨੁਮਾਨ ਹੀ ਨਹੀਂ ਲਾਇਆ ਬਲਕਿ ਗਿਣਤੀ ਕਰਕੇ ਦੱਸਿਆ ਹੈ ਕਿ ਟਰੰਪ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ਵਿੱਚ 30573 ਝੂਠ ਬੋਲੇ ਹਨ। ਅਜਿਹੀ ਗਿਣਤੀ ਏਥੇ ਵੀ ਹੋ ਸਕਦੀ ਸੀ ਸ਼ਾਇਦ ਈਡੀ ਅਤੇ ਸੀਬੀਆਈ ਦੇ ਡਰੋਂ ਕਿਸੇ ਨੇ ਜੁਰਅਤ ਨਹੀਂ ਕੀਤੀ।
ਅਜੋਕੇ ਸਮਿਆਂ ਵਿੱਚ ਰਾਜਨੀਤਕ ਮਾਹੌਲ ਦੇ ਗੰਧਲਾ ਹੋਣ ਦਾ ਇਕ ਵੱਡਾ ਕਾਰਨ ਰਾਜਨੇਤਾਵਾਂ ਦੀ ਗ਼ੈਰ-ਜ਼ਿੰਮੇਦਾਰਾਨਾ ਬਿਆਨਬਾਜ਼ੀ ਹੈ। ਇਹ ਜਾਣਦੇ ਹੋਏ ਵੀ ਕਿ ਉਨ੍ਹਾਂ ਦਾ ਹਰ ਬਿਆਨ ਕਿਤੇ ਨਾ ਕਿਤੇ ਰਿਕਾਰਡ ਹੋ ਰਿਹਾ ਹੈ, ਉਹ ਬੜੀ ਬੇ-ਬਾਕੀ ਨਾਲ ਬਿਨ੍ਹਾਂ ਕਿਸੇ ਖੌਫ਼ ਦੇ ਜੁਮਲੇਬਾਜ਼ੀ ਕਰੀ ਜਾਂਦੇ ਹਨ। ਮੈਂ ਸਮਝਦਾ ਹਾਂ ਇਸ ਦੀ ਵਜ੍ਹਾ ਸਾਡੇ ਮੀਡੀਆ ਦੀ ਕਮਜ਼ੋਰੀ ਹੈ, ਜੋ ਸਰਕਾਰ ਦੀ ਝੋਲੀ ਪੈ ਗਿਆ ਹੈ। ਜਿਸ ਕਰਕੇ ਇਸ ਨੂੰ ਗੋਦੀ ਮੀਡੀਆ ਕਿਹਾ ਜਾ ਰਿਹਾ ਹੈ। ਜੇ ਮੀਡੀਆ ਵਾਲੇ ਆਪਣਾ ਕੰਮ ਦੇਸ਼ ਨੂੰ ਅਤੇ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਨ ਤਾਂ ਰਾਜਨੇਤਾਵਾਂ ਦੀ ਕੋਈ ਔਕਾਤ ਨਹੀਂ ਕਿ ਉਹ ਝੂਠ ਪਰ ਝੂਠ ਬੋਲੀ ਜਾਣ। ਮੀਡੀਆ ਵਾਲੇ ਲੀਡਰਾਂ ਦੇ ਪੁਰਾਣੇ ਬਿਆਨ ਕੱਢ ਕੇ ਸਵਾਲ-ਜੁਵਾਬ ਕਰਨ ਅਤੇ ਆਮ ਲੋਕਾਂ ਤੱਕ ਪਹੁੰਚਦਾ ਕਰਨ ਤਾਂ ਹੀ ਲੋਕਾਂ ਨੂੰ ਪਤਾ ਚੱਲੇਗਾ ਕਿ ਉਨ੍ਹਾਂ ਦਾ ਚੁਣਿਆ ਹੋਇਆ ਨੁਮਾਇੰਦਾ ਉਨ੍ਹਾਂ ਦੇ ਕੰਮ ਸੰਵਾਰ ਰਿਹਾ ਹੈ ਕਿ ਨਹੀਂ।
ਰਾਜਤੰਤਰ ਤੋਂ ਪਰਜਾਤੰਤਰ ਦੇ ਸਫ਼ਰ ਵਿੱਚ ਮੀਡੀਆ ਦੀ ਭੂਮਿਕਾ ਬਹੁਤ ਅਹਿਮ ਹੈ। ਇਸੇ ਕਰਕੇ ਇਸ ਨੂੰ ਡੈਮੋਕਰੈਟਿਕ ਸਟੇਟ ਦਾ ਚੌਥਾ ਪਿਲਰ ਕਿਹਾ ਜਾਂਦਾ ਹੈ। ਇਸ ਦੀ ਅਹਿਮੀਅਤ ਦਾ ਮੁੱਢ 1789 ਦੀ ਫਰਾਂਸੀਸੀ ਕ੍ਰਾਂਤੀ ਨੇ ਬੰਨਿ੍ਹਆ ਜਿਸ ਨੇ ਰਾਜਾਸ਼ਾਹੀ ਨੂੰ ਅਲਵਿਦਾ ਕਹਿ ਕੇ ਲੋਕਰਾਜ ਦੀ ਸਥਾਪਨਾ ਕੀਤੀ। ਹੁਣ ਰਾਜੇ ਦੀ ਜਗ੍ਹਾ ਸੰਸਦ, ਪਾਰਲੀਮੈਂਟ, ਜਾਂ ਸੈਨੇਟ ਨੇ ਲੈ ਲਈ ਹੈ, ਜਿਸ ਵਿੱਚ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਲੋਕ ਭਲਾਈ ਹਿੱਤ ਪਾਲਸੀਆਂ ਅਤੇ ਕਾਨੂੰਨ ਬਣਾਉਂਦੇ ਹਨ।
ਪ੍ਰੋ. ਬੀਰਿੰਦਰ ਪਾਲ ਸਿੰਘ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ