Tuesday, January 21, 2025  

ਲੇਖ

ਰਾਜਨੀਤਕ ਪਲਟੀਮਾਰਾਂ ਦੀਆਂ ਮੌਜਾਂ

May 29, 2024

ਇਨ੍ਹਾਂ ਚੋਣਾਂ ਵਿੱਚ ਦਲਬਦਲੂਆਂ ਦੀਆਂ ਫੁੱਲ ਮੌਜਾਂ ਲੱਗੀਆਂ ਹੋਈਆਂ ਹਨ। ਐਨਾ ਰੋਲ ਘਚੋਲਾ ਪਿਆ ਹੋਇਆ ਹੈ ਕਿ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਕਿਹੜਾ ਉਮੀਦਵਾਰ ਕਿਸ ਪਾਰਟੀ ਵੱਲੋਂ ਚੋਣ ਲੜ ਰਿਹਾ ਹੈ। ਜਿਹੜਾ ਕਾਂਗਰਸੀ ਸੀ ਉਹ ਬੀਜੇਪੀ ਵਿੱਚ ਜਾ ਵੜਿਆ ਹੈ ਤੇ ਜਿਹੜਾ ਆਪ ਦਾ ਸੀ ਉਹ ਅਕਾਲੀ ਹੋ ਗਿਆ।
ਉੱਪਰੋਂ ਸਿਤਮ ਇਹ ਹੈ ਕਿ ਹਰੇਕ ਪਾਰਟੀ ਨੇ ਖੁਲ੍ਹ ਕੇ ਦਲ ਬਦਲੂਆਂ ਨੂੰ ਟਿਕਟਾਂ ਦਿੱਤੀਆਂ ਹਨ। ਪਰ ਸਮਝ ਨਹੀਂ ਆਉਂਦੀ ਕਿ ਜਿਸ ਲੀਡਰ ਨੂੰ ਨਲਾਇਕ, ਭਿ੍ਰਸ਼ਟ, ਚਰਿੱਤਰਹੀਣ, ਫਿਰਕਾਪ੍ਰਸਤ ਤੇ ਜਿੱਤਣ ਦੇ ਨਾਕਾਬਿਲ ਸਮਝ ਕੇ ਉਸ ਦੀ ਮਾਂ ਪਾਰਟੀ ਨੇ ਟਿਕਟ ਨਹੀਂ ਦਿੱਤੀ, ਦੂਸਰੀ ਪਾਰਟੀ ਉਸ ਨੂੰ ਕਿਵੇਂ ਜਿੱਤ ਦੀ ਗਰੰਟੀ ਸਮਝ ਕੇ ਟਿਕਟ ਦੇ ਰਹੀ ਹੈ। ਟਕਸਾਲੀ ਵਰਕਰ ਵਿਚਾਰੇਜੁੱਤੀਆਂ ਘਸਾਉਂਦੇ ਰਹਿ ਜਾਂਦੇ ਹਨ ਤੇ ਚਾਰ ਦਿਨ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਇਆ ਕੋਈ ਦਲ ਬਦਲੂ ਟਿਕਟ ਝਪਟ ਕੇ ਲੈ ਜਾਂਦਾ ਹੈ। ਕਿਸੇ ਵੀ ਪਾਰਟੀ ਦਾ ਇੱਕ ਪੱਕਾ ਕੇਡਰ ਹੁੰਦਾ ਹੈ ਜੋ ਪਾਰਟੀ ਹਾਈ ਕਮਾਂਡ ਦਾ ਹਰ ਆਦੇਸ਼ ਇਲਾਹੀ ਹੁਕਮ ਸਮਝ ਕੇ ਪ੍ਰਵਾਨ ਕਰ ਲੈਂਦਾ ਹੈ। ਜੇ ਕਿਤੇ ਉਹ ਰੁੱਸ ਵੀ ਜਾਣ ਤਾਂ ਫੌਰਨ ਕੋਈ ਵੱਡਾ ਲੀਡਰ ਉਸ ਦੇ ਘਰ ਪਹੁੰਚ ਜਾਂਦਾ ਹੈ, “ਢੀਂਡਸਾ ਸਾਹਿਬ, ਇਹ ਵੇਲਾ ਰੁੱਸਣ ਮਨਾਉਣ ਦਾ ਨਹੀਂ ਹੈ। ਤੁਸੀਂ ਪੁਰਾਣੇ ਲੀਡਰ ਉ ਪਾਰਟੀ ਦੇ, ਤੁਹਾਨੂੰ ਤਾਂ ਪਤਾ ਈ ਆ ਕਿ ਇਨ੍ਹਾਂ ਨਵੇਂ ਬੰਦਿਆਂ ਨੂੰ ਟਿਕਾਈ ਰੱਖਣ ਲਈ ਟਿਕਟਾਂ ਟੁਕਟਾਂ ਦਾ ਲਾਲਚ ਦੇਣਾ ਈ ਪੈਂਦਾ ਆ। ਤੁਸੀਂ ਫਿਕਰ ਨਾ ਕਰੋ, ਸਰਕਾਰ ਬਣਦੇ ਸਾਰ ਬਿਜਲੀ ਬੋਰਡ ਦੀ ਚੇਅਰਮੈਨੀ ਤੁਹਾਡੇ ਪੈਰਾਂ ‘ਚ ਪਈ ਹੋਵੇਗੀ।”
ਫਿਰੋਜ਼ਕੋਟ ਸ਼ਹਿਰ ਵਿੱਚ ਇੱਕ ਪਾਰਟੀ ਦੇ ਉਮੀਦਵਾਰ ਸੋਮ ਨਾਥਵੱਲੋਂ ਰੋਡ ਸ਼ੋਅ ਕੀਤਾ ਜਾ ਰਿਹਾ ਸੀ। ਉਸ ਦੇ ਮਾਇਆ ਲੱਗੇ ਦੁੱਧ ਚਿੱਟੇ ਕੁੜਤੇ ਪਜ਼ਾਮੇ, ਸੋਨੇ ਦੇ ਮੋਟੇ ਕੜੇ ਤੇ ਲਿਸ਼ਕਾਂ ਮਾਰਦੀ ਰੋਲੈਕਸ ਘੜੀ ਵੇਖ ਕੇ ਸੋਹਣ ਢਾਬੇਵਾਲੇ ਨੇ ਹੌਕਾ ਭਰਿਆ, “ਵੇਖ ਲਾ ਸੂਬੇਦਾਰਾ, 15 - 16 ਸਾਲ ਪਹਿਲਾਂ ਇਹ ਵੀ ਸਾਡੇ ਨਾਲ ਪਾਰਟੀ ਦੇ ਪੋਸਟਰ ਲਗਾਉਂਦਾ ਹੁੰਦਾ ਸੀ। ਅੱਜ ਬੰਦੇ ਨੂੰ ਬੰਦਾ ਨਹੀਂ ਸਮਝਦਾ।”
ਬਾਜਾ ਸੂਬੇਦਾਰ ਉਸ ਨੂੰ ਖਿਝ੍ਹ ਕੇ ਪਿਆ, “ਜੇ ਉਸ ਵੇਲੇ ਤੂੰ ਸਾਡੀ ਗੱਲ ਮੰਨ ਲੈਂਦਾ ਤਾਂ ਅੱਜ ਇਸ ਦੀ ਜਗ੍ਹਾ ਖੜ੍ਹਾ ਹੁੰਦਾ।”“ਹੈਂ, ਉਹ ਕਿਵੇਂ?” ਸੋਹਣ ਨੇ ਹੈਰਾਨ ਹੋ ਕੇ ਪੁੱਛਿਆ। ਸੂਬੇਦਾਰ ਬੋਲਿਆ, “ਭੁੱਲ ਗਿਆਂ? ਚੇਤਾ ਕਰ ਜਦੋਂ ਅੱਜ ਤੋਂ 15 ਸਾਲ ਪਹਿਲਾਂ ਆਪਣੇ ਹਲਕੇ ਦੇ ਐਮ.ਐਲ.ਏ. ਲੱਖੀ ਚੈਲਦਾਰ (ਕਾਲਪਨਿਕ ਨਾਮ) ਦੇ ਮਰਨ ਕਾਰਨ ਹੋਈ ਜ਼ਿਮਨੀ ਚੋਣਾਂ ਮੌਕੇ ਤੈਨੂੰ ਭਾਰਤ ਦਲ (ਕਾਲਪਨਿਕ ਨਾਮ) ਵਾਲਿਆਂ ਨੇ ਟਿਕਟ ਦੀ ਪੇਸ਼ਕਸ਼ ਕੀਤੀ ਸੀ।ਰਿਜ਼ਰਵ ਸੀਟ ਹੋਣ ਕਾਰਨ ਉਨ੍ਹਾਂ ਕੋਲ ਇਥੇ ਕੋਈ ਤਕੜਾ ਉਮੀਦਵਾਰ ਨਹੀਂ ਸੀ। ਸਾਰੇ ਦੋਸਤਾਂ ਮਿੱਤਰਾਂ ਨੇ ਤੈਨੂੰ ਸਮਝਾਉਣ ਦੀ ਸਿਰ ਤੋੜ ਕੋਸ਼ਿਸ਼ ਕੀਤੀ ਪਰ ਤੂੰ ਅੜੀਅਲ ਖੋਤੇ ਵਾਂਗ ਇੱਕ ਹੀ ਰੱਟ ਲਗਾਈ ਰੱਖੀ ਕਿ ਮੈਂ ਤਾਂ ਆਪਣੇ ਬਾਪ ਦਾਦੇ ਵਾਲੀ ਪਾਰਟੀ ਦਾ ਵਫਾਦਾਰ ਰਹਿਣਾ ਆ। ਤੇਰੀ ਅੜੀ ਕਾਰਨ ਸੋਮ ਨਾਥ ਦਾ ਦਾਅ ਲੱਗ ਗਿਆ ਤੇ ਉਹ ਐਮ.ਐਲ.ਏ. ਬਣ ਗਿਆ।
ਇਸ ਤੋਂ ਬਾਅਦ ਆਪਣੇ ਫਾਇਦੇ ਮੁਤਾਬਕ 2 – 3 ਪਾਰਟੀਆਂ ਬਦਲ ਚੁੱਕਾ ਹੈ ਤੇ ਢਾਈ ਕੁ ਸਾਲ ਮੰਤਰੀਪੁਣੇ ਦਾ ਆਨੰਦ ਵੀ ਮਾਣ ਲਿਆ ਹੈ। ਇਸ ਵਾਰੀ ਉਹ ਤੇਰੀ ਬਾਪ ਦਾਦੇ ਵਾਲੀ ਪਾਰਟੀ ਦੀ ਟਿਕਟ ‘ਤੇ ਚੋਣ ਲੜ ਰਿਹਾ ਹੈ।
ਉਹ ਗੱਲ ਵੱਖਰੀ ਹੈ ਕਿ ਜਿਸ ਪਾਰਟੀ ਦਾ ਤੂੰ ਸਵੈ ਘੋਸ਼ਿਤ ਵਫਾਦਾਰ ਸਿਪਾਹੀ ਹੈਂ, ਉਸ ਨੇ ਤੈਨੂੰ ਕਦੇ ਐਮ.ਸੀ. ਦੀ ਟਿਕਟ ਵੀ ਨਈਂ ਦਿੱਤੀ। ਹੁਣ ਮਾਂਜੀ ਜਾ ਭਾਂਡੇ ਬੈਠਾ ਢਾਬੇ ‘ਤੇ, ਉਧਰ ਸੋਮਨਾਥ ਚਾਰ ਪੈਟਰੌਲ ਪੰਪ, ਦੋ ਮੈਰਿਜ਼ ਪੈਲਸ ਤੇ ਰਣਜੀਤ ਐਵੀਨਿਊ ਵਿੱਚ 1000 ਗਜ਼ ਦੀ ਕੋਠੀ ਦਾ ਮਾਲਕ ਬਣਿਆ ਬੈਠਾ ਆ।
ਬਲਰਾਜ ਸਿੰਘ ਸਿੱਧੂ ਏ.ਆਈ.ਜੀ.
-ਮੋਬਾ: 9501100062

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ