ਸਕੂਲਾਂ ਵਿੱਚ ਅਗਲੇ ਕੁਝ ਦਿਨਾਂ ਤੱਕ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਹੋਣ ਵਾਲਾ ਹੈ। ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਮੁਹਿੰਮ ਵਿੱਢੀ ਹੋਈ ਹੈ। ਜਿਸ ਦੇ ਤਹਿਤ ਹਰ ਸਕੂਲ ਤੇ ਹਰ ਅਧਿਆਪਕ ਆਪਣੇ ਪੱਧਰ ਤੇ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਵਧਾਉਣ ਲਈ ਲੱਗਿਆ ਹੋਇਆ ਹੈ।ਪਰ ਇਸ ਸਭ ਕੁਝ ਨੂੰ ਇੱਕ ਪਾਸੇ ਰੱਖ ਕੇ ਇੱਥੇ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਦੀ ਨੌਬਤ ਕਿਉਂ ਆਈ?ਉਹ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਪਿਛਲੇ ਕੁਝ ਦਹਾਕਿਆਂ ਤੋਂ ਲਗਾਤਾਰ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘਟੀ ਹੈ?ਜਦ ਇਸ ਬਾਰੇ ਆਮ ਲੋਕਾਂ ਤੋਂ ਪੁੱਛਿਆ ਜਾਂਦਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਕਿਉਂ ਘਟ ਰਹੀ ਹੈ ਤਾਂ ਉਹਨਾਂ ਦੇ ਮੂੰਹੋਂ ਇਹ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਘੱਟ ਹੈ ਜਿਸ ਕਰਕੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਨਹੀਂ ਪੜਾਉਂਦੇ ਹਨ। ਪਹਿਲੀ ਗੱਲ ਤਾਂ ਸਰਕਾਰੀ ਸਕੂਲਾਂ ਵਿੱਚ ਅੱਜ ਦੇ ਸਮੇਂ ਵਿੱਚ ਕਿਤੇ ਵੀ ਪੜ੍ਹਾਈ ਘੱਟ ਨਹੀਂ ਹੈ। ਪਰ ਇਕੱਲੀ ਪੜ੍ਹਾਈ ਘੱਟ ਹੋਣ ਦਾ ਕਰਕੇ ਹੀ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਨਹੀਂ ਘਟ ਰਹੀ ਹੈ। ਇਸ ਪਿੱਛੇ ਹੋਰ ਵੀ ਬਹੁਤ ਸਾਰੇ ਕਾਰਨ ਹਨ ਜੋ ਲੁਕਵੇਂ ਰੂਪ ਵਿੱਚ ਪਏ ਹਨ। ਉਹਨਾਂ ਸਭ ਕਾਰਨਾਂ ਦਾ ਵੀ ਵਿਸ਼ਲੇਸ਼ਣ ਕਰਨਾ ਬਣਦਾ ਹੈ। ਇਸ ਲਈ ਸਭ ਤੋਂ ਪਹਿਲਾਂ ਤਾਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਪੜ੍ਹਾਈ ਹੁਣ ਸਿਰਫ਼ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨਾ ਰਹਿ ਕੇ ਸਟੇਟਸ ਸਿੰਬਲ ਬਣ ਗਈ ਹੈ।ਉੱਚ ਵਰਗ ਤੇ ਮੱਧ ਵਰਗ ਵਿੱਚ ਆਪਣੇ ਬੱਚਿਆਂ ਨੂੰ ਮਹਿੰਗੇ ਤੋਂ ਮਹਿੰਗੇ ਸਕੂਲਾਂ ਵਿੱਚ ਪੜ੍ਹਾਉਣ ਦੀ ਹੋੜ ਲੱਗੀ ਹੋਈ ਹੈ। ਇਹਨਾਂ ਵਰਗਾਂ ਦੇ ਲੋਕਾਂ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਸਰਕਾਰੀ ਸਕੂਲਾਂ ਵਿੱਚ ਤਾਂ ਗ਼ਰੀਬ ਤਬਕੇ ਦੇ ਬੱਚੇ ਹੀ ਪੜ੍ਹਦੇ ਹਨ।ਇਸ ਲਈ ਉਹ ਨਹੀਂ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਗਰੀਬ ਵਰਗ ਦੇ ਬੱਚਿਆਂ ਨਾਲ ਪੜ੍ਹਨ।ਇਸ ਕਾਰਨ ਪਿੱਛੇ ਵੀ ਕਿਤੇ ਨਾ ਕਿਤੇ ਸਦੀਆਂ ਤੋਂ ਚੱਲਿਆ ਆ ਰਿਹਾ ਜਾਤ ਸਿਸਟਮ ਤੇ ਜਗੀਰੂ ਪ੍ਰਬੰਧ ਹੈ ਜੋ ਲੁਕਵੇਂ ਰੂਪ ਵਿੱਚ ਪ੍ਰਭਾਵ ਪਾ ਰਿਹਾ ਹੈ।ਇਸ ਤੋਂ ਇਲਾਵਾ ਡਾਵਾਂਡੋਲ ਆਰਥਿਕਤਾ ਵੀ ਬੱਚਿਆਂ ਦੀ ਗਿਣਤੀ ਤੇ ਪ੍ਰਭਾਵ ਪਾਉਂਦੀ ਹੈ। ਪੁਰਾਣੇ ਸਮੇਂ ਵਿੱਚ 'ਦੱਬ ਕੇ ਵਾਹ ਤੇ ਰੱਜ ਕੇ ਖਾਹ' ਤੇ 'ਉੱਤਮ ਖੇਤੀ ਨਿਖਿੱਧ ਚਾਕਰੀ' ਦੇ ਫ਼ਲਸਫ਼ੇ ਤੇ ਚੱਲ ਕੇ ਹੱਥੀਂ ਕੰਮ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਸੀ ਤੇ ਪੜ੍ਹ ਲਿਖ ਕੇ ਨੌਕਰੀ ਕਰਨ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ। ਨੌਕਰੀ ਨੂੰ ਕਿਸੇ ਦਾ ਨੌਕਰ ਲੱਗਣ ਦੇ ਵਾਂਗ ਸਮਝਿਆ ਜਾਂਦਾ ਸੀ।ਕਹਿਣ ਦਾ ਭਾਵ ਪੜ੍ਹਾਈ ਲਿਖਾਈ ਦੀ ਬਹੁਤੀ ਕਦਰ ਨਹੀਂ ਹੁੰਦੀ ਸੀ।ਪਰ ਵਕਤ ਬਦਲਣ ਨਾਲ ਖੇਤੀਬਾੜੀ ਸੰਕਟ ਗਹਿਰਾਉਣ ਨਾਲ ਅਜੋਕੇ ਯੁੱਗ ਵਿੱਚ ਨੌਕਰੀਪੇਸ਼ਾ ਉੱਤਮ ਮੰਨਿਆ ਜਾਣ ਲੱਗਾ ਹੈ। ਜਿਸ ਕਾਰਨ ਪੜ੍ਹਾਈ ਦੀ ਕਦਰ ਦਿਨੋ-ਦਿਨ ਵਧਦੀ ਜਾ ਰਹੀ ਹੈ।ਇਸ ਕਰਕੇ ਹੀ ਸਾਡੇ ਦੇਸ਼ ਵਿੱਚ ਪੜ੍ਹਾਈ ਦਾ ਮਨੋਰਥ ਹੀ ਨੌਕਰੀ ਪ੍ਰਾਪਤ ਕਰਨਾ ਬਣਦਾ ਜਾ ਰਿਹਾ ਹੈ। ਇਸ ਲਈ ਹਰ ਮਾਂ ਬਾਪ ਔਖ ਤੇ ਤੰਗੀ ਵਿੱਚ ਹੁੰਦਿਆਂ ਹੋਇਆ ਵੀ ਆਪਣੇ ਬੱਚਿਆਂ ਨੂੰ ਵਧੀਆ ਤੇ ਮਹਿੰਗੇ ਸਕੂਲਾਂ ਵਿੱਚ ਪੜ੍ਹਾ ਲਿਖਾ ਕੇ ਜਲਦੀ ਤੋਂ ਜਲਦੀ ਨੌਕਰੀ ਦਿਵਾਉਣੀ ਚਾਹੁੰਦਾ ਹੈ। ਇੱਕ ਹੋਰ ਕਾਰਨ ਜਿਹੜਾ ਬੱਚਿਆਂ ਦੀ ਗਿਣਤੀ ਤੇ ਪ੍ਰਭਾਵ ਪਾਉਂਦਾ ਹੈ ਉਹ ਹੈ ਲੋਕ ਵਿਖਾਵਾ।ਹਰ ਪਿੰਡ ਸ਼ਹਿਰ ਵਿੱਚ ਖੁੰਬਾਂ ਵਾਂਗ ਉੱਗੇ ਪ੍ਰਾਈਵੇਟ ਸਕੂਲ ਇਸ ਲੋਕ ਵਿਖਾਵੇ ਨੂੰ ਜ਼ਿਆਦਾ ਉਤਸ਼ਾਹਿਤ ਕਰਦੇ ਹਨ। ਸੋਹਣੀਆਂ ਤੇ ਲਿਸ਼ਕਦੀਆਂ ਬਿਲਡਿਗਾਂ ਹਰ ਇੱਕ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ। ਪੜ੍ਹਾਈ ਪੱਖੋਂ ਭਾਵੇਂ ਇਹ ਸਕੂਲ ਕਸੌਟੀ ਤੇ ਖ਼ਰੇ ਨਾ ਉਤਰਦੇ ਹੋਣ ਪਰ ਬਾਹਰੀ ਲਿਸ਼ਕ ਪੁਸ਼ਕ ਵੇਖ ਕੇ ਹੀ ਸਾਡੇ ਲੋਕ ਇਹਨਾਂ ਵੱਲ ਖਿੱਚੇ ਜਾਂਦੇ ਹਨ।ਇਸ ਤੋਂ ਬਿਨਾਂ ਸਾਡੇ ਲੋਕ ਇੱਕ ਦੂਜੇ ਦੇ ਪਿੱਛਲੱਗ ਬਹੁਤ ਹਨ। ਜੇਕਰ ਗਵਾਂਢੀ ਨੇ ਬੱਚਾ ਪ੍ਰਾਈਵੇਟ ਸਕੂਲ ਵਿੱਚ ਦਾਖਲ ਕਰਾਇਆ ਹੈ ਤਾਂ ਅਸੀਂ ਉਸ ਤੋਂ ਮਹਿੰਗੇ ਸਕੂਲ ਵਿੱਚ ਆਪਣਾ ਬੱਚਾ ਦਾਖਲ ਕਰਵਾਂਗੇ। ਸਿੱਖਿਆ ਅੱਜ-ਕੱਲ੍ਹ ਹਊਮੈ ਦੀ ਲੜਾਈ ਬਣਦੀ ਜਾ ਰਹੀ ਹੈ। ਲੋਕ ਇਹ ਨਹੀਂ ਸਮਝਦੇ ਹਨ ਕਿ ਸਿਖਣਾ ਇੱਕ ਲੰਬੀ ਪ੍ਰਕਿਰਿਆ ਹੈ ਤੇ ਇਸ ਵਿੱਚ ਮਾਂ ਬਾਪ ਦੀ ਜਲਦੀ ਨਾਲ ਕੁਝ ਨਹੀਂ ਹੁੰਦਾ ਹੈ। ਹਰ ਬੱਚੇ ਦਾ ਸਿੱਖਣ ਸਤਰ ਅਲੱਗ ਅਲੱਗ ਹੁੰਦਾ ਹੈ।ਜਿਸ ਅਨੁਸਾਰ ਹੀ ਉਹ ਕੁਝ ਨਵਾਂ ਗ੍ਰਹਿਣ ਕਰਦਾ ਹੈ।ਇਸ ਤੋਂ ਇਲਾਵਾ ਸਰਕਾਰਾਂ ਦੀ ਨੀਤ ਵੀ ਇੱਕ ਮਹੱਤਵਪੂਰਨ ਕਾਰਨ ਹੈ। ਪਿਛਲੇ ਕੁਝ ਦਹਾਕਿਆਂ ਤੋਂ ਸਰਕਾਰ ਹਰ ਵਿਭਾਗ ਦਾ ਨਿੱਜੀਕਰਨ ਕਰ ਰਹੀ ਹੈ।ਉਹ ਹੌਲੀ ਹੌਲੀ ਸਿੱਖਿਆ ਨੂੰ ਵੀ ਨਿੱਜੀ ਹੱਥਾਂ ਵਿੱਚ ਦੇ ਰਹੀ ਹੈ।ਇਸ ਲਈ ਕੋਈ ਵੀ ਸਰਕਾਰ ਸਰਕਾਰੀ ਸਕੂਲਾਂ ਪ੍ਰਤੀ ਜ਼ਿਆਦਾ ਗੰਭੀਰ ਨਜ਼ਰ ਨਹੀਂ ਆਈ ਹੈ। ਸਮੇਂ ਸਮੇਂ ਤੇ ਹਰ ਸਰਕਾਰ ਸਿੱਖਿਆ ਸੰਬੰਧੀ ਭਾਵੇਂ ਨਵੀਂ ਪਾਲਿਸੀ ਲੈ ਕੇ ਆਈ ਹੈ ਪਰ ਉਹ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੋਣ ਕਰਕੇ ਕਾਗਜ਼ਾਂ ਵਿੱਚ ਹੀ ਦਮ ਤੋਡ? ਜਾਂਦੀ ਹੈ। ਇਸ ਸੰਦਰਭ ਵਿੱਚ ਅਸੀਂ ਵੇਖ ਸਕਦੇ ਹਾਂ ਕਿ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਦੇ ਸਰਕਾਰੀ ਸਕੂਲ ਆਦਰਸ਼, ਮਾਡਲ ਤੇ ਸਮਾਰਟ ਤਾਂ ਬਣਦੇ ਰਹੇ ਹਨ।ਪਰ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਗਿਣਤੀ ਵਿੱਚ ਕੋਈ ਬਹੁਤ ਵੱਡਾ ਵਾਧਾ ਵੇਖਣ ਨੂੰ ਨਹੀਂ ਮਿਲਿਆ ਹੈ।ਕਹਿਣ ਦਾ ਭਾਵ ਸਰਕਾਰ ਕਿਸੇ ਵੀ ਸਕੀਮ ਨੂੰ ਗੰਭੀਰਤਾ ਨਾਲ ਲਾਗੂ ਨਹੀਂ ਕਰ ਸਕੀ ਹੈ। ਅਸੀਂ ਵੇਖਦੇ ਹਾਂ ਕਿ ਹਰ ਸਾਲ ਅਧਿਆਪਕਾਂ ਵੱਲੋਂ ਦਾਖ਼ਲਾ ਵਧਾਉਣ ਲਈ ਪਿੰਡਾਂ ਸ਼ਹਿਰਾਂ ਵਿੱਚ ਰੈਲੀਆਂ ਕੀਤੀਆਂ ਜਾਂਦੀਆਂ ਹਨ।ਪਰ ਜਦੋਂ ਅਧਿਆਪਕਾਂ ਤੋਂ ਇਹ ਪੁੱਛਿਆ ਜਾਂਦਾ ਹੈ ਕਿ ਤੁਸੀਂ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਕਿਉਂ ਨਹੀਂ ਪੜਾਉਂਦੇ ਹੋ ਤਾਂ ਉਹਨਾਂ ਕੋਲ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਹੁੰਦਾ ਹੈ।ਇਸ ਤਰ੍ਹਾਂ ਦੇ ਸਵਾਲ ਹੀ ਬੱਚਿਆਂ ਦੀ ਗਿਣਤੀ ਤੇ ਨਕਾਰਾਤਮਕ ਪ੍ਰਭਾਵ ਪਾਉਂਦੇ ਹਨ। ਇਸ ਲਈ ਕੋਈ ਵੀ ਸਕੀਮ ਲਾਗੂ ਕਰਨ ਲਈ ਪਹਿਲਾਂ ਉਸ ਨੂੰ ਆਪਣੇ ਤੇ ਲਾਗੂ ਕਰਨਾ ਪਵੇਗਾ। ਫਿਰ ਹੀ ਉਸ ਉੱਤੇ ਕਿਸੇ ਦੂਜੇ ਨੂੰ ਅਮਲ ਕਰਨ ਲਈ ਕਿਹਾ ਜਾ ਸਕਦਾ ਹੈ।ਇਸ ਤਰ੍ਹਾਂ ਅਸੀਂ ਕੁਲ ਮਿਲਾ ਕੇ ਕਹਿ ਸਕਦੇ ਹਾਂ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘਟਣ ਦਾ ਕੋਈ ਇੱਕ ਕਾਰਨ ਨਹੀਂ ਹੈ। ਬੱਚਿਆਂ ਦੀ ਗਿਣਤੀ ਘਟਣ ਪਿੱਛੇ ਬਹੁਤ ਸਾਰੇ ਕਾਰਨ ਹਨ ਤੇ ਉਹ ਆਪਸ ਵਿੱਚ ਜੁੜੇ ਹੋਏ ਹਨ। ਇਹਨਾਂ ਕਾਰਨਾਂ ਦੀ ਤਹਿ ਤੱਕ ਜਾ ਕੇ ਹੀ ਇਹਨਾਂ ਦਾ ਹੱਲ ਲੱਭਿਆ ਜਾ ਸਕਦਾ ਹੈ। ਇਸ ਲਈ ਜੇਕਰ ਸਰਕਾਰ ਸੱਚਮੁੱਚ ਹੀ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਪ੍ਰਤੀ ਫ਼ਿਕਰਮੰਦ ਹੈ ਤਾਂ ਪਹਿਲਾਂ ਉਸ ਨੂੰ ਸਰਕਾਰੀ ਸਕੂਲਾਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।ਜਿਸ ਵਿੱਚ ਸਭ ਤੋਂ ਪਹਿਲਾਂ ਤਾਂ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨਾ ਚਾਹੀਦਾ ਹੈ। ਅਧਿਆਪਕ ਸਿੱਖਿਆ ਦਾ ਧੁਰਾ ਹੁੰਦਾ ਹੈ ਜੇਕਰ ਅਧਿਆਪਕ ਸਕੂਲਾਂ ਵਿੱਚ ਪੂਰੇ ਹੋਣਗੇ ਫਿਰ ਹੀ ਕਿਸੇ ਅਗਲੀ ਗੱਲ ਬਾਰੇ ਸੋਚਿਆ ਜਾ ਸਕਦਾ ਹੈ।ਇਸ ਤੋਂ ਇਲਾਵਾ ਸਰਕਾਰ ਨੂੰ ਲੋਕਾਂ ਦੇ ਮਨਾਂ ਵਿੱਚ ਸਰਕਾਰੀ ਸਕੂਲਾਂ ਪ੍ਰਤੀ ਬਣੇ ਨਕਾਰਾਤਮਕ ਰਵੱਈਏ ਨੂੰ ਦੂਰ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਆਪਣੇ ਪੱਧਰ ਤੇ ਠੋਸ ਉਪਰਾਲੇ ਕਰਨੇ ਚਾਹੀਦੇ ਹਨ। ਸਿਰਫ਼ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਖ਼ਾਨਾਪੂਰਤੀ ਕਰਕੇ ਹੀ ਆਪਣਾ ਪੱਲਾ ਨਹੀਂ ਛੁਡਾਉਣਾ ਚਾਹੀਦਾ ਹੈ। ਅਧਿਆਪਕਾਂ ਨੂੰ ਵੀ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਸਕੂਲਾਂ ਵਿੱਚ ਬੱਚੇ ਹਨ ਤਾਂ ਉਹਨਾਂ ਦੀਆਂ ਪੋਸਟਾਂ ਹਨ ਨਹੀਂ ਫਿਰ ਉਹਨਾਂ ਦਾ ਭਵਿੱਖ ਵੀ ਧੁੰਦਲਾ ਹੋ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਨੂੰ ਸਰਕਾਰੀ ਸਕੂਲਾਂ ਦੀ ਦਿੱਖ ਸੁਧਾਰ ਕੇ ਉਨ੍ਹਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਹੈ।ਹਰ ਸਾਲ ਚੰਗੇ ਤੇ ਭਰੋਸੇਯੋਗ ਨਤੀਜੇ ਦੇ ਕੇ ਉਸ ਦਾ ਲੋਕਾਂ ਵਿੱਚ ਪ੍ਰਚਾਰ ਕਰਨਾ ਚਾਹੀਦਾ ਹੈ। ਜਦੋਂ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦਾ ਵਿਸ਼ਵਾਸ ਬਣ ਗਿਆ ਤਾਂ ਫਿਰ ਆਪਣੇ ਆਪ ਹੀ ਬੱਚਿਆਂ ਦੀ ਗਿਣਤੀ ਵਧ ਜਾਵੇਗੀ।
- ਮਨਜੀਤ ਮਾਨ
-ਮੋਬਾ : 70098-98044