Sunday, April 28, 2024  

ਲੇਖ

ਪੰਜਾਬ ’ਚ ਪੋਸਤ ਦੀ ਖੇਤੀ ਦੀ ਮੰਗ ਗ਼ੈਰ-ਸੰਜੀਦਾ

March 28, 2024

ਪੰਜਾਬ ਵਿਧਾਨ ਸਭਾ ਦੇ ਮਾਰਚ 2024 ਦੇ ਸ਼ੈਸ਼ਨ ਵਿਚ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਪੰਜਾਬ ਵਿਚ ਪੋਸਤ ਦੀ ਖੇਤੀ ਮੁੜ ਸ਼ੁਰੂ ਕਰਨ ਅਤੇ ਪੋਸਤ ਦੇ ਠੇਕੇ ਖੋਲ੍ਹੇ ਜਾਣ ਦੀ ਮੰਗ ਕੀਤੀ। ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਹਮਾਇਤ ਦੇਂਦਿਆਂ ਕਿਹਾ ਕਿ ਪੋਸਤ ਦੀ ਖੇਤੀ ਨਾਲ ਜਵਾਨੀ ਅਤੇ ਕਿਰਸਾਨੀ ਦਾ ਭਲਾ ਹੋਵੇਗਾ। ਤਰਕ ਦਿੱਤਾ ਕਿ ਸਾਡੀ ਜਵਾਨੀ ਸਿੰਥੈਟਿਕ ਨਸ਼ਿਆਂ ਦੀ ਆਦੀ ਹੋ ਰਹੀ ਹੈ ਅਤੇ ਹਰ ਸਾਲ ਸੈਂਕੜੇ ਮੌਤਾਂ ਹੋ ਰਹੀਆਂ ਹਨ। ਜਦ ਕਿ ਭੁੱਕੀ ਜਾਂ ਅਫ਼ੀਮ ਦੀ ਵਰਤੋਂ ਨਾਲ ਮੌਤ ਨਹੀਂ ਹੁੰਦੀ। ਆਮ ਆਦਮੀ ਪਾਰਟੀ ਸੱਤਾ ਧਿਰ ਦੇ ਹੋਰ ਵੀ ਵਿਧਾਇਕਾਂ ਨੇ ਇਸ ਮੁੱਦੇ’ਤੇ ਗੋਸ਼ਟੀਆਂ ਕਰਵਾਉਣ ਦੀ ਹਾਮੀ ਭਰੀ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਸਪੱਸ਼ਟ ਕੀਤਾ ਕਿ ਸਰਕਾਰ ਦੀ ਪੋਸਤ ਦੀ ਖੇਤੀ ਸ਼ੁਰੂ ਕਰਨ ਦੀ ਕੋਈ ਯੋਜਨਾ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਦੱਸਿਆ ਕਿ ਅਫ਼ੀਮ ਦੇ ਠੇਕੇ ਬੰਦ ਕਰਵਾਉਣ ਵਾਸਤੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਲਿਖਿਆ ਸੀ।
ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਕਿਰਸਾਨੀ ਨੂੰ ਲਾਭ ਪਹੁੰਚਾਉਣ ਦੀ ਗੱਲ ਤੁਰਨੀ ਸਲਾਹੁਣਯੋਗ ਹੈ। ਪਰ ਪੋਸਤ ਦੀ ਖੇਤੀ ਨੂੰ ਗੁੰਝਲਦਾਰ ਸਮੱਸਿਆ ਦਾ ਹੱਲ ਚਿਤਵਣਾ ਵੱਡੀ ਗੈਰ-ਸੰਜੀਦਗੀ ਦਾ ਸੰਕੇਤ ਹੈ। ਵਿਡੰਬਨਾ ਇਹ ਹੈ ਕਿ ਇਹ ਗੱਲ ਉਦੋਂ ਉੱਠੀ ਹੈ ਜਦੋਂ ਗੰਗਸਰ ਜੈਤੋਂ ਮੋਰਚੇ ਦੀ 100 ਸਾਲਾ ਸ਼ਤਾਬਦੀ 21 ਫਰਵਰੀ 2024 ਨੂੰ ਮਨਾਈ ਗਈ ਹੈ। ਅਕਾਲੀ ਮੋਰਚਿਆਂ ਵਿਚੋਂ ਲੰਮਾ ਮੋਰਚਾ ਜੈਤੋਂ ਦਾ ਹੀ ਹੈ ਅਤੇ ਜੈਤੋਂ ਮੋਰਚੇ ਦੇ ਪਿਛੋਕੜ ਦੀ ਮੁਖ ਹਸਤੀ ਮਹਾਰਾਜਾ ਰਿਪੁਦਮਨ ਸਿੰਘ ਸੀ। ਯੁਵਰਾਜ ਟਿੱਕਾ ਰਿਪੁਦਮਨ ਸਿੰਘ 28 ਸਾਲ ਦੀ ਉਮਰ ਵਿਚ 24 ਜਨਵਰੀ 1912 ਈ: ਨੂੰ ਨਾਭੇ ਦੀ ਰਾਜਗੱਦੀ ’ਤੇ ਬੈਠੈ ਸਨ। ਇਸ ਤੋਂ ਪਹਿਲਾਂ ਇਹ ਸੰਨ 1906 ਤੋਂ 1908 ਤੱਕ ਦੋ ਸਾਲ ਹਿੰਦੁਸਤਾਨ ਦੇ ਅੰਗਰੇਜ਼ ਜਨਰਲ ਦੀ ਕੌਂਸਲ ਦੇ ਮੈਂਬਰ ਸਨ ਤਾਂ ਨਸ਼ਿਆਂ ਦੀ ਵਰਤੋਂ ਦੇ ਉਲਟ ਬੋਲਦਿਆਂ ਕਿਹਾ ਸੀ ਕਿ “ਮੈਨੂੰ ਪਤਾ ਹੈ ਕਿ ਅਫ਼ੀਮ ਅਤੇ ਨਸ਼ੇ ਵਾਲੀਆਂ ਹੋਰ ਚੀਜ਼ਾਂ ਤੋਂ ਵਸੂਲੇ ਜਾਂਦੇ ਟੈਕਸ ਸਰਕਾਰ ਦੀ ਆਮਦਨ ਦੇ ਵੱਡੇ ਜ਼ਰੀਏ ਹਨ, ਪਰ ਮੈਂ ਇਹ ਕਹਿਣ ਦੀ ਖੁੱਲ੍ਹ ਲੈਂਦਾ ਹਾਂ ਕਿ ਇਹ ਆਮਦਨੀ ਜਨਤਾ ਦੀ ਇਖਲਾਕੀ ਅਧੋਗਤੀ ਦੇ ਸਾਧਨਾ ਤੋਂ ਪੈਦਾ ਕੀਤੀ ਜਾ ਰਹੀ ਹੈ ।
ਸਾਡੀ ਜਵਾਨੀ ਨੂੰ ਅਜਿਹੀ ਸੋਚ ’ਤੇ ਮਾਣ ਹੋਣਾ ਚਾਹੀਦਾ ਸੀ। ਇਸ ਇਤਿਹਾਸ ਦੇ ਪਿੱਛੇ ਖੜ੍ਹੇ ਨਸ਼ਾ ਵਿਰੋਧੀ ਗੁਰਬਾਣੀ ਅਤੇ ਵੱਖ-ਵੱਖ ਧਰਮ ਗ੍ਰੰਥਾਂ ਦੇ ਸੰਦੇਸ਼ ਦੇ ਵਾਰਸ ਵਜੋਂ ਉਭਾਰ ਹੋਣਾ ਚਾਹੀਦਾ ਸੀ। ਸਿੱਖ ਧਰਮ ਵਿਚ ਤੰਬਾਕੂ ਦੀ ਵਰਤੋਂ ਕਰਨ ਵਾਲਾ ਕੁਰਹਿਤੀਏ ਵਜੋਂ ਸਿੱਖੀ ਵਿਚੋਂ ਖਾਰਜ ਮੰਨਿਆ ਜਾਂਦਾ ਹੈ।ਸੁਤੰਤਰਤਾ ਸੰਗਰਾਮੀ ਸਿਰਕੱਢ ਨੇਤਾਵਾਂ ਨੇ ਅੰਗਰੇਜ਼ਾਂ ਦੀ ਆਬਕਾਰੀ ਨੀਤੀ ਦਾ ਰੱਜ ਕੇ ਵਿਰੋਧ ਕੀਤਾ। ਮਹਾਤਮਾ ਗਾਂਧੀ ਨੇ ਸ਼ਰਾਬ ਟੈਕਸ ਨਾਲ ਵਿੱਦਿਆ ਦੇਣ ਦੀ ਸਕੀਮ ਨੂੰ ਸਿਰੇ ਤੋਂ ਨਕਾਰਿਆ ਅਤੇ ਐਲਾਨ ਕੀਤਾ ਕਿ ਭਾਰਤ ਆਜ਼ਾਦ ਹੁੰਦਿਆਂ ਹੀ ਸ਼ਰਾਬ ਦਾ ਬਾਈਕਾਟ ਕੀਤਾ ਜਾਵੇਗਾ।
ਵਿਸ਼ਵ ਸਿਹਤ ਸੰਗਠਨ ਅਨੁਸਾਰ ਤੰਬਾਕੂ ਅਤੇ ਸ਼ਰਾਬ, ਨਸ਼ਿਆਂ ਦੇ ਘਰ ਵਿਚ ਦਾਖ਼ਲ ਹੋਣ ਵਾਲੇ ਦਰਵਾਜੇ ਹਨ। ਤ੍ਰਾਸਦੀ ਕਿ ਨੌਜਵਾਨੀ ਵਾਸਤੇ ਤੰਬਾਕੂ ਦਾ ਪ੍ਰਬੰਧ ਚੁਫੇਰੇ ਹਰ ਕੋਨੇ ਵਿਚ ਅਤੇ ਸ਼ਰਾਬ ਦੇ ਠੇਕਿਆਂ ਦਾ ਸਰਕਾਰੀ ਪ੍ਰਬੰਧ ਹਰ ਚੌਂਕ ਵਿਚ ਹੈ। ਪਰ ਮਾਣ-ਮੱਤੇ ਇਤਿਹਾਸ ਨਾਲ ਜੋੜਨ ਵਾਲੇ ਪੁਸਤਕਾਲਿਆਂ, ਅਜਾਇਬ ਘਰਾਂ ਅਤੇ ਸ਼ੁੱਧ ਕੜ੍ਹੇ ਦੁੱਧ ਦੇ ਕੜਾਹਿਆਂ ਦੇ ਪ੍ਰਬੰਧ ਮੀਲਾਂ ਵਿਚ ਵੀ ਨਹੀਂ ਲੱਭਦੇ ਹਨ।ਖੇਡ-ਮੈਦਾਨਾਂ ਵਿਚ ਨਸ਼ਾ ਉਤਾਰਿਆ ਜਾ ਚੁੱਕਾ ਹੈ। ਨੈਤਿਕ ਸਰੋਕਾਰਾਂ ਦੀਆਂ ਯੋਜਨਾਵਾਂ ਨੇ ਨਸ਼ੇ ਨੂੰ ਨਾਂਹ ਕਹਿਣੀ ਸੀ। ਨਸ਼ੇ ਦੀ ਮੰਗ ਰੋਕਣੀ ਸੀ । ਦੇਸ਼ ਦੀਆਂ ਅਤੇ ਅਗਾਂਹ ਸੂਬਿਆਂ ਦੀਆਂ ਸਰਹੱਦਾਂ ਪਾਰ ਕਰਕੇ ਰਸਾਇਣਕ ਨਸ਼ੇ ਕਿਵੇਂ ਪਹੁੰਚੇ ਇਹ ਜਵਾਬਦੇਹੀ ਚਾਹੀਦੀ ਸੀ। ਰਾਜਨੀਤਕ ਲੋਕਾਂ, ਅਫ਼ਸਰਸ਼ਾਹੀ ਅਤੇ ਡੇਰਾ ਰੂਪੀ ਨਸ਼ਿਆਂ ਦੇ ਅੱਡਿਆਂ ਦੀ ਨਿਸ਼ਾਨਦੇਹੀ ਕਰਕੇ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਸੀ।
ਹੈਰਾਨਗੀ ਕਿ ਨਸ਼ਿਆਂ ਦੁਆਰਾ ਨਸ਼ਾ ਮੁਕਤੀ ਦਾ ਹੱਲ ਲੱਭਿਆ ਜਾ ਰਿਹਾ ਹੈ।ਨਸ਼ੇ ਤਾਂ ਸਦੀਆਂ ਤੋਂ ਕੁਝ ਨਾ ਕੁਝ ਲੋਕ ਕਰਦੇ ਆਏ ਹਨ ਤੇ ਕਰਦੇ ਰਹਿਣਗੇ। ਸਵਾਲ ਤਾਂ ਇਹ ਹੈ ਕਿ ਭਾਰੀ ਤੇ ਬਹੁ-ਗਿਣਤੀ ਜਵਾਨੀ ਨਸ਼ਿਆਂ ਦੀ ਗਿ੍ਰਫ਼ਤ ਵਿਚ ਕਿਵੇਂ ਆ ਗਈ। ਪੋਸਤ-ਭੁੱਕੀ-ਅਫ਼ੀਮ ਵਾਲੇ ਤਾਂ ਬਹੁਤ ਘੱਟ ਲੋਕ ਹੀ ਹੁੰਦੇ ਸਨ ਪੰਜਾਬ ਵਿਚ। ਪੋਸਤ ਦੀ ਖੇਤੀ ਨੂੰ ਸੰਜੀਵਨੀ ਬੂਟੀ ਸਿੱਧ ਕਰਦਿਆਂ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਬੱਚਿਆਂ ਤੋਂ ਬਜ਼ੁਰਗਾਂ ਤੱਕ ਦੀ ਖੁਰਾਕ ਨਾਲ ਸਬੰਧਤ ਫ਼ਸਲਾਂ ਦੇ ਮੰਡੀਕਰਨ ਦਾ ਅੱਜ ਤੱਕ ਕੋਈ ਨਿਸ਼ਚਤ ਪ੍ਰਬੰਧ ਨਹੀਂ ਹੋਇਆ ਤਾਂ ਕੀ ਇਸ ਖੇਤੀ ਨਾਲ ਕਿਸਾਨੀ ਦਾ ਭਲਾ ਹੋ ਜਾਵੇਗਾ?
ਸੰਨ 1770 ਵਿਚ ਪੋਸਤ ਖੇਤੀ ਭਿਅੰਕਰ ਕਾਲ ਦਾ ਕਾਰਨ ਬਣੀ । ਬਿ੍ਰਟਿਸ਼ ਦਾ ਕੁਲੀਨ ਵਰਗ ਚੀਨ ਦੀ ਚਾਹ-ਪੱਤੀ ਦਾ ਦੀਵਾਨਾ ਹੋਣ ਕਰਕੇ ਚੀਨ ਨੂੰ ਅਫ਼ੀਮਚੀ ਬਣਾ ਗਿਆ ਸੀ। ਚੀਨ ਨੇ ਅਫ਼ੀਮ ਦੇ ਕੰਟੇਨਰ ਸਮੁੰਦਰ ਵਿਚ ਰੋੜ੍ਹ ਦਿੱਤੇ ਤਾਂ ਗੋਰਿਆਂ ਨੇ ਬੁਖਲਾਹਟ ਵਿਚ ਆ ਕੇ ਓਪੀਅਮ ਵਾਰ ਨਾਲ ਜਾਣੀਆਂ ਜਾਂਦੀਆਂ ਦੋ ਜੰਗਾਂ ਕੀਤੀਆਂ।
ਸਵਾਲ ਇਹ ਵੀ ਹੈ ਕਿ ਕੀ ਕਾਨੂੰਨਨ ਸ਼ਰਾਬ ਦੇ ਠੇਕੇ ਨਾਬਾਲਗਾਂ ਨੂੰ ਸ਼ਰਾਬ ਤੋਂ ਸੁਰੱਖਿਅਤ ਰੱਖ ਸਕੇ ਹਨ ਜਾਂ ਪੰਜਾਬ ਨੂੰ ਜਾਅਲੀ ਸ਼ਰਾਬ ਦੀ ਤਸਕਰੀ ਤੋਂ ਬਚਾ ਸਕੇਹ ਨ ? ਜਵਾਬ ਨਹੀਂ ਹੈ। ਕਦੇ ਕਿਸੇ ਵੀ ਅਮਲੀਆਂ ਦੇਘਰਾਂ ’ਚ ਜਾ ਕੇ ਸਰਵੇਕ ਰਕੇ ਜਾਣੀਏ ਕਿ ਅਮਲੀਆਂ ਕਾਰਨ ਪਰਿਵਾਰ ਕਿਵੇਂ ਬਰਬਾਦ ਹੋਏ ਜਾਂ ਤਰੱਕੀਆਂ ਵਿਚ ਪਛੜੇ।
ਰਸ਼ਪਾਲ ਸਿੰਘ
-ਮੋਬਾ: 98554 49151

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ