ਕੁਝ ਮਹੀਨੇ ਪਹਿਲਾਂ ਪਾਕਿਸਤਾਨ ਵਿੱਚ ਬਣੀ ਇੱਕ ਵੀਡੀਉ ਕਾਫੀ ਵਾਇਰਲ ਹੋਈ ਸੀ ਕਿ ਭਿ੍ਰਸ਼ਟ ਸਿਰਫ ਲੀਡਰ ਅਤੇ ਅਫਸਰ ਹੀ ਨਹੀਂ ਹੁੰਦੇ, ਆਮ ਜਨਤਾ ਵੀ ਜਿੱਥੇ ਦਾਅ ਲੱਗੇ ਠੱਗੀ ਮਾਰਨ ਤੋਂ ਪਿੱਛੇ ਨਹੀਂ ਹੱਟਦੀ। ਉਸ ਵੀਡੀਉ ਵਿੱਚ ਪਾਕਿਸਤਾਨ ਦੀ ਇੱਕ ਸਮਾਜ ਭਲਾਈ ਸੰਸਥਾ ਦਾ ਅਹੁਦੇਦਾਰ ਦੱਸ ਰਿਹਾ ਸੀ ਕਿ ਕੋਈ ਨਵਾਜ਼ ਸ਼ਰੀਫ ਨੂੰ ਭਿ੍ਰਸ਼ਟ ਦੱਸ ਰਿਹਾ ਹੈ, ਕੋਈ ਇਮਰਾਨ ਖਾਨ ਨੂੰ ਤੇ ਕੋਈ ਜ਼ਰਦਾਰੀ ਨੂੰ। ਉਨ੍ਹਾਂ ਨੇ ਸੋਚਿਆ ਕਿ ਚਲੋ ਆਮ ਜਨਤਾ ਬਾਰੇ ਵੀ ਜਾਣਿਆ ਜਾਵੇ ਕਿ ਲੀਡਰਾਂ ਨੂੰ ਦਿਨ ਰਾਤ ਕੋਸਣ ਵਾਲੇ ਇਹ ਲੋਕ ਕਿੰਨੇ ਕੁ ਇਮਾਨਦਾਰ ਹਨ?ਸਭ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਨਵਾਂ ਤੇ ਠੀਕ ਚੱਲਦਾ ਟੈਲੀਵਿਜ਼ਨ ਲਿਆ ਤੇ ਉਸ ਦੀ ਕੋਈ ਛੋਟੀ ਮੋਟੀ ਤਾਰ ਖੋਲ੍ਹ ਕੇ ਕਿਸੇ ਮਕੈਨਿਕ ਦੀ ਦੁਕਾਨ ’ਤੇ ਲੈ ਗਏ ਤੇ ਕਿਹਾ ਕਿ ਇਹ ਚੱਲ ਨਹੀਂ ਰਿਹਾ। ਉਸ ਮਕੈਨਿਕ ਨੇ ਜਦੋਂ ਟੀਵੀ ਖੋਲ੍ਹਿਆ ਤਾਂ ਵੇਖਦੇ ਸਾਰ ਹੀ ਸਮਝ ਗਿਆ ਕਿ ਮਾਜ਼ਰਾ ਕੀ ਹੈ। ਪਰ ਉਨ੍ਹਾਂ ਨੂੰ ਕਹਿਣ ਲੱਗਾ ਕਿ ਇਸ ਦੇ ਤਾਂ ਆਈ.ਸੀ. ਹੀ ਸੜ ਗਏ ਹਨ, ਠੀਕ ਕਰਨ ਵਾਸਤੇ 10000 ਦਾ ਖਰਚਾ ਆਵੇਗਾ। ਇਸੇ ਤਰਾਂ ਫਰਿੱਜ਼ ਲੈ ਕੇ ਗਏ ਤਾਂ ਮਕੈਨਿਕ ਨੇ ਕਹਿ ਦਿੱਤਾ ਕਿ ਗੈਸ ਲੀਕ ਹੋ ਗਈ ਹੈ, ਐਨਾ ਖਰਚਾ ਆਵੇਗਾ। ਸਭ ਤੋਂ ਵੱਡਾ ਕਾਰਨਾਮਾ ਟਾਇਰਾਂ ਵਾਲੇ ਨੇ ਕੀਤਾ ਜਦੋਂ ਉਸ ਨੇ ਉਸ ਹੀ ਦਿਨ ਖਰੀਦੀ ਟਿਊਬ ਵਿੱਚ ਦੋ ਪੰਚਰ ਕੱਢ ਦਿੱਤੇ। ਜਦੋਂ ਉਨ੍ਹਾਂ ਸਾਰਿਆਂ ਨੂੰ ਦੱਸਿਆ ਗਿਆ ਕਿ ਇਹ ਸਰਵੇ ਪਾਕਿਸਤਾਨ ਦੀ ਜਨਤਾ ਦੀ ਇਮਾਨਦਾਰੀ ਚੈੱਕ ਕਰਨ ਲਈ ਕੀਤਾ ਜਾ ਰਿਹਾ ਹੈ ਤਾਂ ਸਾਰੇ ਸ਼ਰਮਿੰਦਾ ਹੋ ਗਏ ਪਰ ਪੰਚਰਾਂ ਵਾਲਾ ਸੂਰਮਾ ਮਹਾਂ ਬੇਸ਼ਰਮ ਨਿਕਲਿਆ। ਉਸ ਨੇ ਦੰਦੀਆਂ ਕੱਢਦੇ ਹੋਏ ਕਿਹਾ, “ਬਾਊ ਜੀ ਫਿਰ ਕੀ ਹੋ ਗਿਆ? ਮੈਂ ਚਾਰ ਪੰਚਰ ਵੀ ਕੱਢ ਸਕਦਾ ਸੀ, ਪਰ ਸਿਰਫ ਦੋ ਹੀ ਕੱਢੇ ਹਨ।” ਸਾਡੇ ਦੇਸ਼ ਦਾ ਵੀ ਇਹ ਹੀ ਹਾਲ ਹੈ। 2012 ਤੋਂ 2017 ਤੱਕ ਦੀ ਅਕਾਲੀ ਸਰਕਾਰ ਵੇਲੇ ਮੈਂ ਕਾਫੀ ਸਾਲ ਸਬ ਡਵੀਜ਼ਨ ਮਲੋਟ ਵਿਖੇ ਬਤੌਰ ਐਸ.ਪੀ.ਤਾਇਨਾਤ ਰਿਹਾ ਸੀ। ਇੱਕ ਦਿਨ ਤਤਕਾਲੀ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਆਪਣੇ ਬਾਦਲ ਪਿੰਡ ਵਾਲੇ ਦਫਤਰ ਬੈਠੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣ ਰਹੇ ਸਨ ਕਿ ਗਿੱਦੜਬਾਹਾ ਦੇ ਕੁਝ ਬੰਦੇ ਆ ਗਏ ਜਿੰਨ੍ਹਾਂ ਦੀ ਖੇਤੀਬਾੜੀ ਦੀਆਂ ਖਾਦ ਤੇ ਦਵਾਈਆਂ ਆਦਿ ਦੀ ਦੁਕਾਨ ਸੀ। ਦੋ ਕੁ ਮਹੀਨੇ ਪਹਿਲਾਂ ਖੇਤੀਬਾੜੀ ਵਿਭਾਗ ਦੇ ਛਾਪੇ ਦੌਰਾਨ ਉਨ੍ਹਾਂ ਦੀ ਦੁਕਾਨ ਤੋਂ ਨਕਲੀ ਦਵਾਈਆਂ ਪਕੜੀਆਂ ਗਈਆਂ ਸਨ ਤੇ ਵਿਭਾਗ ਨੇ ਮੁਕੱਦਮਾ ਦਰਜ਼ ਕਰਵਾ ਦਿੱਤਾ ਸੀ। ਉਹ ਕਿਤੇ ਬਾਦਲ ਸਾਹਿਬ ਦੇ ਪੁਰਾਣੇ ਵਾਕਿਫ ਸਨ ਤੇ ਤਰਲਾ ਮਿੰਨਤ ਕੀਤੀ ਕਿ ਮੁਕੱਦਮਾ ਗਲਤ ਦਰਜ਼ ਹੋਇਆ ਹੈ। ਇਹ ਦਵਾਈ ਫਲਾਣੀ ਕੰਪਨੀ ਨੇ ਭੇਜੀ ਸੀ ਤੇ ਜੇ ਇਸ ਦੇ ਸੈਂਪਲ ਫੇਲ੍ਹ ਹੋ ਗਏ ਹਨ ਤਾਂ ਇਸ ਦੀ ਜ਼ਿੰਮੇਵਾਰੀ ਕੰਪਨੀ ਦੀ ਹੈ। ਇਸ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਪੁਰਾਣੀ ਵਾਕਫੀਅਤ ਅਤੇ ਇਲਾਕੇ ਦੇ ਬੰਦੇ ਹੋਣ ਕਾਰਨ ਬਾਦਲ ਸਾਹਿਬ ਨੇ ਮਜ਼ਬੂਰੀ ਨਾਲ ਸਬੰਧਿਤ ਅਫਸਰ ਨੂੰ ਫੋਨ ਕਰ ਦਿੱਤਾ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਹਾਡਾ ਕੰਮ ਹੋ ਗਿਆ ਹੈ ਤੇ ਤੁਸੀਂ ਹੁਣ ਬਾਹਰ ਜਾਉ ਕਿਉਂਕਿ ਹੋਰ ਲੋਕਾਂ ਨੇ ਵੀ ਮਿਲਣਾਂ ਹੈ। ਪਰ ਉਹ ਬਾਹਰ ਜਾਣ ਦੀ ਬਜਾਏ ਬਾਦਲ ਸਾਹਿਬ ਨੂੰ ਵਾਰ ਵਾਰ ਇਹ ਹੀ ਕਹੀ ਜਾਣ ਕਿ ਬਾਪੂ ਜੀ ਤੁਸੀਂ ਤਾਂ ਸਾਡੇ ਖਾਨਦਾਨ ਨੂੰ ਜਾਣਦੇ ਹੋ, ਅਸੀਂ ਤਾਂ ਗਲਤ ਕੰਮ ਕਰਦੇ ਹੀ ਨਹੀਂ। ਜਦੋਂ ਉਹ ਚੋਰ ਤੇ ਨਾਲੇ ਚਤਰ ਬਣਨੋ ਨਾ ਹਟੇ ਤਾਂ ਇਲਾਕੇ ਦੇ ਬੱਚੇ ਬੱਚੇ ਤੋਂ ਵਾਕਿਫ ਬਾਦਲ ਸਾਹਿਬ ਨੂੰ ਆਪਣੀ ਸ਼ਾਂਤ ਤਬੀਅਤ ਦੇ ਉਲਟ ਖਿਝ੍ਹ ਚੜ੍ਹ ਗਈ ਤੇ ਉਹ ਬੋਲੇ, “ਕਾਕਾ ਜੀ, ਤੁਸੀਂ ਮੈਨੂੰ ਤੇ ਸਮਝਾਉ ਨਾ। ਜਿੱਥੇ ਕਿਸੇ ਦਾ ਦਾਅ ਲੱਗਦਾ ਹੈ, ਕੋਈ ਨਹੀਂ ਬਖਸ਼ਦਾ। ਤੁਸੀਂ ਉਹ ਹੀ ਹੋ ਨਾ ਜਿੰਨ੍ਹਾਂ ‘ਤੇ ਪਹਿਲਾਂ ਵੀ ਦੋ ਪਰਚੇ ਦਰਜ਼ ਹੋ ਚੁੱਕੇ ਹਨ? ਮੈਂ ਸਿਰਫ ਤੁਹਾਡੇ ਸਵਰਗਵਾਸੀ ਬਾਪ ਦੀ ਸ਼ਰਾਫਤ ਕਰ ਕੇ ਫੋਨ ਕੀਤਾ ਹੈ। ਜੇ ਕਿਤੇ ਦੁਬਾਰਾ ਅਜਿਹੀ ਕਰਤੂਤ ਕੀਤੀ ਤਾਂ ਆਪ ਜਾਣਦੇ ਰਿਹੋ।”ਉਨ੍ਹਾਂ ਬੰਦਿਆਂ ਦੇ ਸਿਰ ‘ਚ ਸੌ ਘੜਾ ਪਾਣੀ ਪੈ ਗਿਆ, ਨਾ ਉਹ ਬਹਿਣ ਜੋਗੇ ਰਹੇ ਤੇ ਨਾ ਖਲੋਣ ਜੋਗੇ। ਰਹੀ ਸਹੀ ਕਸਰ ਮੈਂ ਪੂਰੀ ਕਰ ਦਿੱਤੀ, “ਸੇਠ ਸਾਹਿਬ, ਕੁਝ ਹੋਰ ਸੁਣਨਾ ਕਿ ਜਾਣਾ ਬਾਹਰ? ਮੈਂ ਤੁਹਾਨੂੰ ਵੀਹ ਵਾਰ ਕਿਹਾ ਕਿ ਤੁਹਾਡਾ ਕੰਮ ਹੋ ਗਿਆ ਹੁਣ ਹੋਰ ਵੀ ਕਿਸੇ ਨੂੰ ਮਿਲ ਲੈਣ ਦਿਉ, ਪਰ ਤੁਸੀਂ ਬੇਇੱਜ਼ਤੀ ਕਰਵਾਏ ਬਗੈਰ ਨਹੀਂ ਮੰਨੇ।” ਉਹ ਵਿਚਾਰੇ ਕੰਨ ਜਿਹੇ ਝਾੜ੍ਹ ਕੇ ਬਾਹਰ ਨਿਕਲ ਗਏ।
ਮੇਰਾ ਦੋਸਤ ਸੁਖਮੰਦਰ ਬਰਾੜ ਤਕਰੀਬਨ ਹਰ ਸਾਲ ਕੈਨੇਡਾ ਤੋਂ ਇੰਡੀਆ ਗੇੜਾ ਮਾਰਦਾ ਹੈ ਤੇ ਪਿੰਡ ਦੇ ਆਪਣੇ ਪੁਰਾਣੇ ਦੋਸਤ ਦੀ ਇਨੋਵਾ ਟੈਕਸੀ ਹੀ ਵਰਤਦਾ ਹੈ। ਇੱਕ ਦਿਨ ਉਹ ਕਿਸੇ ਕੰਮ ਬਠਿੰਡੇ ਗਿਆ ਤਾਂ ਟੈਕਸੀ ਵਾਲਾ ਕਹਿਣ ਲੱਗਾ ਕਿ ਗੱਡੀ ਦੀ ਡਰਾਈਵਰ ਸਾਈਡ ਵਾਲੀ ਪਿਛਲੀ ਬਾਰੀ ਬਾਹਰੋਂ ਖੁਲ੍ਹਦੀ ਹੈ ਪਰ ਅੰਦਰੋਂ ਨਹੀਂ ਖੁਲ੍ਹਦੀ। ਇਥੇ ਨਜ਼ਦੀਕ ਹੀ ਮੇਰਾ ਪੱਕਾ ਮਕੈਨਿਕ ਹੈ, ਉਸ ਨੂੰ ਵਿਖਾ ਲੈਂਦੇ ਹਾਂ। ਮਕੈਨਿਕ ਸਾਹਿਬ ਨੇ ਬਾਰੀ ਵੇਖੀ ਤੇ ਕਿਹਾ ਕਿ ਇਸ ਦਾ ਲੌਕ ਖਰਾਬ ਹੋ ਗਿਆ ਹੈ ਜਿਸ ਨੂੰ ਠੀਕ ਕਰਨ ਲਈ 500 ਰੁਪਏ ਦਾ ਖਰਚਾ ਹੋਵੇਗਾ। ਪਰ ਉਹ ਪਹਿਲਾਂ ਹੀ ਸਮਝ ਚੁੱਕਾ ਸੀ ਕਿ ਨੁਕਸ ਅਸਲ ਵਿੱਚ ਕੀ ਹੈ। ਬਰਾੜ ਦੇ ਦਿਮਾਗ ਵਿੱਚ ਕੁਦਰਤੀ ਇਹ ਗੱਲ ਆ ਗਈ ਕਿ ਹੋ ਸਕਦਾ ਕਿਤੇ ਡਰਾਈਵਰ ਕੋਲੋਂ ਗਲਤੀ ਨਾਲ ਚਾਈਲਡ ਲੌਕ (ਬੱਚਿਆ ਦਾ ਲੌਕ) ਲੱਗ ਗਿਆ ਹੋਵੇ। ਉਸ ਨੇ ਡਰਾਈਵਰ ਨੂੰ ਕੋਲ ਬੁਲਾਇਆ ਤੇ ਕਿਹਾ ਕਿ ਇਸ ਬਾਰੀ ਦਾ ਚਾਈਲਡ ਲੌਕ ਲੱਗਾ ਹੋਇਆ ਹੈ। ਪਰ ਡਰਾਈਵਰ ਨੂੰ ਚਾਈਲਡ ਲੌਕ ਬਾਰੇ ਪਤਾ ਹੀ ਨਹੀਂ ਸੀ ਕਿਉਂਕਿ ਇਹ ਲੌਕ ਬਾਰੀ ਦੇ ਥੱਲੜੇ ਪਾਸੇ ਬਿਲਕੁਲ ਛੋਟਾ ਜਿਹਾ ਲੀਵਰ ਹੁੰਦਾ ਹੈ ਤਾਂ ਜੋ ਬੱਚੇ ਇਸ ਨੂੰ ਨਾ ਵੇਖ ਸਕਣ ਤੇ ਬਾਰੀ ਖੋਲ੍ਹ ਕੇ ਸੱਟ ਫੇਟ ਨਾ ਲਗਵਾ ਲੈਣ।ਬਰਾੜ ਨੇ ਚਾਈਲਡ ਲੌਕ ਖੋਲ੍ਹ ਦਿੱਤਾ ਤੇ ਬਾਰੀ ਠੀਕ ਹੋ ਗਈ। ਇਹ ਵੇਖ ਕੇ ਡਰਾਈਵਰ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਉਹ ਮਕੈਨਿਕ ਦੇ ਗਲ ਪੈ ਗਿਆ ਕਿ ਜੇ ਅੱਜ ਬਰਾੜ ਨਾਲ ਨਾ ਹੁੰਦਾ ਤੂੰ ਤਾਂ ਮੈਨੂੰ 500 ਵਿੱਚ ਰਗੜ ਦਿੱਤਾ ਸੀ। ਮੈਨੂੰ ਲੱਗਦਾ ਤੂੰ ਪਹਿਲਾਂ ਵੀ ਮੈਨੂੰ ਇਸੇ ਤਰ੍ਹਾਂ ਲੁੱਟਦਾ ਰਿਹਾ ਹੈਂ। ਮਕੈਨਿਕ ਅੱਗੇ ਅੱਗੇ ਤੇ ਟੈਕਸੀ ਵਾਲਾ ਪਿੱਛੇ ਪਿੱਛੇ।
ਬਲਰਾਜ ਸਿੰਘ ਸਿੱਧੂ
-ਮੋਬਾ: 9501100062