ਸਮਾਜ ਸਮੇਂ ਸਮੇਂ ਸਿਰ ਬਦਲਦਾ ਜਾ ਰਿਹਾ ਹੈ, ਅਤਿ ਅਧੁਨਿਕ ਸੁਵਿਧਾਵਾਂ ਪੁਰਾਣੇ ਸੱਭਿਆਚਾਰ ਤੇ ਭਾਰੂ ਪੈ ਰਹੀਆਂ ਹਨ, ਜਿਸ ਕਰਕੇ ਸਰੀਰ ਲਈ ਲੋੜੀਂਦੀਆਂ ਵਸਤਾਂ ਦੀ ਵੀ ਘਾਟ ਰੜਕਦੀ ਹੋਈ ਨਜ਼ਰ ਆ ਰਹੀ ਹੈ। ਜਿੰਦਗੀ ਦੇ ਲੰਬੇ ਅਰਸੇ ਦੀ ਸੋਚ ਨਾਲ ਹੁਣ ਦੇ ਸਮੇਂ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਇਨਸਾਨ ਦੀ ਸੋਚ ਆਪਣੇ ਤੱਕ ਸੀਮਤ ਰਹਿ ਗਈ ਹੈ, ਸਮਾਜ ਵਿੱਚ ਲੋੜੀਂਦੀਆਂ ਵਸਤਾਂ ਪ੍ਰਤੀ ਕੋਈ ਜਿੰਮੇਵਾਰੀ ਨਹੀਂ, ਜਿਸ ਕਰਕੇ ਅੱਜ ਦਾ ਵਾਤਾਵਰਨ ਤੰਦਰੁਸਤ ਸਿਹਤ ਲਈ ਨੁਕਸਾਨ ਦੇਹ ਸਾਬਤ ਹੋ ਰਿਹਾ ਹੈ, ਕਿਉਂਕਿ ਤੰਦਰੁਸਤ ਸਿਹਤ ਲਈ ਜੋ ਚਾਹੀਦਾ ਹੈ ਉਹ ਤਾਂ ਖਤਮ ਹੋ ਚੱਲਿਆ, ਫਿਰ ਤੰਦਰੁਸਤ ਸਿਹਤ, ਸੋਹਣਾ ਤੇ ਰੰਗਲਾ ਪੰਜਾਬ ਕਿਵੇਂ ਬਣੂੰਗਾ । ਅੱਜ ਧਰਤੀ ਹੇਠ ਪਾਣੀ ਸੈਂਕੜੇ ਫੁੱਟ ਦੂਰ ਜਾ ਰਿਹਾ ਹੈ ਤੇ ਮੁੱਕ ਵੀ ਚੱਲਿਆ ਹੈ, ਪਾਣੀ ਤਾਂ ਹੈ ਨਹੀਂ ਫਿਰ ਰਾਜਨੀਤੀ ਕਿਉਂ ?
ਜੇਕਰ ਸਮੇਂ ਦੇ ਹਾਲਾਤ ਨਾਲ ਪਾਣੀ ਨੂੰ ਬਚਾਉਣ, ਪਾਣੀ ਦੀ ਰਖਵਾਲੀ ਕਰਨ, ਪਾਣੀ ਨੂੰ ਦੂਰ ਨਾ ਜਾਣ ਲਈ ਉਪਰਾਲੇ ਹੁੰਦੇ ਤਾਂ ਅੱਜ ਪੰਜਾਬ ਰੇਗਸਥਾਨ ਵਾਲਾ ਦਿਸਦਾ ਪੰਜਾਬ ਨਾ ਬਣਦਾ। ਅੱਜ ਰੁੱਖਾਂ ਦੀ ਥਾਂ ਲੰਬੀਆਂ ਅਤੇ ਸੋਹਣੀਆਂ ਚੌੜੀਆਂ ਸੜਕਾਂ ਨੇ ਲੈ ਲਈ ਜਿਸ ਨਾਲ ਵਾਤਾਵਰਨ ਖਤਮ ਹੋ ਗਿਆ, ਪ੍ਰਦੂਸ਼ਣ ਨੇ ਜ਼ਿੰਦਗੀ ਬਿਮਾਰੀਆਂ ਨਾਲ ਭਰ ਦਿੱਤੀ। ਡੂੰਘੇ ਹੁੰਦੇ ਬੋਰਾਂ ਨੇ ਸਾਡਾ ਪਾਣੀ ਖਤਮ ਕਰ ਦਿੱਤਾ, ।
ਹਾਲਾਤ ਇਹ ਕਹਿੰਦੇ ਹਨ ਕਿ ਆਪਾਂ ਅੱਜ ਵੀ ਸੰਭਲ ਜਾਈਏ ਤੇ ਆਪਣੇ ਪਾਣੀ ਨੂੰ ਬਚਾ ਲਈਏ ਨਹੀਂ ਤਾਂ ਉਹ ਕੰਧ ’ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਕਿ ਪੰਜਾਬ ਦਾ ਵਿਰਸਾ, ਸੋਹਣੇ ਗੱਭਰੂ-ਮੁਟਿਆਰਾਂ, ਹਰੀਆਂ-ਭਰੀਆਂ ਸੋਹਣੀਆਂ ਫਸਲਾਂ, ਪਿੱਪਲ ਤੇ ਬੋਹੜਾਂ ਦੀ ਛਾਵੇਂ ਖੂਹਾਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਦਾ ਉਹ ਸੱਭਿਆਚਾਰ ਕਿਤੇ ਦਿਖਾਈ ਨਹੀਂ ਦੇਣਾ ਕਿਉਂਕਿ ਨਲਕੇ , ਖੂਹ, ਬੋਰ , ਮੋਟਰਾਂ ਇਹ ਤਾਂ ਹੁਣ ਨਾਮ ਦੇ ਹੀ ਸੁਣਦੇ ਹਾਂ , ਜਿਸ ਕਰਕੇ ਪਾਣੀ ਦੀ ਥੋੜ ਇਨਸਾਨ ਦੇ ਸਰੀਰ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਸੋਚੀਏ ਜੇ ਪਾਣੀ ਮੁੱਕ ਗਿਆ ਤਾਂ ਫਿਰ ਆਪਾਂ ਕਿੱਧਰ ਜਾਵਾਂਗੇ, ਹਾਲਾਤ ਬਿਆਨ ਕਰਦੀ ਤਸਵੀਰ ਉਸ ਸਮੇਂ ਸਾਹਮਣੇ ਆਈ ਜਦੋਂ ਕੇਂਦਰ ਸਰਕਾਰ ਵੱਲੋਂ ਡਰਾਈਵਰਾਂ ਦੇ ਖ਼ਿਲਾਫ ਲਿਆਂਦੇ (ਹਿੱਟ ਐਂਡ ਰਨ) ਕਾਨੂੰਨ ਦੇ ਵਿਰੋਧ ਵਜੋਂ ਟਰੱਕ ਅਪਰੇਟਰਾਂ ਨੇ ਹੜਤਾਲ ਕਰ ਦਿੱਤੀ, ਪੈਟਰੋਲ ਪੰਪਾਂ ’ਤੇ ਤੇਲ ਸਪਲਾਈ ਨਾ ਹੋਇਆ, ਪੈਟਰੋਲ ਪੰਪ ਡਰਾਈ ਹੋ ਗਏ ਤਾਂ ਫਿਰ ਸੋਸ਼ਲ ਮੀਡੀਆ ’ਤੇ ਵੀ ਇਹ ਦੇਖਣ ਨੂੰ ਮਿਲਿਆ (ਅੱਜ ਤਾਂ ਤੇਲ ਮੁੱਕਿਆ ਜੇ ਪਾਣੀ ਮੁੱਕ ਗਿਆ ਫਿਰ ਕੀ ਕਰਾਂਗੇ), ਜੇ ਪਾਣੀ ਹੀ ਮੁੱਕ ਗਿਆ ਤਾਂ ਫਿਰ ਇਨਸਾਨ ਦੀ ਜ਼ਿੰਦਗੀ ਵਿੱਚ ਰਹਿ ਵੀ ਕੀ ਗਿਆ।
ਸੋ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਹਾਂ ਕਿ ਸਮਾਜ ਵਿੱਚ ਵਿਚਰਦਿਆਂ ਇਨਸਾਨ ਨੂੰ ਲੋੜੀਂਦੀਆਂ ਵਸਤਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਤਾਂ ਜੋ ਲੋੜੀਂਦੀਆਂ ਵਸਤਾਂ ਦੀ ਥੋੜ ਨੂੰ ਪੂਰਾ ਕਰਨ ਲਈ ਉਹ ਇਨਸਾਨ ਆਪਣੀ ਵੀ ਜਿੰਮੇਵਾਰੀ ਨਿਭਾਵੇ, ਰੁੱਖ ਲਾਵੇ, ਫਾਲਤੂ ਪਾਣੀ ਦੀ ਦੁਰਵਰਤੋਂ ਕਰਨੀ ਬੰਦ ਕਰੇ, ਖੇਤੀ ਪੈਦਾਵਾਰ ਧੰਦੇ ਨੂੰ ਬਦਲਵੇ ਰੂਪ ਵਜੋਂ ਦੇਖ ਕੇ ਪਾਣੀ ਦੀ ਵਰਤੋਂ ਨੂੰ ਘੱਟ ਕਰਨ ਵੱਲ ਪਹਿਲ ਦਿੱਤੀ ਜਾਵੇ, ਤਾਂ ਜੋ ਰੁੱਖਾਂ ਅਤੇ ਪਾਣੀਆਂ ਨਾਲ ਸੋਹਣੇ ਪੰਜਾਬ ਲਈ ਯਤਨ ਹੋ ਸਕਣ। ਪਾਣੀ ਨੇ ਸੋਹਣੇ ਪੰਜਾਬ ਦੇ ਨਾਲ ਲੱਗਦੇ ਭਰਾਵਾਂ ਵਿੱਚ ਵੀ ਦੂਰੀਆਂ ਪਾਈਆਂ, ਹਰਿਆਣਾ ਕਹਿੰਦਾ ਸਾਨੂੰ ਪਾਣੀ ਦਿਓ, ਰਾਜਸਥਾਨ ਕਹਿੰਦਾ ਸਾਨੂੰ ਪਾਣੀ ਦਿਓ, ਦਿੱਲੀ ਕਹਿੰਦੀ ਸਾਨੂੰ ਪਾਣੀ ਦਿਓ, ਕੀ ਸਾਰੇ ਭਰਾ ਰਲ ਕੇ ਇਹ ਕੋਸ਼ਿਸ਼ ਨਹੀਂ ਕਰ ਸਕਦੇ ਕਿ ਆਓ ਆਪਾਂ ਪਾਣੀਆਂ ਦੇ ਨਾਂ ਤੇ ਵੰਡੀਆਂ ਪਾਉਣ ਤੋਂ ਪਹਿਲਾਂ ਉਸ ਪਾਣੀ ਨੂੰ ਬਚਾਉਣ ਅਤੇ ਡੂੰਘੇ ਹੋਏ ਪਾਣੀ ਨੂੰ ਉੱਪਰ ਲਿਆਉਣ ਲਈ ਯਤਨ ਕਰੀਏ, ਵੱਡੀ ਦਿੱਲੀ ਤੋਂ ਉਹ ਹੱਕ ਲਈਏ ਜਿਸ ਨਾਲ ਸਾਰੇ ਭਰਾ ਰਲ -ਮਿਲ ਕੇ ਪਾਣੀ ਨੂੰ ਬਚਾਉਣ, ਰੁੱਖਾਂ ਦੀ ਪੈਦਾਵਾਰ ਵਧਾਉਣ, ਕਿਸਾਨਾਂ ਦੀ ਖੁਸ਼ਹਾਲੀ ਵੱਲ ਫਸਲਾਂ ਦੇ ਪੂਰੇ ਭਾਅ ਅਤੇ ਪਾਣੀ ਦੀ ਵਰਤੋਂ ਘੱਟ ਕਰਨ ਵਾਲੀਆਂ ਫਸਲਾਂ ਨੂੰ ਤਰਜੀਹ ਦੇਣ ਲਈ ਕੋਸ਼ਿਸ ਹੋਵੇ।
ਪੰਜਾਬੀ ਇਸ ਗੱਲ ਲਈ ਮੰਨੇ ਜਾਂਦੇ ਹਨ ਕਿ ਉਹ ਆਪਣੇ ਹੱਕਾਂ ਦੀ ਪੂਰਤੀ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ ਤਾਂ ਫਿਰ ਲੋੜੀਂਦੀਆਂ ਵਸਤਾਂ ਦੀ ਥੋੜ ਨੂੰ ਪੂਰਾ ਕਰਨ ਲਈ ਤੇ ਆਪਣੇ ਆਪ ਨੂੰ ਬਚਾਉਣ ਲਈ ਵੀ ਯਤਨ ਕਰਨਗੇ । ਦੇਸ਼ ਦੇ ਅੰਨ ਭੰਡਾਰ ਵਿੱਚ ਕੁੱਲ 70 ਫੀਸਦੀ ਹਿੱਸਾ ਪਾਉਣ ਵਾਲਾ ਪੰਜਾਬ ਆਪਣੇ ਤੋਂ ਦੂਰ ਹੁੰਦੀਆਂ ਜ਼ਰੂਰੀ ਵਸਤਾਂ ਤੇ ਡੂੰਘੇ ਹੁੰਦੇ ਪਾਣੀ ਨੂੰ ਬਚਾਉਣ ਲਈ ਕੋਸ਼ਿਸ਼ ਕਰੇਗਾ ਜਿਸ ਕਰਕੇ ਜਿਹੜੀ ਨਹਿਰ ਬਣਨੀ ਹੀ ਨਹੀਂ, ਜਿਹੜੀ ਵਿੱਚ ਪਾਣੀ ਹੋਣਾ ਹੀ ਨਹੀਂ, ਆਪਾਂ ਸਾਰੇ ਭਰਾ ਪਾਣੀ ਨੂੰ ਬਚਾਉਣ ਦਾ ਮੁੱਖ ਫਰਜ ਨਿਭਾਈਏ ਜਿਸ ਵਿੱਚ ਹਰ ਇਨਸਾਨ ਨੂੰ ਆਪਣੀ ਭੂਮਿਕਾ ਨਿਭਾਹੁਣੀ ਚਾਹੀਦੀ ਹੈ , ਆਓ ਆਪਾਂ ਪਾਣੀ ਬਚਾਈਏ ਤੇ ਖੁਸ਼ਹਾਲ ਪੰਜਾਬ ਬਣਾਈਏ ।
ਅਨੰਤਦੀਪ ਕੌਰ
-ਮੋਬਾ: 89689-57951