ਅਜਿਹਾ ਦੌਰ ਚਲ ਰਿਹਾ ਕਿ ਹਰ ਚੀਜ਼ ਨੂੰ ਰੁਤਬੇ ਨਾਲ਼ ਜੋੜ ਕੇ ਦੇਖਿਆ ਜਾਣ ਲੱਗਾ ਹੈ।ਐਸਾ ਪ੍ਰਤੀਤ ਹੋ ਰਿਹਾ ਹੈ ਕਿ ਲੋਕ ਸਟੇਟਸ ਲਈ ਜੀਣ ਲਗ ਪਏ ਹਨ।ਅਜਿਹੇ ਪ੍ਰਚਲਨ ਵਿੱਚ ਅਸੀਂ ਆਪਣਾ ਬਹੁਤ ਕੁੱਝ ਅਜਿਹਾ ਗਵਾ ਲਿਆ ਹੈ ਅਤੇ ਗਵਾ ਰਹੇ ਹਾਂ, ਜੋ ਪਾਸ ਕੀਤੇ ਜਾਣ ਯੋਗ ਹੈ।
ਪੰਜਾਬੀ ਸੱਭਿਆਚਾਰ ਬਹੁਤ ਅਮੀਰ ਹੈ।ਪੰਜਾਬੀਆਂ ਨੇ ਪੂਰੇ ਮੁਲਕ ਵਿੱਚ ਹੀ ਨਹੀਂ ਸਗੋਂ ਸੱਤ ਸਮੁੰਦਰ ਪਾਰ ਤੱਕ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ।ਬੜੇ ਦੁੱਖ ਦੀ ਗੱਲ ਹੈ ਕਿ ਨਵੀਂ ਪੀੜ੍ਹੀ ਆਪਣੇ ਅਮੀਰ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ।ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮੌਕੇ ਇੱਕ ਸਮਾਗਮ ਵਿੱਚ ਕਿਹਾ ਗਿਆ ਸੀ ਕਿ ਅਸੀਂ ਉਸ ਨਾਲ ਸੰਬੰਧਤ ਦਿਵਸ ਮਨਾਉਂਦੇ ਹਾਂ ਜਿਸ ਦੀ ਹੋਂਦ ਨੂੰ ਖਤਰਾ ਹੋਵੇ।ਹਰ ਵਰ੍ਹੇ ਅਜਿਹੇ ਦਿਵਸ ਮਨਾ ਕੇ ਚਿੰਤਾ ਦਾ ਪ੍ਰਗਟਾਵਾ ਜਰੂਰ ਕਰ ਲਿਆ ਜਾਂਦਾ ਹੈ।ਅਸੀਂ ਹਰ ਵਰੇ੍ਹ ਵਾਤਾਵਰਨ ਦਿਵਸ, ਜਲਗਾਹ ਦਿਵਸ ਸਮੇਤ ਅਨੇਕਾਂ ਦਿਵਸ ਮਨਾਉਂਦੇ ਹਾਂ।ਜ਼ਿਆਦਾਤਰ ਤਾਂ ਫੋਟੋ ਖਿਚਵਾ ਕੇ ਵਟਸਐਪ ਸਟੇਟਸ ਜਾਂ ਸੋਸ਼ਲ ਮੀਡੀਆ ਤੱਕ ਹੀ ਸੀਮਿਤ ਰਹਿ ਜਾਂਦੇ ਹਨ।ਫਿਰ ਅਗਲੇ ਸਾਲ ਤੱਕ ਅਸੀਂ ਸਭ ਭੁੱਲ ਭਲਾਅ ਜਾਂਦੇ ਹਾਂ।ਅਜਿਹਾ ਹਰ ਸਾਲ ਚਲਦਾ ਰਹਿੰਦਾ ਹੈ।
ਪਿਛਲੇ ਸਾਲਾਂ ਤੋਂ ਪੰਜਾਬੀ ਮਾਂ ਬੋਲੀ ਲਾਗੂ ਕਰਵਾਉਣ ਪ੍ਰਤੀ ਸਰਕਾਰ ਨੇ ਗੱਲ ਤੋਰੀ ਹੈ ਜਿਸਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਭਾਵੇਂ ਹਾਲੇ ਥੋੜ੍ਹਾ ਹੀ ਹੈ।ਇਸ ਪ੍ਰਤੀ ਜੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ ਅਸੀਂ ਵੀ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਨਹੀਂ ਹੋ ਸਕਦੇ।ਸੰਸਾਰੀਕਰਨ ਦੇ ਦੌਰ ਵਿੱਚ ਇੱਕ ਤੋਂ ਵੱਧ ਭਾਸ਼ਾਵਾਂ ਸਿੱਖਣਾ ਸਮੇਂ ਦੀ ਲੋੜ ਹੋ ਸਕਦੀ ਹੈ।ਸਿੱਖਣ ’ਚ ਕੋਈ ਹਰਜ ਵੀ ਨਹੀਂ ਪਰ ਆਪਣੀ ਮਾਂ-ਬੋਲੀ ਨੂੰ ਪਿੱਛੇ ਕਰਨਾ ਸਿਆਣਪ ਨਹੀਂ ਕਹੀ ਜਾ ਸਕਦੀ ਹੈ।
ਸਾਡੇ ਘਰਾਂ ਵਿੱਚ ਖੁਸ਼ੀ ਅਤੇ ਗਮੀ ਦੇ ਸਮਾਗਮ ਹੁੰਦੇ ਹਨ।ਸੈਕੜੇ ਕਾਰਡ ਛਪਵਾਏ ਜਾਂਦੇ ਹਨ।ਵੰਡੇ ਵੀ ਜ਼ਿਆਦਾਤਰ ਸਥਾਨਕ ਖੇਤਰ ਵਿੱਚ ਜਾਂਦੇ ਹਨ।ਵਿਆਹ ਦੇ ਆਏ ਕਾਰਡਾਂ ਦੀ ਥਹੀ ਵਿੱਚ ਜ਼ਿਆਦਾਤਰ ਕਾਰਡ ਗੈਰ ਪੰਜਾਬੀ ਭਾਸ਼ਾ ਵਿੱਚ ਛਪੇ ਹੁੰਦੇ ਹਨ।ਸਿਰਫ ਇੱਕ ਸਤਰ ਜ਼ਰੂਰ ਪੰਜਾਬੀ ਵਿੱਚ ਪੜ੍ਹਨ ਨੂੰ ਮਿਲ ਜਾਂਦੀ ਹੈ: ਇਸ ਮੌਕੇ ਕੱਪੜੇ ਦਾ ਲੈਣ-ਦੇਣ ਨਹੀਂ ਹੋਵੇਗਾ।ਸ਼ਾਇਦ ਤੁਸੀਂ ਵੀ ਇਸ ਗੱਲ ਦੇ ਗਵਾਹ ਹੋਵੋਗੇ।
ਹਰ ਵਰੇ੍ਹ ਲੋਹੜੀ ਤੋਂ ਬਾਅਦ ਧੜਾਧੜ ਵਿਆਹ ਦੇ ਕਾਰਡ ਆਉਣੇ ਸ਼ੁਰੂ ਹੋ ਜਾਂਦੇ ਹਨ।ਇਸ ਵਾਰ ਵੀ ਇਸੇ ਤਰ੍ਹਾਂ ਹੋਇਆ।ਇਹਨਾਂ ਕਾਰਡਾਂ ਵਿੱਚੋਂ ਦੋ ਕਾਰਡਾਂ ਸਾਹਮਣੇ ਆਏ ਹਨ ਜਿਨ੍ਹਾਂ ਦਾ ਜ਼ਿਕਰ ਕਰਨਾ ਬਣਦਾ ਹੈ।ਇੱਕ ਕਾਰਡ ਰੋਪੜ ਜ਼ਿਲ੍ਹੇ ਦੇ ਪਿੰਡ ਦੇ ਬੇਟੇ ਲਵਲੀ ਦੇ ਵਿਆਹ ਦਾ ਹੈ। ਦੂਜਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਸਿੰਘਪੁਰ ਤੋਂ ਹੈ । ਦੋਵੇਂ ਵਿਆਹਾਂ ਦੇ ਕਾਰਡ ਠੇਠ ਪੰਜਾਬੀ ਵਿੱਚ ਛਪਵਾਏ ਗਏ ਹਨ। ਕਾਰਡਾਂ ਦੇ ਹਾਸ਼ੀਏ ਗੁਰਮੁਖੀ ਅੱਖਰਾਂ ਨਾਲ਼ ਬਣਾਏ ਗਏ ਹਨ ਜੋ ਬਹੁਤ ਸੋਹਣੇ ਲਗਦੇ ਹਨ, ਸ਼ਗਨਾਂ ਵਰਗੇ।ਬਾਹਰਲੇ ਪਾਸੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਸਤਰਾਂ ਹਨ।ਅੰਦਰਲਾ ਭਾਗ ਵਿੱਚ ਕਾਰਡ ਜੀਵੇ ਪੰਜਾਬ , ਜੀਵੇ ਪੰਜਾਬੀ ਨਾਲ਼ ਸ਼ੁਰੂ ਹੁੰਦਾ ਹੈ।ਪ੍ਰੋਗਰਾਮ ਵਿੱਚ ਆਓ-ਭਗਤ, ਜਾਗੋ, ਸੁਨੇਹੜੇ, ਜੰਝ ਰਵਾਨਗੀ, ਫਰਜੰਦ ਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।ਕਾਰਡ ਗੁਰਮੁਖੀ ਲਿੱਪੀ ਵਿੱਚ ਹਨ।ਕਾਰਡਾਂ ਦੀ ਥਹੀ ਵਿੱਚੋਂ ਦੋਵੇਂ ਕਾਰਡ ਨਿਵੇਕਲੇ ਹਨ।ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਾਨੂੰ ਵੀ ਤਾਂ ਅਜਿਹੇ ਮੌਕੇ ਮਿਲਦੇ ਰਹਿੰਦੇ ਹਨ ਆਪਣੇ ਘਰਾਂ ਵਿੱਚ ਹੁੰਦੇ ਸਮਾਗਮਾਂ ਮੌਕੇ।ਦੂਜਿਆਂ ਨੂੰ ਦੋਸ਼ ਦੇਣ ਦੀ ਬਜਾਇ ਕਿਉਂ ਨਾ ਆਪਾਂ ਵੀ ਪਹਿਲ ਕਰੀਏ?
ਅਮਰੀਕ ਸਿੰਘ ਦਿਆਲ
-ਮੋਬਾ : 94638-51568