Wednesday, January 22, 2025  

ਲੇਖ

ਉੱਚ ਕੋਟੀ ਦੇ ਰਸ-ਭਿੰਨੇ ਕੀਰਤਨੀਏ ਭਾਈ ਨਿਰਮਲ ਸਿੰਘ ਨੂੰ ਯਾਦ ਕਰਦਿਆਂ...

April 01, 2024

ਪੰਥ ਦੇ ਪ੍ਰਸਿੱਧ ਰਾਗੀ ਭਾਈ ਨਿਰਮਲ ਸਿੰਘ ਦਾ ਜਨਮ 12 ਅਪ੍ਰੈਲ 1952 ਈ: ਨੂੰ ਪਿਤਾ ਗਿਆਨੀ ਚੰਨਣ ਸਿੰਘ ਅਤੇ ਮਾਤਾ ਗੁਰਦੇਵ ਕੌਰ ਦੇ ਘਰ ਨਾਨਕੇ ਪਿੰਡ ਜੰਡਵਾਲਾ ਭੀਮੇਸ਼ਾਹ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਹੋਇਆ। ਭਾਈ ਸਾਹਿਬ ਦਾ ਪਰਿਵਾਰ ਇੱਕ ਸਧਾਰਨ ਗ਼ਰੀਬ ਪਰਿਵਾਰ ਸੀ। ਉਹ ਅਨੁਸੂਚਿਤ ਜਾਤੀ ਮਜ਼੍ਹਬੀ ਸਿੱਖ ਰੰਗਰੇਟਾ ਨਾਲ ਸੰਬੰਧ ਰੱਖਦੇ ਸਨ। ਉਹਨਾਂ ਪਿੰਡ ਲੋਹੀਆਂ ਵਿਖੇ ਪੰਜਵੀਂ ਜਮਾਤ ਤੱਕ ਸਕੂਲੀ ਵਿੱਦਿਆ ਪ੍ਰਾਪਤ ਕੀਤੀ। ਉਹਨਾਂ ਦੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਸਨ। ਬਚਪਨ ਵਿੱਚ ਨਿਰਮਲ ਸਿੰਘ ਨੇ ਵੀ ਪਿਤਾ ਨਾਲ ਖੇਤੀ ਦੇ ਕੰਮ ਵਿੱਚ ਹੱਥ ਵਟਾਇਆ ਤੇ ਨਾਲ-ਨਾਲ ਪੜ੍ਹਾਈ ਕੀਤੀ। ਖੇਤੀਬਾੜੀ ਦਾ ਕੰਮ ਕਰਦਿਆਂ ਹੀ ਹੀਰ, ਸੋਹਣੀ, ਸੱਸੀ ਦੇ ਗੀਤ ਗਾਉਣ ਲੱਗ ਪਏ। ਗੁਰੂ ਘਰ ਜਾਣ ਕਰਕੇ ਧਾਰਮਿਕ ਗੀਤ ‘ਕਲਗੀਧਰ ਪੰਥ ਪਿਆਰੇ ਦਾ, ਇਹ ਹੁਕਮ ਵਜਾ ਕੇ ਤੁਰ ਚੱਲਿਆ’, ‘ਚੰਨ ਮਾਤਾ ਗੁਜਰੀ ਦਾ, ਸੁੱਤਾ ਕੰਢਿਆਂ ਦੀ ਸੇਜ ਵਿਛਾਈ’ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਗਾਉਂਦੇ ਸਨ। ਗਿਆਨੀ ਚੰਨਣ ਸਿੰਘ ਨੇ ਨਿਰਮਲ ਸਿੰਘ ਦੀਆਂ ਧਾਰਮਿਕ ਰੁਚੀਆਂ ਦੇਖ ਕੇ ਉਸ ਨੂੰ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾ ਦਿੱਤਾ। 1974 ਤੋਂ 1976 ਤੱਕ ਪ੍ਰੋ: ਅਵਤਾਰ ਸਿੰਘ ਪਾਸੋਂ ਗੁਰਬਾਣੀ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ਤੇ ਕੁਝ ਸਮਾਂ ਉੱਥੇ ਅਧਿਆਪਕ ਵੀ ਰਹੇ। ਫਿਰ ਰੋਹਤਕ ਵਿਖੇ ਕੁਝ ਚਿਰ ਸੇਵਾਵਾਂ ਨਿਭਾਉਣ ਉਪਰੰਤ 1977 ਵਿੱਚ ਰਿਸ਼ੀਕੇਸ ਗੁਰਮਤਿ ਕਾਲਜ ’ਚ ਸੰਗੀਤ ਦੇ ਅਧਿਆਪਕ ਵਜੋਂ ਕੰਮ ਕੀਤਾ। 1978 ’ਚ ਭਾਈ ਨਿਰਮਲ ਸਿੰਘ ਸੰਤ ਚੰਨਣ ਸਿੰਘ ਬੁੱਢਾ ਜੌਹੜ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਗੰਗਾ ਨਗਰ (ਰਾਜਸਥਾਨ) ’ਚ ਸੰਗੀਤ ਅਧਿਆਪਕ ਰਹੇ।
ਭਾਈ ਨਿਰਮਲ ਸਿੰਘ ਨੇ ਭਾਈ ਗੁਰਮੇਜ ਸਿੰਘ ਨੇਤਰਹੀਣ ਪੰਥ ਪ੍ਰਸਿੱਧ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਾਲ ਸਹਾਇਕ ਰਾਗੀ ਵਜੋਂ ਸੇਵਾ ਕੀਤੀ। ਭਾਈ ਨਿਰਮਲ ਸਿੰਘ ਨੇ ਜਦੋਂ ਰਾਗੀ ਵਜੋਂ ਸ਼੍ਰੀ ਦਰਬਾਰ ਸਾਹਿਬ ਕੀਰਤਨ ਦੀ ਡਿਉੂਟੀ ਕਰਨ ਲਈ ਅਰਜ਼ੀ ਦਿੱਤੀ ਤਾਂ ਕੁਝ ਦਿਨਾਂ ਬਾਅਦ ਇੰਟਰਵਿਉੂ ਦੀ ਚਿੱਠੀ ਪਹੁੰਚੀ। ਉਸ ਸਮੇਂ ਪਿੰਡਾਂ ਵਿੱਚ ਡਾਕ, ਡਾਕੀਏ ਘਰ-ਘਰ ਜਾ ਕੇ ਨਹੀਂ ਵੰਡਦੇ ਸਨ। ਉਹ ਪਿੰਡ ਦੇ ਪੰਚ-ਸਰਪੰਚ ਨੂੰ ਹੀ ਫੜਾ ਜਾਂਦੇ ਸਨ। ਭਾਈ ਨਿਰਮਲ ਸਿੰਘ ਦੀ ਚਿੱਠੀ ਵੀ ਪਿੰਡ ਦੇ ਸਰਪੰਚ ਕੋਲ ਪਹੁੰਚੀ। ਸਰਪੰਚ ਇਹਨਾਂ ਦੇ ਚਾਚਾ ਜੀ ਸਨ, ਅੱਠ ਦਿਨਾਂ ਬਾਅਦ ਤੇਜਾ ਸਿੰਘ ਸਮੁੰਦਰੀ ਹਾਲ ’ਚ ਇੰਟਰਵਿਉੂ ਸੀ। ਇੰਟਰਵਿਉੂ ਤੇ ਜਾਣ ਲਈ ਕਿਰਾਇਆ ਨਹੀਂ ਸੀ। ਭਾਈ ਸਾਹਿਬ ਨੂੰ ਗ਼ਰੀਬੀ ਦੀ ਹਾਲਤ ਵਿੱਚ ਵੀ ਬੜੀ ਮੁਸ਼ਕਲ ਨਾਲ ਮਾਂ (ਗੁਰਦੇਵ ਕੌਰ) ਨੇ ਕਿਰਾਏ ਦਾ ਇੰਤਜ਼ਾਮ ਕਰਕੇ ਦਿੱਤਾ। ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ੍ਰ. ਕਿਰਪਾਲ ਸਿੰਘ, ਪ੍ਰੋ: ਅਵਤਾਰ ਸਿੰਘ, ਪ੍ਰੋ: ਹਰਿਭਜਨ ਸਿੰਘ, ਪ੍ਰੋ: ਤਾਰਨ ਸਿੰਘ ਇੰਟਰਵਿਉੂ ਲੈਣ ਵਾਲਿਆਂ ਵਿੱਚ ਸਨ। ਉਹਨਾਂ ਭਾਈ ਨਿਰਮਲ ਸਿੰਘ ਨੂੰ ਸ਼ਬਦ ਪੜ੍ਹਨ ਲਈ ਕਿਹਾ। ਭਾਈ ਸਾਹਿਬ ਨੇ ਧਾਰਮਿਕ ਗੀਤ ‘ਕਲਗੀਧਰ ਦਸਮੇਸ਼ ਪਿਤਾ’ ਸੁਣਾਇਆ। ਭਾਈ ਸਾਹਿਬ ਨੂੰ ਉਸ ਸਮੇਂ ਸ਼ਬਦ ਤੇ ਧਾਰਮਿਕ ਗੀਤ ਵਿਚਲਾ ਅੰਤਰ ਪਤਾ ਨਹੀਂ ਸੀ। ਭਾਈ ਸਾਹਿਬ ਦੀ ਹੈੱਡ ਰਾਗੀ ਵਜੋਂ ਚੋਣ (Selection) ਹੋ ਗਈ।
1979 ’ਚ ਭਾਈ ਨਿਰਮਲ ਸਿੰਘ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹਜ਼ੂਰੀ ਰਾਗੀ ਵਜੋਂ ਸੇਵਾ ’ਚ ਲੱਗੇ। ਉਹਨਾਂ ਦੀ ਆਵਾਜ਼ ’ਚ ਰਸ ਸੀ। ਉਹ ਬੜੇ ਹੀ ਰਾਗ-ਬੱਧ ਸ਼ੈਲੀ ਵਿੱਚ ਕੀਰਤਨ ਕਰਦੇ ਸਨ। ਇੱਥੋਂ ਸੇਵਾ ਮੁਕਤੀ ਤੋਂ ਬਾਅਦ ਵੀ ਉਹ ਆਪਣੀ ਉਮਰ ਦੇ ਆਖਰੀ ਦਿਨਾਂ ਤੱਕ ਦੇਸ਼ ਵਿਦੇਸ਼ ’ਚ ਧੁਰ ਕੀ ਬਾਣੀ ਦੇ ਕੀਰਤਨ ਦੀ ਸੇਵਾ ਨਿਭਾਉਂਦੇ ਰਹੇ।
ਭਾਈ ਨਿਰਮਲ ਸਿੰਘ ਨੂੰ ਆਸਾ ਦੀ ਵਾਰ ਦੇ ਨਾਲ-ਨਾਲ ਹਜ਼ਾਰਾਂ ਸ਼ਬਦ ਅਤੇ ਪੁਰਾਤਨ ਰੀਤਾਂ ਅਤੇ ਬੰਦਸ਼ਾਂ ਯਾਦ ਸਨ। ਉਹਨਾਂ ਦੀਆਂ ਸੈਂਕੜੇ ਗੁਰਬਾਣੀ ਕੀਰਤਨ ਦੀਆਂ ਐਲਬਮਾਂ ਵਿੱਚ ਦਰਜ ਹਜ਼ਾਰਾਂ ਸ਼ਬਦਾਂ ਤੋਂ ਇਲਾਵਾ ਉਹਨਾਂ ਵੱਲੋਂ ਗਾਇਨ ਕੀਤੀ ‘ਆਸਾ ਦੀ ਵਾਰ’ ਦੇ ਕੀਰਤਨ ਦੀਆਂ 60 ਲੱਖ ਤੋਂ ਵੱਧ ਸੀਡੀਆਂ (ਪ੍ਰਤੀਆਂ) ਦੇਸ਼-ਵਿਦੇਸ਼ ’ਚ ਵਿਕ ਚੁੱਕੀਆਂ ਸਨ।
ਭਾਈ ਨਿਰਮਲ ਸਿੰਘ ਨੂੰ ਸੁਰ ਤਾਲ, ਖ਼ਿਆਲ, ਟੱਪਾ, ਠੁਮਰੀ, ਧਰੁਪਦ, ਪੜਤਾਲ, ਤਰਾਨਾ ਵਿੱਚ ਮੁਹਾਰਤ ਹਾਸਲ ਸੀ। ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਦਾ ਭਲੀ-ਭਾਂਤ ਗਿਆਨ ਸੀ। ਉਹਨਾਂ ਦੀ ਇਸੇ ਮੁਹਾਰਤ ਲਈ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਵੱਲੋਂ 31 ਮਾਰਚ 2009 ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ। ਉਹਨਾਂ ਇਹ ਸਨਮਾਨ ਪ੍ਰਾਪਤ ਕਰਨ ਉਪਰੰਤ ਨਿਮਰਤਾ ਨਾਲ ਕਿਹਾ ਕਿ ਇਹ ਸਨਮਾਨ ਮੇਰਾ ਨਹੀਂ ਬਲਕਿ ਗੁਰੂ ਜਸ ਗਾਉਣ ਵਾਲੇ ਸਾਰੇ ਕੀਰਤਨੀਆਂ ਦਾ ਹੈ। ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਸ਼੍ਰੋਮਣੀ ਰਾਗੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਸ਼੍ਰੋਮਣੀ ਰਾਗੀ ਐਵਾਰਡ’ ਨਾਲ ਨਿਵਾਜਿਆ ਗਿਆ।
ਭਾਈ ਨਿਰਮਲ ਸਿੰਘ ਖ਼ਾਲਸਾ ਪਹਿਲੇ ਅਜਿਹੇ ਰਾਗੀ ਸਨ। ਜਿਨ੍ਹਾਂ ਨੂੰ ਪੰਜਾਂ ਹੀ ਤਖ਼ਤ ਸਾਹਿਬਾਨ ਉੱਤੇ ਕੀਰਤਨ ਕਰਨ ਦਾ ਮਾਣ ਪ੍ਰਾਪਤ ਹੋਇਆ। ਉਹਨਾਂ ਦੇ ਮੁਖਾਰਬਿੰਦ ਤੋਂ ਸ਼ਬਦ ਕੀਰਤਨ ਸਰਵਣ ਕਰਨ ਦਾ ਇੱਕ ਆਪਣਾ ਹੀ ਵਿਸਮਾਦੀ ਅਨੰਦ ਸੀ।
ਭਾਈ ਨਿਰਮਲ ਸਿੰਘ ਸਿਰਫ਼ ਉੱਚ ਕੋਟੀ ਦੇ ਕੀਰਤਨੀਏ ਹੀ ਨਹੀਂ ਸਗੋਂ ਚੰਗੇ ਲੇਖਕ ਵੀ ਸਨ। ਉਹਨਾਂ ਦੋ ਪੁਸਤਕਾਂ ‘ਗੁਰਮਤਿ ਸੰਗੀਤ ਦੇ ਅਨਮੋਲ ਹੀਰੇ’ ਤੇ ‘ਪ੍ਰਸਿੱਧ ਕੀਰਤਨਕਾਰ ਬੀਬੀਆਂ’ ਸਿੱਖ ਜਗਤ ਨੂੰ ਭੇਟ ਕੀਤੀਆਂ। ਇਹ ਦੋਨੋਂ ਪੁਸਤਕਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਿਲੇਬਸ ਦਾ ਹਿੱਸਾ ਹਨ। ਗੁਰਮਤਿ ਸੰਗੀਤ ਦੇ ਅਨਮੋਲ ਹੀਰੇ ਪੁਸਤਕ ਵਿੱਚ 52 ਲੇਖ ਹਨ ਜੋ ਪੰਜਾਬੀ ਦੇ ਪ੍ਰਸਿੱਧ ਅਖ਼ਬਾਰਾਂ ਪੰਜਾਬੀ ਟਿ੍ਰਬਿਊਨ ਤੇ ਰੋਜ਼ਾਨਾ ਸਪੋਕਸਮੈਨ ਵਿੱਚ ਲੜੀਵਾਰ ਛਪੇ ਹਨ।
ਸ਼੍ਰੋਮਣੀ ਰਾਗੀ, ਰਸ-ਭਿੰਨੇ ਕੀਰਤਨੀਏ, ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ 2 ਅਪ੍ਰੈਲ 2020 ਈ: ਦਿਨ ਵੀਰਵਾਰ ਨੂੰ 68 ਸਾਲ ਦੀ ਉਮਰ ਬਤੀਤ ਕਰਕੇ ਅਕਾਲ ਚਲਾਣਾ ਕਰ ਗਏ।
ਕਰਨੈਲ ਸਿੰਘ ਐਮ.ਏ.

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ