ਜ਼ਿੰਦਗੀ ਖੱਟੀਆਂ ਮਿੱਠੀਆਂ ਯਾਦਾਂ ਤੇ ਉਤਰਾਅ ਚੜ੍ਹਾਅ ਦਾ ਨਾਮ ਹੈ, ਇਹ ਕਹਿਣਾ ਗਲਤ ਨਹੀਂ ਹੋਵੇਗਾ। ਸਮੇਂ ਸਮੇਂ ’ਤੇ ਸਾਨੂੰ ਬੀਤਿਆ ਵਕਤ ਯਾਦ ਆਉਂਦਾ ਹੈ। ਉਹ ਯਾਦਾਂ ਸਾਨੂੰ ਉਸ ਸਮੇਂ ਨਾਲ ਜੋ ਦਿੰਦੀਆਂ ਹਨ। ਇਸਦੇ ਨਾਲ ਹੀ ਜਿਹੜੇ ਲੋਕ ਉਸ ਵੇਲੇ ਘਟਨਾ ਕਰਕੇ ਨਾਲ ਜੁੜੇ ਹੁੰਦੇ ਹਨ, ਉਨ੍ਹਾਂ ਬਾਰੇ ਵੀ ਬਹੁਤ ਕੁੱਝ ਯਾਦ ਆ ਜਾਂਦਾ ਹੈ। ਯਾਦਾਂ ਹਰ ਕਿਸੇ ਦੇ ਹਿੱਸੇ ਆਉਂਦੀਆ ਹਨ। ਹਾਂ, ਕੁੱਝ ਅਜਿਹੀਆਂ ਘਟਨਾਵਾਂ ਵੀ ਹੁੰਦੀਆਂ ਹਨ ਜਿੰਨਾਂ ਨੂੰ ਭੁੱਲ ਜਾਣਾ ਬਿਹਤਰ ਹੁੰਦਾ ਹੈ। ਖੈਰ ਮੈਂ ਗੱਲ ਕਰਨ ਜਾ ਰਹੀ ਹਾਂ ਆਪਣੇ ਬਾਰੇ। ਮੈਂ ਤਕਰੀਬਨ 19 ਸਾਲਾਂ ਤੋਂ ਵੱਖ ਵੱਖ ਅਖ਼ਬਾਰਾਂ ਵਿੱਚ ਲਿਖ ਰਹੀ ਹਾਂ।ਇਸ ਕਰਕੇ ਬਹੁਤ ਪਿਆਰੇ ਭੈਣ ਭਰਾਂਵਾਂ ਨਾਲ ਰਿਸ਼ਤੇ ਬਣੇ। ਜਦੋਂ ਆਰਟੀਕਲ ਪੜ੍ਹਨ ਤੋਂ ਬਾਅਦ ਫੋਨ ਕਰਦੇ ਹਨ ਤਾਂ ਬਹੁਤ ਵਧੀਆ ਲੱਗਦਾ ਹੈ। ਇਸ ਲਿਖਣ ਦੇ ਸਫਰ ਵਿੱਚ ਬਹੁਤ ਕੁੱਝ ਸਿੱਖਣ ਨੂੰ ਮਿਲਿਆ। ਲਿਖਣ ਕਰਕੇ ਹੀ ਮੈਂ ਰੇਡਿਓ ਜਾਂ ਯੂ ਟਿਊਬ ਚੈਨਲਾਂ ’ਤੇ ਪ੍ਰੋਗਰਾਮ ਵੀ ਕੀਤੇ। ਆਪਣਾ ਫੇਸਬੁੱਕ ਖਾਤਾ ਬਣਾਇਆ ਅਤੇ ਫੇਰ ਪੇਜ ਬਣਾਇਆ। ਮੈਂ ਅਖ਼ਬਾਰਾਂ ਵਿੱਚ ਛਪੇ ਲੇਖ ਫੇਸ ਬੁੱਕ ਤੇ ਪਾਉਂਦੀ ਸੀ।ਇਸ ਨਾਲ ਬਹੁਤ ਲੋਕ ਮੇਰੇ ਨਾਲ ਜੁੜ ਗਏ।ਮੈਨੂੰ ਕਿਸੇ ਨੇ ਰੋਲ ਬਣਾਕੇ ਪਾਉਣ ਦੀ ਸਲਾਹ ਦਿੱਤੀ। ਮੈਨੂੰ ਇਹ ਕਰਨਾ ਔਖਾ ਲੱਗਿਆ।ਪਰ ਜਦੋਂ ਮੈਂ ਇਸ ਨੂੰ ਕਰਨ ਲੱਗੀ ਤਾਂ ਚੰਗਾ ਲੱਗਣ ਲੱਗ ਗਿਆ।
ਪਿੱਛਲੇ ਦਿਨੀਂ ਮੇਰੀ ਕੀਤੀ ਮਿਹਨਤ ਦਾ ਮੈਨੂੰ ਬਹੁਤ ਵੱਡਾ ਇਨਾਮ ਮਿਲਿਆ। ਇਹ ਭਾਵਨਾਵਾਂ ਕਲਾਕਾਰ, ਲੇਖਕ ਅਤੇ ਕਲਾ ਨਾਲ ਜੁੜੇ ਮਹਿਸੂਸ ਕਰ ਸਕਦੇ ਹਨ। ਕੁੱਝ ਦਿਨ ਪਹਿਲਾਂ ਮੈਂ ਮਾਰਕੀਟ ਗਈ। ਮੇਰੇ ਨਾਲ ਮੇਰੇ ਪਤੀ ਅਤੇ ਭੈਣ ਸੀ। ਅਸੀਂ ਦੁਕਾਨ ਦੇ ਅੰਦਰ ਵੜੇ ਤਾਂ ਮੈਨੂੰ ਮਿਲਣ ਲਈ ਤੇਜ਼ ਕਦਮ ਪੁਟਦੇ ਹੋਏ ਆ ਰਹੇ ਸਨ। ਮੇਰੇ ਦੋਨੋਂ ਹੱਥ ਫੜ ਲਏ ਬੜੇ ਪਿਆਰ ਨਾਲ। ਮੈਂ ਪਹਿਚਾਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਉਨ੍ਹਾਂ ਨੇ ਕਿਹਾ, ‘ਮੈਂ ਤੁਹਾਨੂੰ ਫੇਸ ਬੁੱਕ ਤੇ ਫਾਲੋ ਕਰਦੀ ਹਾਂ।’ ਮੈਂ ਤੁਹਾਡੇ ਸਾਰੇ ਲੇਖ ਪੜ੍ਹਦੀ ਹਾਂ ਅਤੇ ਸਾਰੀਆਂ ਵੀਡੀਓ ਵੇਖਦੀ ਹਾਂ। ਮੇਰਾ ਤਾਂ ਦਿਨ ਬਣ ਗਿਆ। ਮੈਨੂੰ ਵੀ ਬਹੁਤ ਖੁਸ਼ੀ ਹੋਈ। ਅਸਲ ਵਿੱਚ ਜੇਕਰ ਤੁਹਾਡੀਆਂ ਲਿਖਤਾਂ ਕਰਕੇ ਅਤੇ ਵਿਚਾਰਾਂ ਕਰਕੇ ਕੋਈ ਪਿਆਰ ਨਾਲ ਮਿਲਦਾ ਹੈ ਤਾਂ ਇਸ ਤੋਂ ਵੱਡਾ ਇਨਾਮ ਕੋਈ ਨਹੀਂ ਹੋ ਸਕਦਾ। ਤੁਸੀਂ ਜੋ ਲਿਖਕੇ ਕਹਿਣਾ ਚਾਹਿਆ ਜਾਂ ਬੋਲਕੇ ਦੱਸਣ ਦੀ ਕੋਸ਼ਿਸ਼ ਕੀਤੀ, ਉਹ ਲੋਕਾਂ ਵਿੱਚ ਜਾ ਰਿਹਾ ਹੈ। ਸੱਚ ਜਾਣਿਉ ਉਸ ਦਿਨ ਮੈਨੂੰ ਇਹ ਵੀ ਲੱਗਿਆ ਕਿ ਸਮਾਜ ਦੇ ਮਸਲਿਆਂ ਤੇ ਹੋਰ ਗੰਭੀਰਤਾ ਨਾਲ ਅਤੇ ਮਿਹਨਤ ਨਾਲ ਲਿਖਣ ਦੀ ਜ਼ਰੂਰਤ ਹੈ।
ਅਸਲ ਵਿੱਚ ਅਸੀਂ ਵਿਆਹ ਲਈ ਖਰੀਦਦਾਰੀ ਕਰ ਰਹੇ ਸੀ।ਅਗਲੇ ਦਿਨ ਅਸੀਂ ਦੁਕਾਨ ਵਿੱਚ ਜਾਕੇ ਬੈਠ ਗਏ।ਮੈਂ ਪੜ੍ਹਨ ਵੇਲੇ ਹੀ ਐਨਕ ਲਗਾਉਂਦੀ ਹਾਂ। ਉੱਥੇ ਵੀ ਮੈਨੂੰ ਮੇਰੇ ਨਾਲ ਬੈਠੇ ਪਹਿਚਾਣਨ ਦੀ ਕੋਸ਼ਿਸ਼ ਕਰ ਰਹੇ ਸੀ। ਜਦੋਂ ਮੈਂ ਬੋਲੀ ਤਾਂ ਉਨ੍ਹਾਂ ਨੇ ਮੈਨੂੰ ਪੁੱਛਿਆ, ‘ਤੁਸੀਂ ਪ੍ਰਭਜੋਤ ਢਿੱਲੋਂ ਹੋ?’ ਅਜੇ ਅਸੀਂ ਉੱਠਕੇ ਮਿਲਣ ਹੀ ਲੱਗੇ ਸੀ ਕਿ ਇਕ ਹੋਰ ਭੈਣ ਨੇ ਪੁੱਛਿਆ, ‘ਤੁਸੀਂ ਪ੍ਰਭਜੋਤ ਢਿੱਲੋਂ ਹੋ? ਅਸੀਂ ਸਾਰੇ ਇੰਨੇ ਪਿਆਰ ਨਾਲ ਜੱਫੀਆਂ ਪਾਕੇ ਮਿਲੇ, ਜਿਵੇਂ ਅਸੀਂ ਬਹੁਤ ਦਿਨਾਂ ਤੋਂ ਜਾਣਦੇ ਹੋਈਏ। ਇੰਨਾਂ ਵਿੱਚੋਂ ਇਕ ਅਮਰੀਕਾ ਤੋਂ ਮੈਨੂੰ ਫੇਸ ਬੁੱਕ ਤੇ ਫਾਲੋ ਕਰਦੇ ਸੀ ਅਤੇ ਦੂਸਰੇ ਆਸਟ੍ਰੇਲੀਆ ਤੋਂ। ਅਸੀਂ ਤਿੰਨਾਂ ਨੇ ਦੁਕਾਨ ਵਿੱਚ ਹੀ ਫੋਟੋ ਖਿੱਚੀਆਂ।ਮੈਨੂੰ ਹਕੀਕਤ ਵਿੱਚ ਇਹ ਮਹਿਸੂਸ ਹੋਇਆ ਕਿ ਕੁਦਰਤ ਕਿੰਨੀ ਮਹਾਨ ਹੈ।ਕਿਵੇਂ ਮਿਲਣ ਦੇ ਸਬੱਬ ਬਣਾਉਂਦੀ ਹੈ। ਮਿਹਨਤ ਦਾ ਮੁੱਲ ਨਾ ਕੁਦਰਤ ਦੇਵੇ, ਇਹ ਹੋ ਹੀ ਨਹੀਂ ਸਕਦਾ। ਮੇਰੇ ਪਤੀ ਅਤੇ ਭੈਣ ਵੀ ਬਹੁਤ ਖੁਸ਼ ਸਨ। ਅਸਲ ਵਿੱਚ ਮੈਂ ਜੇਕਰ ਲਿਖ ਰਹੀ ਹਾਂ ਜਾਂ ਵੀਡੀਓ ਬਣਾ ਰਹੀ ਹਾਂ ਤਾਂ ਇਸ ਵਿੱਚ ਮੇਰੇ ਪਤੀ ਦਾ ਬਹੁਤ ਵੱਡਾ ਯੋਗਦਾਨ ਹੈ।ਉਹ ਹਮੇਸ਼ਾ ਹੱਲਾਸ਼ੇਰੀ ਦਿੰਦੇ ਹਨ। ਉਨ੍ਹਾਂ ਵਾਸਤੇ ਵੀ ਇਹ ਪਲ ਬਹੁਤ ਖਾਸ ਸਨ।
ਮੇਰੇ ਪਾਪਾ ਦੀ ਗੱਲ ਮੈਨੂੰ ਬਹੁਤ ਯਾਦ ਆਈ। ਉਹ ਕਹਿੰਦੇ ਹੁੰਦੇ ਸੀ,‘ਜੇਕਰ ਲੋਕ ਤੁਹਾਡੇ ਕੀਤੇ ਕੰਮਾਂ ਕਰਕੇ ਤੁਹਾਨੂੰ ਜਾਣਨ ਲੱਗ ਜਾਣ ਤਾਂ ਤੁਹਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਲੋਕ ਹੋਰ ਵਧੀਆ ਅਤੇ ਇਸਤੋਂ ਵੱਧ ਦੀ ਉਮੀਦ ਕਰਦੇ ਹੁੰਦੇ ਹਨ’।ਮੈਂ ਆਪਣੀਆਂ ਲਿਖਤਾਂ ਵਿੱਚ ਆਪਣੇ ਆਸਪਾਸ ਸਿਸਟਮ ਕਰਕੇ ਹੋ ਰਹੀਆਂ ਕੁਤਾਹੀਆਂ, ਜਿਹੜੀਆਂ ਸਮੱਸਿਆਵਾਂ ਨਾਲ ਅਸੀਂ ਸਾਰੇ ਜੂਝਦੇ ਹਾਂ, ਉਹ ਹੀ ਲਿਖਿਆ ਹੈ। ਪਰਿਵਾਰਾਂ ਦੀ ਉਥੱਲ ਪੁਥੱਲ, ਵੱਧਦਾ ਬਿਰਧ ਆਸ਼ਰਮਾਂ ਦੀ ਗੱਲ ਕੀਤੀ ਹੈ।ਇਸ ਬਾਰੇ ਅਸੀਂ ਸਾਰੇ ਵੇਖਦੇ ਸੁਣਦੇ ਹਾਂ ਅਤੇ ਬਹੁਤ ਕੁੱਝ ਭੁਗਤਦੇ ਵੀ ਹਾਂ। ਇਸ ਕਰਕੇ ਬਹੁਤ ਵਾਰ ਮੈਨੂੰ ਫੋਨ ਆਉਂਦੇ ਹਨ ਕਿ ਇਹ ਤਾਂ ਤੁਸੀਂ ਮੇਰੀ ਗੱਲ ਕੀਤੀ ਹੈ। ਖੈਰ, ਲਿਖਣ ਕਰਕੇ ਮੈਨੂੰ ਬਹੁਤ ਪਿਆਰੇ ਭੈਣ ਭਰਾ ਮਿਲੇ ਹਨ। ਦੋ ਦਿਨਾਂ ਵਿੱਚ ਮੈਂ ਆਪਣੀਆਂ ਤਿੰਨ ਭੈਣਾਂ ਨੂੰ ਮਿਲ ਲਿਆ।ਹਕੀਕਤ ਇਹ ਹੈ ਕਿ ਮੈਂ ਆਪਣੀ ਖੁਸ਼ੀ ਨੂੰ ਸਹੀ ਤਰੀਕੇ ਨਾਲ ਬਿਆਨ ਵੀ ਨਹੀਂ ਕਰ ਸਕੀ।ਇਹ ਤਾਂ ਡੂੰਘੇ ਦੇ ਖਾਧੇ ਗੁੜ ਵਾਲੀ ਸਥਿਤੀ ਹੈ।
ਪ੍ਰਭਜੋਤ ਕੌਰ ਢਿੱਲੋਂ
-ਮੋਬਾ: 9815030221