ਦਲਿਤ ਇਤਿਹਾਸ ਮਹੀਨਾ ਅਪ੍ਰੈਲ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਪੱਧਰ ਤੇ ਮਾਨਤਾ ਪ੍ਰਾਪਤ ਬਲੈਕ ਹਿਸਟਰੀ ਮਹੀਨੇ ਦੇ ਬਾਅਦ ਤਿਆਰ ਕੀਤਾ ਗਿਆ ਦਲਿਤ ਇਤਿਹਾਸ ਮਹੀਨਾ ਹਰ ਸਾਲ ਹਾਸ਼ੀਏ ਤੇ ਪਈਆਂ ਜਾਤੀਆਂ ਦੇ ਇਤਿਹਾਸ, ਰਾਜਨੀਤਿਕ ਵਿਚਾਰਾਂ ਅਤੇ ਸੱਭਿਆਚਾਰ ਨੂੰ ਉਜਾਗਰ ਕਰਨ ਲਈ ਆਯੋਜਿਤ ਕੀਤਾ ਜਾਂਦਾ ਹੈ। ਦਲਿਤ ਜਿਸਨੂੰ ਪਹਿਲਾਂ ਅਛੂਤ ਵੀ ਕਿਹਾ ਜਾਂਦਾ ਸੀ ਅਖੌਤੀ ਜਾਤੀ ਪ੍ਰਥਾ ਅਨੁਸਾਰ ਦਾ ਸਭ ਤੋਂ ਹੇਠਲਾ ਪੱਧਰ ਹੈ। ਦਲਿਤਾਂ ਨੂੰ ਵਰਣ ਪ੍ਰਣਾਲੀ ਅਨੁਸਾਰ ਪੰਜਵੇਂ ਵਰਣ ਦੇ ਰੂਪ ਵਿਚ ਦੇਖਿਆ ਗਿਆ ਜਿਨ੍ਹਾਂ ਨੂੰ ਛੂਹਣਾ ਵੀ ਪਾਪ ਮੰਨਿਆਂ ਜਾਂਦਾ ਸੀ। ਦਲਿਤ ਹਿੰਦੂ ਧਰਮ, ਬੁੱਧ ਧਰਮ, ਸਿੱਖ ਧਰਮ, ਇਸਾਈ ਧਰਮ ਅਤੇ ਇਸਲਾਮ ਸਮੇਤ ਵੱਖ-ਵੱਖ ਧਰਮਾਂ ਵਿੱਚ ਵਿਸ਼ਵਾਸ ਰਖਦੇ ਹਨ ਪਰ ਬਹੁਤੇ ਧਰਮਾਂ ਵਿੱਚ ਅਜੇ ਤੱਕ ਵੀ ਜਾਤ ਅਧਾਰਿਤ ਵਿਤਕਰਾ ਫੈਲਿਆ ਹੋਇਆ ਹੈ। ਹਜ਼ਾਰਾਂ ਸਾਲਾਂ ਤੋਂ ਦਲਿਤਾਂ, ਬਹੁਜਨਾਂ, ਆਦਿਵਾਸੀਆਂ ਅਤੇ ਹੋਰ ਹਾਸ਼ੀਏ ਵਾਲੀਆਂ ਜਾਤੀਆਂ ਨੂੰ ਵੱਖ-ਵੱਖ ਰੂਪਾਂ ਵਿੱਚ ਯੋਜਨਾਬੱਧ ਅੱਤਿਆਚਾਰਾਂ ਦਾ ਸ਼ਿਕਾਰ ਬਣਾਇਆ ਗਿਆ ਹੈ। ਇਹ ਵਿਵਸਥਿਤ ਜ਼ੁਲਮ ਅਤੇ ਅੱਤਿਆਚਾਰ ਅਕਾਦਮਿਕ ਅਦਾਰਿਆਂ ਤੋਂ ਲੈ ਕੇ ਕਾਰਪੋਰੇਟਸ ਤੱਕ ਸੰਸਥਾਗਤ ਪੱਧਰ ਤੱਕ ਪ੍ਰਗਟ ਹੁੰਦੇ ਹਨ। ਵੱਖ-ਵੱਖ ਸਰਕਾਰਾਂ ਦੁਆਰਾ ਵੱਖ-ਵੱਖ ਸੰਵਿਧਾਨਕ ਸੁਧਾਰਾਂ ਅਤੇ ਨੀਤੀਆਂ ਦੇ ਬਾਵਜੂਦ ਅੱਜ ਵੀ ਭਾਈਚਾਰਾ ਖ਼ਤਰੇ ਅਤੇ ਹਿੰਸਾ ਦਾ ਸਾਹਮਣਾ ਕਰ ਰਿਹਾ ਹੈ। ਜਾਤ-ਪਾਤ ਇੰਨੀ ਜਕੜ ਚੁੱਕੀ ਹੈ ਕਿ ਭਾਰਤੀ ਜੇਲ੍ਹਾਂ ਵਿੱਚ ਵੀ ਇਸ ਦਾ ਅਭਿਆਸ ਕੀਤਾ ਜਾਂਦਾ ਹੈ। ਦਲਿਤ ਭਾਰਤੀ ਆਬਾਦੀ ਦਾ ਲੱਗਭੱਗ 25 ਪ੍ਰਤੀਸ਼ਤ ਅਤੇ ਵਿਸ਼ਵ ਦੀ ਆਬਾਦੀ ਦਾ 5 ਪ੍ਰਤੀਸ਼ਤ ਹਿੱਸਾ ਹਨ। ਇਹ ਵੀ ਕੌੜਾ ਸੱਚ ਹੈ ਕਿ ਦਲਿਤਾਂ ਨੂੰ ਬਹੁਤੇ ਜਨਤਕ ਅਦਾਰਿਆਂ ਇੱਥੋਂ ਤੱਕ ਕਿ ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਤੱਕ ਪਹੁੰਚ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ। ਦਲਿਤ ਨੌਕਰਸ਼ਾਹਾਂ ਲਈ ਰਾਖਵੇਂਕਰਨ ਰਾਹੀਂ ਸਿਸਟਮ ਵਿੱਚ ਦਾਖਲਾ ਯਕੀਨੀ ਬਣਾਇਆ ਜਾਂਦਾ ਹੈ ਪਰ ਉਨ੍ਹਾਂ ਨੂੰ ਵੀ ਅਕਸਰ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਫੈਸਲੇ ਲੈਣ ਦੇ ਪੱਧਰ ਤੇ ਅਕਸਰ ਹੀ ਅਖੌਤੀ ਉੱਚ ਜਾਤੀਆਂ ਦਾ ਦਬਦਬਾ ਬਣਿਆ ਰਹਿੰਦਾ ਹੈ। ਦਲਿਤਾਂ ਨਾਲ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਪੱਧਰ ਤੇ ਵਿਤਕਰਾ ਅਜੇ ਵੀ ਵੇਖਣ ਨੂੰ ਮਿਲਦਾ ਹੈ। ਦਲਿਤ ਇਤਿਹਾਸ ਮਹੀਨਾ ਜਨਤਕ ਥਾਵਾਂ ਤੇ ਦਲਿਤਾਂ ਦਾ ਸਾਹਮਣਾ ਅਤੇ ਵਿਰੋਧ ਕਰਨ ਵਾਲੀ ਰੋਜ਼ਾਨਾ ਹਿੰਸਾ, ਇਤਿਹਾਸ ਜੋ ਮਿਟਿਆ ਜਾਪਦਾ ਹੈ, ਅਤੇ ਸਮਾਜ, ਰਾਜਨੀਤੀ ਅਤੇ ਵਪਾਰ ਵਿੱਚ ਪ੍ਰਤੀਨਿਧਤਾ ਜੋ ਪ੍ਰਾਪਤ ਕਰਨਾ ਬਾਕੀ ਹੈ ਬਾਰੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਅਪ੍ਰੈਲ ਮਹੀਨੇ ਨੂੰ ਦਲਿਤ ਇਤਿਹਾਸ ਦੇ ਮਹੀਨੇ ਵਜੋਂ ਮਾਨਤਾ ਦਿੱਤੀ ਗਈ ਹੈ। ਕਾਲਾ ਇਤਿਹਾਸ ਮਹੀਨੇ ਤੋਂ ਪ੍ਰੇਰਿਤ ਹੋਕੇ ਨੌਜਵਾਨ ਦਲਿਤ ਔਰਤਾਂ ਦੇ ਇੱਕ ਸਮੂਹ ਨੇ 2013 ਵਿੱਚ ਦਲਿਤ ਇਤਿਹਾਸ ਮਹੀਨਾ ਸ਼ੁਰੂ ਕੀਤਾ ਸੀ। ਸੰਘਪਾਲੀ ਅਰੁਣਾ ਅਤੇ ਥਨਮੋਜ਼ੀ ਸੁੰਦਰਰਾਜਨ ਨੇ ਸ਼ਿਕਾਗੋ ਵਿੱਚ ਕਲਰ ਆਫ਼ ਵਾਇਲੈਂਸ ਕਾਨਫਰੰਸ ਵਿੱਚ ਵਿਚਾਰ ਵਟਾਂਦਰੇ ਦੌਰਾਨ ਇਹ ਵਿਚਾਰ ਪੇਸ਼ ਕੀਤੇ ਸਨ। ਦਲਿਤ ਇਤਿਹਾਸ ਮਹੀਨਾ ਪਹਿਲੀ ਵਾਰ ਸੰਯੁਕਤ ਰਾਜ ਅਮਰੀਕਾ ਵਿੱਚ ਅਪ੍ਰੈਲ 2014 ਵਿੱਚ ਮਨਾਇਆ ਗਿਆ ਸੀ। ਇਸ ਪਹਿਲਕਦਮੀ ਦੀ ਅਗਵਾਈ ਦਲਿਤ ਪਿਛੋਕੜ ਵਾਲੇ ਕਾਰਕੁੰਨਾਂ, ਵਿਦਵਾਨਾਂ ਅਤੇ ਕਲਾਕਾਰਾਂ ਦੁਆਰਾ ਕੀਤੀ ਗਈ ਸੀ। ਇਸਦਾ ਉਦੇਸ਼ ਦਲਿਤ ਭਾਈਚਾਰਿਆਂ ਦੀਆਂ ਆਵਾਜ਼ਾਂ ਨੂੰ ਸਵੀਕਾਰ ਕਰਨ ਅਤੇ ਉਤਸ਼ਾਹਿਤ ਕਰਨ ਲਈ ਇੱਕ ਪਲੇਟਫਾਰਮ ਤਿਆਰ ਕਰਨਾ ਸੀ ।
ਭਾਰਤ ਵਿੱਚ, ਦਲਿਤ ਅੰਦੋਲਨ ਦੇ ਜਨਮ ਸਥਾਨ ਅਪ੍ਰੈਲ ਦਾ ਮਹੀਨਾ ਦਲਿਤ ਸਰਗਰਮੀ, ਸੱਭਿਆਚਾਰਕ ਸਮਾਗਮਾਂ ਅਤੇ ਅਕਾਦਮਿਕ ਚਰਚਾਵਾਂ ਲਈ ਇੱਕ ਮੌਕੇ ਵਜੋਂ ਕੰਮ ਕਰਦਾ ਹੈ। ਵਿਕਟੋਰੀਆ ਵਿੱਚ ਐਨਡੀਪੀ ਸਰਕਾਰ ਨੇ ਅਪ੍ਰੈਲ ਨੂੰ ਦਲਿਤ ਇਤਿਹਾਸ ਦੇ ਮਹੀਨੇ ਵਜੋਂ ਮਾਨਤਾ ਦਿੱਤੀ ਹੈ।
ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਕਿਹਾ ਕਿ ਉਹ ਰੰਗਾਂ ਅਤੇ ਆਦਿਵਾਸੀ ਲੋਕਾਂ ਵਿਰੁੱਧ ਭੇਦਭਾਵ ਅਤੇ ਨਸਲਵਾਦ ਦੁਆਰਾ ਪ੍ਰੇਰਿਤ ਵਿਤਕਰੇ ਨੂੰ ਸਵੀਕਾਰ ਕਰਨ ਅਤੇ ਉਨ੍ਹਾਂ ਵਿਰੁੱਧ ਲੜਨ ਅਤੇ ਸਾਰਿਆਂ ਲਈ ਨਿਆਂ ਅਤੇ ਸਮਾਨਤਾ ਲਿਆਉਣ ਲਈ ਮਹੀਨਾ ਮਨਾ ਰਹੀ ਹੈ। ਬਰਲਿੰਗਟਨ ਸ਼ਹਿਰ ਦੀ ਮੇਅਰ ਮਾਰੀਅਨ ਮੀਡ ਵਾਰਡ ਦੁਆਰਾ ਜਾਰੀ ਘੋਸ਼ਣਾ ਵਿੱਚ ਲਿਖਿਆ ਹੈ ਕਿ ਜਦੋਂ ਕਿ ਅਪ੍ਰੈਲ ਦਾ ਮਹੀਨਾ ਦਲਿਤ ਭਾਈਚਾਰਿਆਂ ਲਈ ਮਹੱਤਵਪੂਰਨ ਮਹੱਤਵ ਰੱਖਦਾ ਹੈ, ਜਿਸ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਜੋਤੀਰਾਓ ਫੂਲੇ ਵਰਗੇ ਜਾਤੀ ਅਧਾਰਤ ਵਿਤਕਰੇ ਦੇ ਵਿਰੁੱਧ ਅੰਦੋਲਨ ਵਿੱਚ ਪ੍ਰਮੁੱਖ ਦਲਿਤ ਨੇਤਾਵਾਂ ਅਤੇ ਸਮਾਜ ਸੁਧਾਰਕਾਂ ਦੇ ਜਨਮ ਅਤੇ ਮੌਤ ਦੀ ਵਰ੍ਹੇਗੰਢ ਸ਼ਾਮਲ ਹੈ। 05 ਅਪ੍ਰੈਲ 1908 ਨੂੰ ਦਲਿਤ ਆਗੂ ਸਾਬਕਾ ਉੱਪ ਪ੍ਰਧਾਨ ਮੰਤਰੀ ਸਵਰਗੀ ਬਾਬੂ ਜਗਜੀਵਨ ਦਾ ਜਨਮ ਹੋਇਆ ਸੀ। ਬਾਬੂ ਜਗਜੀਵਨ ਰਾਮ ਨੇ ਅਛੂਤਾਂ ਲਈ ਸਮਾਨਤਾ ਪ੍ਰਾਪਤ ਕਰਨ ਲਈ ਸਮਰਪਿਤ ਇੱਕ ਸੰਗਠਨ ‘‘ਆਲ ਇੰਡੀਆ ਡੀਪ੍ਰੈੱਸਡ ਕਲਾਸ ਲੀਗ’’ ਦੀ ਸਥਾਪਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਸਨੇ ਪੇਂਡੂ ਕਿਰਤੀ ਲਹਿਰ ਨੂੰ ਜਥੇਬੰਦ ਕੀਤਾ। ਉਹ ਜਵਾਹਰ ਲਾਲ ਨਹਿਰੂ ਦੀ ਅੰਤਰਿਮ ਸਰਕਾਰ ਵਿੱਚ ਭਾਰਤ ਦੇ ਪਹਿਲੇ ਮੰਤਰੀ ਮੰਡਲ ਵਿੱਚ ਲੇਬਰ ਮੰਤਰੀ ਦੇ ਤੌਰ ਤੇ ਸਭ ਤੋਂ ਘੱਟ ਉਮਰ ਦੇ ਮੰਤਰੀ ਬਣ ਗਿਆ ਸੀ ਅਤੇ ਭਾਰਤ ਦੀ ਸੰਵਿਧਾਨ ਸਭਾ ਦਾ ਮੈਂਬਰ ਵੀ ਸੀ ਜਿੱਥੇ ਉਸ ਨੇ ਯਕੀਨੀ ਬਣਾਇਆ ਕਿ ਸਮਾਜਿਕ ਨਿਆਂ ਨੂੰ ਸੰਵਿਧਾਨ ਵਿੱਚ ਸ਼ਾਮਲ ਕੀਤਾ ਜਾਵੇ। 21 ਅਪ੍ਰੈਲ ਨੂੰ ਮਹਾਨ ਸਿੱਖ ਸਕਾਲਰ ਗਿਆਨੀ ਦਿੱਤ ਸਿੰਘ ਦਾ ਜਨਮ ਦਿਨ ਹੈ। ਗਿਆਨੀ ਦਿੱਤ ਸਿੰਘ ਇੱਕ ਇਤਿਹਾਸਕਾਰ, ਵਿਦਵਾਨ, ਕਵੀ, ਸੰਪਾਦਕ ਅਤੇ ਇੱਕ ਉੱਘੇ ਸਿੰਘ ਸਭਾ ਸੁਧਾਰਕ ਸਨ। ਉਨ੍ਹਾਂ ਨੇ ਸਿੱਖ ਧਰਮ ਤੇ 70 ਤੋਂ ਵੱਧ ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚੋਂ ਸਭ ਤੋਂ ਮਸ਼ਹੂਰ ਖਾਲਸਾ ਅਖਬਾਰ ਹੈ। ਉਸ ਦੇ ਦਯਾਨੰਦ ਨਾਲ ਮੇਰਾ ਸੰਵਾਦ ਅਤੇ ਦੁਰਗਾ ਪਰਬੋਧ ਸਿੱਖ ਫਲਸਫੇ ਦੇ ਪ੍ਰਮੁੱਖ ਗ੍ਰੰਥ ਮੰਨੇ ਜਾਂਦੇ ਹਨ।
ਡਾਕਟਰ ਅੰਬੇਡਕਰ ਨੇ ਵੀ ਮਹਾਤਮਾ ਜੋਤੀਰਾਓ ਫੂਲੇ ਨੂੰ ਅਪਣਾ ਇੱਕ ਗੁਰੂ ਮੰਨਿਆ ਹੈ। 14 ਅਪ੍ਰੈਲ ਦਾ ਦਿਨ ਡਾਕਟਰ ਭੀਮ ਰਾਓ ਅੰਬੇਡਕਰ ਨਾਲ ਸਬੰਧਿਤ ਹੈ। 14 ਅਪ੍ਰੈਲ 1891 ਨੂੰ ਮਹਾਰਾਸ਼ਟਰ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਹੋਇਆ ਸੀ। ਡਾਕਟਰ ਅੰਬੇਡਕਰ ਅਜਾਦ ਭਾਰਤ ਵਿੱਚ ਕਨੂੰਨ ਮੰਤਰੀ ਬਣੇ ਅਤੇ ਆਪ ਨੇ ਭਾਰਤੀ ਸੰਵਿਧਾਨ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਉਨ੍ਹਾਂ ਨੇ ਜਾਤ ਆਧਾਰਿਤ ਵਿਤਕਰੇ ਦਾ ਵਿਰੋਧ ਕੀਤਾ।
20 ਅਪ੍ਰੈਲ ਦਾ ਦਿਨ ਪੰਜਾਬ ਵਿੱਚ ਜਨਮੇ ਲੋਕ ਕਵੀ ਸੰਤ ਰਾਮ ਉਦਾਸੀ ਨਾਲ ਸਬੰਧਿਤ ਹੈ। ਲੋਕ ਕਵੀ ਸੰਤ ਰਾਮ ਉਦਾਸੀ ਇੱਕ ਕ੍ਰਾਂਤੀਕਾਰੀ ਕਵੀ ਸੀ ਜਿਸਦਾ ਜਨਮ 20 ਅਪ੍ਰੈਲ 1939 ਨੂੰ ਹੋਇਆ ਸੀ। ਉਹ ਗਰੀਬ ਮਜ਼ਦੂਰ ਜਮਾਤ ਦੇ ਹੱਕਾਂ ਲਈ ਅਤੇ ਜੁਲਮ ਦਾ ਵਿਰੋਧ ਕਰਨ ਵਾਲਿਆਂ ਲਈ ਇੱਕ ਪ੍ਰੇਰਣਾ ਸਰੋਤ ਬਣਿਆ ਹੈ। ਸੰਤ ਰਾਮ ਉਦਾਸੀ ਕੰਮੀਆਂ ਦੇ ਵਿਹੜੇ ਦੀ ਗੱਲ ਕਰਦਾ ਹੋਇਆ ਸੂਰਜ ਨੂੰ ਕਹਿੰਦਾ ਹੈ ਤੂੰ ਕੰਮੀਆਂ ਦੇ ਵਿਹੜੇ ਸਦਾ ਮੱਘਦਾ ਹੋਇਆ ਸੰਘਰਸ਼ ਅਤੇ ਇਨਕਲਾਬ ਦਾ ਸੁਨੇਹਾ ਦਿੰਦਾ ਰਹੀ ਇਹ ਉਦਾਸੀ ਦੀ ਹਰਮਨ ਪਿਆਰੀ ਰਚਨਾ ਸੀ। 22 ਅਪ੍ਰੈਲ ਦਾ ਦਿਨ ਗਦਰ ਲਹਿਰ ਦੇ ਆਗੂ ਅਤੇ ਆਦ ਧਰਮ ਮੰਡਲ ਦੇ ਸੰਸਥਾਪਕ ਬਾਬੂ ਮੰਗੂ ਰਾਮ ਮੂਗੋਵਾਲੀਆ ਨਾਲ ਸਬੰਧਿਤ ਹੈ। ਬਾਬੂ ਮੰਗੂ ਰਾਮ ਮੁੱਗੋਵਾਲੀਆ ਭਾਰਤ ਨੂੰ ਆਜ਼ਾਦ ਕਰਾਉਣ ਲਈ ਲਾਲਾ ਹਰਦਿਆਲ ਦੀ ਪੇ੍ਰਰਨਾ ਸਦਕਾ ਗ਼ਦਰ ਪਾਰਟੀ ਵਿਚ ਸ਼ਾਮਲ ਹੋ ਗਿਆ। ਬਾਬੂ ਮੁੱਗੋਵਾਲੀਆ ਨੇ ਆਪਣੇ ਪਿੰਡ ਦੇ ਆਦਿ ਧਰਮੀਆਂ ਨੂੰ ਪੜ੍ਹਾਉਣ ਲਈ ਪਿੰਡ ਵਿਚ ‘ਆਦਿ ਧਰਮ ਸਕੂਲ’ ਸਕੂਲ ਖੋਲ੍ਹਿਆ। ਆਦਿ ਧਰਮੀਆਂ ਨੂੰ ਲਾਮਬੰਦ ਕਰ ਕੇ ਸੰਘਰਸ਼ ਵਿੱਢਣ ਲਈ ਆਪਣੇ ਪਿੰਡ ਮੁੱਗੋਵਾਲ ਵਿਖੇ 11-12 ਜੂਨ 1926 ਨੂੰ ਆਦਿ ਧਰਮੀਆਂ ਦੀ ਇਕ ਕਾਨਫਰੰਸ ਬੁਲਾ ਕੇ ‘ਆਦਿ ਧਰਮ ਮੰਡਲ’ ਦੀ ਸਥਾਪਨਾ ਕੀਤੀ। ਸੰਨ 1931 ਦੀ ਮਰਦਮ-ਸ਼ੁਮਾਰੀ ਸਮੇਂ ਬਾਬੂ ਮੰਗੂ ਰਾਮ ਮੁੱਗੋਵਾਲੀਆ ਨੇ ਆਦਿ ਧਰਮੀਆਂ ਨੂੰ ਕਿਹਾ ਉਹ ਆਪਣਾ ਧਰਮ ‘ਆਦਿ ਧਰਮ’ ਲਿਖਵਾਉਣ।
ਲੰਡਨ ਵਿਖੇ ਹੋਈਆਂ ਗੋਲਮੇਜ਼ ਕਾਨਫਰੰਸਾਂ ਦੌਰਾਨ ਬਾਬੂ ਮੰਗੂ ਰਾਮ ਮੁੱਗੋਵਾਲੀਆ ਨੇ ਆਦਿ ਧਰਮੀਆਂ ਦੇ ਹੱਕ ਵਿਚ ਡਾਕਟਰ ਅੰਬੇਡਕਰ ਦਾ ਸਾਥ ਦਿੱਤਾ। ਆਪ ਦੇ ਯਤਨਾਂ ਸਦਕਾ ਆਦਿ ਧਰਮੀਆਂ ਨੂੰ ਮਿਲੇ ਅਧਿਕਾਰਾਂ ਅਧੀਨ 1937 ਦੀ ਪੰਜਾਬ ਅਸੈਂਬਲੀ ਚੋਣ ਵਿਚ ਰਿਜ਼ਰਵ ਹੋਈਆਂ 8 ਸੀਟਾਂ ਵਿੱਚੋਂ 7 ਉੱਤੇ ‘ਆਦਿ-ਧਰਮ ਮੰਡਲ’ ਦੇ ਨੁਮਾਇੰਦੇ ਚੋਣ ਜਿੱਤਣ ਵਿਚ ਸਫਲ ਹੋਏ। ‘ਦਿ ਪੰਜਾਬ ਲੈਂਡ ਏਲਾਈਨੇਸ਼ਨ ਐਕਟ’ ਅਨੁਸਾਰ ਆਦਿ ਧਰਮੀ ਜ਼ਮੀਨ ਦੇ ਮਾਲਕ ਨਹੀਂ ਸਨ ਬਣ ਸਕਦੇਆਪ ਨੇ ਇਹ ਕਾਨੂੰਨ ਖ਼ਤਮ ਕਰਾਇਆ ਤੇ ਆਦਿ ਧਰਮੀਆਂ ਨੂੰ ਜ਼ਮੀਨਾਂ ਦੇ ਮਾਲਕ ਬਣਨ ਦਾ ਹੱਕ ਲੈ ਕੇ ਦਿੱਤਾ। 22 ਅਪ੍ਰੈਲ 1980 ਨੂੰ ਪੀਜੀਆਈ ਚੰਡੀਗੜ੍ਹ ਵਿਖੇ ਇਹ ਆਗੂ ਸਦੀਵੀ ਵਿਛੋੜਾ ਦੇ ਗਿਆ।ਇਸ ਸਾਲ ਵੀ ਵੱਖ ਵੱਖ ਦੇਸ਼ਾਂ ਵਿੱਚ ਦਲਿਤ ਇਤਿਹਾਸ ਮਹੀਨਾ ਸਬੰਧੀ ਪ੍ਰੋਗਰਾਮ ਕਰਵਾਏ ਜਾਣਗੇ।
ਭਾਰਤ ਵਿੱਚ ਵੀ ਵੱਖ ਵੱਖ ਸੰਗਠਨਾ ਵਲੋਂ ਇਸ ਸਬੰਧੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਭਾਰਤ ਨੂੰ ਅਜ਼ਾਦ ਹੋਏ 76 ਸਾਲ ਬੀਤ ਚੁੱਕੇ ਹਨ ਪਰੰਤੂ ਅਜੇ ਤੱਕ ਵੀ ਦਲਿਤਾਂ ਨਾਲ ਵਾਪਰਦੀਆਂ ਅਤਿੱਆਚਾਰ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਸਰਕਾਰੀ ਅਤੇ ਗੈਰ ਸਰਕਾਰੀ ਸੰਗਠਨਾਂ ਨੂੰ ਮਿਲਕੇ ਦਲਿਤਾਂ ਨਾਲ ਹੋ ਰਹੇ ਵਿਤਕਰੇ ਨੂੰ ਖਤਮ ਕਰਨ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਰਹਿਵਰਾਂ ਵਲੋਂ ਵੇਖੇ ਗਏ ਸੁਪਨਿਆਂ ਵਾਲਾ ਸਮਾਜ ਬਣ ਸਕੇ ਅਤੇ ਅਪ੍ਰੈਲ ਮਹੀਨਾ ਜਿਸਨੂੰ ਦਲਿਤ ਇਤਿਹਾਸ ਮਹੀਨਾ ਘੋਸ਼ਿਤ ਕੀਤਾ ਗਿਆ ਹੈ, ਦੀ ਮਹੱਤਤਾ ਕਾਇਮ ਰਹਿ ਸਕੇ।
ਕੁਲਦੀਪ ਚੰਦ ਦੋਭੇਟਾ
-ਮੋਬਾ: 9417563054