Wednesday, January 22, 2025  

ਲੇਖ

ਉਦਾਸੀ ਤਾਂ ਉਦਾਸੀ ਹੁੰਦੀ ਐ...

April 06, 2024

ਪਹਿਲੇ ਸਮਿਆਂ ਦੇ ਮੁਕਾਬਲੇ ਪਿੰਡਾਂ ਵਿੱਚੋਂ ਲੰਘਦੇ ਹੋਏ ਗਲ਼ੀਆਂ ਸੁੰਨੀਆਂ ਸੁੰਨੀਆਂ ਜਿਹੀਆਂ ਲੱਗਦੀਆਂ ਹਨ। ਨਾ ਮੋੜਾਂ ਤੇ ਮੁੰਡੀਰ ਨਾ ਸੱਥਾਂ ਜਾਂ ਦਰਵਾਜ਼ਿਆਂ ਤੇ ਬਾਬਿਆਂ ਦੀਆਂ ਮਹਿਫ਼ਲਾਂ ਦਿਸਦੀਆਂ ਹਨ, ਨਾ ਹੀ ਗਲ਼ੀਆਂ ਵਿੱਚ ਨੱਚਦੇ ਟੱਪਦੇ ਨਿਆਣੇ ਤੇ ਨਾ ਹੀ ਘਰਾਂ ਅੰਦਰ ਵੱਡੇ ਵੱਡੇ ਟੱਬਰਾਂ ਦੀਆਂ ਰੌਣਕਾਂ ਹਨ। ਹੁਣ ਤਾਂ ਪਿੰਡਾਂ ਵਿੱਚ ਵੀ ਘਰ ਸ਼ਹਿਰੀ ਢੰਗ ਦੇ ਬਣਨ ਲੱਗ ਪਏ ਹਨ।ਜੇ ਕਿਸੇ ਰਿਸ਼ਤੇਦਾਰ ਜਾਂ ਜਾਣਕਾਰ ਦੇ ਘਰ ਜਾਓ ਤਾਂ ਸਕੂਲ ਜਾਣ ਵਾਲੇ ਇੱਕ ਦੋ ਜਵਾਕ ਜਾਂ ਤਾਂ ਸਕੂਲ ਗਏ ਹੁੰਦੇ ਹਨ ਜਾਂ ਫਿਰ ਟੀ ਵੀ ਲਾ ਕੇ ਆਪਣੇ ਕਮਰੇ ਵਿੱਚ ਬੈਠੇ ਹੁੰਦੇ ਹਨ। ਜਿੰਨਾਂ ਦੇ ਜਵਾਕ ਜਵਾਨ ਹੁੰਦੇ ਹਨ ਉਹਨਾਂ ਦੀ ਔਲਾਦ ਜਾਂ ਤਾਂ ਵਿਦੇਸ਼ ਗਈ ਹੁੰਦੀ ਹੈ ਜਾਂ ਫਿਰ ਜਾਣ ਦੀ ਤਿਆਰੀ ਵਿੱਚ ਹੁੰਦੀ ਹੈ। ਕਿਸੇ ਕਿਸੇ ਘਰ ਵਿੱਚ ਔਲਾਦ ਬਾਹਰ ਗਈ ਹੋਣ ਕਰਕੇ ਇਕੱਲੇ ਬਜ਼ੁਰਗ ਮੀਆਂ ਬੀਵੀ ਬੈਠੇ ਹੁੰਦੇ ਹਨ। ਉਹਨਾਂ ਕੋਲ ਬੈਠੋ, ਗੱਲ ਬਾਤ ਕਰੋ ਤਾਂ ਉਹ ਜਾਂ ਤਾਂ ਆਪਣੀ ਵਿਦੇਸ਼ ਬੈਠੀ ਔਲਾਦ ਦੀਆਂ ਗੱਲਾਂ ਕਰਨਗੇ ਜਾਂ ਫਿਰ ਆਪਣੀ ਬੀਮਾਰੀ ਦੀ ਗੱਲ ਕਰਨਗੇ। ਕਿਸੇ ਘਰ ਦਾ ਜਵਾਨ ਪੁੱਤ ਨਸ਼ੇ ਦੀ ਲਤ ਕਾਰਨ ਬੁਰੀ ਸੰਗਤ ਕਾਰਨ ਘਰੇ ਹੀ ਨੀ ਵੜਦਾ ਤਾਂ ਅਜਿਹੇ ਘਰਾਂ ਵਿੱਚ ਵੀ ਉਦਾਸੀ ਹੀ ਛਾਈ ਹੁੰਦੀ ਹੈ। ਮਿਲ਼ ਗਿਲ਼ ਕੇ ਜਦ ਬਾਹਰ ਪਿੰਡ ਦੀਆਂ ਗਲੀਆਂ ਵਿੱਚ ਨਿਕਲੋ ਤਾਂ ਗਲ਼ੀਆਂ ਵੀ ਉਦਾਸ ਜਿਹੀਆਂ ਜਾਪਦੀਆਂ ਹਨ। ਪਿੰਡਾਂ ਵਿੱਚ ਫ਼ੈਲਦੀ ਇਹ ਉਦਾਸੀ ਪਤਾ ਨਹੀਂ ਖੁਸ਼ੀ ਦੀ ਗੱਲ ਹੈ ਜਾਂ ਦੁੱਖ਼ ਦੀ ਗੱਲ ਹੈ ਪਰ ਫਿਰ ਵੀ ਉਦਾਸੀ ਤਾਂ ਉਦਾਸੀ ਹੁੰਦੀ ਹੈ।
ਵੈਸੇ ਤਾਂ ਆਪਣੇ ਪੰਜਾਬ ਦੇ ਪਿੰਡਾਂ ਦੀ ਰੌਣਕ, ਇੱਥੋਂ ਦਾ ਖਾਣ ਪੀਣ, ਖੁੱਲ੍ਹਦਿਲੀ ਦੀ ਮਿਸਾਲ ਦੁਨੀਆਂ ਭਰ ਵਿੱਚ ਜਾਣੀ ਜਾਂਦੀ ਰਹੀ ਹੈ। ਪੰਜਾਬ ਦੇ ਪਿੰਡਾਂ ਦੀਆਂ ਜਿਹੜੀਆਂ ਰੌਣਕਾਂ ਦੀਆਂ ਬਾਤਾਂ ਕਿੱਸੇ,ਕਹਾਣੀਆਂ,ਕਵਿਤਾਵਾਂ ਤੇ ਗੀਤਾਂ ਵਿੱਚ ਪੇਸ਼ ਕੀਤੀਆਂ ਜਾਂਦੀਆਂ ਸਨ, ਮੈਨੂੰ ਤਾਂ ਭੈਅ ਜਿਹਾ ਆਉਂਦਾ ਹੈ ਕਿ ਕਿਤੇ ਉਹ ਉੱਥੇ ਤੱਕ ਹੀ ਸੀਮਤ ਨਾ ਰਹਿ ਜਾਣ। ਪਿਛਲੇ ਇੱਕ ਡੇਢ ਦਹਾਕੇ ਪਹਿਲਾਂ ਦੇ ਮੁਕਾਬਲੇ ਅੱਜ ਦੇ ਪਿੰਡਾਂ ਦੀ ਰੌਣਕ ਵਿੱਚ ਕਾਫ਼ੀ ਕਮੀ ਆਈ ਹੈ। ਅਸੀਂ ਇੱਕ ਰਿਸ਼ਤੇਦਾਰ ਦੇ ਘਰ ਮਿਲ਼ਣ ਗਏ। ਸੰਯੁਕਤ ਪਰਿਵਾਰ ਹੋਣ ਕਰਕੇ ਸੁੱਖ ਨਾਲ ਉਹਨਾਂ ਦਾ ਟੱਬਰ ਭਾਰੀ ਸੀ। ਉਸ ਚਾਰ ਦੀਵਾਰੀ ਦੇ ਅੰਦਰ ਦਾ ਇਕੱਠ ਤੇ ਰੌਣਕ ਜਿਹੀ ਦਿਲ ਨੂੰ ਖੂਬ ਟੁੰਬਦੀ ਹੈ। ਕਿਉਂ ਕਿ ਉਹਨਾਂ ਦੇ ਚਾਰ ਪੁੱਤਰ ਇਕੱਠੇ ਰਹਿੰਦੇ ਹਨ ਤੇ ਅਗਾਂਹ ਉਹਨਾਂ ਦੇ ਦੋ ਜਾਂ ਤਿੰਨ ਧੀਆਂ ਪੁੱਤਰ, ਪਹਿਲਾਂ ਜਦ ਨਿੱਕੇ ਹੁੰਦੇ ਸਨ ਤਾਂ ਨਿਆਣਿਆਂ ਦੀ ਚਹਿਲ ਪਹਿਲ ਹੁੰਦੀ ਸੀ ਤੇ ਫਿਰ ਜਿਵੇਂ ਜਿਵੇਂ ਵੱਡੇ ਹੋਈ ਜਾਂਦੇ ਤਾਂ ਰੌਣਕ ਦਾ ਰੰਗ ਰੂਪ ਬਦਲਦਾ ਜਾਂਦਾ ,ਪਰ ਸਾਡੇ ਵਰਗੇ ਇਕਹਿਰੇ ਪਰਿਵਾਰ ਦਾ ਉਹਨਾਂ ਦੇ ਮੇਲ਼ ਵਰਗੇ ਪਰਿਵਾਰ ਵਿੱਚ ਬਹੁਤ ਦਿਲ ਲੱਗਦਾ। ਜਿਵੇਂ ਹੀ ਉਹਨਾਂ ਦੇ ਵੱਡੇ ਮੁੰਡੇ ਦਾ ਮੁੰਡਾ ਬਾਰਾਂ ਪੜ੍ਹ ਕੇ ਹਟਿਆ ਉਹ ਬਾਹਰ ਚਲਿਆ ਗਿਆ, ਫਿਰ ਦੋ ਨਿਆਣੇ ਹੋਰ ਬਾਹਰ ਚਲੇ ਗਏ, ਫਿਰ ਵੱਡੀ ਕੁੜੀ ਦਾ ਵਿਆਹ ਵਿਦੇਸ਼ ਰਹਿੰਦੇ ਮੁੰਡੇ ਨਾਲ਼ ਕਰ ਦਿੱਤਾ। ਨਿਆਣਿਆਂ ਦੇ ਵੱਡੇ ਹੁੰਦੇ ਹੀ ਰੌਣਕ ਤਾਂ ਉਸ ਘਰ ਦੀ ਵੀ ਘਟ ਰਹੀ ਸੀ।
ਇਸ ਵਾਰ ਵੀ ਜਦੋਂ ਉਹਨਾਂ ਨੂੰ ਮਿਲਣ ਗਏ ਤਾਂ ਵੱਡੇ ਪਰਿਵਾਰ ਵਿੱਚ ਬੈਠੇ ਗੱਲਾਂ ਕਰਦੇ ਹੋਏ ਆਨੰਦ ਆ ਰਿਹਾ ਸੀ। ਪਰ ਜਿਵੇਂ ਹੀ ਬੱਚਿਆਂ ਦਾ ਹਾਲ ਚਾਲ ਪੁੱਛਿਆ ਤਾਂ ਉਹ ਦੱਸਣ ਲੱਗੇ.... ‘ਸੁੱਖ ਨਾਲ..... ਵੱਡੇ ਦੇ ਦੋਵੇਂ ਨਿਆਣੇ ਪਹਿਲਾਂ ਹੀ ਕਨੇਡਾ ਸੈੱਟ ਹੋ ਗਏ ਹਨ.... ਉਸ ਤੋਂ ਛੋਟੇ ਦੀ ਕੁੜੀ ਲਈ ਵੀ..... ਵਧੀਆ ਬਾਹਰਲਾ ਪੱਕਾ ਮੁੰਡਾ ਮਿਲ਼ ਗਿਆ..... ਉਹਨੇ ਵੀ ਅਗਲੇ ਮਹੀਨੇ ਚਲੇ ਜਾਣਾ...... ਸਾਰਿਆਂ ਤੋਂ ਛੋਟੇ ਦਾ ਮੁੰਡਾ ਵੀ ਪੜ੍ਹਾਈ ਕਰਨ.... ਵੱਡਿਆਂ ਕੋਲ਼ ਈ ਚਲਿਆ ਗਿਆ ਹੈ..... ਛੋਟੇ ਦੀ ਕੁੜੀ ਹਜੇ ਸਕੂਲ ਵਿੱਚ ਪੜ੍ਹਦੀ ਹੈ..... ਬਾਰਵੀਂ ਕਰਕੇ ਉਹ ਵੀ ਬਾਹਰ ਨੂੰ ਈ ਜਾਊਗੀ..... ਆਹ ਵਿਚਾਲੜੇ ਦੀ ਕੁੜੀ ਦਾ ਵੀਜ਼ਾ ਵੀ ਲੱਗ ਗਿਆ... ਇਹ ਵੀ ਅਗਲੇ ਮਹੀਨੇ ਬਾਹਰ ਚੱਲੀ ਹੈ...... ਸਾਨੂੰ ਤਾਂ ਹੁਣ ਬਾਹਲ਼ੀ ਖੁਸ਼ੀ ਐ..... ਸਾਰੇ ਨਿਆਣੇ ਬਾਹਰ ਸੈੱਟ ਹੋ ਜਾਣੇ ਨੇ.... ਸਾਨੂੰ ਹੁਣ ਕੋਈ ਫ਼ਿਕਰ ਨਹੀਂ ਜਵਾਕਾਂ ਦਾ ....!’
ਅਸੀਂ ਵੀ ਖੁਸ਼ ਹੋ ਕੇ ਉਹਨਾਂ ਦੀ ਖੁਸ਼ੀ ਵਿੱਚ ਸ਼ਰੀਕ ਹੋ ਰਹੇ ਸੀ ਤੇ ਉਹਨਾਂ ਨੂੰ ਵਧਾਈ ਵੀ ਦਿੱਤੀ। ਪਰ ਮੈਨੂੰ ਮਨ ਹੀ ਮਨ ਆਪਣੇ ਪਿੰਡਾਂ ਦੀਆਂ ਗਲੀਆਂ ਦੀ ਉਦਾਸੀ ਖਾ ਰਹੀ ਸੀ । ਚਾਹੇ ਬੱਚਿਆਂ ਨੂੰ ਵਿਦੇਸ਼ ਤੋਰਨ ਤੋਂ ਪਹਿਲਾਂ ਅਸੀਂ ਸੌ ਸੌ ਸੁੱਖਾਂ ਸੁਖਦੇ ਹਾਂ..... ਉਹਨਾਂ ਨੂੰ ਚਾਈਂ ਚਾਈਂ ਵਿਦੇਸ਼ ਤੋਰਦੇ ਹਾਂ..... ਫ਼ਿਰ ਪਿੱਛੇ ਘਟਦੀ ਹੋਈ ਘਰ ਦੀ ਰੌਣਕ..... ਤੇ...... ਪਿੰਡਾਂ ਦੇ ਘਰਾਂ ਅੰਦਰਲੀ,ਸੱਥਾਂ ਅਤੇ ਗਲੀਆਂ ਦੀ ਉਦਾਸੀ ਤੋਂ ਬੇਖ਼ਬਰ ਇਸ ਕੌੜੇ ਘੁੱਟ ਨੂੰ ਪੀ ਰਹੇ ਹੁੰਦੇ ਹਾਂ। ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਦੇਸ਼ ਤੋਰ ਕੇ ਚਾਹੇ ਖ਼ੁਸ਼ੀਆਂ ਮਨਾਓ ਜਾਂ ਵਧਾਈਆਂ ਦੇਵੋ, ਅਕਸਰ ਨੂੰ ਉਦਾਸੀ ਤਾਂ ਉਦਾਸੀ ਹੁੰਦੀ ਐ।
ਬਰਜਿੰਦਰ ਕੌਰ ਬਿਸਰਾਓ
-ਮੋਬਾ: 9988901324

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ