Wednesday, January 22, 2025  

ਲੇਖ

ਗੁਲਜ਼ਾਰ ਤੇ ਪ੍ਰੋ. ਚਾਵਲਾ ਨੂੰ ਦਿੱਤੀਆਂ ਜਾਣਗੀਆਂ ਆਨਰਜ਼ ਕਾਜ਼ਾ ਡਿਗਰੀਆਂ

April 06, 2024

ਜੀਐਨਡੀਯੂ ਦੀ 49ਵੀਂ ਸਾਲਾਨਾ ਕਾਨਵੋਕੇਸ਼ਨ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਸ ਵਾਰ ਜਿੰਨ੍ਹਾਂ ਮਹਾਨ ਸਖਸ਼ੀਅਤਾਂ ਨੂੰ ਵੱਕਾਰੀ ਆਨਰਜ਼ ਕਾਜ਼ਾ ਡਿਗਰੀਆਂ ਦੇਣ ਦਾ ਫੈਸਲਾ ਹੋਇਆ ਹੈ ਉਨ੍ਹਾਂ ਵਿਚ ਉੱਘੇ ਲੇਖਕ ਸ੍ਰੀ ਗੁਲਜ਼ਾਰ (ਸ੍ਰੀ ਸੰਪੂਰਨ ਸਿੰਘ ਕਾਲੜਾ) ਤੇ ਉੱਘੇ ਪ੍ਰੋਫ਼ੈਸਰ ਡਾ.ਯੋਗੇਸ਼ ਕੁਮਾਰ ਚਾਵਲਾ ਸ਼ਾਮਿਲ ਹਨ। 6 ਅਪ੍ਰੈਲ 2024 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 49ਵੀਂ ਸਾਲਾਨਾ ਕਨਵੋਕੇਸ਼ਨ ਮੌਕੇ ਯੂਨੀਵਰਸਿਟੀ ਦੇ ਕੁਲਪਤੀ ਅਤੇ ਪੰਜਾਬ ਦੇ ਮਾਨਯੋਗ ਰਾਜਪਾਲ ਸ੍ਰੀ ਬਨਵਾਰੀਲਾਲ ਪ੍ਰੋਹਿਤ ਆਨਰਜ਼ ਕਾਜ਼ਾ ਅਤੇ ਹੋਰ ਡਿਗਰੀਆਂ ਦੇਣ ਲਈ ਉਚੇਚੇ ਤੌਰ ’ਤੇ ਪੁੱਜ ਰਹੇ ਹਨ।
ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਸ੍ਰੀ ਗੁਲਜ਼ਾਰ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ। ਉਨ੍ਹਾਂ ਵੱਲੋਂ ਆਪਣੇ ਖੇਤਰ ਵਿਚ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਧਿਆਨ ਵਿਚ ਰੱਖਦਿਆਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਅਤੇ ਸੈਨੇਟ ਨੇ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫ਼ੈਸਰ (ਡਾ.) ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਯੂਨੀਵਰਸਿਟੀ ਦੇ ਇਸ ਸੁਚੱਜੇ ਅਤੇ ਉਸਾਰੂ ਫੈਸਲੇ ਦੀ ਜਿੰਨ੍ਹੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ। ਭਾਰਤੀ ਸਿਨੇਮਾ, ਸਾਹਿਤ ਅਤੇ ਸਭਿਆਚਾਰ ਵਿਚ ਲਾਸਾਨੀ ਯੋਗਦਾਨ ਪਾਉਣ ਵਾਲੇ ਗੀਤਕਾਰ, ਗਜ਼ਲਗੋ, ਪਟਕਥਾ ਲੇਖਕ, ਫ਼ਿਲਮ ਡਾਇਰੈਕਟਰ ਤੇ ਨਿਰਮਾਤਾ ਸ੍ਰੀ ਗੁਲਜ਼ਾਰ ਨੂੰ ਭਾਸ਼ਾ ਫ਼ੈਕਲਟੀ ਵਿਚ ਡੀ.ਲਿਟ.(ਆਨਰਜ਼ ਕਾਜ਼ਾ) ਦੀ ਡਿਗਰੀ ਦਿੱਤੀ ਜਾਣੀ ਹੈ।
ਪ੍ਰੋਫ਼ੈਸਰ (ਡਾ.) ਯੋਗੇਸ਼ ਕੁਮਾਰ ਚਾਵਲਾ ਨੂੰ ਮੈਡੀਕਲ ਸਾਇੰਸਜ਼ ਦੀ ਫੈਕਲਟੀ ਵਿੱਚ ਡਾਕਟਰ ਆਫ਼ ਸਾਇੰਸ (ਆਨਰਜ਼ ਕਾਜ਼ਾ) ਦੀ ਡਿਗਰੀ ਦਿੱਤੀ ਜਾਣੀ ਹੈ, ਜਿਨ੍ਹਾਂ ਨੂੰ ਮੈਡੀਕਲ ਖੇਤਰ ਦੇ ਵੱਡੇ ਵਿਗਆਨੀ ਮੰਨਿਆ ਜਾ ਚੁੱਕਾ ਹੈ। ਇਸ ਮੌਕੇ ’ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਲਪਤੀ ਅਤੇ ਪੰਜਾਬ ਦੇ ਮਾਨਯੋਗ ਰਾਜਪਾਲ ਸ੍ਰੀ ਬਨਵਾਰੀਲਾਲ ਪੁਰੋਹਿਤ ਪੀਐਚਡੀ, ਪੋਸਟ ਗ੍ਰੇਜੂਏਟ ਅਤੇ ਗ੍ਰੇਜੂਏਟ ਵਿਦਆਰਥੀਆਂ ਨੂੰ ਵੀ ਡਿਗਰੀਆਂ ਪ੍ਰਦਾਨ ਕਰਨਗੇ।
ਸ੍ਰੀ ਗੁਲਜ਼ਾਰ ਜੀ ਦੀਆਂ ਸਿਨੇਮਾ ਅਤੇ ਸਾਹਿਤ ਜਗਤ ਵਿਚ ਕੀਤੀਆਂ ਘਾਲਣਾਵਾਂ ਨੂੰ ਵੇਖਦਿਆਂ ਡੀ. ਲਿਟ.(ਆਨਰਜ਼ ਕਾਜ਼ਾ) ਡਿਗਰੀ ਨਾਲ ਸਨਮਾਨਿਤ ਕਰਨਾ ਉਨ੍ਹਾਂ ਦੇ ਕੰਮਾਂ ਨੂੰ ਮਾਨਤਾ ਦੇਣਾ ਹੀ ਹੈ। ਉਨ੍ਹਾਂ ਦਾ ਅਸਲ ਨਾਂ ਸ੍ਰੀ ਸੰਪੂਰਨ ਸਿੰਘ ਕਾਲੜਾ ਹੈ ਪਰ ਉਹ ਗੁਲਜ਼ਾਰ ਦੇ ਨਾਂ ਹੇਠ ਜਾਣੇ ਜਾਂਦੇ ਹਨ। ਉਹ ਅਨੇਕਾਂ ਵੱਕਾਰੀ ਪੁਰਸਕਾਰਾਂ ਨੂੰ ਆਪਣੇ ਨਾਂ ਕਰ ਚੁੱਕੇ ਹਨ। ਜੇਹਲਮ (ਪਾਕਿਸਤਾਨ) ਦੇ ਪਿੰਡ ਦੀਨਾ ਵਿਚ ਪਿਤਾ ਮੱਖਣ ਸਿੰਘ ਕਾਲੜਾ ਅਤੇ ਮਾਤਾ ਸੁਜਾਨ ਕੌਰ ਦੇ ਘਰ 18 ਅਗਸਤ 1934 ਵਿਚ ਜਨਮੇ ਸੰਪੂਰਨ ਸਿੰਘ ਕਾਲੜਾ ਵੰਡ ਤੋਂ ਬਾਅਦ ਮੁੰਬਈ ਆ ਕੇ ਜਲਦੀ ਹੀ ਗੁਲਾਜ਼ਾਰ ਦੇ ਨਾਂ ਨਾਲ ਜਾਣੇ ਜਾਣ ਲੱਗੇ। ਸ੍ਰੀ ਗੁਲਜ਼ਾਰ ਨੇ ਸਿਨੇਮਾ ਜਗਤ ਵਿਚ ਇਕ ਗੀਤਕਾਰ ਵਜੋਂ ਆਪਣੇ ਸਫ਼ਰ ਦੀ ਸ਼ੁਰੂਆਤ 1963 ਵਿਚ ਫ਼ਿਲਮ ’ਬੰਧਿਨੀ’ ਨਾਲ ਕੀਤੀ। ਉਹਨਾਂ ਨੇ ਦਿਲ ਨੂੰ ਛੂਹ ਲੈਣ ਵਾਲੇ ਗੀਤਾਂ ਅਤੇ ਰੂਹ ਨੂੰ ਖਿੱਚ ਪਾਉਣ ਵਾਲੀਆਂ ਰਚਨਾਵਾਂ ਦੇ ਨਾਲ ਹਿੰਦੀ ਸਿਨੇਮਾ ਨੂੰ ਸਮੱਰਥ ਬਣਾਇਆ। ਅਦੁੱਤੀ ਸਾਹਿਤਕ ਪ੍ਰਤਿਭਾ ਕਰਕੇ ਉਨ੍ਹਾਂ ਨੂੰ 2002 ’ਚ ਸਾਹਿਤ ਅਕਾਦਮੀ ਪੁਰਸਕਾਰ, 2004 ’ਚ ਪਦਮ ਭੂਸ਼ਣ ਪੁਰਸਕਾਰ, 2013 ’ਚ 40 ਤੋਂ ਵੱਧ ਫ਼ਿਲਮਾਂ ਵਿਚ ਗੀਤ ਲਿਖਣ ਲਈ ਉੱਤਮ ਗੀਤਕਾਰ ਦੇ ਤੌਰ ਤੇ ਵਿਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਨੂੰ 9 ਵਾਰ ਉੱਤਮ ਗੀਤਕਾਰ ਵਜੋਂ ਐਵਾਰਡ ਮਿਲੇ ਹਨ। 2023 ਵਿਚ ਉਨ੍ਹਾਂ ਨੂੰ ਦੇਸ਼ ਦੇ ਮਾਣਮੱਤੇ ਅਤੇ ਵੱਕਾਰੀ ਪੁਰਸਕਾਰ ਗਿਆਨਪੀਠ ਪੁਰਸਕਾਰ ਨਾਲ ਨਿਵਾਜਿਆ ਜਾਣਾ ਉਨ੍ਹਾਂ ਦੀ ਬਹੁ-ਪੱਖੀ ਸਖਸ਼ੀਅਤ ਅਤੇ ਉਨ੍ਹਾਂ ਸਾਹਿਤਕ ਜਗਤ ਭਾਸ਼ਾਈ ਸੀਮਾਵਾਂ ਤੋਂ ਪਾਰ ਫੈਲੇ ਹੋਣ ਦੀ ਗਵਾਹੀ ਭਰਦਾ ਹੈ। ਪ੍ਰਮੁੱਖ ਰੂਪ ਵਿਚ ਉਰਦੂ ਅਤੇ ਪੰਜਾਬੀ ਵਿਚ ਲਿਖਣ ਤੋਂ ਇਲਾਵਾ ਮਾਰਵਾੜੀ, ਭੋਜਪੁਰੀ ਤੇ ਹੋਰ ਭਾਸ਼ਾਵਾਂ ਵਿਚ ਵੀ ਸਾਹਿਤ ਰਚਨਾ ਕੀਤੀ ਹੈ।
2009 ’ਚ ਸਲਮਡਾਗ ਮਿਲੇਨਿਅਮ ਲਈ ਲਿਖੇ ਗੀਤ ‘ਜੈ ਹੋ’ ਲਈ ਆਸਕਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸੱਭਿਆਚਾਰਕ ਆਦਾਨ-ਪ੍ਰਦਾਨ ਦੇ ਪ੍ਰਸਾਰ ਲਈ ਸ੍ਰੀ ਗੁਲਜ਼ਾਰ ਜੀ ਦੀ ਪ੍ਰਤਿਬੱਧਤਾ ਉਹਨਾਂ ਦੀਆਂ ਸਿਨੇਮਾ ਸਬੰਧੀ ਪ੍ਰਾਪਤੀਆਂ ਤੋਂ ਪਾਰ ਫੈਲ ਜਾਂਦੀ ਹੈ। ਅਕਾਦਮਿਕ ਜਗਤ ਵਿਚ ਸ੍ਰੀ ਗੁਲਜ਼ਾਰ ਜੀ ਨੇ ਅਪ੍ਰੈਲ 2013 ਵਿਚ ਆਸਾਮ ਯੂਨੀਵਰਸਿਟੀ ਦੇ ਕੁਲਪਤੀ ਦੀ ਗੌਰਵਸ਼ਾਲੀ ਭੂਮਿਕਾ ਨੂੰ ਨਿਭਾਉਂਦੇ ਹੋਏ ਆਪਣੇ ਅਕਾਦਮਿਕ ਅਤੇ ਬੌਧਿਕ ਸਰਗਰਮੀਆਂ ਪ੍ਰਤੀ ਸਮਰਪਣ ਨੂੰ ਰੇਖਾਂਕਿਤ ਕੀਤਾ ਹੈ।
ਮੈਡੀਕਲ, ਅਕਾਦਮਿਕ, ਖੋਜ ਅਤੇ ਪ੍ਰਸ਼ਾਸਨਿਕ ਖੇਤਰਾਂ ਵਿੱਚ ਬਹੁਪੱਖੀ ਸ਼ਖਸ਼ੀਅਤ ਦੇ ਤੌਰ ਤੇ ਜਾਣੇ ਜਾਂਦੇ ਪ੍ਰੋਫ਼ੈਸਰ (ਡਾ.) ਯੋਗੇਸ਼ ਕੁਮਾਰ ਚਾਵਲਾ ਆਪਣੇ ਆਪ ਵਿਚ ਹੀ ਇੱਕ ਸੰਸਥਾ ਹਨ। ਉਹ ਪੀ.ਜੀ.ਆਈ.ਐਮ.ਆਰ ਦੇ ਸਾਬਕਾ ਡਾਇਰੈਕਟਰ, ਐਮਰੀਟਸ ਪ੍ਰੋਫ਼ੈਸਰ ਅਤੇ ਹੈਪੇਟੋਲੋਜੀ ਵਿਭਾਗ ਦੇ ਪ੍ਰੋਫ਼ੈਸਰ ਅਤੇ ਮੁਖੀ ਵੀ ਰਹਿ ਚੁੱਕੇ ਹਨ। ਪ੍ਰੋਫ਼ੈਸਰ (ਡਾ.) ਚਾਵਲਾ ਦੀ ਵਿਦਵਤਾ ਭਰਪੂਰ ਖੋਜ ਉਹਨਾਂ ਦੀਆਂ ਵਿਆਪਕ ਪ੍ਰਕਾਸ਼ਨਾਵਾਂ ਵਿਚ ਪ੍ਰÇਤਿਬੰਬਤ ਹੁੰਦੀ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਸਾਲਿਆਂ ਵਿਚ 475 ਖੋਜ-ਪੱਤਰ ਅਤੇ 16000 ਤੋਂ ਜ਼ਿਆਦਾ ਹਵਾਲੇ ਸ਼ਾਮਲ ਹਨ। ਉਹਨਾਂ ਦੀ ਅਗਵਾਈ ਹੇਠ ਪੀ.ਜੀ.ਆਈ.ਐਮ.ਈ.ਆਰ ਨੇ ਇਲਾਜ ਦੇ ਢੰਗ, ਬੁਨਿਆਦੀ ਢਾਂਚੇ ਦੇ ਸੁਧਾਰ ਅਤੇ ਮਰੀਜ਼ਾਂ ਦੀਆਂ ਸੁਵਿਧਾਵਾਂ ਵਿਚ ਸ਼ਾਨਦਾਰ ਤਰੱਕੀ ਕੀਤੀ ਹੈ। ਇੰਨ੍ਹਾਂ ਵਿਚ ਆਨਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ, ਰਿਪੋਰਟਾਂ ਦੀ ਪ੍ਰਾਪਤੀ, ਐਮਰਜੈਂਸੀ ਵਿਭਾਗਾਂ ਵਿਚ ਟ੍ਰਾਈਜ ਖੇਤਰਾਂ ਦੀ ਸਥਾਪਨਾ ਅਤੇ ਲਾਗ ਨਿਯੰਤਰਣ ਅਭਿਆਸਾਂ ਨੂੰ ਲਾਗੂ ਕਰਨਾ ਸ਼ਾਮਲ ਹੈ। ਪ੍ਰੋਫ਼ੈਸਰ (ਡਾ.) ਚਾਵਲਾ ਦੇ ਕਾਰਜਕਾਲ ਵਿਚ ਅੰਗ ਟ੍ਰਾਂਸਪਲਾਂਟੇਸ਼ਨ ਦੇ ਖੇਤਰ ਵਿਚ ਵੀ ਮਹੱਤਵਪੂਰਨ ਪ੍ਰਗਤੀ ਦੇ ਨਾਲ ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਨੇ ਠੋਸ ਅੰਗ ਟ੍ਰਾਂਸਪਲਾਂਟੇਸ਼ਨ ਵਿਚ ਇੱਕ ਮੋਹਰੀ ਵਜੋਂ ਉੱਭਰਿਆ ਅਤੇ ਭਾਰਤ ਸਰਕਾਰ ਦੁਆਰਾ ਇੱਕ ਖੇਤਰੀ ਅੰਗ ਅਤੇ ਟਿਸ਼ੂ ਆਰਗਨ ਟ੍ਰਾਂਸਪਲਾਂਟ ਆਰਗੇਨਾਈਜ਼ੇਸ਼ਨ (ਰੋਟੋ) ਕੇਂਦਰ ਵਜੋਂ ਮਨੋਨੀਤ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰੋਫ਼ੈਸਰ ਚਾਵਲਾ ਨੇ ਦੇਸ਼ ਵਿਚ ਪਹਿਲਾ ਡੀ.ਐਮ.ਹੈਪੇਟੋਲੋਜੀ ਪ੍ਰੋਗਰਾਮ ਸ਼ੁਰੂ ਕੀਤਾ ਅਤੇ ਮੈਡੀਕਲ ਖੋਜ ਦੇ ਵੱਖ-ਵੱਖ ਖੇਤਰਾਂ ਵਿਚ ਉਤਕ੍ਰਿਸ਼ਟ ਕੇਂਦਰਾਂ ਦੀ ਸਥਾਪਨਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਪ੍ਰੋਫ਼ੈਸਰ (ਡਾ.) ਚਾਵਲਾ ਦਾ ਪ੍ਰਭਾਵ ਰਾਸ਼ਟਰੀ ਸੀਮਾਵਾਂ ਤੋਂ ਪਾਰ ਫੈਲਿਆ ਹੋਇਆ ਹੈ। ਵੱਕਾਰੀ ਵਿਗਆਨਕ ਸੰਸਥਾਵਾਂ ਅਤੇ ਪ੍ਰਸਿੱਧ ਰਸਾਲਿਆਂ ਦੇ ਸੰਪਾਦਕੀ ਬੋਰਡਾਂ ਵਿੱਚ ਉਹਨਾਂ ਦੀ ਮੈਂਬਰਸ਼ਿਪ ਹੋਣਾ ਵੀ ਮਾਣ ਵਾਲੀ ਗੱਲ ਹੈ।
ਪ੍ਰਵੀਨ ਪੁਰੀ
-ਮੋਬਾ: 9878277423

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ