Wednesday, January 22, 2025  

ਲੇਖ

ਸਮਾਜਿਕ ਸਮਾਗਮਾਂ ਤੇ ਵਾਤਾਵਰਣ ਦੀ ਸੰਭਾਲ

April 09, 2024

ਅਕਸਰ ਵੇਖਿਆ ਜਾਂਦਾ ਹੈ ਕਿ ਸਮਾਜਿਕ ਜਾਂ ਧਾਰਮਿਕ ਸਮਾਗਮਾਂ ਦੇ ਮੌਕਿਆਂ ਉੱਤੇ ਲੋਕ ਆਪਣੇ ਵੱਲੋਂ ਆਯੋਜਿਤ ਕੀਤੇ ਪ੍ਰੋਗਰਾਮਾਂ ਦਾ ਧਿਆਨ ਤਾਂ ਬੜੀ ਗੰਭੀਰਤਾ ਨਾਲ ਰੱਖਦੇ ਹਨ ਪਰ ਵਾਤਾਵਰਨ ਦੀ ਸਾਂਭ-ਸੰਭਾਲ ਨੂੰ ਕਿਤੇ ਨਾ ਕਿਤੇ ਅੱਖੋਂ-ਪਰੋਖੇ ਕਰ ਹੀ ਦਿੰਦੇ ਹਨ ਜਿਸ ਨਾਲ ਇਕੱਤਰਤਾ ਵਾਲੀ ਥਾਂ ਉੱਤੇ ਵੱਖ-ਵੱਖ ਤਰ੍ਹਾਂ ਦੇ ਪ੍ਰਦੁਸ਼ਣ ਜਿਵੇਂ ਹਵਾ, ਪਾਣੀ, ਆਵਾਜ਼ ਅਤੇ ਮਿੱਟੀ ਦੇ ਪ੍ਰਦੂਸ਼ਣ ਵੱਡੇ ਪੱਧਰ ’ਤੇ ਫੈਲ ਜਾਂਦੇ ਹਨ। ਇਸ ਲਈ ਪ੍ਰੋਗਰਾਮਾਂ ਦੇ ਪ੍ਰਬੰਧਕਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਪ੍ਰੋਗਰਾਮ ਵਾਲੀ ਥਾਂ ਉੱਤੇ ਘੱਟੋ-ਘੱਟ ਪ੍ਰਦੂਸ਼ਣ ਫੈਲੇ, ਜਿਵੇਂ ਸਮਾਗਮ ਵਾਲੀ ਥਾਂ ਉੱਤੇ ਭੋਜਨ ਆਦਿ ਦਾ ਪ੍ਰਬੰਧ ਕਰਦਿਆਂ ਪਲਾਸਟਿਕ ਦੇ ਬਰਤਨਾਂ ਦੀ ਵਰਤੋਂ ਨਾ ਕੀਤੀ ਜਾਵੇ।
ਜੇ ਹੋ ਸਕੇ ਤਾਂ ਪਿੱਤਲ ਜਾਂ ਸਟੀਲ ਦੇ ਭਾਂਡਿਆਂ ਦੀ ਵਰਤੋਂ ਕੀਤੀ ਜਾਵੇ ਅਤੇ ਇਨ੍ਹਾਂ ਦੀ ਸਾਫ਼-ਸਫ਼ਾਈ ਵਾਸਤੇ ਭੱਠੀ ਦੀ ਸੁਆਹ ਦੀ ਵਰਤੋਂ ਕੀਤੀ ਜਾਵੇ। ਜੇਕਰ ਸੰਭਵ ਹੋਵੇ ਤਾਂ ਪੱਤਲਾਂ ਦਾ ਇੰਤਜ਼ਾਮ ਕੀਤਾ ਜਾਵੇ ਕਿਉਂਕਿ ਇਹ ਸਮਾਂ ਪਾ ਕੇ ਆਪਣੇ ਆਪ ਨਸ਼ਟ ਹੋ ਜਾਂਦੀਆਂ ਹਨ ਅਤੇ ਕਿਸੇ ਕਿਸਮ ਦਾ ਪ੍ਰਦੂਸ਼ਣ ਨਹੀਂ ਕਰਦੀਆਂ ਹਨ। ਆਯੋਜਕਾਂ ਵੱਲੋਂ ਧਿਆਨ ਰੱਖਿਆ ਜਾਵੇ ਕਿ ਜਸ਼ਨ ਜਾਂ ਪ੍ਰੋਗਰਾਮ ਵਾਲੀ ਥਾਂ ਉੱਤੇ ਵਰਤੇ ਜਾਂਦੇ ਲਾਊਡ-ਸਪੀਕਰ ਦੀ ਆਵਾਜ਼ ਆਯੋਜਨ ਵਾਲੀ ਇਮਾਰਤ ਦੇ ਅੰਦਰ ਤੱਕ ਹੀ ਸੀਮਿਤ ਰਹੇ। ਕਿਸੇ ਵੀ ਤਰ੍ਹਾਂ ਦੇ ਖੁਸ਼ੀ ਵਾਲੇ ਮੌਕੇ ਤੇ ਘਰ ਜਾਂ ਪੈਲੇਸ ਆਦਿ ਦੀ ਸਜਾਵਟ ਲਈ ਤਾਜ਼ੇ ਫੁੱਲਾਂ ਅਤੇ ਆਰਗੈਨਿਕ ਰੰਗਾਂ ਦੀ ਵਰਤੋਂ ਹੀ ਕੀਤੀ ਜਾਵੇ।
ਵਾਤਾਵਰਣ ਦੀ ਸਾਂਭ-ਸੰਭਾਲ ਵਿੱਚ ਮਹਿਲਾਵਾਂ ਵੀ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀਆਂ ਹਨ ਜਿਵੇਂ ਕਿ ਤਿਉਹਾਰਾਂ ਜਾਂ ਵਿਆਹ ਸ਼ਾਦੀਆਂ ਸਮੇਂ ‘ਮੇਕਅੱਪ’ ਕਰਦਿਆਂ ਪਲਾਸਟਿਕ ਪਦਾਰਥਾਂ ਜਾਂ ਸਮੱਗਰੀ ਦੀ ਵਰਤੋਂ ਕਰਨ ਦੀ ਬਜਾਏ ਆਰਗੈਨਿਕ ਸਮੱਗਰੀ ਦੀ ਵਰਤੋਂ ਕੀਤੀ ਜਾਵੇ। ਅਕਸਰ ਵੇਖਿਆ ਜਾਂਦਾ ਹੈ ਕਿ ਕਿਸੇ ਖੁਸ਼ੀ ਦੇ ਮੌਕੇ ’ਤੇ ਪਟਾਕੇ ਚਲਾਉਣ ਨੂੰ ਬੜੀ ਅਹਿਮੀਅਤ ਦਿੱਤੀ ਜਾਂਦੀ ਹੈ। ਉਸ ਵੇਲੇ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹ ਪਟਾਕੇ ਬਹੁ-ਤਰਫਾ ਪ੍ਰਦੂਸ਼ਣ ਜਿਵੇ ਕਿ ਹਵਾ,ਆਵਾਜ਼ ਅਤੇ ਰੋਸ਼ਨੀ ਦਾ ਪ੍ਰਦੂਸ਼ਣ ਪੈਦਾ ਕਰਦੇ ਹਨ।
ਅਸੀਂ ਸਭ ਜਾਣਦੇ ਹਾਂ ਕਿ ਸਮਾਜਿਕ ਪ੍ਰੋਗਰਾਮਾਂ ਵੇਲੇ ਇਕੱਤਰਤਾ ਵਾਲੀ ਥਾਂ ਉੱਤੇ ਪਹੁੰਚਣ ਲਈ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕਰਨੀ ਪੈਂਦੀ ਹੈ। ਅਸੀਂ ਆਵਾਜਾਈ ਲਈ ਸਾਂਝੇ ਵਾਹਨਾਂ ਦੀ ਵਰਤੋਂ ਕਰਕੇ ਇੱਕ ਸੂਝਵਾਨ ਨਾਗਰਿਕ ਹੋਣ ਦੀ ਭੂਮਿਕਾ ਨਿਭਾਅ ਸਕਦੇ ਹਾਂ। ਜੇਕਰ ਸੰਭਵ ਹੋਵੇ ਤਾਂ ਜਨਤਕ ਸਾਧਨਾਂ ਦੀ ਵਰਤੋਂ ਕਰਕੇ ਮਿੱਥੇ ਸਥਾਨ ਉੱਤੇ ਪਹੁੰਚਿਆ ਜਾਵੇ। ਵਿਆਹ-ਸ਼ਾਦੀਆਂ ਵਿੱਚ ਸੱਦਾ ਦੇਣ ਲਈ ਡੱਬੇ ਵੰਡਣਾ ਅਤੇ ਮੇਜ਼ਬਾਨ ਵੱਲੋਂ ਪ੍ਰੋਗਰਾਮ ਵਿੱਚ ਆਏ ਪ੍ਰਾਹੁਣਿਆਂ ਨੂੰ ਮੋੜਵੇਂ ਤੋਹਫ਼ੇ ਦੇਣਾ ਸਮਾਜ ਵਿੱਚ ਰਿਵਾਜ ਬਣ ਚੁੱਕਾ ਹੈ। ਤੋਹਫ਼ਿਆਂ ਦੇ ਇਸ ਲੈਣ-ਦੇਣ ਵਿੱਚ ਜੇਕਰ ਅਸੀਂ ਆਰਗੈਨਿਕ ਤੋਹਫਿਆਂ ਦੀ ਵਰਤੋਂ ਕਰੀਏ ਤਾਂ ਚੌਗਿਰਦੇ ਨੂੰ ਸਾਫ਼-ਸੁਥਰਾ ਰੱਖਣ ਵਿੱਚ ਇਹ ਸਾਡਾ ਵੱਡਮੁੱਲਾ ਯੋਗਦਾਨ ਹੋਵੇਗਾ। ਇੱਕ ਚੀਜ਼ ਜਿਹੜੀ ਅਸੀਂ ਸਾਰੇ ਅਕਸਰ ਵੇਖਦੇ ਹਾਂ ਕਿ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ਵਿੱਚ ਭੋਜਨ ਪਦਾਰਥਾਂ ਦਾ ਇੱਕ ਵੱਡਾ ਹਿੱਸਾ ਵਿਅਰਥ ਕਰਕੇ ਕੂੜੇਦਾਨ ਵਿੱਚ ਸੁੱਟ ਦਿੱਤਾ ਜਾਂਦਾ ਹੈ ਜੋ ਕਿ ਬਹੁਤ ਨਿੰਦਣਯੋਗ ਹੈ।
ਇਸ ਲਈ ਪ੍ਰੋਗਰਾਮ ਦੇ ਆਯੋਜਕਾਂ ਵੱਲੋਂ ਆਏ ਮਹਿਮਾਨਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਬੇਨਤੀ ਕਰਕੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਵਿੱਚ ਵੱਡੀ ਭੂਮਿਕਾ ਨਿਭਾਈ ਜਾ ਸਕਦੀ ਹੈ। ਅਜੋਕੇ ਸਮੇਂ ਵਿੱਚ ਬੱਚਿਆਂ ਦਾ ਜਨਮ ਦਿਨ ਮਨਾਉਣ ਦਾ ਰਿਵਾਜ ਕਾਫ਼ੀ ਪ੍ਰਚਲਿਤ ਹੋ ਚੁੱਕਿਆ ਹੈ। ਅਜਿਹੇ ਸਮੇਂ ਤੇ ਅਸੀਂ ਨਵੇਂ ਪੌਦੇ ਲਗਾ ਕੇ ਵਾਤਾਵਰਨ ਨੂੰ ਸਾਫ਼ ਰੱਖਣ ਦਾ ਸੰਦੇਸ਼ ਦੇ ਸਕਦੇ ਹਾਂ ਅਤੇ ਬੱਚਿਆਂ ਨੂੰ ਵੀ ਪੌਦਿਆਂ ਦੀ ਮਹੱਤਤਾ ਸਮਝਾ ਕੇ ਆਪਣੇ ਚੌਗਿਰਦੇ ਦੀ ਸਾਂਭ-ਸੰਭਾਲ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਦੇ ਹਾਂ।
ਅਸ਼ਵਨੀ ਚਤਰਥ
-ਮੋਬਾ : 62842-20595

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ