Wednesday, January 22, 2025  

ਲੇਖ

ਸਮਾਜ ਸੁਧਾਰਕ ਜੋਤੀਰਾਓ ਗੋਵਿੰਦਰਾਓ ਫੂਲੇ ਨੂੰ ਯਾਦ ਕਰਦਿਆਂ...

April 10, 2024

ਮਹਾਤਮਾ ਜੋਤੀਬਾ ਫੂਲੇ ਦਾ ਪੂਰਾ ਨਾਂ ਜੋਤੀਰਾਓ ਗੋਵਿੰਦਰਾਓ ਫੂਲੇ ਸੀ। ਉਸਨੂੰ ‘ਮਹਾਤਮਾ ਫੂਲੇ’ ਵਜੋਂ ਵੀ ਜਾਣਿਆ ਜਾਂਦਾ ਹੈ। ਜੋਤੀਬਾ ਫੂਲੇ ਇੱਕ ਮਹਾਨ ਭਾਰਤੀ ਚਿੰਤਕ, ਸਮਾਜ ਸੇਵੀ, ਲੇਖਕ ਅਤੇ ਦਾਰਸ਼ਨਿਕ ਸਨ।
ਮਹਾਤਮਾ ਜੋਤੀਬਾ ਫੂਲੇ ਦਾ ਜਨਮ 11 ਅਪ੍ਰੈਲ 1827 ਨੂੰ ਸਤਾਰਾ ਜ਼ਿਲ੍ਹੇ ਦੇ ਪਿੰਡ ਕਟਗੁਨ ਵਿੱਚ ਇੱਕ ਮਾਲੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੀ ਮਾਤਾ ਦਾ ਨਾਮ ਚਿਮਨ ਬਾਈ ਅਤੇ ਪਿਤਾ ਦਾ ਨਾਮ ਗੋਵਿੰਦ ਰਾਓ ਸੀ।
ਉਹ ਇੱਕ ਅਜਿਹੇ ਪਰਿਵਾਰ ਨਾਲ ਸਬੰਧਤ ਸੀ ਜਿੱਥੇ ਪੜ੍ਹਨਾ ਅਤੇ ਲਿਖਣਾ ਇੱਕ ਦੂਰ ਦਾ ਸੁਪਨਾ ਸੀ। ਉਸ ਦਾ ਪਰਿਵਾਰ ਕਈ ਪੀੜ੍ਹੀਆਂ ਪਹਿਲਾਂ ਤੋਂ ਬਾਗਬਾਨ( ਮਾਲੀ) ਵਜੋਂ ਕੰਮ ਕਰਦਾ ਸੀ। ਉਸਦਾ ਪਰਿਵਾਰ ਫੁੱਲਾਂ ਤੋਂ ਗਜਰੇ ਆਦਿ ਬਣਾਉਂਦਾ ਸੀ, ਇਸ ਲਈ ਉਸਨੂੰ ‘ਫੂਲੇ’ ਉਪਨਾਮ ਨਾਲ ਇੱਕ ਨਵੀਂ ਪਛਾਣ ਮਿਲੀ ਅਤੇ ਉਹ ਇਸ ਨਾਮ ਨਾਲ ਜਾਣੇ ਜਾਣ ਲੱਗੇ। ਜਦੋਂ ਉਹ ਸਿਰਫ 9 ਮਹੀਨਿਆਂ ਦੇ ਸਨ ਓਦੋਂ ਜਯੋਤੀਬਾ ਦੀ ਮਾਤਾ ਦੀ ਮੌਤ ਹੋ ਗਈ। ਉਸਦੀ ਮਾਂ ਦੀ ਮੌਤ ਤੋਂ ਬਾਅਦ ਉਸਦੇ ਪਿਤਾ ਨੇ ਹੀ ਉਸਦੀ ਦੇਖਭਾਲ ਕੀਤੀ।
ਜੋਤੀਬਾ ਬਚਪਨ ਤੋਂ ਹੀ ਬਹੁਤ ਹੋਣਹਾਰ ਵਿਦਿਆਰਥੀ ਸੀ। ਉਸਨੇ ਆਪਣੀ ਮੁੱਢਲੀ ਸਿੱਖਿਆ ਮਰਾਠੀ ਮਾਧਿਅਮ ਤੋਂ ਅਤੇ ਸੈਕੰਡਰੀ ਸਿੱਖਿਆ ਸਕਾਟਿਸ਼ ਮਿਸ਼ਨ ਹਾਈ ਸਕੂਲ ਤੋਂ ਪੂਰੀ ਕੀਤੀ। ਆਪਣੇ ਸਕੂਲੀ ਜੀਵਨ ਵਿੱਚ ਆਪ ਇੱਕ ਅਨੁਸ਼ਾਸਿਤ ਅਤੇ ਬੁੱਧੀਮਾਨ ਵਿਦਿਆਰਥੀ ਵਜੋਂ ਪ੍ਰਸਿੱਧ ਸੀ।
ਮੁੱਢਲੀ ਸਿੱਖਿਆ ਤੋਂ ਬਾਅਦ ਜੋਤੀਬਾ ਨੇ ਕੁਝ ਸਮਾਂ ਸਬਜ਼ੀ ਵੇਚਣ ਦਾ ਕੰਮ ਵੀ ਕੀਤਾ।
1840 ਵਿੱਚ 13 ਸਾਲ ਦੀ ਉਮਰ ਵਿੱਚ ਜੋਤੀਬਾ ਦਾ ਵਿਆਹ ਸਾਵਿਤਰੀਬਾਈ ਨਾਲ ਹੋਇਆ ਜੋ ਕਿ ਪੂਰੀ ਤਰ੍ਹਾਂ ਅਨਪੜ ਸੀ । ਸਾਵਿਤਰੀਬਾਈ ਨੇ ਅਨਪੜ੍ਹ ਹੋਣ ਦੇ ਬਾਵਜੂਦ ਸਿੱਖਿਆ ਦੇ ਮਹੱਤਵ ਨੂੰ ਸਮਝਿਆ। ਸਾਵਿਤਰੀਬਾਈ ਨੇ ਆਪਣੇ ਪਤੀ ਨੂੰ ਹਰ ਸਮਾਜਕ ਕਾਰਜ ਵਿੱਚ ਸਰਗਰਮੀ ਨਾਲ ਸਹਿਯੋਗ ਦਿੱਤਾ। ਉਸਦੇ ਸਹਿਯੋਗ ਨੇ ਇੱਕ ਵੱਡੀ ਤਬਦੀਲੀ ਦਾ ਮੁੱਢ ਬੰਨਿ੍ਹਆ। ਇੱਕ ਵਾਰ ਜੋਤੀਬਾ ਆਪਣੇ ਉੱਚ ਜਾਤੀ ਦੇ ਦੋਸਤ ਦੇ ਵਿਆਹ ਵਿੱਚ ਸ਼ਾਮਿਲ ਹੋਣ ਗਏ। ਜਦੋਂ ਵਿਆਹ ਦੇ ਮਹਿਮਾਨਾਂ ਨੂੰ ਪਤਾ ਲੱਗਿਆ ਕਿ ਉਹ ਮਾਲੀ ਜਾਤੀ ਨਾਲ ਸਬੰਧਤ ਹੈ ਤਾਂ ਓਹਨਾਂ ਨਾ ਸਿਰਫ ਜੋਤੀਬਾ ਦਾ ਅਪਮਾਨ ਕੀਤਾ, ਉਸ ਨੂੰ ਬਾਹਰ ਜਾਣ ਲਈ ਵੀ ਕਿਹਾ।
ਉਸ ਨੂੰ ਇਹ ਕਹਿ ਕੇ ਬੁਰੀ ਤਰ੍ਹਾਂ ਬੇਇੱਜ਼ਤ ਕੀਤਾ ਗਿਆ ਸੀ, ‘ਤੁਸੀਂ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਨੀਵੀਂ ਜਾਤ ਦੇ ਹੋ, ਇਸ ਲਈ ਤੁਸੀਂ ਨੀਵੇਂ ਹੀ ਰਹੋਗੇ’। ਇਸ ਗੰਭੀਰ ਬੇਇੱਜ਼ਤੀ ਨੇ ਉਸ ਦੇ ਦਿਲ ਨੂੰ ਹਿਲਾ ਕੇ ਰੱਖ ਦਿੱਤਾ।
ਜੋਤੀਬਾ ਨੂੰ ਉਸ ਦਿਨ ਸਮਾਜਿਕ ਅਸਮਾਨਤਾ ਦੀ ਗੰਭੀਰਤਾ ਦਾ ਅਹਿਸਾਸ ਹੋਇਆ ਕਿ ਕਿਵੇਂ ਜਾਤ-ਪਾਤ ਦੇ ਨਾਂ ’ਤੇ ਮਨੁੱਖਾਂ ਵਿਚਕਾਰ ਵਿਤਕਰਾ ਹੁੰਦਾ ਹੈ। ਉਹ ਹੁਣ ਚੰਗੀ ਤਰ੍ਹਾਂ ਸਮਝ ਗਿਆ ਸੀ ਕਿ ਇਸੇ ਸੌੜੀ ਵਿਚਾਰਧਾਰਾ ਨੇ ਹੀ ਭਾਰਤੀ ਧਰਮ ਨੂੰ ਪਤਨ ਵੱਲ ਧੱਕਿਆ ਹੋਇਆ ਹੈ। ਫਿਰ ਉਸ ਨੇ ਸਮਾਜਿਕ ਬੁਰਾਈਆਂ ਨਾਲ ਲੜ ਕੇ ਮਨੁੱਖਤਾ ਨੂੰ ਉੱਚਾ ਚੁੱਕਣ ਦਾ ਦਿ੍ਰੜ ਸੰਕਲਪ ਲਿਆ ਅਤੇ ਅਜਿਹਾ ਸੰਕਲਪ ਲੈ ਕੇ ਉਸ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ।
ਮਹਾਤਮਾ ਫੂਲੇ ਅੰਗਰੇਜ਼ੀ-ਅਮਰੀਕੀ ਦਾਰਸ਼ਨਿਕ ਥਾਮਸ ਪੇਨ ਦੀ ਕਿਤਾਬ "ਦਿ ਰਾਈਟਸ ਆਫ਼ ਮੈਨ" ਤੋਂ ਬਹੁਤ ਪ੍ਰਭਾਵਿਤ ਸਨ ਅਤੇ ਉਹਨਾਂ ਦਾ ਮੰਨਣਾ ਸੀ ਕਿ ਸਮਾਜਿਕ ਬੁਰਾਈਆਂ ਨਾਲ ਨਜਿੱਠਣ ਦਾ ਇੱਕੋ ਇੱਕ ਹੱਲ ਔਰਤਾਂ ਅਤੇ ਨੀਵੀ ਜਾਤ ਦੇ ਲੋਕਾਂ ਦੀ ਸਿੱਖਿਆ ਹੈ। ਉਹ ਸਮਾਜਿਕ ਨਿਆਂ ਦੇ ਵਿਚਾਰ ਤੋਂ ਪ੍ਰਭਾਵਿਤ ਸੀ ਅਤੇ ਹਰ ਕਿਸੇ ਨੂੰ ਨਿਆਂ ਦਿਲਾਉਣਾ ਚਾਹੁੰਦੇ ਸਨ।
ਜੋਤੀਬਾ ਜਾਣਦੇ ਸਨ ਕਿ ਦੇਸ਼ ਅਤੇ ਸਮਾਜ ਦੀ ਅਸਲ ਤਰੱਕੀ ਉਦੋਂ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਦੇਸ਼ ਦਾ ਹਰ ਨਾਗਰਿਕ ਜਾਤ-ਪਾਤ ਦੇ ਬੰਧਨਾਂ ਤੋਂ ਮੁਕਤ ਨਹੀਂ ਹੁੰਦਾ ਅਤੇ ਦੇਸ਼ ਦੀਆਂ ਔਰਤਾਂ ਨੂੰ ਸਮਾਜ ਦੇ ਹਰ ਖੇਤਰ ਵਿੱਚ ਬਰਾਬਰੀ ਦਾ ਅਧਿਕਾਰ ਨਹੀਂ ਮਿਲਦਾ।
ਇਸ ਲਈ ਅਸਮਾਨਤਾ ਨੂੰ ਖਤਮ ਕਰਨ ਲਈ ਉਸਨੇ ਔਰਤਾਂ ਦੀ ਸਿੱਖਿਆ ਅਤੇ ਪੱਛੜੀਆਂ ਜਾਤਾਂ ਦੇ ਲੜਕਿਆਂ ਅਤੇ ਲੜਕੀਆਂ ਦੀ ਸਿੱਖਿਆ ’ਤੇ ਧਿਆਨ ਦੇਣ ਦਾ ਫੈਸਲਾ ਕੀਤਾ।ਉਸ ਸਮੇਂ ਮਹਾਰਾਸ਼ਟਰ ਵਿੱਚ ਜਾਤ-ਪਾਤ ਬਹੁਤ ਗੰਭੀਰ ਰੂਪ ਵਿੱਚ ਪ੍ਰਚਲਿਤ ਸੀ। ਸਮਾਜ ਵਿੱਚ ਔਰਤਾਂ ਦੀ ਹਾਲਤ ਤਰਸਯੋਗ ਸੀ। ਸਮਾਜ ਵਿੱਚ ਔਰਤਾਂ ਦੀ ਸਿੱਖਿਆ ਪ੍ਰਤੀ ਉਦਾਸੀਨ ਨਜ਼ਰੀਆ ਸੀ। ਅਜਿਹੀ ਸਥਿਤੀ ਵਿੱਚ ਜੋਤੀਬਾ ਫੂਲੇ ਨੇ ਸਮਾਜ ਨੂੰ ਇਨ੍ਹਾਂ ਬੁਰਾਈਆਂ ਤੋਂ ਮੁਕਤ ਕਰਨ ਲਈ ਇੱਕ ਵੱਡੇ ਪੱਧਰ ’ਤੇ ਅੰਦੋਲਨ ਚਲਾਇਆ। ਉਸਨੇ ਸਭ ਤੋਂ ਪਹਿਲਾਂ ਮਹਾਰਾਸ਼ਟਰ ਵਿੱਚ ਔਰਤ ਸਿੱਖਿਆ ਅਤੇ ਛੂਤ-ਛਾਤ ਦੇ ਖਾਤਮੇ ਦਾ ਕੰਮ ਸ਼ੁਰੂ ਕੀਤਾ।
1 ਜਨਵਰੀ 1848 ਨੂੰ ਉਸਨੇ ਪੁਣੇ ਦੇ ਇਲਾਕੇ ਵਿੱਚ ਭਿਡੇਵਾੜਾ ਵਿੱਚ ਲੜਕੀਆਂ ਲਈ ਭਾਰਤ ਦਾ ਪਹਿਲਾ ਸਕੂਲ ਸ਼ੁਰੂ ਕੀਤਾ ਅਤੇ ਅਧਿਆਪਕ ਦੀ ਜ਼ਿੰਮੇਵਾਰੀ ਸਾਵਿਤਰੀਬਾਈ ਨੂੰ ਸੌਂਪ ਦਿੱਤੀ। ਉਨ੍ਹਾਂ ਦੀ ਪਤਨੀ ਸਾਵਿਤਰੀਬਾਈ ਨੇ ਉਨ੍ਹਾਂ ਦੇ ਸਮਾਜਿਕ ਕੰਮਾਂ ਵਿੱਚ ਹਰ ਕਦਮ ’ਤੇ ਉਨ੍ਹਾਂ ਦਾ ਸਾਥ ਦਿੱਤਾ। ਦੋਵਾਂ ਨੇ ਆਂਢ-ਗੁਆਂਢ ਦੀਆਂ ਕੁੜੀਆਂ ਇਕੱਠੀਆਂ ਕੀਤੀਆਂ ਅਤੇ ਕੁੜੀਆਂ ਨੂੰ ਪੜ੍ਹਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਮਹਾਤਮਾ ਫੁਲੇ ਪਹਿਲੇ ਭਾਰਤੀ ਸਨ ਜਿਨ੍ਹਾਂ ਨੇ ਸੁਤੰਤਰ ਤੌਰ ’ਤੇ ਸਿਰਫ਼ ਔਰਤਾਂ ਲਈ ਸਕੂਲ ਦੀ ਸਥਾਪਨਾ ਕੀਤੀ ਸੀ। ਕੁਝ ਸਮਾਜਕ ਤੱਤਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਪਰ ਇਹ ਜੋੜਾ ਆਪਣੀ ਮੁਹਿੰਮ ’ਤੇ ਅਟੱਲ ਰਿਹਾ।
ਉਸਨੇ ਔਰਤਾਂ ਦੀ ਸਿੱਖਿਆ ਦੀ ਲੋੜ ਅਤੇ ਉਪਯੋਗਤਾ ਨਾਲ ਸਬੰਧਤ ਕਈ ਭਾਸ਼ਣ ਦਿੱਤੇ ਅਤੇ ਲੇਖ ਲਿਖੇ। ਦੋਹਾਂ ਦੇ ਇਸ ਅਨੋਖੇ ਉਤਸ਼ਾਹ ਨਾਲ ਕੰਨਿਆ ਸ਼ਾਲਾ ਬੜੇ ਉਤਸ਼ਾਹ ਨਾਲ ਚੱਲਣ ਲੱਗੀ। ਬਿ੍ਰਟਿਸ਼ ਨੇ ਮਹਾਰਾਸ਼ਟਰ ਵਿੱਚ ਔਰਤਾਂ ਦੀ ਸਿੱਖਿਆ ਦੇ ਇਸ ਵਿਆਪਕ ਪਸਾਰ ਦਾ ਸਵਾਗਤ ਕੀਤਾ ਅਤੇ ਇਸ ਪਹਿਲਕਦਮੀ ਦਾ ਸਮਰਥਨ ਵੀ ਕੀਤਾ। ਬਾਅਦ ਵਿੱਚ ਜੋਤੀਬਾ ਫੂਲੇ ਨੇ ਅਛੂਤਾਂ ਲਈ ਵੀ ਸਕੂਲ ਸਥਾਪਿਤ ਕੀਤੇ।
ਇੱਕ ਗਰਭਵਤੀ ਵਿਧਵਾ ਦੀ ਦੁਰਦਸ਼ਾ ਨੂੰ ਦੇਖਦੇ ਹੋਏ ਜੋਤੀਬਾ ਨੇ ਵਿਧਵਾ ਪੁਨਰ-ਵਿਆਹ ਦੀ ਵਕਾਲਤ ਕੀਤੀ ਅਤੇ ਬਿ੍ਰਟਿਸ਼ ਸਰਕਾਰ ਦੁਆਰਾ 16 ਜੁਲਾਈ 1856 ਨੂੰ ਹਿੰਦੂ ਵਿਧਵਾ ਪੁਨਰ-ਵਿਆਹ ਐਕਟ 1856 ਨੂੰ ਕਾਨੂੰਨੀ ਮਾਨਤਾ ਦਿੱਤੀ ਗਈ। ਇਹਨਾਂ ਪ੍ਰਮੁੱਖ ਸੁਧਾਰ ਅੰਦੋਲਨਾਂ ਤੋਂ ਇਲਾਵਾ ਜੋਤੀਬਾ ਫੂਲੇ ਨੇ ਹਰ ਖੇਤਰ ਵਿੱਚ ਛੋਟੇ-ਛੋਟੇ ਸੁਧਾਰਾਂ ਦੀ ਅਗਵਾਈ ਕੀਤੀ। ਛੋਟੀਆਂ-ਛੋਟੀਆਂ ਲਹਿਰਾਂ ਚਲਾਈਆਂ ਗਈਆਂ ਜਿਸ ਕਾਰਨ ਲੋਕਾਂ ਨੂੰ ਸਮਾਜਿਕ ਅਤੇ ਬੌਧਿਕ ਪੱਧਰ ’ਤੇ ਗੁਲਾਮੀ ਤੋਂ ਆਜ਼ਾਦੀ ਮਿਲੀ। ਲੋਕਾਂ ਵਿੱਚ ਨਵੇਂ ਵਿਚਾਰ ਅਤੇ ਨਵੀਂ ਸੋਚ ਸ਼ੁਰੂ ਹੋਈ ਜੋ ਆਜ਼ਾਦੀ ਦੀ ਲੜਾਈ ਵਿੱਚ ਉਨ੍ਹਾਂ ਦੀ ਤਾਕਤ ਬਣ ਗਈ।
ਮਹਾਤਮਾ ਫੂਲੇ ਨੇ ਆਪਣੇ ਸਾਥੀਆਂ ਅਤੇ ਪੈਰੋਕਾਰਾਂ ਨਾਲ 24 ਸਤੰਬਰ 1873 ਨੂੰ ਪੁਣੇ ਮਹਾਰਾਸ਼ਟਰ ਵਿੱਚ ਅਛੂਤਾਂ ਦੀ ਮੁਕਤੀ ਲਈ ‘ਸਤਿਆਸ਼ੋਧਕ ਸਮਾਜ’ ਦੀ ਸਥਾਪਨਾ ਕੀਤੀ। ਇਸ ਸੰਸਥਾ ਦਾ ਮਹਾਨ ਉਦੇਸ਼ ਸਮਾਜ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣਾ ਅਤੇ ਜਾਤੀ ਵਿਤਕਰੇ ਅਤੇ ਛੂਤ-ਛਾਤ ਨੂੰ ਖ਼ਤਮ ਕਰਨਾ ਅਤੇ ਸਿੱਖਿਆ ਰਾਹੀਂ ਸਮਾਜ ਦੀ ਸਿਰਜਣਾ ਕਰਨਾ ਸੀ।
ਮਹਾਤਮਾ ਫੂਲੇ ਦਾ ਲਿਖਣ-ਪੜ੍ਹਨ ਬਹੁਤ ਡੂੰਘਾ ਸੀ। ਉਹਨਾਂ ਦੀਆਂ ਕਿਤਾਬਾਂ “ਸਰਵਜਨਿਕ ਸਤਿਆਧਰਮ” ਅਤੇ “ਗੁਲਾਮਗਿਰੀ” ਬਹੁਤ ਮਸ਼ਹੂਰ ਹਨ। ਉਸਦੀ ਪ੍ਰਤਿਭਾਸ਼ਾਲੀ ਲਿਖਣ ਸ਼ੈਲੀ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨੇ ਮਹਾਨ ਚਿੰਤਕ ਅਤੇ ਲੇਖਕ ਸਨ। ਉਨ੍ਹਾਂ ਉਸ ਸਮੇਂ ਦੇ ਭਾਰਤੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼, ਸਮਾਜ ਅਤੇ ਸੱਭਿਆਚਾਰ ਨੂੰ ਸਮਾਜਿਕ ਬੁਰਾਈਆਂ ਅਤੇ ਅਨਪੜ੍ਹਤਾ ਤੋਂ ਮੁਕਤ ਕਰਕੇ ਇੱਕ ਸਿਹਤਮੰਦ, ਸੁੰਦਰ ਅਤੇ ਮਜ਼ਬੂਤ ਸਮਾਜ ਦੀ ਉਸਾਰੀ ਕਰਨ। ਬਿਨਾਂ ਸ਼ੱਕ, ਜੋਤੀਬਾ ਫੂਲੇ ਨੇ ਉਸ ਸਮੇਂ ਧਾਰਮਿਕ ਰੂੜ੍ਹੀਵਾਦ ਤੋਂ ਦੂਰ ਸਮਾਜ ਦੀ ਕਲਪਨਾ ਕੀਤੀ ਜੋ ਗਿਆਨ ਦੀ ਰੌਸ਼ਨੀ ਦੇ ਸਕਦਾ ਸੀ। ਉਨ੍ਹਾਂ ਦੇ ਇਸ ਮਾਣ-ਸਨਮਾਨ ਅਤੇ ਮਹਾਨ ਸੋਚ ਨੂੰ ਦੇਖਦੇ ਹੋਏ 11 ਮਈ 1888 ਨੂੰ ਮਹਾਰਾਸ਼ਟਰ ਦੇ ਸਮਾਜਿਕ ਕਾਰਕੁਨ ਵਿੱਠਲ ਰਾਓ ਕ੍ਰਿਸ਼ਨਾ ਜੀ ਵਾਡੇਕਰ ਦੁਆਰਾ ਜੋਤੀਰਾਓ ਗੋਵਿੰਦਰਾਓ ਫੂਲੇ ਨੂੰ ‘ਮਹਾਤਮਾ’ ਦੀ ਉਪਾਧੀ ਦਿੱਤੀ ਗਈ ।
ਮਹਾਰਾਸ਼ਟਰ ਵਿੱਚ ਸਮਾਜ ਸੁਧਾਰ ਦੇ ਪਿਤਾਮਾ ਮੰਨੇ ਜਾਂਦੇ ਮਹਾਤਮਾ ਫੂਲੇ ਨੇ ਸਾਰੀ ਉਮਰ ਸਮਾਜ ਸੁਧਾਰ ਲਈ ਕੰਮ ਕੀਤਾ। ਜੋਤੀਬਾ ਦਾ ਮੰਨਣਾ ਸੀ ਕਿ ਮਨੁੱਖ ਲਈ ਸਮਾਜ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੈ, ਸਮਾਜ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ ਹੈ।
ਅੰਤ ਵਿੱਚ ਭਾਰਤ ਦੇ ਇਸ ਮਹਾਨ ਸੁਧਾਰਕ ਮਹਾਤਮਾ ਜੋਤੀਬਾ ਫੂਲੇ 28 ਨਵੰਬਰ 1890 ਨੂੰ 63 ਸਾਲ ਦੀ ਉਮਰ ਵਿੱਚ ਪੁਣੇ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
ਲੈਕਚਰਾਰ ਲਲਿਤ ਗੁਪਤਾ
-ਮੋਬਾ: 9781590500

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ