Wednesday, January 22, 2025  

ਲੇਖ

ਤੋਹਫ਼ਿਆਂ ਦਾ ਬਦਲਦਾ ਰੂਪ ਤੇ ਮਹੱਤਵ

April 11, 2024

ਤੋਹਫ਼ਿਆਂ ਦੀ ਜੇਕਰ ਗੱਲ ਕਰੀਏ ਜਾਂ ਇਸਦਾ ਅਰਥ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸਮੇਂ ਸਮੇਂ ਤੇ ਇਕ ਦੂਸਰੇ ਨੂੰ ਦਿੱਤੀ ਚੀਜ਼ ਜਾਂ ਸਮਾਨ ਤੋਹਫ਼ਾ ਹੈ। ਹਰ ਕੋਈ ਆਪਣੀ ਵਿੱਤੀ ਹਾਲਤ ਮੁਤਾਬਿਕ ਤੋਹਫਾ ਦਿੰਦਾ ਹੈ। ਹਾਂ, ਤੋਹਫੇ ਦੀ ਕੀਮਤ ਦੀ ਥਾਂ ਦੇਣ ਵਾਲੇ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਕਦਰ ਕਰਨੀ ਚਾਹੀਦੀ ਹੈ। ਨਰਿੰਦਰ ਸਿੰਘ ਕਪੂਰ ਅਨੁਸਾਰ, ‘ਤੋਹਫ਼ੇ ਦਾ ਮਹੱਤਵ ਉਸਦੇ ਢੁਕਵੇਂ ਹੋਣ ਵਿੱਚ ਹੁੰਦਾ ਹੈ, ਉਸਦੀ ਕੀਮਤ ਵਿੱਚ ਨਹੀਂ ।’ ਤੋਹਫਿਆਂ ਦਾ ਲੈਣ ਦੇਣ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਵਿਆਹਾਂ ਸ਼ਾਦੀਆਂ ਵਿੱਚ ਨਾਨਕੀ ਸ਼ੱਕ, ਸ਼ਰੀਕੇ ਭਾਈਚਾਰੇ ਦੀ ਇੱਕ ਰੋਟੀ ਅਤੇ ਸਾਰਿਆਂ ਵੱਲੋਂ ਦਿੱਤੇ ਜਾਂਦੇ ਕੱਪੜੇ ਤੇ ਪੈਸੇ ਤੋਹਫ਼ੇ ਹੀ ਸਨ। ਅਸਲ ਵਿੱਚ ਭਾਈਚਾਰਕ ਸਾਂਝ ਸੀ ਰਲਮਿਲ ਕੇ ਕੰਮ ਸਿਰੇ ਚੜ੍ਹ ਜਾਵੇ ਦੀ ਸੋਚ ਸੀ। ਲੜਕੀਆਂ ਨੂੰ ਵਿਆਹ ਵਿੱਚ ਦਿੱਤਾ ਜਾਂਦਾ ਸਮਾਨ ਵੀ ਤੋਹਫੇ ਹੀ ਹੁੰਦੇ ਸਨ। ਉਸ ਵਿੱਚ ਨਾਨਕਿਆਂ ਵੱਲੋਂ ਬਹੁਤ ਜ਼ਿਆਦਾ ਮਦਦ ਦੇ ਤੌਰ ’ਤੇ ਤੋਹਫੇ ਦਿੱਤੇ ਜਾਂਦੇ ਸਨ।
ਮਨੁੱਖ ਦੀ ਵਿਗੜੀ ਮਾਨਸਿਕਤਾ ਹੈ ਕਿ ਕਈ ਵਾਰ ਅਸੀਂ ਦਿੱਤੇ ਤੋਹਫ਼ਿਆਂ ਦੀ ਕਦਰ ਹੀ ਨਹੀਂ ਕਰਦੇ। ਕੁਦਰਤ ਵੱਲੋਂ ਦਿੱਤੇ ਤੋਹਫ਼ੇ ਜਿਵੇਂ ਕਿ ਪਾਣੀ, ਹਵਾ, ਰੋਸ਼ਨੀ ਅਤੇ ਜ਼ਿੰਦਗੀ ਦੀ ਵੀ ਕਦਰ ਨਹੀਂ ਕਰਦੇ।ਮਾਰਗੇ ਪਿਰਸੇ ਅਨੁਸਾਰ, ਪਹਿਲਾ ਤੋਹਫ਼ਾ ਜ਼ਿੰਦਗੀ ਹੈ, ਦੂਜਾ ਪਿਆਰ ਅਤੇ ਤੀਜ ਤੋਹਫ਼ਾ ਸਿਆਣਪ ਹੈ।ਅਸੀਂ ਕਦਰ ਨਹੀਂ ਕੀਤੀ ਅਤੇ ਬਹੁਤ ਨੁਕਸਾਨ ਮਨੁੱਖ ਭੋਗ ਵੀ ਰਿਹਾ ਹੈ। ਜਦੋਂ ਕੋਈ ਤੋਹਫ਼ਾ ਦਿੰਦਾ ਹੈ ਤਾਂ ਉਸਦੀ ਕਦਰ ਕਰਨਾ ਫਰਜ਼ ਵੀ ਹੈ ਅਤੇ ਸਿਆਣਪ ਵੀ ਕੁਦਰਤ ਦੇ ਦਿੱਤੇ ਤੋਹਫਿਆਂ ਦੀ ਕੀਤੀ ਬੇਕਦਰੀ ਨੇ ਸਾਨੂੰ ਪਾਣੀ ਦੀਆਂ ਬੋਤਲਾਂ ਖਰੀਦਣ ਲਗਾ ਦਿੱਤਾ, ਆਕਸੀਜਨ ਦੇ ਸਿਲੈਂਡਰ ਰੱਖਣੇ ਪੈ ਰਹੇ ਹਨ ਅਤੇ ਸਰੀਰ ਨੂੰ ਅਸੀਂ ਰੋਗਾਂ ਵੱਲ ਧਕੇਲ ਦਿੱਤਾ।
ਬਹੁਤ ਕੁੱਝ ਬਦਲਿਆ ਅਤੇ ਨਾਲ ਹੀ ਤੋਹਫਿਆਂ ਦਾ ਰੂਪ ਅਤੇ ਮਹੱਤਵ ਵੀ ਬਦਲ ਗਿਆ। ਹੁਣ ਵਧੇਰੇ ਕਰਕੇ ਦੂਸਰਿਆਂ ਵਲੋਂ ਦਿੱਤੇ ਤੋਹਫ਼ਿਆਂ ਤੇ ਵੀ ਕਿੰਤੂ ਪਰੰਤੂ ਹੋਣ ਲੱਗ ਗਿਆ ਹੈ। ਤੋਹਫਿਆਂ ਦੀ ਕੀਮਤ ਵੇਖੀ ਜਾਂਦੀ ਹੈ। ਤੋਹਫ਼ੇ ਅਸਲ ਵਿੱਚ ਰਿਸ਼ਤਿਆਂ ਦੀ ਸਾਂਝ ਹੈ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਤੋਹਫ਼ੇ ਦੂਸਰਾ ਆਪਣੀ ਪਸੰਦ ਅਤੇ ਤੁਹਾਡੀ ਪਸੰਦ ਅੱਗੇ ਰੱਖਕੇ ਹੀ ਲੈਂਦਾ ਹੈ।ਕਿਸੇ ਦਾ ਲਿਆਂਦਾ ਤੋਹਫ਼ਾ ਵਾਪਸ ਕਰਨਾ ਦੇਣ ਵਾਲੇ ਦੀ ਬੇਇਜ਼ਤੀ ਕਰਨਾ ਤਾਂ ਹੈ, ਵਾਪਸ ਕਰਨ ਵਾਲੇ ਦੀ ਸਿਆਣਪ ਦਾ ਵੀ ਪਤਾ ਲੱਗ ਜਾਂਦਾ ਹੈ।ਪਹਿਲਾਂ ਬਜ਼ੁਰਗ ਦਿੱਤੇ ਹੋਏ ਤੋਹਫੇ ਨੂੰ ਸਿਰ ਤੇ ਰੱਖਦੇ, ਮੱਥੇ ਨਾਲ ਲਗਾਉਂਦੇ ਅਤੇ ਫੇਰ ਢੇਰ ਸਾਰੀਆਂ ਅਸੀਸਾਂ ਦਿੰਦੇ।ਜਿਹੜੇ ਤੋਹਫੇ ਵਾਪਿਸ ਕਰਦੇ ਹਨ, ਉਨ੍ਹਾਂ ਨੂੰ ਇਹ ਸਮਝ ਹੀ ਨਹੀਂ ਕਿ ਤੁਹਾਡੇ ਦਿੱਤੇ ਤੋਹਫ਼ੇ ਜ਼ਰੂਰੀ ਨਹੀਂ ਸਾਰਿਆਂ ਨੂੰ ਪਸੰਦ ਹੋਣ।ਪਰ ਜਿਹੜੇ ਤੁਹਾਨੂੰ ਤੁਹਾਡੇ ਤੋਹਫ਼ੇ ਵਾਪਿਸ ਨਹੀਂ ਕਰਦੇ, ਉਹ ਸਿਆਣੇ ਤੇ ਸਮਝਦਾਰ ਹਨ।ਜਿੱਥੇ ਦਿੱਤੇ ਤੋਹਫ਼ੇ ਦੀ ਕਦਰ ਨਹੀਂ, ਪੈਸੇ ਜਾਂ ਨੁਕਸ ਕੱਢੇ ਜਾਂਦੇ ਹਨ, ਅਜਿਹੇ ਲੋਕਾਂ ਨਾਲ ਤੋਹਫਿਆਂ ਦਾ ਲੈਣ ਦੇਣ ਬੰਦ ਕਰਨਾ ਹੀ ਬਿਹਤਰ ਹੁੰਦਾ ਹੈ। ਤੋਹਫ਼ੇ ਦੇਣਾ ਅਤੇ ਲੈਣਾ ਜਿੱਥੇ ਚੀਜ਼ਾਂ ਦਾ ਲੈਣ ਦੇਣ ਦੀ ਸਾਂਝ ਹੈ,ਉੱਥੇ ਭਾਵਨਾਵਾਂ ਦੀ ਵੀ ਸਾਂਝ ਹੁੰਦੀ ਹੈ।ਜਦੋਂ ਤੋਹਫਿਆਂ ਵਿੱਚ ਨੁਕਸ ਕੱਢੇ ਜਾਂਦੇ ਹਨ ਅਤੇ ਵਾਪਸ ਕੀਤੇ ਜਾਂਦੇ ਹਨ ਤਾਂ ਸਾਂਝ ਵੀ ਖਤਮ ਹੁੰਦੀ ਹੈ ਅਤੇ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ।ਅਜਿਹੇ ਰਿਸ਼ਤੇ ਨਿਭਣੇ ਅਤੇ ਨਿਭਾਉਣੇ ਔਖੇ ਹੁੰਦੇ ਹਨ। ਜਿਹੜੇ ਲੋਕਾਂ ਦੀ ਅਜਿਹੀ ਫਿਤਰਤ ਹੁੰਦੀ ਹੈ, ਉਹ ਹੰਕਾਰੀ ਅਤੇ ਨੀਵੀਂ ਪੱਧਰ ਦੀ ਸੋਚ ਵਾਲੇ ਹੀ ਹੁੰਦੇ ਹਨ। ਜੇਕਰ ਪਿਆਰ ਹੈ ਅਤੇ ਭਾਵਨਾਵਾਂ ਦੀ ਕਦਰ ਹੈ ਤਾਂ ਤੋਹਫ਼ਾ ਵਾਪਸ ਨਹੀਂ ਕਰੇਗਾ। ਤੋਹਫੇ ਜੇਕਰ ਸਾਂਝ ਦਾ ਪ੍ਰਤੀਕ ਬਣਨ ਦੀ ਥਾਂ ਪ੍ਰੇਸ਼ਾਨੀ ਦਾ ਸਬੱਬ ਬਣੇ ਤਾਂ ਲੈਣ ਦੇਣ ਜਾਂ ਰਿਸ਼ਤਾ ਵਧੇਰੇ ਸਮੇਂ ਤੱਕ ਘਸੀਟਣਾ ਵੀ ਔਖਾ ਹੁੰਦਾ ਹੈ। ਸਮਝਦਾਰ ਕਦੇ ਤੋਹਫਾ ਵਾਪਸ ਨਹੀਂ ਕਰਨਗੇ, ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਰਿਸ਼ਤੇ ਨੂੰ ਖਤਮ ਕਰਨ ਦਾ ਸੰਕੇਤ ਹੈ। ਸਾਨੂੰ ਸਾਰਿਆਂ ਨੂੰ ਦੂਸਰਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਦਿੱਤੇ ਗਏ ਤੋਹਫ਼ੇ ਨੂੰ ਖੁਸ਼ੀ ਖੁਸ਼ੀ ਸਵੀਕਾਰ ਕਰਨਾ ਚਾਹੀਦਾ ਹੈ। ਤੋਹਫੇ ਸਾਂਝ ਲਈ ਹਨ ਨਾ ਕਿ ਗਿਣਤੀਆਂ ਮਿਣਤੀਆਂ ਕਰਨ ਲਈ।ਜਿਹੜੇ ਤੁਹਾਡੇ ਦਿੱਤੇ ਤੋਹਫੇ ਦੀ ਕਦਰ ਨਹੀਂ ਕਰਦੇ, ਉਹ ਤੁਹਾਡੀ ਵੀ ਕਦਰ ਨਹੀਂ ਕਰਦੇ। ਇਹ ਕੌੜਾ ਸੱਚ ਹੈ।ਬਹੁਤ ਵਾਰ ਤੋਹਫ਼ਿਆਂ ਦੇ ਲੈਣ ਦੇਣ ਨੇ ਹੀ ਰਿਸ਼ਤੇ ਖਤਮ ਕਰ ਦਿੱਤੇ ਹਨ।
ਪ੍ਰਭਜੋਤ ਕੌਰ ਢਿੱਲੋਂ
-ਮੋਬਾ: 98150 30221

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ