Wednesday, January 22, 2025  

ਲੇਖ

ਪੰਜਾਬ ਦੀ ਟੇਕ ਬਿਨਾਂ ਗਲੋਬਲ ਪੰਜਾਬੀ ਸੱਭਿਆਚਾਰ ਵਿਕਸਤ ਹੋਣ ਦੇ ਦਾਅਵੇ ਖੋਖਲੇ

April 13, 2024

ਤਿੰਨ ਮਾਵਾਂ ਸਾਨੂੰ ਆਪਣੇ ਮੂਲ ਨਾਲ ਜੋੜਦੀਆਂ ਹਨ : ਧਰਤੀ ਮਾਂ, ਜਨਨੀ ਮਾਂ ਅਤੇ ਮਾਂ ਬੋਲੀ , ਅੱਜ ਪੰਜਾਬੀ ਇਨ੍ਹਾਂ ਤਿਨਾਂ ਨਾਲੋਂ ਟੁੱਟਦੇ ਨਜ਼ਰ ਆ ਰਹੇ ਹਨ। ਮਾਰਕਸ ਨੇ ਕਿਹਾ ਸੀ ਕਿ ਸਰਮਾਏਦਾਰੀ ਮਨੁੱਖ ਨੂੰ ਆਪਣੇ ਮੂਲ ਨਾਲੋਂ ਤੋੜਦੀ ਹੈ। ਇਸ ਪ੍ਰਕੀਰਿਆ ਨੂੰ ਅੰਗਰੇਜ਼ੀ ਵਿੱਚ ਏਲੀਨੇਸ਼ਨ ਕਹਿੰਦੇ ਹਨ। ਅੱਜ ਦਾ ਮਨੁੱਖ ਕੁਦਰਤ, ਸਮਾਜ, ਪਰਿਵਾਰ ਅਤੇ ਖੁੱਦ ਆਪਣੇ ਆਪ ਨਾਲੋਂ ਟੁਟ ਰਿਹਾ ਹੈ। ਟੁੱਟਣ ਦੀ ਪ੍ਰਕੀਰਿਆ ਵੱਖ-ਵੱਖ ਭਾਈਚਾਰਿਆਂ ਨੂੰ ਵੱਖ ਵੱਖ ਰਫ਼ਤਾਰ ਨਾਲਤ ਪ੍ਰਭਾਵਿੱਤ ਕਰ ਰਹੀ ਹੈ। ਮੇਰਾ ਸੰਸਾਰ ਦੇ ਵੱਖ ਵੱਖ ਭਾਈਚਾਰਿਆਂ ਨਾਲ ਲੰਬੇ ਸਮੇਂ ਦਾ ਤਜ਼ਰਬਾ ਹੈ। ਮੇਰਾ ਇਹ ਪ੍ਰਭਾਵ ਬਣਿਆ ਹੈ ਕਿ ਆਪਣੀ ਧਰਤੀ ਨਾਲੋਂ ਮੋਹ ਤੋੜਨ ਦੇ ਮਾਮਲੇ ਵਿੱਚ ਪੰਜਾਬੀ ਬਾਕੀ ਭਾਈਚਾਰਿਆਂ ਨੂੰ ਬਹੁਤ ਪਿੱਛੇ ਛੱਡ ਗਏ ਹਨ। ਜੋ ਲੋਕ ਆਪਣੀ ਧਰਤੀ ਨਾਲੋਂ ਟੁੱਟ ਜਾਂਦੇ ਹਨ, ਉਹ ਅੰਤ ਵਿੱਚ ਲੱਖਾਂ ਦਾਅਵਿਆਂ ਦੇ ਬਾਵਜੂਦ ਵੀ ਆਪਣੀਆਂ ਦੂਜੀਆਂ ਮਾਵਾਂ, ਜਨਨੀ ਮਾਂ ਅਰਥਾਤ ਰਿਸ਼ਤੇ ਅਤੇ ਬੋਲੀ ਅਰਥਾਤ ਸਭਿਆਚਾਰ ਨਾਲੋਂ ਵੀ ਟੁੱਟ ਜਾਂਦੇ ਹਨ। ਗੁਰਬਾਣੀ ਵਿੱਚ ਮਨੁੱਖ ਦੀ ਚੇਤਨਾ ਨੂੰ ਹੀ ਉਸਦਾ ਮੂਲ ਮੰਨਿਆ ਗਿਆ ਹੈ। ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ॥ ਜੋ ਮਨੁੱਖ ਆਪਣੇ ਮੂਲ ਨਾਲ ਜੁੜਿਆ ਹੈ, ਉਸ ਨੂੰ ਗੁਰਮੁੱਖ ਕਹਾ ਗਿਆ ਹੈ ਅਤੇ ਜੋ ਆਪਦੇ ਮੂਲ ਨਾਲੋਂ ਟੁੱਟ ਜਾਂਦਾ ਹੈ, ਉਸ ਨੂੰ ਮਨਮੁੱਖ ਕਿਹਾ ਗਿਆ ਹੈ। ਮਨਮੁੱਖ ਦਾ ਅੰਤ ਬਹੁਤ ਮਾੜਾ ਹੁੰਦਾ ਹੈ। ਕੁਦਰਤ ਮਨੁੱਖੀ ਚੇਤਨਾਂ ਦੇ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਹੈ। ਕੁਦਰਤ ਨਾਲੋਂ ਟੁੱਟਿਆ ਮਨੁੱਖ ਵਿਕਸਿਤ ਅਤੇ ਚੇਤੰਨ ਮਨੁੱਖ ਨਹੀਂ ਕਿਹਾ ਜਾ ਸਕਦਾ। ਮਨੁੱਖ ਨੂੰ ਕੁਦਰਤ ਨਾਲ ਜੋੜਨ ਵਿੱਚ ਧਰਤੀ ਮੁੱਖ ਭੂਮਿਕਾ ਨਿਭਾਉਂਦੀ ਹੈ।
ਮੌਜੂਦਾ ਪਰਵਾਸ, ਜਿਸ ਨੂੰ ਕਿ ਸਾਮਰਾਜੀ ਪਰਵਾਸ ਕਹਿਣਾ ਜ਼ਿਆਦਾ ਉਚਿਤ ਹੋਏਗਾ, ਨੇ ਪੰਜਾਬੀਆਂ ਦਾ ਆਪਣੀ ਧਰਤੀ ਨਾਲੋਂ ਮੋਹ ਤੋੜਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਆਧੁਨਿਕ ਪਰਵਾਸ ਵੀਹਵੀਂ ਸਦੀ ਦੀ ਸ਼ੁਰੂਆਤ ਵਿੱਚ ਸ਼ੁਰੂ ਹੋ ਗਿਆ ਸੀ ਅਤੇ ਇਸ ਨੂੰ ਸੌ ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਪਰੰਤੂ ਪਹਿਲੇ ਪਰਵਾਸੀ ਆਪਣੀ ਧਰਤੀ ਨਾਲੋਂ ਨਹੀਂ ਟੁੱਟਦੇ ਸਨ, ਸਗੋਂ ਉਨ੍ਹਾ ਦਾ ਆਪਣੀ ਧਰਤੀ ਨਾਲ ਪਿਆਰ ਬਣਿਆ ਰਹਿੰਦਾ ਸੀ। ਇਸ ਗੱਲ ਦੇ ਬਹੁਤ ਸਬੂਤ ਸਾਨੂੰ ਮਿਲਦੇ ਹਨ ਕਿ ਪਹਿਲੇ ਪਰਵਾਸੀਆਂ ਵਿੱਚ ਆਪਣੀ ਧਰਤੀ ਨਾਲ ਲਗਾਅ ਕਾਇਮ ਰਿਹਾ। ਪਰੰਤੂ ਅੱਜ ਬਹੁਤ ਸਾਰੇ ਪੰਜਾਬੀ ਇਸ ਇੰਤਜਾਰ ਵਿੱਚ ਦਿਸਦੇ ਹਨ ਕਿ ਕਦੋਂ ਇਥੋਂ ਜਾਣ। ਉਨ੍ਹਾਂ ਵਿੱਚ ਵਾਪਸ ਇਸ ਧਰਤੀ ਤੇ ਮੁੜਨ ਦੀ ਇੱਛਾ ਲਗਪਗ ਖ਼ਤਮ ਹੋ ਰਹੀ ਨਜ਼ਰ ਆ ਰਹੀ ਹੈ। ਸਗੋਂ ਕਈ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਨਾ ਤਾਂ ਅਸੀਂ ਅਤੇ ਨਾ ਸਾਡੇ ਬੱਚਿਆਂ ਨੇ ਮੁੜ ਕੇ ਆਉਣਾ ਹੈ। ਇਥੋਂ ਜ਼ਮੀਨ ਜਾਇਦਾਦ ਵੇਚ ਕੇ ਪੈਸਾ ਬਾਹਰ ਲਿਜਾਣਾ ਉਨ੍ਹਾਂ ਦੀ ਇਕ ਵੱਡੀ ਪਹਿਲ ਹੁੰਦੀ ਹੈ। ਅੱਜ ਪੰਜਾਬ ਵਿੱਚ ਟੱਪਰੀਵਾਸ ਮਾਨਸਿਕਤਾ ਭਾਰੂ ਹੁੰਦੀ ਨਜ਼ਰ ਆ ਰਹੀ ਹੈ। ਇਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ, ਜਿਵੇਂ ਲੋਕ ਆਪਣਾ ਬੋਰੀਆਂ ਬਿਸਤਰਾ ਬੰਨ ਕੇ ਕਿਸੇ ਰੇਲਵੇ ਦੇ ਪਲੇਟਫਾਰਮ ’ਤੇ ਖੜੇ ਆਪਣੀ ਆਪਣੀ ਗੱਡੀ ਦੀ ਉਡੀਕ ਕਰ ਰਹੇ ਹੋਣ। ਕੋਈ ਕਨੇਡਾ, ਕੋਈ ਆਸਟਰੇਲੀਆ ਅਤੇ ਕੋਈ ਅਮਰੀਕਾ ਵਾਲੀ ਗੱਡੀ ਦਾ ਇੰਤਜ਼ਾਰ ਕਰ ਰਿਹਾ ਹੈ।
ਅੱਜ ਪੰਜਾਬ ਵਿੱਚ ਇਕ ਵੱਡੇ ਪੱਧਰ ਦੀ ਪਰਵਾਸ ਇੰਡਸਟਰੀ ਅਤੇ ਪਰਵਾਸ ਮਾਫੀਆ ਵਿਕਸਿਤ ਹੋ ਚੁੱਕਾ ਹੈ। ਜਿਨ੍ਹਾਂ ਦੀਆਂ ਜੜ੍ਹਾਂ ਲਗਭਗ ਸਾਰੇ ਸੰਸਾਰ ਵਿੱਚ ਫੈਲੀਆਂ ਹੋਈਆਂ। ਇਨ੍ਹਾਂ ਨੇ ਇਕ ਝੂਠਾ ਬਿਰਤਾਂਤ (ਫਾਲਸ ਨੈੇਗੇਟਿਵ) ਸਿਰਜ ਦਿੱਤਾ ਹੈ ਕਿ ਪੰਜਾਬ ਹੁਣ ਰਹਿਣ ਦੇ ਕਾਬਲ ਨਹੀਂ ਰਿਹਾ। ਪੰਜਾਬ ਨਰਕ ਬਣ ਗਿਆ ਹੈ ਅਤੇ ਸਵਰਗ ਵਿਦੇਸ਼ਾਂ ਵਿੱਚ ਹੈ। ਇਹ ਪ੍ਰਚਾਰ ਪੰਜਾਬ ਦੇ ਕੋਨੇ ਕੋਨੇ ਵਿੱਚ ਹੋ ਰਿਹਾ ਹੈ ਅਤੇ ਇਸ ਦਾ ਅਸਰ ਵੀ ਹੋ ਰਿਹਾ ਹੈ। ਬਹੁਤ ਸਾਰੇ ਪੰਜਾਬੀ, ਪੰਜਾਬ ਛੱਡਣ ਲਈ ਅਤੇ ਵਿਦੇਸ਼ਾਂ ਵਿੱਚ ਵਸਣ ਲਈ ਬਹੁਤ ਕਾਹਲੇ ਨਜ਼ਰ ਆ ਰਹੇ ਹਨ। ਪੰਜਾਬ ਦਾ ਬੁੱਧੀਜੀਵੀ ਵਰਗ ਇਸ ਝੂਠੇ ਬਿਰਤਾਂਤ ਨੂੰ ਤੋੜਨ ਅਤੇ ਪਰਵਾਸ ਸਬੰਧੀ ਇਕ ਸੰਤੁਲਿਤ ਤਸਵੀਰ ਪੇਸ਼ ਕਰਨ ਵਿੱਚ ਲਗਭਗ ਪੂਰੀ ਤਰ੍ਹਾਂ ਅਸਫਲ ਰਿਹਾ ਹੈ। ਕਾਫ਼ੀ ਹੱਦ ਤੱਕ ਤਾਂ ਇਹ ਵਰਗ ਖੁੱਦ ਹੀ ਇਸ ਬਿਰਤਾਂਤ ਨਾਲ ਸਹਿਮਤ ਨਜ਼ਰ ਆ ਰਿਹਾ ਹੈ। ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਸੈਟਲ ਕਰਵਾਉਣ ਵਿੱਚ ਸਾਡਾ ਬੁੱਧੀਜੀਵੀ ਵਰਗ ਜ਼ਿਆਦਾਤਰ ਮੂਹਰਲੀਆਂ ਕਤਾਰਾਂ ਵਿੱਚ ਖੜ੍ਹਾ ਨਜ਼ਰ ਆਉਂਦਾ ਹੈ।
ਜਦੋਂ ਲਗਭਗ ਸਾਰੇ ਇਸ ਗੱਲ ਨਾਲ ਸਹਿਮਤ ਨਜ਼ਰ ਆ ਰਹੇ ਹਨ ਕਿ ਪੰਜਾਬੀ ਆਪਣੀ ਧਰਤੀ ਨਾਲੋਂ ਟੁੱਟ ਰਹੇ ਹਨ ਤਾਂ ਫਿਰ ਜਨਨੀ ਅਤੇ ਮਾਂ ਬੋਲੀ ਨਾਲ ਜੁੜੇ ਰਹਿਣਾ ਵੀ ਸੰਭਵ ਨਹੀਂ ਹੈ ਭਾਵੇਂ ਕਿ ਇਹ ਦਾਅਵੇ ਵੀ ਕੀਤੇ ਜਾਂਦੇ ਹਨ ਕਿ ਪੰਜਾਬੀਆਂ ਨੇ ਆਪਣਾ ਪਰਿਵਾਰਕ ਅਤੇ ਸਭਿਆਚਾਰਕ ਢਾਂਚਾ ਕਾਇਮ ਰੱਖਿਆ ਹੈ। ਕਈ ਤਾਂ ਇਹ ਭਰਮ ਵੀ ਪਾਲ ਰਹੇ ਹਨ ਕਿ ਵਿਦੇਸ਼ਾਂ ਵਿੱਚ ਨਾ ਸਿਰਫ ਸਾਡਾ ਪਰਿਵਾਰਕ ਢਾਂਚਾ ਅਤੇ ਸਭਿਆਚਾਰਕ ਸੁਰੱਖਿਅਤ ਹੈ, ਸਗੋਂ ਪ੍ਰਫੁਲਿਤ ਹੋ ਰਿਹਾ ਹੈ। ਕਈ ਇਸ ਨੂੰ ਹਾਂ ਪੱਖੀ ਨਜ਼ਰੀਏ ਨਾਲ ਦੇਖ ਰਹੇ ਹਨ ਕਿ ਗਲੋਬਲ ਪੰਜਾਬੀ ਸਭਿਆਚਾਰ ਵਿਕਸਿਤ ਹੋ ਰਿਹਾ ਹੈ।
ਗਲੋਬਲ ਪੰਜਾਬੀ ਸਭਿਆਚਾਰ ਵਿਕਸਿਤ ਹੋਣ ਦਾ ਭਰਮ ਪਾਲ ਰਹੇ ਬੁੱਧੀਜੀਵੀਆਂ ਨੂੰ ਇਹ ਸਮਝ ਲੈੈਣਾ ਚਾਹੀਦਾ ਹੈ ਕਿ ਜਿਸ ਨੂੰ ਉਹ ਗਲੋਬਲ ਪੰਜਾਬੀ ਸਭਿਆਚਾਰ ਕਹਿ ਰਹੇ ਹਨ ਉਹ ਅਸਲ ਵਿੱਚ ਹੋਰ ਕੁੱਝ ਨਹੀਂ ਸਗੋਂ ਸਾਮਰਾਜੀ ਖ਼ਪਤਕਾਰੀ ਸਭਿਆਚਾਰ ਵਿੱਚ ਪੰਜਾਬੀਆਂ ਦਾ ਜਜ਼ਬ ਹੋਣਾ ਹੀ ਹੈ। ਕੁੱਝ ਲੋਕ ਇਹ ਭਰਮ ਪਾਲ ਰਹੇ ਹਨ ਕਿ ਪੰਜਾਬੀ ਕਨੇਡਾ ਵਿੱਚ ਜਾਂ ਕੈਲੇਫੋਰਨੀਆ ਵਿੱਚ ਨਵੇਂ ਪੰਜਾਬ ਬਣਾ ਲੈਣਗੇ। ਇਹ ਵੀ ਸਾਡਾ ਭਰਮ ਅਤੇ ਖੁਸ਼ਫਹਿਮੀ ਤੋਂ ਸਿਵਾ ਹੋਰ ਕੁੱਝ ਨਹੀਂ। ਸੱਚਾਈ ਤਾਂ ਇਹ ਹੈ ਕਿ ਕਿਸੇ ਖਿੱਤੇ ਵਿੱਚ ਅੰਤ ਵਿੱਚ ਬਹੁਗਿਣਤੀ ਨੇ ਉਥੋਂ ਦੀ ਬਹੁਗਿਣਤੀ ਦੇ ਸਭਿਆਚਾਰ ਵਿੱਚ ਹੀ ਜਜ਼ਬ ਹੋਣਾ ਹੁੰਦਾ ਹੈ। ਉਹ ਲੰਬੇ ਸਮੇਂ ਵਿੱਚ ਆਪਣੀ ਵੱਖਰੀ ਸਭਿਆਚਾਰਕ ਪਹਿਚਾਣ ਕਾਇਮ ਨਹੀਂ ਰੱਖ ਸਕਦੀ। ਬੋਲੀ ਸਭਿਆਚਾਰ ਦਾ ਆਧਾਰ ਹੁੰਦੀ ਹੈ। ਅਸੀਂ ਦੇਖ ਸਕਦੇ ਹਾਂ ਕਿ ਸਿਰਫ਼ ਪਰਵਾਸੀਆਂ ਦੀ ਪਹਿਲੀ ਪੀੜੀ ਹੀ ਆਪਣੀ ਬੋਲੀ ਨਾਲ ਜੁੜੀ ਹੁੰਦੀ ਹੈ। ਦੂਜੀ ਪੀੜੀ ਦੀ ਵੱਡੀ ਬਹੁਗਿਣਤੀ ਪੰਜਾਬੀ ਬੋਲੀ ਤੋਂ ਦੂਰ ਹੋ ਜਾਂਦੀ ਹੈ। ਬਹੁਤ ਸਾਰੇ ਬੱਚੇ ਸਹੀ ਢੰਗ ਨਾਲ ਪੰਜਾਬੀ ਨਹੀਂ ਬੋਲ ਸਕਦੇ। ਕਈ ਕਹਿੰਦੇ ਹਨ ਕਿ ਅਸੀਂ ਪੰਜਾਬੀ ਸਮਝ ਲੈਂਦੇ ਹਾਂ ਪਰੰਤੂ ਬੋਲ ਨਹੀਂ ਸਕਦੇ। ਬਹੁਤ ਵੱਡੀ ਗਿਣਤੀ ਪੰਜਾਬੀ ਲਿਖ ਜਾਂ ਪੜ੍ਹ ਨਹੀਂ ਸਕਦੀ। ਜੋ ਪੰਜਾਬੀ ਬੋਲਦੇ ਹਨ, ਉਨ੍ਹਾਂ ਦਾ ਬੋਲਣ ਦਾ ਇਕ ਹੋਰ ਹੀ ਲਹਿਜ਼ਾ (ਐਕਸੈਂਟ) ਹੁੰਦਾ ਹੈ। ਤੀਜੀ ਪੀੜ੍ਹੀ ਵਿੱਚ ਜਾਕੇ ਕੋਈ ਵਿਰਲਾ ਹੀ ਪੰਜਾਬੀ ਬੋਲੀ ਜਾਂ ਸਭਿਆਚਾਰ ਨਾਲ ਜੁੜਿਆ ਰਹਿੰਦਾ ਹੈ। ਤੀਸਰੀ ਪੀੜੀ ਦੇ ਪੰਜਾਬੀਆਂ ਨੂੰ ਪਹਿਚਾਨਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਉਹ ਭਾਰਤੀ ਮੂਲ ਦੇ ਹਨ। ਇਸ ਲਈ ਵਿਦੇਸ਼ਾਂ ਵਿੱਚ ਤਾਂ ਕਦੇ ਵੀ ਪੰਜਾਬ ਨਹੀਂ ਬਣ ਸਕਦਾ। ਪਰੰਤੂ ਇਹ ਕਾਫ਼ੀ ਸੰਭਾਵਨਾ ਹੈ ਕਿ ਅਸੀਂ ਪੰਜਾਬ (ਇਧਰਲਾ) ਗੁਆ ਲਈਏ ਕਿਉਂਕਿ ਕੁੱਝ ਸਮੇਂ ਬਾਅਦ ਪੰਜਾਬੀ ਪੰਜਾਬ ਵਿੱਚ ਹੀ ਘੱਟ ਗਿਣਤੀ ਹੋਣ ਜਾ ਰਹੇ ਹਨ। ਜਦੋਂ ਪੰਜਾਬ ਵਿੱਚ ਹੀ ਪੰਜਾਬੀ ਘੱਟ ਗਿਣਤੀ ਹੋ ਗਏ ਤਾਂ ਗ਼ੈਰ ਪੰਜਾਬੀਆਂ ਦੇ ਪੰਜਾਬੀ ਸਭਿਆਚਾਰ ਵਿੱਚ ਜਜ਼ਬ ਹੋਣ ਨਾਲੋਂ ਪੰਜਾਬੀਆਂ ਦੇ ਗ਼ੈਰ ਪੰਜਾਬੀਆਂ ਦੇ ਸਭਿਆਚਾਰ ਵਿੱਚ ਜਜ਼ਬ ਹੋਣ ਦੀਆਂ ਸੰਭਾਵਨਾਵਾਂ ਜ਼ਿਆਦਾ ਨਜ਼ਰ ਆਉਂਦੀਆਂ ਹਨ। ਮੈਂ ਪੰਜਾਬ ਵਿੱਚ ਕਈ ਸਿੱਖਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਹੁਣ ਪੰਜਾਬ ਵਿੱਚ ਤਾਂ ਸਿੱਖੀ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ ਪਰੰਤੂ ਵਿਦੇਸ਼ਾਂ ਵਿੱਚ ਪ੍ਰਫੁਲਿਤ ਹੋ ਰਹੀ ਹੈ। ਕਈ ਇਹ ਵੀ ਕਹਿ ਰਹੇ ਹਨ ਕਿ ਵਿਦੇਸ਼ਾਂ ਤੋਂ ਆ ਕੇ ਸਿੱਖੀ ਪੰਜਾਬ ਵਿੱਚ ਸਿੱਖੀ ਨੂੰ ਸੁਰਜੀਤ ਕਰੇਗੀ। ਇਹ ਦਾਅਵਾ ਗ਼ੈਰ ਵਿਗਿਆਨਕ ਹੈ। ਇਤਿਹਾਸਕ ਤੌਰ ’ਤੇ ਸਿੱਖ ਧਰਮ ਦਾ ਵਿਕਾਸ ਮੁੱਖ ਤੌਰ ’ਤੇ ਪੰਜਾਬ ਵਿੱਚ ਹੀ ਹੋਇਆ ਹੈ। ਪੰਜਾਬ ਦੇ ਚੱਪੇ ਚੱਪੇ ’ਤੇ ਸਿੱਖਾਂ ਦੀ ਇਤਿਹਾਸਕ ਪਹਿਚਾਣ ਵਿਕਸਿਤ ਕਰਨ ਲਈ ਬਹੁਤ ਸੰਘਰਸ਼ ਹੋਇਆ ਹੈ। ਪੰਜਾਬ ਦੇ ਚੱਪੇ ਚੱਪੇ ’ਤੇ ਆਪਣੀ ਇਤਿਹਾਸਕ ਪਹਿਚਾਣ ਸਥਾਪਤ ਕਰਨ ਲਈ ਸਿੱਖਾਂ ਨੂੰ ਬਹੁਤ ਲਹੂ ਵਹਾਉਣਾ ਪਿਆ ਹੈ।
ਕੀ ਵਿਦੇਸ਼ਾਂ ਵਿੱਚ ਅਜਿਹਾ ਸੰਭਵ ਹੈ? ਸਾਨੂੰ ਬਾਹਰਲੀ ਦਿੱਖ ਤੋਂ ਅੰਦਰੂਨੀ ਤੱਤ ਨਹੀਂ ਸਮਝ ਲੈਣਾ ਚਾਹੀਦਾ। ਅਸੀਂ ਜਲਸੇ, ਜਲੂਸਾਂ ਅਤੇ ਮੇਲਿਆਂ ਤੋਂ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਪੰਜਾਬੀ ਜਾਂ ਸਿੱਖ ਸਭਿਆਚਾਰ ਬਹੁਤ ਪ੍ਰਫੁਲਿਤ ਹੋ ਰਿਹਾ ਹੈ। ਆਖਰ ਵਿੱਚ ਕਸੌਟੀ ਇਹ ਹੈ ਕਿ ਉਥੋਂ ਦੇ ਪੰਜਾਬੀਆਂ ਜਾਂ ਸਿੱਖਾਂ ਦੀ ਵੱਡੀ ਬਹੁਗਿਣਤੀ ਦਾ ਰੋਜ਼ਾਨਾ ਜੀਵਨ ਕੀ ਉਥੋਂ ਦੀ ਵਸੋਂ ਦੀ ਬਹੁਗਿਣਤੀ ਨਾਲੋਂ ਬੁਨਿਆਦੀ ਤੌਰ ’ਤੇ ਵੱਖਰਾ ਹੈ। ਸਿਰਫ਼ ਪਹਿਲੀ ਪੀੜੀ ਦੇ ਪਰਵਾਸੀਆਂ ਦਾ ਰੋਜ਼ਾਨਾ ਜੀਵਨ ਉਥੋਂ ਦੀ ਬਹੁਗਿਣਤੀ ਨਾਲੋਂ ਵੱਖਰਾ ਕਿਹਾ ਜਾ ਸਕਦਾ ਹੈ। ਦੂਜੀ ਅਤੇ ਤੀਜੀ ਪੀੜੀ ਦਾ ਰੋਜ਼ਾਨਾ ਜੀਵਨ ਉਥੋਂ ਦੀ ਬਹੁਗਿਣਤੀ ਨਾਲੋਂ ਬੁਨਿਆਦੀ ਤੌਰ ’ਤੇ ਵੱਖਰਾ ਨਹੀਂ ਹੈ। ਦੂਜੇ ਸ਼ਬਦਾਂ ਵਿੱਚ ਉਹ ਬਹੁਗਿਣਤੀ ਦੇ ਸਭਿਆਚਾਰ ਵਿੱਚ ਪੂਰੀ ਤਰ੍ਹਾਂ ਜਜ਼ਬ ਹੋ ਜਾਂਦੇ ਹਨ।
ਸਾਂਝੇ ਰਿਸ਼ਤੇ ਵੀ ਟੁੱਟ ਰਹੇ ਹਨ। ਸਾਡੇ ਰਿਸ਼ਤੇ ਪਹਿਲੇ ਵਰਗੇ ਨਹੀਂ ਰਹੇ। ਇਹ ਸੱਚਾਈ ਤਾਂ ਬਹੁਤ ਲੋਕ ਮਹਿਸੂਸ ਕਰ ਰਹੇ ਹਨ ਕਿ ਹੁਣ ਰਿਸ਼ਤੇ ਪਹਿਲੇ ਵਰਗੇ ਨਹੀਂ ਰਹੇ ਅਤੇ ਜ਼ਿਆਦਾਤਰ ਪੈਸੇ ਤੋਂ ਪ੍ਰਭਾਵਿੱਤ ਹਨ। ਪਰਿਵਾਰਕ ਢਾਂਚਾ ਤਿੜਕਣ ਦਾ ਇਕ ਹੋਰ ਵੱਡਾ ਸਬੁੂਤ ਪੰਜਾਬੀਆਂ ਵਿੱਚ ਵੱਧ ਰਿਹਾ ਡਾਈਵੋਰਸ (ਤਲਾਕ) ਹੈ। ਇਸ ਗੱਲ ਦੀ ਪੁਸ਼ਟੀ ਪੰਜਾਬ ਵਿੱਚ ਵੀ ਅਤੇ ਵਿਦੇਸ਼ਾਂ ਵਿੱਚ ਹੋ ਸਕਦੀ ਹੈ। ਕੁੱਝ ਲੋਕਾਂ ਦਾ ਪ੍ਰਭਾਵ ਹੈ ਕਿ ਕੈਨੇਡਾ ਵਿੱਚ ਪੰਜਾਬੀਆਂ ਦੇ ਗੋਰਿਆਂ ਨਾਲੋਂ ਵੀ ਜ਼ਿਆਦਾ ਡਾਈਵੋਰਸ ਹੋ ਰਹੇ ਹਨ। ਭਾਰਤ ਵਿੱਚ ਸਿੱਖਾਂ ਵਿੱਚ ਡਾਈਵੋਰਸ ਬਾਕੀ ਸਭ ਧਰਮਾਂ ਦੀ ਤੁਲਨਾ ਵਿੱਚ ਜ਼ਿਆਦਾ ਹੈ।
ਸੱਚ ਤਾਂ ਇਹ ਹੈ ਕਿ ਜੋ ਪੰਜਾਬੀ ਸਭਿਆਚਾਰ ਦਾ ਪਸਾਰ ਅਸੀਂ ਸਾਰੇ ਸੰਸਾਰ ਵਿੱਚ ਦੇਖ ਰਹੇ ਹਾਂ, ਉਸ ਦੀਆਂ ਜੜ੍ਹਾਂ ਹਾਲੇ ਵੀ ਪੰਜਾਬ ਵਿਚ ਹਨ ਅਤੇ ਬਾਕੀ ਸੰਸਾਰ ਵਿੱਚ ਅਸੀਂ ਪੰਜਾਬੀ ਸਭਿਆਚਾਰ ਦੀਆਂ ਟਾਹਣੀਆਂ ਅਤੇ ਪੱਤੇ ਦੇਖ ਰਹੇ ਹਾਂ। ਜੜ੍ਹ ਦੇ ਸੁੱਕਣ ਨਾਲ ਟਾਹਣੀਆਂ ਅਤੇ ਪੱਤੇ ਵੀ ਸੁੱਕ ਜਾਂਦੇ ਹਨ, ਟਾਹਣੀਆਂ ਅਤੇ ਪੱਤੇ ਜੜ੍ਹ ਨੂੰ ਹਰਾ ਨਹੀਂ ਰੱਖ ਸਕਦੇ। ਅੱਜ ਪੰਜਾਬ ਵਿੱਚੋਂ ਹੀ ਪੰਜਾਬੀ ਸਭਿਆਚਾਰ ਦੀ ਜੜ੍ਹ ਪੁੱਟੇ ਜਾਣ ਦਾ ਖ਼ਤਰਾ ਪੈਦਾ ਹੋ ਚੁੱਕਾ ਹੈ। ਜੇ ਅਜਿਹਾ ਹੋ ਗਿਆ ਤਾਂ ਗਲੋਬਲ ਪੰਜਾਬੀ ਸਭਿਆਚਾਰ ਵਿਕਸਿਤ ਹੋਣ ਦੇ ਦਾਅਵੇ ਖੋਖਲੇ ਸਾਬਤ ਹੋ ਜਾਣਗੇ। ਜੇ ਪੰਜਾਬੀਆਂ ਦੇ ਆਪਣੀਆਂ ਤਿੰਨੋਂ ਮਾਵਾਂ ਨਾਲੋਂ ਟੁੱਟਣ ਦਾ ਰੁਝਾਨ ਜਾਰੀ ਰਿਹਾ ਤਾਂ ਪੰਜਾਬ ਵਿੱਚੋਂ ਸਾਡੀਆਂ ਸਭਿਆਚਾਰਕ ਜੜ੍ਹਾਂ ਦਾ ਪੁੱਟੇ ਜਾਣਾ ਵੀ ਲਾਜ਼ਮੀ ਹੈ।
ਡਾ. ਸਵਰਾਜ ਸਿੰਘ
-ਮੋਬਾ: 98153 08460

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ