Wednesday, January 22, 2025  

ਲੇਖ

ਲਾਸਾਨੀ ਸ਼ਹੀਦ ਭਾਈ ਮਨੀ ਸਿੰਘ ਨੂੰ ਯਾਦ ਕਰਦਿਆਂ...

April 19, 2024

ਸਿੱਖ ਧਰਮ ਦਾ ਇਤਿਹਾਸ ਲਹੂ ਦੀ ਸਿਆਹੀ ਨਾਲ ਲਿਖਿਆ ਗਿਆ ਹੈ ਕਿਉਂਕਿ ਸੱਚੇ ਧਰਮ ਦੀ ਸਥਾਪਨਾ ਲਈ ਜੋ ਔਕੜਾਂ ਸਿੱਖਾਂ ਨੂੰ ਸਹਿਣੀਆਂ ਪਈਆਂ, ਅਤੇ ਜਿਸ ਉਤਸ਼ਾਹ ਅਤੇ ਚਾਅ ਨਾਲ ਸਿੱਖ ਦੇਸ਼ ਅਤੇ ਧਰਮ ਤੋਂ ਕੁਰਬਾਨ ਹੋਏ, ਸ਼ਾਇਦ ਉਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚੋਂ ਲੱਭਣੀ ਮੁਸ਼ਕਿਲ ਹੋਵੇ। ਭਾਈ ਮਨੀ ਸਿੰਘ ਸਿੱਖ ਸ਼ਹੀਦਾਂ ਦੀ ਮਾਲਾ ਦਾ ਇੱਕ ਅਦੁੱਤੀ ਮੋਤੀ ਹੈ ਜਿਸ ਨੇ ਆਪਣੇ ਬੰਦ ਬੰਦ ਕਟਵਾ ਕੇ ਸੰਕਟ-ਕਾਲ ਵਿੱਚ ਸਿੱਖ ਧਰਮ ਦੀ ਸ਼ਾਨ ਅਤੇ ਗੌਰਵ ਨੂੰ ਕਾਇਮ ਰੱਖਿਆ। ਭਾਈ ਮਨੀ ਸਿੰਘ ਦਾ ਚਰਿੱਤਰ ਆਤਮ-ਉਤਸਰਗੀ ਸਾਧਕਾਂ ਅਤੇ ਧਰਮ ਦੇ ਜਿਗਿਆਸੂਆਂ ਲਈ ਇੱਕ ਚਾਨਣ ਮੁਨਾਰਾ ਹੈ, ਜਿਸ ਦੀਆਂ ਚਰਿੱਤਰਗਤ ਵਿਸ਼ਿਸ਼ਟਤਾਵਾਂ ਦਾ ਅਨੁਕਰਣ ਕਰਕੇ ਕੋਈ ਵੀ ਧਰਮ-ਸਾਧਕ ਧੰਨ ਹੋ ਸਕਦਾ ਹੈ।
ਭਾਈ ਮਨੀ ਸਿੰਘ ਜੀ ਦਾ ਜਨਮ ਸੁਨਾਮ ਦੇ ਨੇੜੇ ਪਿੰਡ ਕੈਬੋਵਾਲ, 1701 ਬਿ. ਨੂੰ ਐਤਵਾਰ ਚੇਤਰ ਸੁਦੀ ਬਾਰ੍ਹਵੀਂ (10 ਮਾਰਚ 1662 ਈ. )ਨੂੰ ਮਾਈ ਦਾਸ ਤੇ ਮਾਤਾ ਮਧੁਰੀ ਬਾਈ ਦੇ ਗ੍ਰਹਿ ਵਿੱਚ ਹੋਇਆ।ਮਾਤਾ ਪਿਤਾ ਨੇ ਇਨ੍ਹਾਂ ਦਾ ਨਾਮ ਮਨੀਆ ਰਖ ਦਿੱਤਾ। ਆਪ ਦੇ ਵੱਡੇ ਵਡੇਰੇ ਮੁਗਲਾਂ ਦੀ ਨੌਕਰੀ ਕਰਦੇ ਸਨ ਜੋ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਸਿੱਖ ਹੋਏ ਤੇ ਉਨ੍ਹਾਂ ਦੀ ਸੇਵਾ ਵਿੱਚ ਰਹਿਣ ਲੱਗੇ। ਆਪ ਦੇੇ ਦਾਦਾ ਜੋ ਬਹੁਤ ਸੂਰਬੀਰ ਯੋਧਾ ਸਨ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਦੇ ਜਰਨੈਲ ਰਹਿ ਚੁੱਕੇ ਸਨ। ਭਾਈ ਮਨੀ ਸਿੰਘ, ਕੁਲ ਮਿਲਾ ਕੇ 12 ਭਰਾ ਸੀ। ਜਿਨ੍ਹਾਂ ਵਿੱਚੋਂ ਇੱਕ ਦੀ ਬਚਪਨ ਵਿੱਚ ਹੀ ਮੌਤ ਹੋ ਗਈ, ਗਿਆਰਾਂ ਭਰਾ ਪੰਥ ਲਈ ਸ਼ਹੀਦ ਹੋਏ ਜਿਨ੍ਹਾਂ ਵਿੱਚੋਂ ਇੱਕ ਭਾਈ ਦਿਆਲਾ ਚਾਂਦਨੀ ਚੌਂਕ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸ਼ਹੀਦ ਹੋਇਆ। ਇਹ ਪਰਿਵਾਰ ਸ਼ਹੀਦਾਂ ਦਾ ਪਰਿਵਾਰ ਕਿਹਾ ਜਾਂਦਾ ਹੈ ਕਿਉਂਕਿ ਇਕੱਲੇ ਭਾਈ ਮਨੀ ਸਿੰਘ ਦੇ ਪਰਿਵਾਰ ਵਿੱਚ ਭਾਈ ਮਨੀ ਸਿੰਘ ਜੀ ਦਾ ਦਾਦਾ ਸ਼ਹੀਦ, ਉਨ੍ਹਾਂ ਸਮੇਤ ਇਹ 11 ਭਰਾ ਸਹੀਦ, 10 ਪੁੱਤਰਾਂ ਵਿੱਚੋਂ 7 ਪੁਤਰ ਤੇ ਅਗੋਂ ਭਰਾਵਾਂ ਦੇ ਪੁੱਤਰ ਕੁਲ ਮਿਲਾ 29 ਸ਼ਹੀਦ ਹੋਏ ਹਨ।
13 ਵਰਿ੍ਹਆਂ ਦੀ ਆਯੂ ਵਿੱਚ ਮਨੀ ਸਿੰਘ ਆਪਣੇ ਪਿਤਾ ਦੇ ਸੰਗ ਸੱਤਵੇਂ ਗੁਰੂ ਹਰਿ ਰਾਇ ਸਾਹਿਬ ਦੇ ਦਰਸ਼ਨ ਲਈ ਕੀਰਤਪੁਰ ਆਏ ਤੇ ਗੁਰੂ ਦਰਬਾਰ ਵਿੱਚ ਦੋ ਵਰ੍ਹੇ ਰਹੇ। ਸਾਰਮੌਰ (ਸਿਰਮੌਰ) ਦੇ ਰਾਜੇ ਫਤਹ ਸ਼ਾਹ ਨੇ 1745 ਬਿ. (ਸੰਨ 1688) ਦੇ 18 ਅਸੂ ਨੂੰ ਗੁਰੂ ਜੀ ਉਪਰ ਧਾਵਾ ਕੀਤਾ ਤਾਂ ਗੁਰੂ ਜੀ ਦੇ ਜਿਨ੍ਹਾਂ ਨਾਮੀ ਸਿੱਖਾਂ ਨੇ ਇਸ ਭੰਗਾਣੀ ਦੇ ਪ੍ਰਸਿੱਧ ਯੁੱਧ ਵਿੱਚ ਹਿੱਸਾ ਲਿਆ, ਉਨ੍ਹਾਂ ਵਿੱਚ ਭਾਈ ਮਨੀ ਸਿੰਘ ਦਾ ਨਾਂ ਵਿਸ਼ੇਸ਼ ਉਲੇਖਯੋਗ ਹੈ।
ਕਹਿਲੂਰ ਦੇ ਰਾਜੇ ਭੀਮ ਚੰਦ ਨੇ ਸੰਕਟ ਬਣਨ ‘ਤੇ ਗੁਰੂ ਜੀ ਨੂੰ ਸਹਾਇਤਾ ਦੇਣ ਦੀ ਪ੍ਰਾਰਥਨਾ ਕੀਤੀ। ਗੁਰੂ ਜੀ ਨਦੌਣ ਸਾਹਿਬ ਲਈ ਗਏ। ਸੰਮਤ 1747 ਸੰਨ 1691 ਦੇ ਚੇਤਰ ਮਹੀਨੇ ਦੀ 22 ਨੂੰ ਹੋਏ ਨਦੌਣ ਯੁੱਧ ਵਿੱਚ ਭਾਈ ਮਨੀ ਸਿੰਘ ਸਮੇਤ ਚੋਣਵੇਂ ਸਿੱਖ ਸ਼ਾਮਲ ਹੋਏ। ਨਦੌਣੋਂ ਪਰਤਣ ‘ਤੇ ਭਾਈ ਮਨੀ ਸਿੰਘ ਦੇ ਸਿੱਖੀ ਸਿਦਕ ਤੋਂ ਪ੍ਰਸੰਨ ਹੋ ਕੇ ਦਸਮ ਗੁਰੂ ਜੀ ਨੇ ਭਾਈ ਮਨੀ ਸਿੰਘ ਨੂੰ ਗੁਰੂ ਦਰਬਾਰ ਦੀ ਦੀਵਾਨਗੀ ਦੀ ਪਦਵੀ ਬਖਸ਼ੀ।
ਸੰਮਤ 1783 ਦੀ ਵਿਸਾਖੀ ਨੂੰ ਗੁਰੂ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਉਸ ਸਮੇਂ ਭਾਈ ਮਨੀ ਸਿੰਘ ਦੇ ਨਾਲ ਉਨ੍ਹਾਂ ਦੇ ਦੋ ਭਰਾਵਾਂ ਤੇ ਪੰਜ ਪੁੱਤਰਾਂ ਨੇ ਅੰਮ੍ਰਿਤ ਪਾਨ ਕੀਤਾ ਤੇ ਉਹ ਮਨੀ ਰਾਮ ਤੋਂ ਮਨੀ ਸਿੰਘ ਬਣ ਗਏ।ਸੰਮਤ 1752 ਬਿ. (1695 ਈ.) ਵਿੱਚ ਹੁਸੈਨ ਖ਼ਾਨ ਨਾਲ ਹੋਏ ਯੁੱਧ ਵਿੱਚ ਗੁਰੂ ਜੀ ਦੇ ਨਾਲ ਆਪ ਨੇ ਵੀ ਜੌਹਰ ਦਿਖਾਏ।
ਦਰਬਾਰ ਸਾਹਿਬ ਅੰਮ੍ਰਿਤਸਰ ਕੁਝ ਸਾਲਾਂ ਬਾਅਦ ਜਦ ਸੋਢੀ ਹਰਿ ਜੀ ਦੀ ਮੌਤ ਹੋ ਗਈ ਤਾਂ ਉਸਦਾ ਪੁੱਤਰ ਸੋਢੀ ਨਿਰੰਜਨ ਰਾਇ ਗੱਦੀ ‘ਤੇ ਬੈਠਾ ।ਉਸ ਦੀ ਸ਼ਕਾਇਤ ਸੰਗਤ ਨੇ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਸਾਹਿਬ ਆ ਕੀਤੀ। ਸਿੱਟੇ ਵਜੋਂ ਗੁਰੂ ਜੀ ਨੇ ਅਕਾਲ ਬੁੰਗੇ ਅਤੇ ਹਰਿਮੰਦਰ ਸਾਹਿਬ ਦੀ ਸੇਵਾ ਕਰਨ ਲਈ ਆਪ ਨੂੰ ਪੰਜ ਸਿਦਕੀ ਸਿੰਘਾਂ-ਭਪਤਿ ਸਿੰਘ, ਗੁਲਜ਼ਾਰ ਸਿੰਘ, ਕੋਇਰ ਸਿੰਘ, ਦਾਨ ਸਿੰਘ ਅਤੇ ਕੀਰਤ ਸਿੰਘ-ਸਹਿਤ ਸੰਗਤ ਨਾਲ ਅੰਮ੍ਰਿਤਸਰ ਦੀ ਵਿਵਸਥਾ ਠੀਕ ਕਰਨ ਲਈ ਭੇਜਿਆ।ਆਪ ਨੇ ਅੰਮ੍ਰਿਤਸਰ ਪਹੁੰਚ ਕੇ ਮੀਣਿਆਂ ਵਲੋਂ ਪਾਈਆਂ ਕੁਪ੍ਰਥਾਵਾਂ ਨੂੰ ਦੂਰ ਕੀਤਾ ਅਤੇ ਸਿੱਖੀ ਦੀ ਮਰਯਾਦਾ ਨੂੰ ਫਿਰ ਤੋਂ ਭਰਪੂਰ ਰੂਪ ਵਿੱਚ ਪ੍ਰਚੱਲਿਤ ਕੀਤਾ।
ਬੰਦਾ ਬਹਾਦਰ ਦੀ ਸ਼ਹੀਦੀ ਤੋਂ ਛੇ ਸਾਲ ਪਿੱਛੋਂ ਸਿੱਖਾਂ ਦੇ ਦੋ ਧੜੇ ਬਣ ਗਏ। ਇੱਕ ਧੜਾ ਅਕਾਲ ਪੁਰਖੀਆਂ (ਤੱਤ ਖਾਲਸਾ-ਨਿਹੰਗ ਸਿੰਘਾਂ) ਦਾ ਸੀ ਜੋ ਦਸਮ ਪਾਤਸ਼ਾਹ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਸੀ। ਦੂਜਾ ਧੜਾ ਬੰਦਈ ਖਾਲਸਾ ਸੀ ਜੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਗਿਆਰਵਾਂ ਗੁਰੂ ਮੰਨਦਾ ਸੀ ਤੇ ਉਸ ਸਮੇਂ ਇਸ ਧੜੇ ਦਾ ਨੇਤਾ ਮਹੰਤ ਅਮਰ ਸਿੰਘ ਖੇਮਕਰਨੀਆਂ ਸੀ।ਭਾਈ ਮਨੀ ਸਿੰਘ ਨੇ ਦੋਹਾਂ ਧੜਿਆਂ ਵਿੱਚ ਏਕਤਾ ਕਰਵਾ ਦਿੱਤੀ।
ਸੰਮਤ 1790 ਬਿ. (1733 ਈ.) ਦੀ ਦੀਵਾਲੀ ਦਾ ਪੁਰਬ ਨੇੜੇ ਆ ਚੁੱਕਾ ਸੀ। ਉਸ ਨੂੰ ਮਨਾਉਣ ਲਈ ਲਾਹੌਰ ਦੇ ਨਾਮੀ ਸਿੰਘਾਂ ਸੂਬਦਾਰ (ਜ਼ਕਰੀਆ ਖਾਨ) ਨਾਲ ਗੱਲ ਤੋਰੀ।ਉਸ ਨੇ ਮੇਲੇ ਦੀ ਇਜਾਜ਼ਤ ਦੇਣ ਬਦਲੇ ਜਜ਼ੀਆ (ਕਰ) ਮੰਗਿਆ। ਭਾਈ ਸਾਹਿਬ ਜਜ਼ੀਏ ਦੀ ਰਕਮ ਮੇਲੇ ਉਪਰੰਤ ਦੇਣੀ ਪੱਕੀ ਕਰਕੇ ਵਾਪਸ ਅੰਮ੍ਰਿਤਸਰ ਪਰਤੇ। ਚਿੱਠੀਆਂ ਰਾਹੀਂ ਸਾਰੇ ਸਿੱਖਾਂ ਨੂੰ ਸ਼ਾਮਲ ਹੋਣ ਲਈ ਸਦਾ ਪੱਤਰ ਭੇਜੇ ਗਏ। ਇਧਰ ਮੀਣਿਆਂ ਨੇ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀਆਂ ਗੋਂਦਾਂ ਗੁੰਦੀਆਂ ਅਤੇ ਸੂਬੇ ਨੂੰ ਉਕਸਾਇਆ।

ਲਾਹੌਰ ਨਿਵਾਸੀ ਸਿੰਘਾਂ ਨੂੰ ਸਾਰੀ ਸਾਜ਼ਿਸ਼ ਦਾ ਪਤਾ ਲੱਗਣ ‘ਤੇ ਉਨ੍ਹਾਂ ਨੇ ਭਾਈ ਮਨੀ ਸਿੰਘ ਨੂੰ ਤੁਰੰਤ ਸੂਚਿਤ ਕੀਤਾ। ਆਪ ਨੇ ਤੁਰੰਤ ਚਿੱਠੀਆਂ ਲਿਖਕੇ ਸਿੰਘਾਂ ਨੂੰ ਅੰਮ੍ਰਿਤਸਰ ਆਉਣ ਤੋਂ ਵਰਜ ਦਿੱਤਾ। ਫਲਸਰੂਪ, ਦਰਬਾਰ ਸਾਹਿਬ ਵਿੱਚ ਚੜ੍ਹਤ ਬਹੁਤ ਘਟ ਚੜ੍ਹੀ, ਜਿਸ ਕਰਕੇ ਕਰ ਦੀ ਰਕਮ ਅਦਾ ਨਾ ਕੀਤੀ ਜਾ ਸਕੀ।
ਸੂਬੇ ਨੂੰ ਕਰ ਨਾ ਮਿਲਣ ਕਾਰਨ ਉਸ ਨੇ ਭਾਈ ਮਨੀ ਸਿੰਘ ਦੀ ਜਵਾਬ-ਤਲਬੀ ਕੀਤੀ। ਭਾਈ ਮਨੀ ਸਿੰਘ ਨੇ ਸਥਿਤੀ ਸਪੱਸ਼ਟ ਕਰਨ ਲਈ ਭਾਈ ਭੂਪਤਿ ਸਿੰਘ ਅਤੇ ਭਾਈ ਗੁਲਜ਼ਾਰਾ ਸਿੰਘ ਨੂੰ ਲਾਹੌਰ ਭੇਜਿਆ। ਇਨ੍ਹਾਂ ਨੇ ਸਾਰਾ ਕੁਝ ਦਸਿਆ ਤੇ ਇਹ ਰਕਮ ਵਿਸਾਖੀ ਪੁਰਬ ‘ਤੇ ਦੇਣ ਦਾ ਵਾਅਦਾ ਕੀਤਾ।ਸੂਬੇ ਨੇ ਕੁਰਾਨ ਦੀ ਕਸਮ ਚੁੱਕ ਕੇ ਪਰਸਪਰ ਮੇਲ ਅਤੇ ਸ਼ਾਂਤੀ ਦਾ ਵਿਸ਼ਵਾਸ ਦਿਵਾਇਆ। ਸਿੰਘਾਂ ਨੇ ਦਸ ਦਿਨਾਂ ਲਈ ਵਿਸਾਖੀ ਦਾ ਪੁਰਬ ਮਨਾਉਣ ਲਈ ਦਸ ਹਜ਼ਾਰ ਰੁਪਏ ਦੇਣੇ ਕਰਕੇ ਪ੍ਰਵਾਨਗੀ ਲਿਖਤੀ ਰੂਪ ਵਿੱਚ ਪ੍ਰਾਪਤ ਕਰ ਲਈ। ਦੋਹਾਂ ਸਿੰਘਾਂ ਨੇ ਪਰਤ ਕੇ ਸਾਰੀ ਗੱਲ ਭਾਈ ਮਨੀ ਸਿੰਘ ਨੂੰ ਦੱਸੀ।
ਵਿਸਾਖੀ ਦਾ ਪੁਰਬ ਆ ਗਿਆ। ਜੁਝਾਰੂ ਖਾਲਸਾ ਦੂਰ ਰਿਹਾ ਕਿਉਂਕਿ ਭਾਈ ਮਨੀ ਸਿੰਘ ਨੂੰ ਪਹਿਲਾਂ ਹੀ ਖਬਰ ਮਿਲ ਚੁੱਕੀ ਸੀ ਕਿ ਲਖੂ (ਲਖਪਤ ਰਾਇ) ਨਾਂ ਦੇ ਵਜ਼ੀਰ ਨੂੰ ਲਾਹੌਰ ਦੇ ਸੂਬੇ ਨੇ ਸਿੱਖਾਂ ਨੂੰ ਕੁਚਲਣ ਲਈ ਫੌਜ ਸਹਿਤ ਰਾਮ ਤੀਰਥ ਠਹਿਰਾ ਰਖਿਆ ਸੀ। ਪਰ ਸਿੰਘਾਂ ਦੇ ਨਾ ਆਉਣ ਕਰਕੇ ਹਾਕਮਾਂ ਦੀ ਸਾਰੀ ਸਾਜ਼ਿਸ਼ ਵਿਅਰਥ ਸਿੱਧ ਹੋਈ। ਇਸ ‘ਤੇ ਸਭ ਵੈਰੀਆਂ ਨੇ ਰਲ ਕੇ ਸੂਬੇ ਦੇ ਕੰਨ ਭਰੇ ਕਿ ਬੁਕਲ ਦੇ ਸੱਪ ਵਰਗੇ ਸਿੱਖਾਂ ਦੇ ਮੁਖੀਏ ਭਾਈ ਮਨੀ ਸਿੰਘ ਨੂੰ ਜਲਦੀ ਖਤਮ ਕਰਨਾ ਚਾਹੀਦਾ ਹੈ। ਫਲਸਰੂਪ ਲਾਹੌਰ ਦੀ ਫੌਜ ਨੇ ਅੰਮ੍ਰਿਤਸਰ ਨੂੰ ਘੇਰ ਲਿਆ ਅਤੇ ਭਾਈ ਮਨੀ ਸਿੰਘ ਆਦਿ ਨਾਮੀ ਸਿੱਖਾਂ ਨੂੰ ਫੜ ਕੇ ਲਾਹੌਰ ਲੈ ਗਏ। ਇਸ ਤੋਂ ਇਲਾਵਾ ਹੋਰ ਨੇੜੇ ਤੇੜੇ ਦੇ ਸਿੱਖ ਵੀ ਫੜ ਲਏ ਗਏ ਅਤੇ ਸਭ ਸਿੱਖਾਂ ਦੇ ਘਰ ਬਾਰ ਲੁਟ ਲਏ ਗਏ।ਸਭ ਪਾਸੇ ਹਾਹਾਕਾਰ ਮਚ ਗਿਆ। ਸਥਿਤੀ ਅਨੁਕੂਲ ਨਾ ਵੇਖ ਕੇ ਸੁਖਾ ਸਿੰਘ ਵਰਗੇ ਜੁਝਾਰੂ ਸਿੰਘ ਜੈਪੁਰ ਵੱਲ ਚਲ ਗਏ। ਲਾਹੌਰ ਦੇ ਸੂਬੇ ਨੇ ਅੰਮ੍ਰਿਤ ਸਰੋਵਰ ਮਿੱਟੀ, ਹੱਡ, ਚੰਮ ਆਦਿ ਨਾਲ ਪੂਰ ਦਿੱਤਾ।
ਲਾਹੌਰ ਦੇ ਜ਼ੇਲਖਾਨੇ ਵਿੱਚ ਭਾਈ ਮਨੀ ਸਿੰਘ ਸਿੰਘਾਂ ਨੂੰ ਨਿੱਤਪਿ੍ਰਤ ਕਥਾ ਸੁਣਾਂਦੇ ਰਹੇ। ਸੂਬੇ ਨੇ ਭਾਈ ਮਨੀ ਸਿੰਘ ਨੂੰ ਬੁਲਾ ਕੇ ਕਿਹਾ ਕਿ ਉਸ ਪਾਸ ਨਿੱਤ ਸਿੱਖ ਆਂਉਂਦੇ ਜਾਂਦੇ ਰਹਿੰਦੇ ਹਨ, ਉਹ ਉਨ੍ਹਾਂ ਸਾਰਿਆਂ ਨੂੰ ਪਕੜਾ ਦੇਵੇ ਨਹੀਂ ਤਾਂ ਉਸ ਦੀ ਆਪਣੀ ਸ਼ਾਮਤ ਆਵੇਗੀ। ਪਰ ਭਾਈ ਮਨੀ ਸਿੰਘ ਨੇ ਰੋਹ ਵਿੱਚ ਆ ਕੇ ਕਿਹਾ :-
ਮਨੀ ਸਿੰਘ ਤਬ ਇਮ ਕਹਿਯੋ : ‘ਸੁਣੇ ਬਹਾਦਰ ਖਾਨ।ਨਿਸ ਦਿਨ ਬੋਲੋਂ ਝੂਠ ਤਉਂ, ਖਾ ਕੇ ਕਸਮ ਕੁਰਾਨ।198।
ਝੂਠ ਬੋਲਣਾ ਖਾਨ ਜੀ।ਨਹਿ ਸਿੰਘਨ ਕਾ ਕਾਮ।ਕੱਟ ਜਾਏ ਅੰਗ ਅੰਗ ਭੀ, ਦੇਣਾ ਦਗਾ ਹਰਾਮ।199।
ਹੋਰਨਾਂ ਮੁੱਖੀ ਸਿੰਘਾਂ ਨੇ ਵੀ ਡੱਟ ਕੇ ਭਾਈ ਮਨੀ ਸਿੰਘ ਦਾ ਸਾਥ ਦਿੱਤਾ। ਸੂਬੇ ਨੇ ਭਾਈ ਗੁਲਜ਼ਾਰ ਸਿੰਘ, ਭਾਈ ਭੂਪਤਿ ਸਿੰਘ, ਭਾਈ ਮੁਹਕਮ ਸਿੰਘ, ਭਾਈ ਚੈਨ ਸਿੰਘ, ਭਾਈ ਕੀਰਤ ਸਿੰਘ, ਭਾਈ ਆਲਮ ਸਿੰਘ, ਭਾਈ ਅਉਲੀਆ ਸਿੰਘ, ਭਾਈ ਸੰਗਤ ਸਿੰਘ, ਭਾਈ ਕਾਨ੍ਹ ਸਿੰਘ ਆਦਿਕ ਮੁੱਖੀ ਸਿੰਘਾਂ ਨੂੰ ਭਾਈ ਮਨੀ ਸਿੰਘ ਸਹਿਤ ਬਹੁਤ ਕਸ਼ਟ ਅਤੇ ਦੁੱਖ ਦਿੱਤੇ ਅਤੇ ਅੰਤ ਸੰਮਤ 1791 (1734 ਈ.) ਹਾੜ ਸੁਦੀ ਪੰਚਮੀ ਨੂੰ ਭਾਈ ਮਨੀ ਸਿੰਘ ਨੂੰ ਹੋਰ ਸਿੰਘਾਂ ਸਹਿਤ ਨਿਖਾਸ ਚੌਂਕ (ਜਿਥੇ ਹੁਣ ਗੁਰਦੁਆਰਾ ਸ਼ਹੀਦ ਗੰਜ ਹੈ), ਵਿੱਚ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ।
ਇਸ ਤਰ੍ਹਾਂ ਭਾਈ ਮਨੀ ਸਿੰਘ ਨੇ 90 ਵਰਿ੍ਹਆਂ ਦੀ ਉਮਰ ਵਿੱਚ ਬੰਦ ਬੰਦ ਕਟਵਾਕੇ ਆਪਣੀ ਸ਼ਹਾਦਤ ਦਿੱਤੀ। ਭਾਈ ਮਨੀ ਸਿੰਘ ਦੇ ਸੰਮਤ 1791 (1734) ਈ. ਵਿੱਚ ਬੰਦ ਬੰਦ ਕੱਟੇ ਜਾਣ ਦੀ ਘਟਨਾ ਨਾਲ ਲਗਭਗ ਸਾਰੇ ਇਤਿਹਾਸਕਾਰ ਅਤੇ ਭੱਟ-ਵਹੀਆਂ ਸਹਿਮਤ ਹਨ।
ਡਾ. ਚਰਨਜੀਤ ਸਿੰਘ ਗੁਮਟਾਲਾ
-ਮੋਬਾ: 94175 33060

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ