ਇਨਕਲਾਬ ਦੀ ਗੱਲ ਕਰਨ ਵਾਲੇ ਬਹੁਤ ਸਾਰੇ ਲੋਕ ਕਵੀਆਂ ਨੇ ਕਲਮ ਉਠਾਈ। ਆਪਣਾ ਆਪ ਸਮਾਜ ਲਈ ਵਾਰ ਦੇਣਾ ਕੋਈ ਸੌਖੀ ਗੱਲ ਨਹੀਂ। ਲੋਕਾਂ ਦਾ ਆਗੂ ਬਣਕੇ ਸੁੱਤੀ ਦੁਨੀਆਂ ਨੂੰ ਜਗਾਉਣ ਤੇ ਇਨਕਲਾਬ ਦੇ ਰਾਹ ਤੋਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਅਜਿਹੇ ਕਵੀਆਂ ਦੀ ਲਾਇਨ ਵਿੱਚ ਦਰਸ਼ਨ ਸਿੰਘ ਅਵਾਰਾ, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਅਵਤਾਰ ਸਿੰਘ ਸੰਧੂ ਉਰਫ ਪਾਸ਼ ਆਦਿ ਦੇ ਨਾਂ ਉੱਪਰਲੀ ਕਤਾਰ ਵਿੱਚ ਆਉਂਦੇ ਹਨ। ਸਭ ਤੋਂ ਉੱਪਰਲੇ ਕਵੀਆਂ ਵਿੱਚ ਨਾਂ ਆਉਂਦਾ ਹੈ ਸੰਤ ਰਾਮ ਉਦਾਸੀ ਦਾ।
ਸੰਤ ਰਾਮ ਉਦਾਸੀ ਦਾ ਜਨਮ 20 ਅਪ੍ਰੈਲ, 1939 ਈ: ਨੂੰ ਮਾਤਾ ਧੰਨ ਕੌਰ ਦੀ ਕੁੱਖੋਂ, ਪਿਤਾ ਮੇਹਰ ਸਿੰਘ ਦੇ ਘਰ ਦਾਦਾ ਭਗਤ ਸਿੰਘ ਦੇ ਵਿਹੜੇ, ਪੜ੍ਹਦਾਦਾ ਕਾਹਲਾ ਸਿੰਘ ਦੇ ਖੇੜੇ, ਬਰਨਾਲੇ ਲਾਗੇ ਪਿੰਡ ਰਾਏਸਰ ਦੀ ਧਰਤੀ ਤੇ ਹੋਇਆ। ਇੰਨ੍ਹਾਂ ਦਾ ਪਿੱਛਾ ਭਾਈਕੇ ਦਿਆਲਪੁਰੇ ਦਾ ਸੀ। ਮਾਪਿਆਂ ਦੀ ਔਲਾਦ ਤਿੰਨ ਭੈਣਾਂ ਪੰਜ ਭਾਈ ਸਨ। ਉਦਾਸੀ ਨੇ ਮੁੱਢਲੀ ਵਿੱਦਿਆ ਮੂੰਮਾਂ ਦੇ ਉਦਾਸੀ ਸਾਧੂਆਂ ਦੇ ਡੇਰੇ ਤੋਂ ਕੀਤੀ। ਮੈਟਿ੍ਰਕ ਨਾਮਧਾਰੀ ਵਿਦਿਆਲੇ ਜੀਵਨ ਨਗਰ ਤੋਂ ਕੀਤੀ ਅਤੇ ਜੇ.ਬੀ.ਟੀ. ਖਾਲਸਾ ਹਾਈ ਸਕੂਲ, ਬਖਤਗੜ੍ਹ ਤੋਂ ਕੀਤੀ। ਕੁਝ ਸਮਾਂ ਨੌਕਰੀ ਥੱਲੇ ਭੈਣੀ ਸਾਹਿਬ ਸੇਵਾ ਕੀਤੀ, ਫਿਰ ਕੁਝ ਸਮਾਂ ਪੌਂਗ ਡੈਮ ਤੇ ਮੁਨਸ਼ੀ ਰਿਹਾ ਪਰ ਠੇਕੇਦਾਰ ਵੱਲੋਂ ਮਜ਼ਦੂਰਾਂ ਤੇ ਹੁੰਦਾ ਜ਼ੁਲਮ ਨਾ ਸਹਾਰਦਾ ਹੋਇਆ ਉਥੋਂ ਨੌਕਰੀ ਹੀ ਛੱਡ ਦਿੱਤੀ ਤੇ ਫਿਰ ਉਦਾਸੀ ਕਾਂਝਲੇ ਡੇਲੀਵੇਜ਼ ਤੇ ਨੌਕਰੀ ਤੇ ਲੱਗ ਗਿਆ। ਅਖੀਰ ਪ੍ਰਮਾਨੈਟ 1961 ਨੂੰ ਬੀਹਲਾ ਪਿੰਡ ਸਰਵਿਸ ਮਿਲ ਗਈ। ਬੀਹਲੇ ਹੀ ਉਨ੍ਹਾਂ ਦਾ ਵਿਆਹ ਹੋਇਆ।
ਸੰਤ ਰਾਮ ਉਦਾਸੀ ਦੀ ਜੀਵਨ ਸਾਥਣ ਸ਼੍ਰੀਮਤੀ ਨਸੀਬ ਕੌਰ ਬਣੀ। ਉਨ੍ਹਾਂ ਦੇ ਘਰ ਤਿੰਨ ਧੀਆਂ, ਦੋ ਪੁੱਤਰਾਂ ਨੇ ਜਨਮ ਲਿਆ, ਜਿੰਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ : ਇਕਬਾਲ ਕੌਰ, ਪਿ੍ਰਤਪਾਲ ਕੌਰ, ਕੀਰਤਨ ਕੌਰ, ਇਕਬਾਲ ਸਿੰਘ ਤੇ ਮੋਹਕਮ ਸਿੰਘ। ਪੁੱਤਰ ਇਕਬਾਲ ਸਿੰਘ ਦੀ ਬਚਪਨ ਵਿੱਚ ਹੀ ਮੌਤ ਹੋ ਗਈ ਸੀ। ਉਦਾਸੀ ਨੇ ਨਾਮਧਾਰੀ ਲਹਿਰ ਨਾਲ ਜੁੜ ਕੇ ਲਿਖਣਾ ਸ਼ੁਰੂ ਕੀਤਾ। ਉਹ ਨਕਸਲਬਾੜੀ ਲਹਿਰ ਨਾਲ ਜੁੜਿਆ, ਜਿੱਥੇ ਉਨ੍ਹਾਂ ਤੇ ਬਹੁਤ ਤਸ਼ੱਦਦ ਵੀ ਹੋਇਆ। ਨਕਸਲਬਾੜੀ ਲਹਿਰ ਸਮੇਂ ਹੀ ਉਨ੍ਹਾਂ ਦੀ ਕਵਿਤਾ ਤੇ ਗਾਇਕੀ ਸਿੱਖਰਾਂ ਤੇ ਸੀ। ਲੇਖਕ ਦੀਆਂ ਪ੍ਰਕਾਸ਼ਿਤ ਕਿਤਾਬਾਂ ਦੇ ਨਾਂ 'ਲਹੂ ਭਿੱਜੇ ਬੋਲ', 'ਚਹੁੰ ਨੁਕਰੀਆਂ ਸੀਖਾਂ', 'ਚੂੜੀਆਂ ਦਾ ਹੋਕਾ', 'ਕੰਮੀਆਂ ਦਾ ਵਿਹੜਾ', 'ਲਹੂ ਤੋਂ ਲੋਹੇ ਤੱਕ', ਅਤੇ 'ਸੈਣਤਂਾ' ਆਦਿ ਹਨ।
ਸੰਤ ਰਾਮ ਉਦਾਸੀ ਗੁੱਲੀ ਡੰਡਾ, ਦਾਈਆਂ ਦੁੱਕੜੇ ਬਚਪਨ ਵਿੱਚ ਖੇਡਦਾ ਸੀ। ਉਹ ਚੌਥੀ-ਪੰਜਵੀਂ 'ਚ ਪੜ੍ਹਦਾ ਤੁਕ-ਬੰਦੀ ਕਰਨ ਲੱਗ ਪਿਆ ਸੀ। ਬਖਤਗੜ੍ਹ ਪੜ੍ਹਦੇ ਸਮੇਂ ਉਹ ਸਕੂਲ ਦੀ ਭੰਗੜੇ ਦੀ ਟੀਮ ਦਾ ਮੋਹਰੀ ਸੀ। ਉਦਾਸੀ ਨੂੰ ਇੱਕ ਨਹੀਂ ਕਈ ਵਾਰ ਜੇਲ੍ਹ ਜਾਣਾ ਪਿਆ ਅਤੇ ਤਸ਼ੱਦਦ ਝੱਲਣਾ ਪਿਆ। ਕਮਿਊਨਿਸਟ ਪਾਰਟੀ ਦਾ ਉਹ ਚੋਟੀ ਦਾ ਵਰਕਰ ਸੀ।
ਸੰਤ ਰਾਮ ਉਦਾਸੀ ਵਿਦਰੋਹੀ ਅਤੇ ਕ੍ਰਾਂਤੀਕਾਰੀ ਕਾਵਿ ਸਿਰਜਣਾ ਦਾ ਸਫਰ ਤੈਅ ਕਰਦਾ ਹੋਇਆ ਇਨਕਲਾਬੀ ਕਵੀ ਵਜੋਂ ਸਥਾਪਿਤ ਹੋਇਆ ਹੈ। ਉਦਾਸੀ ਨੇ ਗੁਰਬਤ ਭਰੇ ਜੀਵਨ ਵਿੱਚ ਵੀ ਕਲਮ ਨੂੰ ਠੰਡੀ ਨਹੀਂ ਪੈਣ ਦਿੱਤਾ। ਲੇਖਕ ਦਾ ਗਰੀਬ ਦਲਿਤ ਪਰਿਵਾਰ ਵਿੱਚ ਜਨਮ ਹੋਣ ਕਰਕੇ ਉਨ੍ਹਾਂ ਨੂੰ ਛੂਤ-ਛਾਤ ਦੇ ਵਿਤਕਰੇ ਦਾ ਵੀ ਸਾਹਮਣਾ ਕਰਨਾ ਪਿਆ। ਉਦਾਸੀ ਲੋਕ ਸਮੱਸਿਆਵਾਂ, ਲੋਕ ਬਿਹਾਰ, ਆਰਥਿਕ ਮੁਸੀਬਤਾਂ ਸਰਮਾਏਦਾਰੀ ਲੋਟੂ ਢਾਣੀ, ਜੰਗੀਰਦਾਰੀ ਵਿਤਕਰੇ, ਬਾਰੇ ਉਨ੍ਹਾਂ ਨੂੰ ਡੂੰਘੀ ਸੋਝੀ ਸੀ ਕਿ ਕਿਰਤੀ ਲੋਕਾਂ ਦੀ ਹਕੀਕੀ ਬੰਦ ਖਲਾਸੀ ਇਨਕਲਾਬ ਵਗੈਰ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੈ। ਇਸ ਕਰਕੇ ਲੋਕਾਂ ਨੂੰ ਜਾਗਰਿਤ ਕਰਨ ਲਈ ਉਦਾਸੀ ਵਿਦੇਸ਼ਾਂ 'ਚ ਵੀ ਗਿਆ।
ਸੰਤ ਰਾਮ ਉਦਾਸੀ ਦਾ ਜਦ ਪਤਾ ਲੱਗਦਾ ਸੀ ਕਿ ਉਦਾਸੀ ਫਲਾਣੀ ਜਗ੍ਹਾ ਤੇ ਆਉਣਾ ਹੈ ਤਾਂ ਉਸ ਦੇ ਪ੍ਰਸ਼ੰਸ਼ਕ ਦੂਰੋਂ ਨੇੜਿਓ ਢਾਣੀਆਂ ਬੰਨ ਕੇ ਉਸਨੂੰ ਸੁਣਨ ਤੇ ਵੇਖਣ ਜਾਂਦੇ ਸਨ। ਉਦਾਸੀ ਦੀ ਆਵਾਜ਼ ਬਹੁਤ ਖੂਬਸੂਰਤ ਸੀ ਤੇ ਉਹ ਆਮ ਲੋਕਾਂ ਨੂੰ ਆਪਣੀ ਆਵਾਜ਼ ਦੇ ਜ਼ਰੀਏ ਕੀਲ ਕੇ ਬਿਠਾ ਦਿੰਦਾ ਸੀ। ਉਨ੍ਹਾਂ ਨੂੰ ਲੋਕਾਂ ਤੋਂ ਪਿਆਰ, ਸਤਿਕਾਰ ਅਤੇ ਸ਼ੋਹਰਤ ਰੱਜ ਕੇ ਮਿਲੀ। ਹਰ ਇੱਕ ਪਾਠਕ, ਸਰੋਤਾ ਹਮੇਸ਼ਾ ਇਹੋ ਕਹਿੰਦਾ ਸੀ ਸਾਡਾ ਆਪਣਾ ਉਦਾਸੀ ਕੋਈ ਵੀ ਉਸਨੂੰ ਬੇਗਾਨਾ ਨਹੀਂ ਸਮਝਦਾ ਸੀ। ਇਸ ਕਰਕੇ ਹੀ ਉਦਾਸੀ ਲੋਕਾਂ ਦੇ ਘਰਾਂ 'ਚੋਂ, ਕੁੱਜਿਆਂ ਵਿੱਚੋਂ ਮੱਖਣੀ ਚੁੱਕ ਕੇ ਖਾ ਜਾਂਦਾ ਸੀ। ਹਰ ਇੱਕ ਮਾਂ ਨੂੰ ਉਦਾਸੀ ਆਪਣਾ ਪੁੱਤਰ ਹੀ ਲੱਗਦਾ ਸੀ। ਉਦਾਸੀ ਦੇ ਲਿਖੇ ਗੀਤ ਅੱਜ ਵੀ ਇਨਕਲਾਬੀ ਸਟੇਜਾਂ 'ਤੇ ਗੂੰਜਦੇ ਹਨ। ਅੱਜ ਵੀ ਉਦਾਸੀ ਵੱਲੋਂ ਦੱਸੇ ਰਾਹਾਂ ਤੇ ਬਹੁਤ ਸਾਰੀਆਂ ਸਖਸ਼ੀਅਤਾਂ ਤੁਰੀਆਂ ਹਨ। 'ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ' ਉਨ੍ਹਾਂ ਦੀ ਸੋਚ ਨੂੰ ਬਚਾਉਣ ਲਈ।
ਸੰਤ ਰਾਮ ਉਦਾਸੀ ਲੋਕ ਘੋਲਾਂ ਦਾ ਸੂਰਮਾਂ, ਪੰਜਾਬੀਅਤ ਦਾ ਮਾਣ, ਪੰਜਾਬੀ ਮਾਂ ਬੋਲੀ ਦਾ ਹੀਰਾ, ਲੋਕਾਂ ਦਾ ਹਮਦਰਦ ਪ੍ਰਸਿੱਧ ਲੋਕ ਕਵੀ, ਲੋਕ ਗਾਇਕ ਸਮੇਂ ਨੇ ਸਾਥੋਂ ਪਹਿਲਾ 6 ਨਵੰਬਰ, 1986 ਈ: ਨੂੰ ਹੀ ਖੋ ਲਿਆ। ਸੰਤ ਰਾਮ ਉਦਾਸੀ ਨੇ ਕੱਲੇ ਰਾਏਸਰ ਪਿੰਡ ਦਾ ਹੀ ਨਹੀਂ ਸਗੋਂ ਸਾਰੇ ਪੰਜਾਬ ਦਾ ਨਾਂ ਪੂਰੀ ਦੁਨੀਆਂ ਵਿੱਚ ਉੱਚਾ ਕੀਤਾ ਹੈ। ਹੁਣ ਸੰਤ ਰਾਮ ਉਦਾਸੀ ਦੇ ਨਾਂ ਤੇ ਪਿੰਡ ਰਾਏਸਰ ਦੇ ਸਕੂਲ ਦਾ ਨਾਂ ਵੀ ਧਰਿਆ ਗਿਆ ਹੈ ਜੋ ਕਿ ਇੱਕ ਬਹੁਤ ਖੁਸ਼ੀ ਵਾਲੀ ਗੱਲ ਹੈ। ਮੇਰੀ ਜਿਵੇਂ ਸੰਤ ਰਾਮ ਉਦਾਸੀ ਦੇ ਗੀਤਾਂ ਨਾਲ ਨੇੜਤਾ ਹੈ, ਮੇਰਾ ਮਨ ਪਸੰਦ ਕਵੀ ਉਦਾਸੀ ਹੀ ਹੈ। ਇਸੇ ਤਰ੍ਹਾਂ ਹੀ ਹੁਣ ਉਦਾਸੀ ਦੇ ਬੱਚਿਆਂ ਨਾਲ ਵੀ ਬਹੁਤ ਨੇੜਤਾ ਹੈ। ਉਨ੍ਹਾਂ ਦੇ ਬੱਚੇ ਵੀ ਬਹੁਤ ਸਤਿਕਾਰ ਕਰਦੇ ਹਨ। ਮੈਂ ਹਮੇਸ਼ਾ ਮੇਰੇ ਵੱਡੇ ਵੀਰ ਸੰਤ ਰਾਮ ਉਦਾਸੀ ਦੇ ਪਰਿਵਾਰ ਦੀ ਦੁਆ ਮੰਗਦਾ ਹਾਂ।
ਦਰਸ਼ਨ ਸਿੰਘ ਪ੍ਰੀਤੀਮਾਨ
-ਮੋਬਾ: 98786-06963