Wednesday, January 22, 2025  

ਲੇਖ

ਹਿੰਦੂ ਰਾਸ਼ਟਰ ਦਾ ਫਾਸ਼ੀਵਾਦੀ ਰਾਜ ਹੋਣਾ ਤੈਅ

April 22, 2024

ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੀ ਸਥਾਪਨਾ ਇੱਕ ਹਿੰਦੂ ਰਾਸ਼ਟਰ ਜਾਂ ਹਿੰਦੂ ਰਾਜ ਸਥਾਪਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ। ਇਸ ਤੋਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਹਿੰਦੂ ਰਾਜ ਹੈ ਕੀ? ਦੁਨੀਆਂ ’ਚ ਅਜਿਹੇ ਅਨੇਕ ਦੇਸ਼ ਹਨ ਜੋ ਕਿਸੇ ਇੱਕ ਧਰਮ ਨੂੰ, ਦੂਜੇ ਧਰਮਾਂ ਨਾਲੋਂ ਤਰਜੀਹ ਦਿੰਦੇ ਹਨ ਜਾਂ ਧਰਮ ਆਧਾਰਿਤ ਹੁੰਦੇ ਹਨ, ਪਰ ਇਸ ਨਾਲ ਉਨ੍ਹਾਂ ਦੇ ਜਮਾਤੀ ਕਿਰਦਾਰ ’ਚ ਰੱਤੀ ਭਰ ਫ਼ਰਕ ਨਹੀਂ ਪੈਂਦਾ।
Çਂੲਸ ਤਰ੍ਹਾਂ, ਜੇ ਹਿੰਦੂ ਰਾਜ ਕਦੀ ਕਾਇਮ ਵੀ ਹੋ ਗਿਆ, ਇਸ ਵਿੱਚ ਇੱਕ ਧਰਮ ਨੂੰ ਭਾਵੇਂ ਦੂਜੇ ਧਰਮਾਂ ਨਾਲੋਂ ਤਰਜੀਹ ਦਿੱਤੀ ਜਾਵੇ, ਇਸ ਨਾਲ ਉਸ ਦੇ ਜਮਾਤੀ ਕਿਰਦਾਰ ਪਰਭਾਸ਼ਿਤ ਨਹੀਂ ਹੋਣਗੇ। ਉਨ੍ਹਾਂ ਦਾ ਕਿਰਦਾਰ ਤਾਂ ਲਾਜ਼ਮੀ ਤੌਰ ’ਤੇ ਉਨ੍ਹਾਂ ਕਾਰਨਾਂ ਨਾਲ, ਜਿਨ੍ਹਾਂ ਬਾਰੇ ਅਸੀਂ ਅੱਗੇ ਚਰਚਾ ਕਰਾਂਗੇ, ਅੱਤਵਾਦ ਦੀ ਵਰਤੋਂ ਕਰਨ ਵਾਲੀ ਤਾਨਾਸ਼ਾਹੀ ਵਾਲਾ ਹੀ ਹੋਵੇਗਾ, ਜਿਸ ਦੇ ਪਿੱਛੇ ਇਜ਼ਾਰੇਦਾਰੀ ਪੂੰਜੀ, ਖ਼ਾਸ ਤੌਰ ’ਤੇ ਇਜ਼ਾਰੇਦਾਰ ਪੂੰਜੀ ਦੇ ਮੁਕਾਬਲਤਨ ਨਵੇਂ ਅਤੇ ਕਿਤੇ ਵੱਧ ਹਮਲਾਵਰ ਤੱਤ ਹੋਣਗੇ। ਕਮਿਊਨਿਸਟ ਇੰਟਰਨੈਸ਼ਨਲ ਦੇ ਪ੍ਰਧਾਨ, ਜਾਰਜ਼ੀ ਦਮਿੱਤਰੋਵ, ਨੇ ਇਸ ਸੰਸਥਾ ਦੀ ਸੱਤਵੀਂ ਕਾਂਗਰਸ ’ਚ ਫਾਸ਼ੀਵਾਦੀ ਰਾਜ ਨੂੰ, ‘ਵਿੱਤੀ ਪੂੰਜੀ ਦੇ ਸਭ ਤੋਂ ਪਿਛਾਖੜੀ ਅਤੇ ਬਦਲਾ ਲਊ ਹਲਕਿਆਂ ਦੀ ਅੱਤਵਾਦੀ ਤਾਨਾਸ਼ਾਹੀ’ ਦੇ ਰੂਪ ’ਚ ਪਰਿਭਾਸ਼ਿਤ ਕੀਤੀ ਸੀ॥ ਇਸ ਲਈ, ਸਾਡਾ ਤਰਕ ਇਹ ਹੀ ਹੈ ਕਿ ਇੱਕ ਹਿੰਦੂ ਰਾਸ਼ਟਰ ਬੁਨਿਆਦੀ ਤੌਰ ’ਤੇ ਇੱਕ ਫਾਸ਼ੀਵਾਦੀ ਰਾਜ ਹੋਵੇਗਾ।
ਇਹ ਤਾਂ ਹੋ ਸਕਦਾ ਹੈ ਕਿ ਅਜਿਹੇ ਰਾਜ ’ਚ ਸਾਰੇ ਦੇ ਸਾਰੇ ਸਰਕਾਰੀ ਪ੍ਰੋਗਰਾਮ ਹਿੰਦੂ ਦੇਵੀ ਦੇਵਤਾਵਾਂ ਨੂੰ ਯਾਦ ਕਰਨ ਨਾਲ ਸ਼ੁਰੂ ਹੋਇਆ ਕਰਨਗੇ। ਹੋ ਸਕਦਾ ਹੈ ਕਿ ਸਾਰੀਆਂ ਸੜਕਾਂ, ਰੇਲਵੇ ਸਟੇਸ਼ਨਾਂ ਜਾਂ ਸੜਕਾਂ ਦੇ ਨਾਂ ਬਦਲ ਕੇ ਮੱਧਕਾਲੀਨ ਰਾਜਿਆਂ ਮਹਾਰਾਜਿਆਂ ਦੇ ਨਾਂ ਤੋਂ ਲੈ ਕੇ ਹਿੰਦੂਤਵ ਦੇ ਪੂਜਨੀਕਾਂ ਦੇ ਨਾਂ ’ਤੇ ਰੱਖ ਦਿੱਤੇ ਜਾਣ। ਹੋ ਸਕਦਾ ਹੈ ਕਿ ਸਾਰੇ ਵਿੱਦਿਅਕ ਪ੍ਰੋਗਰਾਮ ਸਰਸਵਤੀ ਵੰਦਨਾ ਨਾਲ ਸ਼ੁਰੂ ਹੋ ਜਾਣ। ਅਤੇ ਹੋ ਸਕਦਾ ਹੈ ਕਿ ਹੋਰ ਵੀ ਬਹੁਤ ਸਾਰੇ ਮੰਦਰ ਬਣਾਏ ਜਾਣ ਅਤੇ ਸਰਕਾਰ ਦੇ ਖ਼ਰਚੇ ਨਾਲ ਬਣਾਏ ਜਾਣ। ਪਰ, ਇਸ ਸਭ ਕੁੱਛ ਨਾਲ ਵੀ ਇੱਕ ਔਸਤਨ ਹਿੰਦੂ ਦੀ ਜ਼ਿੰਦਗੀ ’ਚ ਉਸ ਤਰ੍ਹਾਂ ਦੀ ਕੋਈ ਬੇਹਤਰੀ ਆਉਣ ਵਾਲੀ ਨਹੀਂ ਹੈ, ਜਿਵੇਂ ਤੁਰਕੀਏ ਦੀ ਏਰਦੋਗਨ ਸਰਕਾਰ ਦੇ ਇਸਤਾਂਬੁਲ ਦੇ ਬਹੁਤ ਚਰਚਿਤ ਹੈਗਿਆ ਸੋਫੀਆ ਨੂੰ ਇੱਕ ਚਾਲੂ ਮਸਜਿਦ ’ਚ ਤਬਦੀਲ ਕਰਨ ਨਾਲ, ਜੋ ਕਿ ਉਸਨੇ ਮੁਸਲਿਮ ਭਾਵਨਾਵਾਂ ਨੂੰ ਸਹਿਲਾਉਣ ਦੇ ਇਰਾਦੇ ਨਾਲ ਕੀਤਾ ਸੀ, ਔਸਤਨ ਤੁਰਕੀਏ-ਵਾਸੀਆਂ ਦੀ ਜ਼ਿੰਦਗੀ ’ਚ ਕੋਈ ਬੇਹਤਰੀ ਨਹੀਂ ਆਈ ਹੈ।
ਅਸਲ ’ਚ ਅਸੀਂ ਹੋਰ ਅੱਗੇ ਜਾ ਸਕਦੇ ਹਾਂ। ਆਓ, ਪਹਿਲਾਂ ਅਸੀਂ ਹਿੰਦੂਤਵਵਾਦੀ ਤੱਤਾਂ ਦੀ ਮੌਜੂਦਾ ਹਕੂਮਤ ਦੇ ਤਜਰਬਿਆਂ ’ਤੇ ਇੱਕ ਨਜ਼ਰ ਮਾਰਦੇ ਹਾਂ। ਸਾਡੇ ਮੁਲਕ ’ਚ ਬੇਰੁਜ਼ਗਾਰੀ ਇਸ ਮੁਕਾਮ ’ਤੇ ਪਹੁੰਚ ਚੁੱਕੀ ਹੈ, ਜਿੱਥੇ ਪਹਿਲਾਂ ਕਈ ਦਹਾਕਿਆਂ ਤੱਕ ਨਹੀਂ ਪਹੁੰਚੀ ਸੀ। ਸੈਂਟਰ ਫਾਰ ਮਾਨੀਟਰਿੰਗ ਆਫ਼ ਇੰਡੀਅਨ ਇਕਾਨਮੀ (ਸੀਐਮਆਈਈ) ਅਨੁਸਾਰ, ਜੋ ਆਮ ਕੌਮਾਂਤਰੀ ਢੰਗ ਦੇ ਅਨੁਰੂਪ ਭੁਗਤਾਨਹੀਣ ਪਰਿਵਾਰਕ ਕਿਰਤ ਨੂੰ ਰੁਜ਼ਗਾਰ ’ਚ ਨਹੀਂ ਗਿਣਦਾ ਹੈ, ਸਾਡੇ ਮੁਲਕ ’ਚ ਬੇਰੁਜ਼ਗਾਰੀ ਦੀ ਦਰ, ਜੋ 2008 ਅਤੇ 2019 ਦਰਮਿਆਨ ਔਸਤਨ 5 ਤੋਂ 6 ਪ੍ਰਤੀਸ਼ਤ ਤੱਕ ਰਹੀ ਸੀ, ਹੁਣ ਵੱਧ ਕੇ 8 ਪ੍ਰਤੀਸ਼ਤ ’ਤੇ ਪਹੁੰਚ ਗਈ ਹੈ। ਤੇ ਇਹ ਤਾਂ ਤਦ ਹੈ ਜਦੋਂਕਿ ਉਨ੍ਹਾਂ ਲੋਕਾਂ ਨੂੰ ਹਿਸਾਬ ’ਚ ਨਹੀਂ ਲਿਆ ਜਾਵੇ, ਜੋ ‘ਕੰਮ ਨਾ ਮਿਲਣ ਕਾਰਨ ਨਿਰਾਸ਼ ਹੋ ਕੇ ’ , ਕੰਮ ਦੀ ਤਲਾਸ਼ ਹੀ ਬੰਦ ਕਰ ਚੁੱਕੇ ਹਨ। ਪਰ, ਹਿੰਦੂਤਵਵਾਦੀ ਤੱਤਾਂ ਦੀ ਸਰਕਾਰ ਨਾ ਕਿ ਸਿਰਫ਼ ਇਸ ਬਦਤਰੀਨ ਹੁੰਦੇ ਰੁਝਾਨ ਨੂੰ ਰੋਕਣ ’ਚ ਨਾਕਾਮਯਾਬ ਰਹੀ ਹੈ ਸਗੋਂ ਉਸ ਦੇ ਮੁੱਖ ਆਰਥਿਕ ਸਲਾਹਕਾਰ ਨੇ ਤਾਂ ਸ਼ਰੇਆਮ ਇਹ ਐਲਾਨ ਵੀ ਕਰ ਦਿੱਤਾ ਹੈ ਕਿ ਬੇਰੁਜ਼ਗਾਰੀ ਦੇ ਮਾਮਲੇ ’ਚ ਸਰਕਾਰ ਕੁੱਛ ਖ਼ਾਸ ਕਰ ਹੀ ਨਹੀਂ ਸਕਦੀ ਹੈ। ਬਾਅਦ ’ਚ ਵੀ ਨਾ ਤਾਂ ਉਨ੍ਹਾਂ ਨੇ ਆਪਣੇ ਬਿਆਨ ਨੂੰ ਵਾਪਸ ਲਿਆ ਹੈ ਅਤੇ ਨਾ ਹੀ ਕਿਸੇ ਵੀ ਸਰਕਾਰੀ ਸਰੋਤ ਨੇ ਸਰਕਾਰ ਨੂੰ ਉਨ੍ਹਾਂ ਦੇ ਬਿਆਨ ਤੋਂ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਫ਼ ਤੌਰ ’ਤੇ ਦਸਦਾ ਹੈ ਕਿ ਇਹ ਹੀ ਸਰਕਾਰ ਦਾ ਰੁਖ਼ ਹੈ। ਇਸ ਤਰ੍ਹਾਂ ਜਨਤਾ ਨੂੰ ਪ੍ਰਭਾਵਿਤ ਕਰਨ ਵਾਲੇ ਸਭ ਤੋਂ ਸਰਗਰਮ ਮੁੱਦੇ ’ਤੇ, ਉਸ ਮੁੱਦੇ ’ਤੇ, ਜੋ ਮਿਹਨਤਕਸ਼ ਆਵਾਮ ਦੀ ਹਾਲਤ ਦੇ ਬਦਤਰ ਹੋਣ ਨੂੰ ਉਭਾਰਦਾ ਹੈ, ਸਰਕਾਰ ਨੇ ਸਿੱਧ-ਸਿੱਧੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਕੁੱਛ ਕਰਨ ਵਾਲੀ ਨਹੀਂ ।
ਇਸ ਦਾ ਮਤਲਬ ਇਹ ਹੈ ਕਿ ਮੌਜੂਦਾ ਸਰਕਾਰ ਦੇ ਚਲਦਿਆਂ ਜਨਤਾ ਦੀ ਬਦਹਾਲੀ ’ਚ ਵਾਧਾ ਜਾਰੀ ਹੀ ਰਹੇਗਾ ਅਤੇ ਇਸ ਉਤੇ ਸਰਕਾਰ ਦਾ ਪ੍ਰਤੀਕਰਮ ਇਹ ਹੀ ਹੈ ਕਿ ਫਰਜ਼ੀਵਾੜੇ ਨਾਲ ਕੱਢੇ ਗਏ ਕੁੱਲ ਘਰੇਲੂ ਉਤਪਾਦ ਦੀ ਵਾਧਾ ਦਰ ਦੇ ਅਨੁਮਾਨ ਦੇ ਅਖੌਤੀ ਢੰਗ ਨਾਲ ਬਹੁਤ ਸ਼ਾਨਦਾਰ ਹੋਣ ਦਾ ਰੌਲ਼ਾ ਪਾਉਂਦੀ ਰਹੇ। ਅਤੇ ਇਸ ਦਾ ਫਾਇਦਾ ਚੁੱਕ ਕੇ ‘ਵਿਕਾਸ’ ਦੇ ਨਾਂ ’ਤੇ ਹਕੂਮਤ ਦੁਆਰਾ ਇਜ਼ਾਰੇਦਾਰ ਪੂੰਜੀਪਤੀ ਵਰਗ ਨੂੰ ਤੋਹਫ਼ਿਆਂ ਨਾਲ ਮਾਲਾਮਾਲ ਕੀਤਾ ਜਾਵੇ ਅਤੇ ਵੱਧਦੀ ਬਦਹਾਲੀ ਦੀ ਅਸਲ ਤਸਵੀਰ ਨੂੰ ਪੇਸ਼ ਕਰਦੀਆਂ ਸਾਰੀਆਂ ਕੋਸ਼ਿਸ਼ਾਂ ਦਾ ਅਪਮਾਨ ਕੀਤਾ ਜਾਵੇ। ਜੇ ਹਿੰਦੂਤਵਵਾਦੀ ਤੱਤਾਂ ਦੇ ਬੋਲਬਾਲੇ ਵਾਲੀ ਚੁਣੀ ਹੋਈ ਸਰਕਾਰ ਹੀ ਇਹ ਸਭ ਕਰ ਰਹੀ ਹੈ, ਤਾਂ ਭਵਿੱਖ ’ਚ ਆਉਣ ਵਾਲਾ ਕੋਈ ਵੀ ਹਿੰਦੂ ਰਾਸ਼ਟਰ ਤਾਂ ਲੋਕਾਂ ਦੀਆਂ ਭੌਤਿਕ ਜ਼ਿੰਦਗੀਆਂ ਪ੍ਰਤੀ ਹਕੂਮਤ ਦੀ ਇਸ ਤਰ੍ਹਾਂ ਸੰਸਥਾਗਤ ਲਾਪ੍ਰਵਾਹੀ ਨੂੰ ਹੋਰ ਮਜ਼ਬੂਤ ਕਰਨ ਦਾ ਹੀ ਕੰਮ ਕਰੇਗਾ।
ਇਸ ਲਈ, ਭਵਿੱਖ ਦੇ ਹਿੰਦੂ ਰਾਸ਼ਟਰ ਦਾ ਅੱਤਵਾਦ ਦਾ ਸਹਾਰਾ ਲੈਣ ਵਾਲੀ ਤਾਨਾਸ਼ਾਹੀ ਹੋਣਾ ਤੈਅ ਹੈ। ਜਦੋਂ ਸਰਕਾਰ ਦਾ ਰੂਪ ਜਮਹੂਰੀ ਹੁੰਦਾ ਹੈ ਤਦ ਵੀ, ਮਿਹਨਤਕਸ਼ ਲੋਕਾਂ ’ਤੇ ਧੰਨਾਢ ਵਰਗ ਦੀ ਕੋਈ ਵੀ ਹਕੂਮਤ, ਇੱਕ ਅਜਿਹੇ ਰਾਜ ਦੇ ਸਹਾਰੇ ਹੀ ਚੱਲ ਰਹੀ ਹੁੰਦੀ ਹੈ, ਜੋ ਇੱਕ ਜਮਾਤੀ ਤਾਨਾਸ਼ਾਹੀ ਦੀ ਅਗਵਾਈ ਕਰਦੀ ਹੈ। ਇਹ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਜਮਹੂਰੀਅਤ ਦਾ ਕੋਈ ਮਤਲਬ ਨਹੀਂ ਹੈ ਜਾਂ ਇਹ ਸਿਰਫ਼ ਇੱਕ ਬਾਹਰੀ ਦਿਖਾਵਾ ਹੀ ਹੈ। ਇਹ ਕਹਿਣ ਦਾ ਮਤਲਬ ਸਿਰਫ਼ ਇਹ ਦਸਦਾ ਹੈ ਕਿ ਜਮਹੂਰੀ ਰੂਪ ਨੂੰ ਖ਼ੁਦ ਉਸ ਜਮਾਤੀ ਤਾਨਾਸ਼ਾਹੀ ਤੋਂ ਰੁਕਿਆ ਤੇ ਸੀਮਤ ਬਣਿਆ ਰਹਿੰਦਾ ਹੈ, ਜਿਸ ਦੇ ਖੋਲ ’ਚਂ ਇਹ ਬੰਦ ਰਹਿੰਦਾ ਹੈ। ਪਰ, ਜਦੋਂ ਇਸ ਜਮਾਤੀ ਤਾਨਾਸ਼ਾਹੀ ਦੇ ਨਤੀਜੇ ’ਚ ਅਵਾਮ ਦੀ ਦਸ਼ਾ ਅਸਲ ’ਚ ਬਦਤਰੀਨ ਹੁੰਦੀ ਜਾਂਦੀ ਹੈ, ਤਾਂ ਜੇ ਰਾਜ ਇਸ ਦਾ ਕੋਈ ਹੱਲ ਹੀ ਨਹੀਂ ਕਰਦਾ ਹੈ ਤਾਂ, ਇਸ ਜਮਾਤੀ ਤਾਨਾਸ਼ਾਹੀ ਨੂੰ ਲਾਜ਼ਮੀ ਤੌਰ ’ਤੇ ਸਰਕਾਰ ਦੀ ਜਮਹੂਰੀਅਤ ਦਾ ਗਲ਼ਾ ਅਤੇ ਹੋਰ ਵੱਧ ਘੁੱਟਨਾ ਪੈਂਦਾ ਹੈ। ਉਸ ਨੂੰ ਲੁਕਵੇਂ ਤੌਰ ’ਤੇ ਜਨਤਾ ਦੇ ਅਧਿਕਾਰਾਂ ਨੂੰ ਅਤੇ ਜਮਹੂਰੀ ਹਕੂਮਤ ਦੀਆਂ ਸੰਸਥਾਵਾਂ ਨੂੰ ਪੈਰਾਂ ਹੇਠ ਮਿੱਧਣਾ ਹੁੰਦਾ ਹੈ।
ਜੇ ਇਜ਼ਾਰੇਦਾਰ ਪੂੰਜੀ ਦੀ ਦੇਖ-ਰੇਖ ’ਚ ਅਤੇ ਇਸ ਲਈ, ਨਵਉਦਾਰਵਾਦੀ ਢਾਂਚੇ ਤਹਿਤ, ਜਿਸ ਨਾਲ ਇਜ਼ਾਰੇਦਾਰ ਪੂੰਜੀਪਤੀ ਵਰਗ ਇੱਕਮੁੱਠ ਰਹਿੰਦਾ ਹੈ, ਕੰਮ ਕਰ ਰਹੀ ਇੱਕ ਜਮਾਤੀ ਤਾਨਾਸ਼ਾਹੀ ਦੇ ਰੂਪ ’ਚ ਹਿੰਦੂ ਰਾਸ਼ਟਰ ਕਾਇਮ ਹੁੰਦਾ ਹੈ, ਤਾਂ ਇਹ ਜ਼ਰੂਰੀ ਤੌਰ ’ਤੇ ਮਿਹਨਤਕਸ਼ ਲੋਕਾਂ ਦੀ ਹਾਲਤ ਨੂੰ ਬਦਤਰ ਬਣਾਏਗਾ। ਅਤੇ ਅਜਿਹਾ ਨਵਉਦਾਰਵਾਦ ਸੰਕਟ ਦੇ ਦੌਰ ’ਚ ਤਾਂ ਖ਼ਾਸ ਤੌਰ ’ਤੇ ਹੋਣ ਜਾ ਰਿਹਾ ਹੈ। ਇਸ ਲਈ ਇਹ ਲਾਜ਼ਮੀ ਤੌਰ ’ਤੇ, ਅੱਤਵਾਦ ਦਾ ਆਸਰਾ ਲੈਣ ਵਾਲੀ ਤਾਨਾਸ਼ਾਹੀ ਦਾ ਰੂਪ ਲੈਣ ਜਾ ਰਿਹਾ ਹੈ।
ਅਸਲ ਵਿੱਚ, ਠੀਕ ਇਸ ਲਈ, ਇਜ਼ਾਰੇਦਾਰ ਪੂੰਜੀਪਤੀ ਵਰਗ ਦਾ ਜ਼ਿਆਦਤਰ ਹਿੰਸਾ ਹਿੰਦੂ ਰਾਸ਼ਟਰ ਦੀ ਯੋਜਨਾ ਲਈ ਹਾਮੀ ਭਰ ਸਕਦਾ ਹੈ। ਅੱਤਵਾਦ ਦੇ ਪੂਰਕ ਦੇ ਤੌਰ ’ਤੇ ਫ਼ਿਰਕਾਪ੍ਰਸਤੀ ਦੀ ਲੜਾਈ ਨੂੰ ਭੜਕਾਇਆ ਜਾਵੇਗਾ, ਘੱਟਗਿਣਤੀ ਧਰਮ ਦੇ ਭਾਈਚਾਰੇ ਨੂੰ ‘‘ਪਰਾਇਆ’’ ਕੀਤਾ ਜਾਵੇਗਾ ਅਤੇ ਉਸ ਭਾਈਚਾਰੇ ਖ਼ਿਲਾਫ਼ ਨਫ਼ਰਤ ਭੜਕਾਈ ਜਾਵੇਗੀ। ਅਤੇ ਇਸ ਸਭ ਨੂੰ ਹਿੰਦੂ ਰਾਸ਼ਟਰ ਦੀ ਸਥਾਪਨਾ ਜ਼ਰੀਏ ਮਜ਼ਬੂਤ ਕੀਤਾ ਜਾ ਰਿਹਾ ਹੋਵੇਗਾ। ਇਸ ਲਈ, ਇਜ਼ਾਰੇਦਾਰ ਪੂੰਜੀ ਦੇ ਆਤੰਕ ਦਾ ਆਸਰਾ ਲੈਣ ਵਾਲੀ ਤਾਨਾਸ਼ਾਹੀ ਦੇ ਪੂਰਕ ਦੇ ਤੌਰ ’ਤੇ, ਇੱਕ ਹਿੰਦੂ ਰਾਸ਼ਟਰ ਦੇ ਰੂਪ ਵਿੱਚ ਮੂਰਤੀਮਾਨ ਹੋ ਰਹੇ ਹਿੰਦੂ ਸ੍ਰੇਸ਼ਠਵਾਦ ਨੂੰ ਭੜਕਾਇਆ ਜਾਂਦਾ ਰਹੇਗਾ। ਇਸ ਲਈ, ਅਸੀਂ ਸ਼ੁਰੂ ’ਚ ਹੀ ਕਿਹਾ ਸੀ ਕਿ ਹਿੰਦੂ ਰਾਸ਼ਟਰ ਲਾਜ਼ਮੀ ਤੌਰ ’ਤੇ ਇੱਕ ਤਾਨਾਸ਼ਾਹੀ ਹੋਵੇਗਾ, ਜੋ ਇਜ਼ਾਰੇਦਾਰ ਪੂੰਜੀ ਦੀ ਦੇਖ-ਰੇਖ ’ਚ ਦਹਿਸ਼ਤ ਦੀ ਵਰਤੋਂ ਕਰ ਰਿਹਾ ਹੋਵੇਗਾ।
ਇਨ੍ਹਾਂ ਦੋ ਫ਼ਲਕਾਂ, ਯਾਨੀ ਅੱਤਵਾਦ ਦੀ ਵਰਤੋਂ ਅਤੇ ਹਿੰਦੂ ਸਰੇਸ਼ਠਤਾਵਾਦ ਨੂੰ ਭੜਕਾਉਣ ਦੇ ਇਲਾਵਾ ਹਿੰਦੂ ਰਾਸ਼ਟਰ ਦੀ ਘੇਰਾਬੰਦੀ ਦਾ ਤੀਜਾ ਫਲ਼ਕ ਹੋਵੇਗਾ, ਸਮਾਜਿਕ ਉਲਟ ਇਨਕਲਾਬ ਨੂੰ ਖੁੱਲ੍ਹਾ ਛੱਡਨਾ। ਵੀਹਵੀਂ ਸਦੀ ਨੇ ਭਾਰਤ ’ਚ ਦੋ ਬਰਾਬਰ ਅੰਦੋਲਨਾਂ ਛਿੜੇ ਸਨ। ਇਨ੍ਹਾਂ ਵਿੱਚ ਇੱਕ ਤਾਂ ਬਸਤੀਵਾਦ ਵਿਰੁੱਧ ਸੰਘਰਸ਼ ਸੀ ਅਤੇ ਦੂਜਾ ਸੀ, ਉਨ੍ਹਾਂ ਤਬਕਿਆਂ ਨੂੰ ਆਜ਼ਾਦ ਕਰਵਾਉਣ ਦਾ ਸੰਘਰਸ਼, ਜਿਹੜੇ ਜਾਤੀ ਆਧਾਰਿਤ ਜਗੀਰਦਾਰੂ ਸਮਾਜ ਦੇ ਦਾਇਰੇ ’ਚ ਹਜ਼ਾਰਾਂ ਸਾਲ ਤੋਂ ਪਿਸਦੇ ਆ ਰਹੇ ਸਨ। ਹੋ ਸਕਦਾ ਹੈ ਕਿ ਉਨ੍ਹਾਂ ਵਿੱਚੋਂ ਇੱਕ ਅੰਦੋਲਨ ਦੇ ਕਈ ਨੇਤਾ, ਨਿੱਜੀ ਤੌਰ ’ਤੇ ਦੂਜੇ ਅੰਦੋਲਨ ਪ੍ਰਤੀ ਹਮਦਰਦੀ ਨਾ ਰੱਖਦੇ ਹੋਣ, ਫਿਰ ਵੀ ਲੋਕਾਂ ਦੇ ਪੱਧਰ ’ਤੇ ਦੋਨਾਂ ਦਰਮਿਆਨ ਇੱਕ ਸਾਂਝੇ ਹਿੱਤ ਵਾਲਾ ਸੰਬੰਧ ਸੀ ਅਤੇ ਖੱਬੇਪੱਖੀ ਇਸ ਨੂੰ ਸਾਂਝੇ ਹਿੱਤ ਨੂੰ ਜ਼ਾਹਿਰ ਕਰਦੇ ਸਨ।
ਇਸ ਜੁੜਵੇਂ ਅੰਦੋਲਨ ਦੇ ਚਲਦਿਆਂ, ਦੇਸ਼ ’ਚ ਜ਼ਬਰਦਸਤ ਸਮਾਜਕ ਰੁਪਾਂਤਰਣ ਹੋਇਆ ਸੀ। ਬੇਸ਼ੱਕ, ਇਹ ਸਮਾਜਿਕ ਤਬਦੀਲੀ ਓਨੀ ਮੁਕੰਮਲ ਨਹੀਂ ਸੀ, ਜਿੰਨੀ ਹੋਣੀ ਚਾਹੀਦੀ ਸੀ। ਇਹ ਪੂੰਜੀਵਾਦ ਦੀਆਂ ਹੱਦਾਂ ’ਚ ਬੰਨਿ੍ਹਆ ਰਿਹਾ ਸੀ, ਜਿਨ੍ਹਾਂ ਨੂੰ ਪਾਰ ਨਹੀਂ ਕੀਤਾ ਜਾ ਸਕਿਆ ਸੀ। ਫਿਰ ਵੀ ਇਹ ਇੱਕ ਜ਼ਿਕਰਯੋਗ ਪ੍ਰਗਤੀ ਨੂੰ ਦਰਸਾਉਂਦਾ ਸੀ, ਜਿਸ ਨੂੰ ਇੱਕ ਮਿਸਾਲ ਨਾਲ ਸਮਝਿਆ ਜਾ ਸਕਦਾ ਹੈ।
ਵੀਹਵੀਂ ਸਦੀ ਦੀ ਸ਼ੁਰੂਆਤ ’ਚ ਉਸ ਖੇਤਰ ’ਚ, ਜੋ ਹੁਣ ਕੇਰਲ ਵੱਜੋਂ ਜਾਣਿਆ ਜਾਂਦਾ ਹੈ, ਸਿਰਫ਼ ‘‘ਅਛੁਤਤਾ’’ ਹੀ ਨਹੀਂ ਸੀ ਸਗੋਂ ‘‘ਦ੍ਰਿਸ਼ ਭਿੱਟ’’ ਵੀ ਸੀ, ਜਿਸ ਦਾ ਮਤਲਬ ਇਹ ਸੀ ਕਿ ਉੱਚੀ ਜਾਤ ਦਾ ਬੰਦਾ , ਦੱਬੀ ਹੋਈ ਜਾਤ ਦੇ (ਛੂਤ) ਬੰਦੇ ’ਤੇ ਨਜ਼ਰ ਪੈਣ ਮਾਤਰ ਨਾਲ ਹੀ ਭਿੱਟ ਸਕਦਾ ਸੀ। ਜਦ ਅਸੀਂ ਇਸ ਹਾਲਾਤ ਦੀ ਤੁਲਨਾ ਅੱਜ ਦੇ ਕੇਰਲ ਨਾਲ ਕਰਦੇ ਹਾਂ, ਜੋ ਮਨੁੱਖੀ ਵਿਕਾਸ ਸੂਚਕ-ਅੰਕ ਦੇ ਮਾਮਲੇ ’ਚ ਤੀਜੀ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਨਾਲੋਂ ਬੇਹਤਰ ਹੈ ਹੀ, ਵਿਕਸਿਤ ਦੁਨੀਆ ਦੇ ਕਈ ਦੇਸ਼ਾਂ ਤੋਂ ਵੀ ਅੱਗੇ ਹੈ, ਤਾਂ ਸਾਨੂੰ ਇਸ ਦਾ ਅੰਦਾਜ਼ਾ ਲੱਗ ਸਕਦਾ ਹੈ ਕਿ ਕਿੰਨਾ ਭਾਰੀ ਸਮਾਜਿਕ ਤਬਦੀਲੀ ਆਈ ਹੈ। ਬੇਸ਼ੱਕ, ਕੇਰਲ ਤਾਂ ਇੱਕ ਆਪਣੇ ਆਪ ’ਚ ਸਪਸ਼ੱਟ ਅਰਥਾਂ ’ਚ ਬਾਕੀਆਂ ਨਾਲੋਂ ਵਿਲੱਖਣ ਰਾਜ ਹੈ, ਫਿਰ ਵੀ ਕੇਰਲ ਦੀ ਹੱਦ ਤੱਕ ਇਸ ਤਰ੍ਹਾਂ ਦੀ ਤਬਦੀਲੀ ਤਾਂ ਭਾਰਤ ਭਰ ’ਚ ਹੀ ਹੋਈ ਹੈ।
ਹਿੰਦੁਤਵ ਦੇ ਉਭਾਰ ਨੂੰ, ਉਸਦੇ ਇਸ ਨਿਸ਼ਚਿਤ ਵਾਅਦੇ ਅਤੇ ਉਸਦੇ ਅਸਲ ਯਤਨਾਂ ਦਾ ਸਹਾਰਾ ਰਿਹਾ ਹੈ ਕਿ ਇਨ੍ਹਾਂ ਤਬਦੀਲੀਆਂ ਨੂੰ ਪਲਟਿਆ ਜਾਵੇਗਾ। ਜਮਹੂਰੀਅਤ ਨੂੰ ਕਮਜ਼ੋਰ ਕਰਨ ਜ਼ਰੀਏ, ਜਿਸਨੇ ਲੋਕਾਂ ਨੂੰ ਸਿਆਸੀ ਤੌਰ ’ਤੇ ਸ਼ਕਤੀਸ਼ਾਲੀ ਬਣਾਇਆ ਸੀ ਅਤੇ ਧਰਮ ਨਿਰਪੱਖਤਾ ਨੂੰ ਪਲਟਨ ਜ਼ਰੀਏ, ਹਿੰਦੁਤਵ ਦੇ ਉਭਾਰ ਨੇ ਸਿਆਸੀ ਅਤੇ ਸਾਮਾਜਿਕ ਖੇਤਰਾਂ ’ਚ ਇਨ੍ਹਾਂ ਤਬਦੀਲੀਆਂ ਨੂੰ ਜਿਸ ਤਰ੍ਹਾਂ ਪਲਟਿਆ ਹੈ, ਉਸ ਬਾਰੇ ਤਾਂ ਸਾਰੇ ਜਾਣਦੇ ਹਨ। ਪਰ, ਇਹ ਪਲਟਿਆ ਜਾਣਾ ਤਾਂ ਹੋਰ ਵੀ ਜ਼ਿਆਦਾ ਸਰਵਵਿਆਪੀ ਹੈ। ਮਿਸਾਲ ਦੇ ਤੌਰ ’ਤੇ ਹਿੰਦੁਤਵ-ਨੀਤੀ ਤੇ ਨਵਉਦਾਰਵਾਦ ਤਹਿਤ ਜੋ ਨਿੱਜੀਕਰਣ ਹੋ ਰਿਹਾ ਹੈ, ਜਿਸ ਵਿੱਚ ਸਿੱਖਿਆ ਦੇ ਖੇਤਰ ’ਚ ਨਿੱਜੀਕਰਣ ਵੀ ਸ਼ਾਮਿਲ ਹੈ, ਉਸਦੇ ਕਾਰਨ ਸਮਾਜਿਕ ਤੌਰ ’ਤੇ ਵਾਂਝੇ ਤਬਕਿਆਂ ਨੂੰ ਰੁਜ਼ਗਾਰ ਅਤੇ ਰੁਜ਼ਗਾਰ ਦੇ ਮੌਕਿਆਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ, ਜੋ ਕਿ ਪਹਿਲਾਂ ਦੇ ਰੁਝਾਨਾਂ ਨੂੰ ਪਲਟੇ ਜਾਣ ਦਾ ਹੀ ਸੂਚਕ ਹੈ।
ਉੱਚ ਮੱਧ ਵਰਗ, ਜੋ ਕਿ ਨਵਉਦਾਰਵਾਦੀ ਨਿਜ਼ਾਮ ਦਾ ਲਾਭਾਰਥੀ ਰਿਹਾ ਹੈ ਅਤੇ ਜਿਸਨੇ ਮਿਹਨਤਕਸ਼ ਅਵਾਮ ਦੀ ਵੱਡੀ ਗਿਣਤੀ ਨਾਲੋਂ ਖ਼ੁਦ ਨੂੰ ਵੱਖਰਿਆਂ ਕਰ ਲਿਆ ਹੈ ਅਤੇ ਉਸ ਪ੍ਰਤੀ ਤਮਾਮ ਹਮਦਰਦੀ ਨੂੰ ਤਿਆਗ ਦਿੱਤਾ ਗਿਆ ਹੈ, ਇਸ ਉਲਟ-ਇਨਕਲਾਬ ਦਾ ਸਮਰਥਕ ਹੈ। ਨੁਕਤਾ ਇਹ ਹੈ ਕਿ ਜੇ ਹਿੰਦੁਤਵ ਦਾ ਉਭਾਰ ਹੀ, ਜੋ ਪਿਛਲੇ ਕਈ ਸਾਲਾਂ ਤੋਂ ਭਾਰਤ ਅੰਦਰ ਦੇਖਣ ’ਚ ਆਇਆ, ਉਸ ਸਮਾਜਕ ਤਬਦੀਲੀ ਨੂੰ ਪਿੱਛੇ ਧੱਕੇ ਜਾਣ ਨਾਲ ਜੁੜਿਆ ਰਿਹਾ ਹੈ, ਤਾਂ ਸਾਫ਼ ਹੈ ਕਿ ਹਿੰਦੂ ਰਾਸ਼ਟਰ ਦਾ ਕਾਇਮ ਹੋਣਾ ਤਾਂ ਇੱਕ ਬਕਾਇਦਾ ਉਲਟ ਇਨਕਲਾਬ ਦਾ ਆਉਣਾ ਹੀ ਹੋਵੇਗਾ।
ਸ਼ਬਦ ਬਹੁਤ ਭਰਮਾਉਣ ਵਾਲੇ ਹੋ ਸਕਦੇ ਹਨ ਅਤੇ ਹਿੰਦੂ ਰਾਸ਼ਟਰ ਇਸ ਦਾ ਕਦੀ ਨਾ ਭੁੱਲਣ ਵਾਲੀ ਮਿਸਾਲ ਹੈ । ਹਿੰਦੁਤਵਵਾਦੀ ਤਾਕਤਾਂ ਦੀ ਪ੍ਰਚਾਰ ਮਸ਼ੀਨ ਹਿੰਦੂ ਰਾਸ਼ਟਰ ਦੇ ਸੰਬੰਧ ’ਚ ਇਹ ਦਰਸਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਜਿਵੇਂ ਇਸ ਦੇ ਆਉਣ ਮਾਤਰ ਨਾਲ ਹਿੰਦੂਆਂ ਨੂੰ ਮੁਕਤੀ ਮਿਲ ਜਾਵੇਗੀ। ਪਰ, ਗੱਲ ਇਸ ਦੇ ਉਲਟ ਹੈ। ਹਿੰਦੂ ਰਾਸ਼ਟਰ ਅਸਲ ’ਚ ਇੱਕ ਤਾਨਾਸ਼ਾਹੀ ਦਾ ਹੀ ਆਵਰਣ ਹੋਵੇਗਾ, ਜੋ ਇਜ਼ਾਰੇਦਾਰੀ ਨਜ਼ਾਮ ਨੂੰ ਸਹਾਰਾ ਦੇ ਰਹੀ ਹੋਵੇਗੀ, ਜੋ ਸੰਕਟ ’ਚ ਫਸਿਆ ਹੋਇਆ ਹੈ। ਇਸ ਲਈ, ਆਮ ਲੋਕਾਂ ਦੇ ਬਹੁਗਿਣਤੀ ਦੇ ਹਿੱਤ ’ਚ ਹੋਣਾ ਤਾਂ ਦੂਰ ਰਿਹਾ, ਹਿੰਦੂ ਰਾਸ਼ਟਰ ਇੱਕ ਉਲਟ ਇਨਕਲਾਬ ਨੂੰ ਹੀ ਬੇਲਗਾਮ ਕੀਤੇ ਜਾਣ ਦਾ ਸੂਚਕ ਹੋਵੇਗਾ, ਜੋ ਪਿਛਲੀ ਸਦੀ ਦੌਰਾਨ ਲੋਕਾਂ ਨੂੰ ਹਾਸਲ ਹੋਈਆਂ ਜ਼ਿਆਦਾਤਰ ਸਮਾਜਿਕ ਤੇ ਸਿਆਸੀ ਉਪਲਬਧੀਆਂ ਨੂੰ ਹੀ ਉਲਟਾ ਦੇਵੇਗਾ। ਇਸ ਲਈ, ਇਹ ਕਿਸਾਨ ਤੇ ਅਵਾਮ ਨਾਲ ਗੱਠਜੋੜ ਕਰਕੇ, ਮਜ਼ਦੂਰ ਵਰਗ ਦੀ ਇਤਹਾਸਕ ਜ਼ਿੰਮੇਦਾਰੀ ਹੋ ਜਾਂਦੀ ਹੈ ਕਿ ਉਹ ਇਸ ਹਿੰਦੂ ਰਾਸ਼ਟਰ ਦੀ ਦੀਸ਼ਾ ’ਚ ਲੁੜਕ ਜਾਣ ਤੋਂ ਰੋਕੇ।
---0---
-ਪ੍ਰਭਾਤ ਪਟਨਾਇਕ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ