ਵਿਦਵਾਨਾਂ ਦਾ ਕਥਨ ਹੈ ਕਿ ਭੁਗੋਲਕ ਅਤੇ ਸਮਾਜਕ ਬਣਤਰ ਦਾ ਮਨੁੱਖ ਦੇ ਮਨ, ਵਿਚਾਰ ਅਤੇ ਜੀਵਨ ’ਤੇ ਡੂੰਘਾ ਅਸਰ ਪੈਂਦਾ ਹੈ। ਇਹ ਗੱਲ 100 ਫ਼ੀਸਦੀ ਸੱਚ ਹੈ ਕਿ ਭੁਗੋਲਕ ਖ਼ੇਤਰ ਅਤੇ ਸਮਾਜਕ ਬਣਤਰ ਦੇ ਅਨੁਸਾਰ ਮਨੁੱਖ ਦੀ ਬੋਲੀ, ਪਹਿਰਾਵਾ, ਰਹਿਣ-ਸਹਿਣ ਅਤੇ ਸੁਭਾਅ ਹੋਵੇਗਾ। ਮਨੁੱਖੀ ਮਨ ਉੱਪਰ ਪਏ ਇਸ ਪ੍ਰਭਾਵ ’ਤੇ ਧਰਮ ਅਤੇ ਹੋਰ ਨਿੱਕੇ-ਮੋਟੇ ਕਾਰਕ ਲਾਜ਼ਮੀ ਅਸਰ ਪਾਉਂਦੇ ਹਨ ਪਰੰਤੂ! ਉਨਾ ਨਹੀਂ ਕਿ ਇਸ ਪ੍ਰਭਾਵ, ਅਸਰ ਨੂੰ ਗੰਭੀਰ ਅਤੇ ਪੁਖ਼ਤਾ ਚਰਚਾ ਦਾ ਵਿਸ਼ਾ ਬਣਾਇਆ ਜਾ ਸਕੇ।
ਪੰਜਾਬੀ ਸਾਹਿਤ ਦਾ ਅਧਿਐਨ ਕਰਦਿਆਂ ਇਹ ਤੱਥ ਪੂਰੀ ਤਰ੍ਹਾਂ ਦਰੁਸਤ ਅਤੇ ਕਾਰਗਰ ਸਾਬਤ ਹੁੰਦਾ ਹੈ ਕਿ ਜਿਹੜੇ ਸਰੋਕਾਰ ਅਤੇ ਸਮੱਸਿਆਵਾਂ ‘ਮੁੱਖਧਾਰਾ’ ਦੇ ਪੰਜਾਬੀ ਸਾਹਿਤ ਵਿਚ ਪਈਆਂ ਹਨ ਉਹੋ ਸਰੋਕਾਰ ਤੇ ਸਮੱਸਿਆਵਾਂ ‘ਹਰਿਆਣੇ ਦੇ ਪੰਜਾਬੀ ਸਾਹਿਤ’ ਅੰਦਰ ਦੇਖਣ-ਪੜ੍ਹਨ ਨੂੰ ਮਿਲਦੀਆਂ ਹਨ ਅਤੇ ਚਰਚਾ ਦੇ ਵਿਸ਼ਾ ਬਣਦੀਆਂ ਹਨ। ਹਰਿਆਣੇ ਦੇ ਪੰਜਾਬੀ ਸਾਹਿਤ ਵਿੱਚ ਖਿੱਤੇ ਅਤੇ ਭੁਗੋਲਕ ਮੁਸ਼ਕਲਾਂ, ਸੰਦਰਭਾਂ ਬਾਰੇ ਉਨਾ ਜ਼ਿਕਰ ਨਹੀਂ ਮਿਲਦਾ ਜਿੰਨਾ ਮਿਲਣਾ ਚਾਹੀਦਾ ਹੈ।
ਹਰਿਆਣੇ ਦੇ ਪੰਜਾਬੀ ਸਾਹਿਤ ਦਾ ਅਧਿਐਨ ਕਰਦਿਆਂ ਕਈ ਵਾਰ ਇੰਝ ਮਹਿਸੂਸ ਹੁੰਦਾ ਹੈ ਕਿ ਇਹ ‘ਪੰਜਾਬ’ ਵਿਚ ਰਚੇ ਗਏ ਮੁੱਖਧਾਰਾ ਦੇ ਸਾਹਿਤ ਦਾ ਅਧਿਐਨ ਕੀਤਾ ਜਾ ਰਿਹਾ ਹੈ। ਹਰਿਆਣੇ ਦੇ ਪੰਜਾਬੀ ਸਾਹਿਤ ਵਿਚ ਲੋਕਲ ਬਿਰਤੀਆਂ, ਤਿਉਹਾਰਾਂ, ਬੋਲੀਆਂ, ਪਹਿਰਾਵੇ, ਮੁਹਾਵਰਿਆਂ, ਅਖਾਣਾਂ ਅਤੇ ਪੇਂਡੂ ਸੱਭਿਆਚਾਰ- ਸੰਸਕ੍ਰਿਤੀ ਦੀ ਅਣਹੋਂਦ (ਗ਼ੈਰ-ਹਾਜ਼ਰੀ) ਗੰਭੀਰ ਚਿੰਤਾ ਦਾ ਵਿਸ਼ਾ ਹੈ। ਇੱਥੇ ਖ਼ਾਸ ਗੱਲ ਇਹ ਹੈ ਕਿ ਹਰਿਆਣੇ ਦੇ ਪੰਜਾਬੀ ਭਾਵੇਂ ਸੰਨ 1966 ਵਿਚ ‘ਸਿਆਸੀ ਰੂਪ’ ਵਿਚ ਪੰਜਾਬ ਨਾਲੋਂ ਵੱਖ ਹੋ ਗਏ ਸਨ ਪਰੰਤੂ! ਉਹਨਾਂ ਦੀਆਂ ਰੁਚੀਆਂ ਅਤੇ ਸੁਭਾਅ ਮੁੱਖਧਾਰਾ ਦੇ ਪੰਜਾਬੀ ਲੇਖਕਾਂ ਵਾਂਗ ਹੀ ਹਨ। ਇਹਨਾਂ ਹਰਿਆਣਵੀਂ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਵਿਚ ਖ਼ੇਤਰੀ ਪ੍ਰਭਾਵ; ਅਮੁਮਨ ਦੇਖਣ-ਪੜ੍ਹਨ ਨੂੰ ਨਹੀਂ ਮਿਲਦੇ।
ਇਸਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਹਰਿਆਣਵੀਂ ਪੰਜਾਬੀਆਂ ਨੇ ਆਪਣੇ-ਆਪ ਨੂੰ ਹਰਿਆਣਵੀਂ ਸੱਭਿਆਚਾਰ, ਸੰਸਕ੍ਰਿਤੀ ਅਤੇ ਰਹੁ-ਰੀਤਾਂ ਨਾਲ ਭਾਵਾਤਮਕ ਰੂਪ ਵਿਚ ਨਹੀਂ ਜੋੜਿਆ। ਸੱਭਿਆਚਾਰਕ ਦੂਰੀ ਕਿਤੇ ਨਾ ਕਿਤੇ ਸਾਹਿਤ ਵਿਚ ਦੇਖਣ ਨੂੰ ਲਾਜ਼ਮੀ ਮਿਲਦੀ ਹੈ ਕਿਉਂਕਿ ਸਾਹਿਤ ਦੀ ਰਚਨਾ ਮਨੁੱਖੀ ਮਨ ਵਿਚ ਪੈਦਾ ਹੋਏ ਵਿਚਾਰਾਂ, ਤਜ਼ੁਰਬਿਆਂ ਵਿੱਚੋਂ ਉਪਜਦੀ ਹੈ। ਜੇਕਰ ਮਨ ਵਿਚ ਇਹਨਾਂ ਤਜ਼ੁਰਬਿਆਂ ਬਾਰੇ ਕੋਈ ਇੱਛਾ, ਚਾਹਤ ਹੀ ਪੈਦਾ ਨਹੀਂ ਹੋਈ ਤਾਂ ਉਸਨੂੰ ਸਾਹਿਤ ਦਾ ਹਿੱਸਾ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ? ਖ਼ੈਰ!
ਅਮੁਮਨ, ਬਹੁਤੇ ਪੰਜਾਬੀ ਸਾਹਿਤਕਾਰਾਂ ਦੀਆਂ ਰਚਨਾਵਾਂ, ਲਿਖਤਾਂ ਵਿਚ ‘ਪਰਵਾਸ ਦਾ ਸੰਕਲਪ’ ਵਿਸ਼ਾਲ ਅਤੇ ਡੂੰਘੇ ਅਰਥਾਂ ਵਿਚ ਲਿਆ ਜਾਂਦਾ ਹੈ। ਉਸਦਾ ਇੱਕ ਕਾਰਨ ਇਹ ਵੀ ਹੈ ਕਿ ਪੰਜਾਬੀ ਆਪਣੇ-ਆਪ ਨੂੰ ਉਸ (ਬਾਹਰਲੇ) ਮੁਲਕ ਦੇ ਭੁਗੋਲਕ, ਸਮਾਜਕ ਅਤੇ ਸੱਭਿਆਚਾਰਕ ਤਾਣੇ-ਬਾਣੇ ਵਿਚ ਬੱਝਿਆ ਹੋਇਆ, ਜਕੜਿਆ ਹੋਇਆ ਮਹਿਸੂਸ ਕਰਦਾ ਹੈ। ਅਮੇਰਿਕਾ, ਕੈਨੇਡਾ, ਯੂ: ਕੇ: ਅਤੇ ਯੁਰੋਪ ਦੇ ਹੋਰ ਮੁਲਕਾਂ ਦੇ ਪ੍ਰਭਾਵ (ਸੱਭਿਆਚਾਰਕ, ਸੰਸਕ੍ਰਿਤੀ) ਦੀ ਝਲਕ ‘ਪਰਵਾਸੀ ਪੰਜਾਬੀ ਸਾਹਿਤ’ ਦੇ ਰੂਪ ਵਿਚ ਪੜ੍ਹਨ ਨੂੰ ਮਿਲ ਜਾਂਦੀ ਹੈ। ਉੱਥੋਂ ਦੇ ਰਹਿਣ-ਸਹਿਣ, ਪਹਿਰਾਵੇ ਅਤੇ ਮਨੋਬਿਰਤੀਆਂ ਬਾਰੇ ਪਰਵਾਸੀ ਸਾਹਿਤ ਵਿੱਚ ਜ਼ਿਕਰ ਮਿਲਦਾ ਹੈ। ਪਰੰਤੂ! ਹਰਿਆਣੇ ਵਿਚ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਵਿੱਚੋਂ ਹਰਿਆਣੇ ਦੇ ਸੱਭਿਆਚਾਰ ਬਾਰੇ ਬਹੁਤਾ ਜ਼ਿਕਰ ਨਹੀਂ ਮਿਲਦਾ।
ਹਰਿਆਣਵੀਂ ਪੰਜਾਬੀਆਂ ਦੀ ਕਲਮ; 1947 ਦੀ ਭਾਰਤ-ਪਾਕ ਵੰਡ, 1984 ਦੇ ਦੁਖਾਂਤ ਅਤੇ ਪੰਜਾਬੀ ਸਮਾਜ ਦੇ ਸਾਹਮਣੇ ਆਉਂਦੀਆਂ ਦਰਪੇਸ਼ ਚੁਣੌਤੀਆਂ ਬਾਰੇ ਅਕਸਰ ਚੱਲਦੀ ਰਹਿੰਦੀ ਹੈ। ਅੱਜ ਵੀ ਹਰਿਆਣਵੀਂ ਪੰਜਾਬੀ ਲੇਖਕਾਂ ਦੀ ਕਲਮ ਆਪਣੇ ਪੁਰਖਿਆਂ ਦੇ ਪਿਛਕੋੜ ਨੂੰ ਯਾਦ ਕਰਦਿਆਂ ਚਲਦੀ ਹੈ। ਇਹਨਾਂ ਲੇਖਕਾਂ ਨੇ ਆਪਣੇ ਪੁਰਖਿਆਂ ਦੀ ਜੰਮਣ ਭੋਂਇੰ (ਪਾਕਿਸਤਾਨ) ਨੂੰ ਚੇਤੇ ਕਰਦਿਆਂ ਰਚਨਾਵਾਂ ਵੀ ਕੀਤੀਆਂ ਹਨ। ਪਰੰਤੂ! ਇਹਨਾਂ ਰਚਨਾਵਾਂ ਵਿੱਚੋਂ ਲੋਕਲ ਪ੍ਰਭਾਵ (ਹਰਿਆਣਾ) ਮਨਫ਼ੀ ਹੈ।
ਹਰਿਆਣਵੀਂ ਪੰਜਾਬੀਆਂ ਦੀ ਸਿਰਜਣਾ ਵਿੱਚੋਂ ਇਹ ਪ੍ਰਭਾਵ ਮਨਫ਼ੀ ਹੋਣ ਦੇ ਕੁਝ ਕਾਰਨਾਂ ਦਾ ਸੰਖੇਪ ਰੂਪ ਵਿਚ ਜ਼ਿਕਰ ਕੀਤਾ ਜਾ ਰਿਹਾ ਹੈ ਤਾਂ ਕਿ ਅਸਲ ਕਾਰਨਾਂ ਦੀ ਸਹੀ ਪਰਿਪੇਖ ਵਿਚ ਪੜਚੋਲ ਕੀਤੀ ਜਾ ਸਕੇ।
ਸਭ ਤੋਂ ਮਹੱਤਵਪੂਰਨ ਅਤੇ ਪੁਖ਼ਤਾ ਗੱਲ; ਹਰਿਆਣੇ ਦੀ ‘ਸਿਆਸਤ’ ਵਿੱਚ ਪੰਜਾਬੀਆਂ (ਖ਼ਾਸਕਰ ਸਿੱਖਾਂ) ਦਾ ਸਿਆਸੀ ਪ੍ਰਭਾਵ ਜਾਂ ਦਖਲ ਨਾ ਦੇ ਬਰਾਬਰ ਹੈ। ਦੂਜੇ ਸ਼ਬਦਾਂ ਵਿਚ; ਸਿਆਸਤ ਵਿਚ ਹਰਿਆਣੇ ਦੇ ਪੰਜਾਬੀ ‘ਫਾਡੀ’ ਕਹੇ ਜਾ ਸਕਦੇ ਹਨ। ਇਸ ਲਈ ਉਹਨਾਂ (ਪੰਜਾਬੀਆਂ) ਦੇ ਮਨਾਂ ਅੰਦਰ ਹਰਿਆਣੇ ਦੇ ਮੂਲ ਥੀਮ , ਕੇਂਦਰੀ ਭਾਵ ਨੂੰ ਪ੍ਰਫੁੱਲਿਤ ਨਹੀਂ ਕੀਤਾ ਜਾ ਸਕਦਾ। ਸਿਆਸਤ ਵਿਚ ਫਾਡੀ ਹੋਣ ਕਰਕੇ ਇਹ ਆਪਣੇ-ਆਪ ਨੂੰ ਦੂਜੇ ਦਰਜ਼ੇ ਦਾ ਸ਼ਹਿਰੀ ਮਹਿਸੂਸ ਕਰਨ ਲੱਗਦੇ ਹਨ। ਉਹਨਾਂ ਦੀ ਸਿਆਸੀ ਇੱਛਾ-ਸ਼ਕਤੀ ਖ਼ਤਮ ਹੋ ਜਾਂਦੀ ਹੈ। ਇਸ ਲਈ ਉਹ ਆਪਣੇ-ਆਪ ਨੂੰ ਵੱਖ ਅਤੇ ਓਪਰਾ ਮਹਿਸੂਸ ਕਰਨ ਲੱਗਦੇ ਹਨ। ਇਸੇ ਕਰਕੇ ਹਰਿਆਣੇ ਦੇ ਪੰਜਾਬੀ ਸਾਹਿਤ ਸਿਰਜਣਾ ਦੇ ਖ਼ੇਤਰ ਵਿੱਚੋਂ ਹਰਿਆਣਵੀਂ ਸੰਸਕ੍ਰਿਤੀ ਦਾ ਮੂਲ ਤੱਤ ਗਾਇਬ ਹੋਇਆ ਮਹਿਸੂਸ ਕੀਤਾ ਜਾ ਸਕਦਾ ਹੈ।
ਦੂਜਾ; ਸਿੱਖਿਆ-ਤੰਤਰ (ਉਹ ਚਾਹੇ ਉੱਚ ਸਿੱਖਿਆ ਤੰਤਰ ਹੋਵੇ ਅਤੇ ਚਾਹੇ ਸਕੂਲ ਪੱਧਰ ਦੀ ਸਿੱੱਖਿਆ ਪ੍ਰਣਾਲੀ ਹੋਵੇ) ਵਿੱਚ ਪੰਜਾਬੀਆਂ ਦੀ ਸ਼ਾਮੂਲੀਅਤ ਨਾ ਦੇ ਬਰਾਬਰ ਹੈ। ਸਿੱਖਿਆ-ਤੰਤਰ ਨੂੰ ਚਲਾਉਣ, ਨੀਤੀਆਂ ਘੜ੍ਹਨ ਅਤੇ ਲਾਗੂ ਕਰਵਾਉਣ ਵਿਚ ਹਰਿਆਣੇ ਦੇ ਪੰਜਾਬੀਆਂ ਦਾ ਬਹੁਤਾ ਯੋਗਦਾਨ, ਪ੍ਰਭਾਵ ਨਹੀਂ ਹੈ। ਇਸ ਨਾਲ ਜਿੱਥੇ ਹਿੰਦੀ ਅਤੇ ਸੰਸਕ੍ਰਿਤ ਭਾਸ਼ਾ ਉੱਤੇ ਵਧੇਰੇ ਤਵੱਜੋ ਦਿੱਤੀ ਜਾਂਦੀ ਹੈ ਉੱਥੇ ਹੀ ਪੰਜਾਬੀ ਭਾਸ਼ਾ ਅਣਗੌਲੀ ਜਾਂਦੀ ਹੈ। ਇਸ ਕਾਰਨ ਵੀ ਪੰਜਾਬੀਆਂ ਵੱਲੋਂ ਆਪਣੀ ਸਾਹਿਤਕ ਸਿਰਜਣਾ ਵਿਚ ‘ਹਰਿਆਣਵੀਂ ਪ੍ਰਭਾਵ’ ਮਨਫ਼ੀ ਹੋਇਆ ਦੇਖਿਆ ਜਾ ਸਕਦਾ ਹੈ।
ਤੀਜਾ; ਬੋਲੀ ਅਤੇ ਧਰਮ ਦਾ ਪ੍ਰਭਾਵ ਵੀ ਕਾਰਗਰ ਅਸਰ ਪਾਉਂਦਾ ਹੈ। ਹਰਿਆਣੇ ਅੰਦਰ ਰਹਿੰਦੇ ਹਿੰਦੂ ਖ਼ਾਸਕਰ ਪੰਜਾਬੀ ਹਿੰਦੂ (ਜਿਹੜੇ 1947 ਦੀ ਭਾਰਤ–ਪਾਕ ਵੰਡ ਵੇਲੇ) ਹਰਿਆਣੇ ਦੇ ਪੱਕੇ ਵਸਨੀਕ ਬਣ ਗਏ ਸਨ ਉਹ ਅਤੇ ਉਹਨਾਂ ਦੇ ਪਰਿਵਾਰ ਪੰਜਾਬੀ ਜ਼ੁਬਾਨ ਨਾਲੋਂ ਟੁੱਟਦੇ ਜਾ ਰਹੇ ਹਨ। ਬਹੁਤਾਤ ਵਿਚ; ਹਿੰਦੂ ਪੰਜਾਬੀ ਤਬਕਾ ਪੰਜਾਬੀ ਬੋਲਣ ਤੋਂ ਗੁਰੇਜ਼ ਕਰਨ ਲੱਗਾ ਹੈ। ਇਸ ਕਾਰਨ ਵੀ ਪੰਜਾਬੀ ਸਾਹਿਤ ਵਿਚੋਂ ਹਰਿਆਣਵੀਂ ਪ੍ਰਭਾਵ ਮਨਫ਼ੀ ਹੈ ਕਿਉਂਕਿ ਇਹਨਾਂ ਪੰਜਾਬੀਆਂ ਨੇ ਭਾਵੇਂ ਹਰਿਆਣੇ ਦੇ ਸੱਭਿਆਚਾਰ–ਸੰਸਕ੍ਰਿਤੀ ਦਾ ਪ੍ਰਭਾਵ ਕਬੂਲ ਲਿਆ ਹੈ ਪਰੰਤੂ! ਇਹਨਾਂ ਪੰਜਾਬੀਆਂ ਨੇ ਸਾਹਿਤ ਦੀ ‘ਸਿਰਜਣਾ’ ਤੋਂ ਕਿਨਾਰਾ ਕਰ ਲਿਆ ਹੈ। ਇਹਨਾਂ ਪੰਜਾਬੀਆਂ ਦੇ ਕਬੂਲੇ ਗਏ ਪ੍ਰਭਾਵ ਦਾ ਸਾਹਿਤਕ ਦਿ੍ਰਸ਼ਟੀ ਪੱਖੋਂ ਕੋਈ ਪ੍ਰਭਾਵ ਨਹੀਂ ਪੈ ਰਿਹਾ ਕਿਉਂਕਿ ਇਹਨਾਂ ਵੱਲੋਂ ਸਾਹਿਤਕ ਸਿਰਜਣਾ ਨਾ ਦੇ ਬਰਾਬਰ ਹੈ।
ਚੌਥਾ; ਹਰਿਆਣੇ ਦੇ ਬਹੁਤੇ ਪੰਜਾਬੀ ਭਾਵੇਂ ਜਨਮ ਤੋਂ ਹਰਿਆਣੇ ਦੇ ਬਸ਼ਿੰਦੇ! ਹਨ ਪਰੰਤੂ, ਇਹਨਾਂ ਦੇ ਰੀਤੀ-ਰਿਵਾਜ਼ ਅਤੇ ਰਹੁ-ਰੀਤਾਂ (ਸੱਭਿਆਚਾਰ) ਪੰਜਾਬ ਨਾਲ ਮਿਲਦਾ ਹੈ; ਹਰਿਆਣੇ ਨਾਲ ਨਹੀਂ। ਦੂਜੇ ਸ਼ਬਦਾਂ ਵਿਚ ਇਸਨੂੰ ਸੱਭਿਆਚਾਰਕ ਪ੍ਰਭਾਵ ਕਿਹਾ ਜਾਂਦਾ ਹੈ। ਇਸ ਲਈ ਇਹਨਾਂ ਪੰਜਾਬੀਆਂ ਦਾ ਹਰਿਆਣੇ ਦੇ ਲੋਕਲ ਤਿਉਹਾਰਾਂ, ਰੀਤੀ- ਰਿਵਾਜ਼ਾਂ ਅਤੇ ਰਹੁ- ਰੀਤਾਂ ਨਾਲ ਸੰਬੰਧ ਸਥਾਪਤ ਨਹੀਂ ਹੋ ਪਾਉਂਦਾ। ਨਤੀਜਨ, ਹਰਿਆਣੇ ਦੇ ਪੰਜਾਬੀ ਲੇਖਕਾਂ ਦੀ ਕਲਮ ਵਿਚ ਇਹਨਾਂ ਦਾ ਜ਼ਿਕਰ ਨਹੀਂ ਹੁੰਦਾ।
ਪੰਜਵਾਂ; ਹਰਿਆਣੇ ਦੇ ਪੰਜਾਬੀ ਲੇਖਕਾਂ ਵਿਚੋਂ ਹਰਿਆਣਵੀਂ ਸੰਸਕ੍ਰਿਤੀ ਦਾ ਪ੍ਰਭਾਵ ਇਸ ਕਰਕੇ ਵੀ ਦੇਖਣ-ਪੜ੍ਹਨ ਨੂੰ ਨਹੀਂ ਮਿਲਦਾ ਕਿਉਂਕਿ ਹਰਿਆਣੇ ਅੰਦਰ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਬਣਦਾ ਮਾਣ-ਸਨਮਾਨ ਨਹੀਂ ਮਿਲਦਾ। ਉਹ ਭਾਵੇਂ ‘ਸਿਆਸੀ’ ਪੱਧਰ ਉੱਪਰ ਹੋਵੇ ਅਤੇ ਭਾਵੇਂ ‘ਸਮਾਜਕ’ ਪੱਧਰ ਉੱਪਰ। ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਹਿੱਤ ਉਸ ਪੱਧਰ ’ਤੇ ਉਪਰਾਲੇ, ਯਤਨ ਨਹੀਂ ਕੀਤੇ ਜਾਂਦੇ ਜਿਸ ਪੱਧਰ ਤੇ ‘ਹਰਿਆਣਵੀਂ’, ‘ਹਿੰਦੀ’ ਜਾਂ ‘ਸੰਸਕ੍ਰਿਤ’ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾਂਦੇ ਹਨ। ਇਸ ਸੋਚ ਅਤੇ ਸਿਆਸੀ ਕਾਰਨਾਂ ਕਰਕੇ ਹਰਿਆਣੇ ਦੇ ਪੰਜਾਬੀ ਸਾਹਿਤ ਵਿਚੋਂ ‘ਹਰਿਆਣਾ’ ਗਾਇਬ ਹੁੰਦਾ ਨਜ਼ਰ ਆਉਂਦਾ ਹੈ।
ਛੇਵਾਂ; ਹਰਿਆਣੇ ਵਿਚ ਸਕੂਲ ਪੱਧਰ, ਉੱਚ ਸਿੱਖਿਆ ਪੱਧਰ ’ਤੇ ਪੰਜਾਬੀਆਂ ਨੂੰ ‘ਹਰਿਆਣਵੀਂ ਸੰਸਕ੍ਰਿਤੀ’ ਦੀ ਪੜ੍ਹਾਈ ਨਹੀਂ ਕਰਵਾਈ ਜਾਂਦੀ। ਸਕੂਲਾਂ, ਕਾਲਜਾਂ ਅਤੇ ਯੁਨੀਵਰਸਿਟੀਆਂ ਵਿਚ ਸਮੁੱਚਾ ਸਿਲੇਬਸ ਮੁੱਖਧਾਰਾ ਦੇ ਪੰਜਾਬੀ ਸਾਹਿਤ ਵਾਲਾ ਹੀ ਪੜ੍ਹਾਇਆ ਜਾਂਦਾ ਹੈ। ਹਰਿਆਣੇ ਦੇ ਲੇਖਕਾਂ ਨੂੰ ਜਦੋਂ ਹਰਿਆਣੇ ਦੇ ਮੂਲ ਤੱਤ ਬਾਰੇ ਪੜ੍ਹਾਈ ਹੀ ਨਹੀਂ ਕਰਵਾਈ ਜਾਂਦੀ ਫੇਰ ਸਾਹਿਤ ਵਿਚ ਜਿ?ਕਰ ਕਿਸ ਤਰ੍ਹਾਂ ਆਉਣਾ ਹੈ? ਯੁਨੀਵਰਸਿਟੀਆਂ ਦੇ ਸਿਲੇਬਸ ਵਿਚ ਮੁੱਖਧਾਰਾ ਦੇ ਪੰਜਾਬੀ ਸਾਹਿਤ, ਜਿਸ ਤਰ੍ਹਾਂ ਪੰਜਾਬ ਦੀਆਂ ਯੁਨੀਵਰਸਿਟੀਆਂ ਵਿਚ ਪੜ੍ਹਾਇਆ ਜਾਂਦਾ ਹੈ; ਉਂਝ ਹੀ ਪੜ੍ਹਾਇਆ ਜਾਂਦਾ ਹੈ। ਇਹਨਾਂ ਕਾਲਜਾਂ, ਯੁਨੀਵਰਸਿਟੀਆਂ ਵਿਚ ਹਰਿਆਣਵੀਂ ਲੇਖਕਾਂ ਦੀਆਂ ਪੰਜਾਬੀ ਪੁਸਤਕਾਂ ਉੱਪਰ ਖੋਜ ਕਾਰਜ ਨਾ ਦੇ ਬਰਾਬਰ ਹੁੰਦਾ ਹੈ ਅਤੇ ਸਿਲੇਬਸ ਵਿਚ ਕਿਸੇ ਵਿਰਲੇ–ਟਾਵੇਂ ਹਰਿਆਣਵੀਂ ਪੰਜਾਬੀ ਲੇਖਕ ਦੀ ਪੁਸਤਕ ਨੂੰ ਸ਼ਾਮਲ ਕੀਤਾ ਜਾਂਦਾ ਹੈ। ਫੇਰ ਹਰਿਆਣੇ ਦੇ ਮੂਲ ਤੱਤ ਨੂੰ ਹਰਿਆਣਵੀਂ ਪੰਜਾਬੀ ਦੇ ਸਾਹਿਤ ਦਾ ਅੰਗ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ?
ਸੱਤਵਾਂ; ਪੰਜਾਬੀ ਭਾਸ਼ਾ ਨੂੰ ਕੇਵਲ ਸਿੱਖਾਂ ਦੀ ਜ਼ੁਬਾਨ ਦਾ ਤਮਗ਼ਾ ਦੇ ਦਿੱਤਾ ਗਿਆ ਹੈ। ਸਮਾਜ ਦੀ ਕਾਣੀ ਵੰਡ ਨੇ ਇਹ ਤਮਗ਼ਾ ਸਿੱਖਾਂ ਦੇ ਗਲ਼ ਵਿਚ ਫਿੱਟ ਕਰ ਦਿੱਤਾ ਹੈ ਕਿ ਪੰਜਾਬੀ ਕੇਵਲ ਸਿੱਖਾਂ ਦੇ ਜ਼ੁਬਾਨ ਹੈ। ਪਰੰਤੂ! ਅਜਿਹਾ ਬਿਲਕੁਲ ਵੀ ਨਹੀਂ ਹੈ। ਪੰਜਾਬੀ; ਪੰਜਾਬੀਆਂ ਦੀ ਜ਼ੁਬਾਨ ਹੈ; ਇਕੱਲੇ ਸਿੱਖਾਂ ਦੀ ਨਹੀਂ। ਇਸ ਪ੍ਰਭਾਵ ਕਰਕੇ ਜਦੋਂ ਕੋਈ ਹਰਿਆਣੇ ਦਾ ਜੰਮਪਲ ਹਿੰਦੂ ਲੇਖਕ ਜਾਂ ਲੇਖਿਕਾ ਪੰਜਾਬੀ ਜ਼ੁਬਾਨ ਵਿਚ ਕਲਮ ਚਲਾਉਂਦਾ ਹੈ, ਸਾਹਿਤ ਸਿਰਜਣਾ ਕਰਦਾ ਹੈ ਤਾਂ ਹਰਿਆਣੇ ਦਾ ਪੰਜਾਬੀ ਸਮਾਜ ਉਸਨੂੰ ਮੂਲੋਂ ਹੀ ਸਵੀਕਾਰ ਨਹੀਂ ਕਰਦਾ। ਅਜਿਹੇ ਪੰਜਾਬੀਆਂ ਦੀ ਤੰਗ ਦਿਲੀ ਕਰਕੇ ਨਵੇਂ ਲੇਖਕ-ਲੇਖਿਕਾ ਕੁਝ ਸਮੇਂ ਮਗ਼ਰੋਂ ਪੰਜਾਬੀ ਸਾਹਿਤ ਦਾ ਖੇਤਰ ਛੱਡ ਕੇ ਹਿੰਦੀ, ਸੰਸਕ੍ਰਿਤ, ਹਰਿਆਣਵੀਂ ਸਾਹਿਤ ਦੇ ਰਾਹ ਉੱਪਰ ਤੁਰ ਪੈਂਦੇ ਹਨ। ਦੂਜਾ ਕਾਰਨ; ਜਿਸ ਤਰ੍ਹਾਂ ਉੱਪਰ ਵੀ ਬਿਆਨ ਕੀਤਾ ਗਿਆ ਹੈ; ਪੰਜਾਬੀ ਸਾਹਿਤ ਨਾਲੋਂ ਹਿੰਦੀ ਅਤੇ ਸੰਸਕ੍ਰਿਤ ਸਾਹਿਤ ਦੀ ਵੁਕੱਤ ਜਿਆਦਾ ਪੈਣ ਕਰਕੇ ਵੀ ਬਹੁਤੇ ਪੰਜਾਬੀ ਸਾਹਿਤਕਾਰ ਆਪਣੀ ਦਿਸ਼ਾ ਬਦਲ ਲੈਂਦੇ ਹਨ ਤਾਂ ਕਿ ਉਹਨਾਂ ਨੂੰ ਵਧੇਰੇ ਮਾਣ-ਸਤਿਕਾਰ ਪ੍ਰਾਪਤ ਹੋ ਸਕੇ।
ਹਰਿਆਣਵੀਂ ਪੰਜਾਬੀ ਸਾਹਿਤ ਵਿਚ ਜੇਕਰ ਹਰਿਆਣੇ ਦੇ ਮੂਲ , ਕੇਂਦਰੀ ਤੱਤ ਨੂੰ ਸ਼ਾਮਲ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਹਰਿਆਣੇ ਦੀਆਂ ਯੁਨੀਵਰਸਿਟੀਆਂ , ਕਾਲਜਾਂ ਵਿਚ ਹਰਿਆਣੇ ਦੇ ਪੰਜਾਬੀ ਲੇਖਕਾਂ ਦੀ ਪੁਸਤਕਾਂ ਨੂੰ ਪੜ੍ਹਾਉਣਾ ਆਰੰਭ ਕਰਨਾ ਚਾਹੀਦਾ ਹੈ। ਹਰਿਆਣੇ ਦੇ ਲੇਖਕਾਂ ਦੀ ਪੁਸਤਕਾਂ ਨੂੰ ਸਿਲੇਬਸ ਵਿਚ ਲਗਾ ਕੇ ਸਕੂਲੀ ਬੱਚਿਆਂ ਅਤੇ ਖੋਜ- ਵਿੱਦਿਆਰਥੀਆਂ ਨੂੰ ਹਰਿਆਣੇ ਦੇ ਮੂਲ ਸੰਦਰਭ ਬਾਰੇ ਪੜ੍ਹਾਇਆ ਜਾਣਾ ਚਾਹੀਦਾ ਹੈ। ਖੋਜ- ਵਿੱਦਿਆਰਥੀਆਂ ਨੂੰ ਹਰਿਆਣੇ ਦੇ ਕੇਂਦਰੀ ਪ੍ਰਭਾਵ , ਥੀਮ ਬਾਰੇ ਖੋਜ- ਕਾਰਜ ਕਰਨੇ ਚਾਹੀਦੇ ਹਨ। ਹਰਿਆਣਵੀਂ ਸਮਾਜ ਨਾਲ ਸੰਬੰਧਤ ਰੀਤੀ-ਰਿਵਾਜ਼ਾਂ ਅਤੇ ਰਹੁ-ਰੀਤਾਂ ਬਾਰੇ ਜਾਣਨਾ ਚਾਹੀਦਾ ਹੈ ਅਤੇ ਇਹਨਾਂ ਨੂੰ ਆਧਾਰ ਬਣਾ ਕੇ ਪੰਜਾਬੀ ਸਾਹਿਤ ਦੀ ਸਿਰਜਣਾ ਕਰਨੀ ਚਾਹੀਦੀ ਹੈ।
ਦੂਜੇ ਪਾਸੇ ਬੁਧੀਜੀਵੀ ਵਰਗ ਨੂੰ ਸਮਾਜਕ ਅਤੇ ਸਿਆਸੀ ਕੁੜੱਤਣ ਨੂੰ ਘਟਾਉਣ ਲਈ ਹੀਲੇ ਕਰਨੇ ਚਾਹੀਦੇ ਹਨ। ਸਿਆਸੀ ਪੱਖੋਂ ਪੰਜਾਬੀ ਬੋਲੀ ਦੇ ਪ੍ਰਚਾਰ-ਪ੍ਰਸਾਰ ਲਈ ਯੋਜਨਾਵਾਂ ਬਣਾਉਣੀਆਂ ਅਤੇ ਲਾਗੂ ਕਰਨੀਆਂ ਚਾਹੀਦੀਆਂ ਹਨ। ਸਮਾਜਕ ਬਣਤਰ ਨੂੰ ਦਰੁਸਤ ਕਰਨ ਹਿੱਤ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਹਰਿਆਣਵੀਂ ਸਾਹਿਤ ਵਿਚ ਪੰਜਾਬੀ ਅਤੇ ਪੰਜਾਬੀ ਸਾਹਿਤ ਵਿਚ ਹਰਿਆਣਵੀਂ ਨੂੰ ਪੜਿ੍ਹਆ ਜਾ ਸਕੇ, ਸਮਝਿਆ ਜਾ ਸਕੇ।
ਇਸ ਤਰ੍ਹਾਂ ਉੱਪਰ ਕੀਤੀ ਗਈ ਵਿਚਾਰ-ਚਰਚਾ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਹਰਿਆਣਾ ਸੂਬਾ ਭਾਵੇਂ ਸਿਆਸੀ ਰੂਪ ਵਿਚ ਪੰਜਾਬ ਨਾਲੋਂ ਵੱਖ ਹੈ ਪਰੰਤੂ! ਸਾਹਿਤਕ ਰੂਪ ਵਿਚ ਦੋਹਾਂ ਦੇ ਸਰੋਕਾਰ ਇੱਕੋ ਜਿਹੇ ਹਨ। ਹਰਿਆਣਵੀਂ ਪੰਜਾਬੀ ਸਾਹਿਤ ਦੇ ਮੂਲ ਸਰੋਕਾਰ ਅਤੇ ਸਮੱਸਿਆਵਾਂ ਮੁੱਖਧਾਰਾ ਦੇ ਪੰਜਾਬੀ ਸਾਹਿਤ ਵਾਂਗ ਹੀ ਹਨ। ਹਰਿਆਣਵੀਂ ਪੰਜਾਬੀ ਸਾਹਿਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਜਿੱਥੇ ਮੁੱਖਧਾਰਾ ਦੇ ਪੰਜਾਬੀ ਸਾਹਿਤ ਵਾਂਗ ਸਾਹਿਤ ਸਿਰਜਣਾ ਕਰਨ ਉੱਥੇ ਹੀ ਹਰਿਆਣੇ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਦੇ ਲੋਕਲ ਪ੍ਰਭਾਵ, ਮੂਲ ਤੱਤ ਨੂੰ ਕਲਮਬੱਧ ਕਰਨ ਦਾ ਯਤਨ ਵੀ ਕਰਨ ਤਾਂ ਕਿ ਪੰਜਾਬੀ ਸਾਹਿਤ ਦੀ ਅਮੀਰੀ ਨੂੰ ਹੋਰ ਵਧਾਇਆ ਜਾ ਸਕੇ, ਪ੍ਰਫੁੱਲਿਤ ਕੀਤਾ ਜਾ ਸਕੇ। ਪਰੰਤੂ ਇਹ ਹੁੰਦਾ ਕਦੋਂ ਹੈ? ਇਹ ਅਜੇ ਭੱਵਿਖ ਦੀ ਕੁੱਖ਼ ਵਿਚ ਹੈ।
-ਡਾ. ਨਿਸ਼ਾਨ ਸਿੰਘ ਰਾਠੌਰ
-ਮੋਬਾ: 90414-98009