ਬਾਹਰ ਦਾ ਗੇਟ ਖੋਲ੍ਹ ਕੇ ਫੁੱਲਾਂ ਬੂਟਿਆਂ ਕੋਲ ਦੀ ਹੁੰਦਾ ਜਦ ਮੈਂ ਬਰਾਂਡੇ ’ਚ ਪਹੁੰਚਦਾ ਹਾਂ ਤਾਂ ਦਰਸ਼ੀ ਦਾ ਗੁਲਾਬੀ ਚਿਹਰਾ ਮਧੁਰ ਮੁਸਕਣੀ ਨਾਲ ਮੇਰਾ ਸਵਾਗਤ ਕਰਦਾ ਹੈ। ਇਸ ਵੇਲੇ ਉਹ ਜਾਂ ਤੇ ਘਰ ਦੀ ਸਫ਼ਾਈ ਵਿਚ ਲੱਗੀ ਹੁੰਦੀ ਹੈ ਤੇ ਜਾਂ ਸੀਣ ਪ੍ਰੋਣ ਦੇ ਕੰਮ ਵਿਚ ਜਿਵੇਂ ਕਰਮ ਤੋਂ ਬਗ਼ੈਰ ਉਹਦਾ ਜੀਵਨ ਸਾਰਥਕ ਨਾ ਹੋਵੇ। . . . . ਉਹ ਕੋਈ ਵੀ ਕੰਮ ਕਰ ਰਹੀ ਹੋਵੇ, ਮੈਨੂੰ ਵੇਖਦਿਆਂ ਹੀ ਉਹਨੂੰ ਸਭੇ ਕੰਮ ਭੁੱਲ ਜਾਂਦੇ ਨੇ ਤੇ ਉਹ ਜਿਵੇਂ ਸਵੇਰ ਤੋਂ ਮੈਨੂੰ ਹੀ ਉਡੀਕ ਰਹੀ ਹੋਵੇ। ਜ਼ਿੰਦਗੀ ਦਾ ਹਰ ਪਲ ਮੇਰੇ ਤੋਂ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੀ ਹੈ। ਉਸ ਵੇਲੇ ਜਦੋਂ ਉਹ ਆਪਣੇ ਪਿਆਰ-ਵਿਗੂਤੇ ਪੋਟਿਆਂ ਨਾਲ ਮੇਰੀ ਦੇਹੀ ਨੂੰ ਛੋਂਹਦੀ ਤੇ ਮੇਰੇ ਕਪੜਿਆਂ ਨੂੰ ਕਿੱਲੀਆਂ ਤੇ ਟੁੰਗਦੀ ਹੈ, ਤਾਂ ਇੰਜ ਲਗਦਾ ਹੈ ਜਿਵੇਂ ਸਾਰੇ ਦਿਨ ਦੀਆਂ ਜ਼ਲਾਲਤਾਂ ਦੀ ਪੀੜ-ਵਿਸ਼ ਸ਼ਿਵ ਰੂਪ ਧਾਰ ਆਪ ਪੀ ਜਾਣਾ ਚਾਹੁੰਦੀ ਹੋਵੇ। . . . . ਉਸ ਵੇਲੇ ਮੈਂ ਇਕ ਅਲੌਕਿਕ ਮਸਤੀ ਦੇ ਆਲਮ ’ਚ ਹੁੰਦਾ ਹਾਂ, ਜਿਵੇਂ ਸਚਖੰਡ ’ਚ ਵਿਚਰ ਰਿਹਾ ਹੋਵਾਂ ਸਚਖੰਡ ’ਚ ਰਹਿਣ ਵਾਲੇ ਲੋਕ ਕੀ ਮੇਰੇ ਨਾਲੋਂ ਬਹੁਤੇ ਸੁਖੀ ਹੋਣਗੇ ?
ਇਹ ਇਕ ਅਜਿਹਾ ਸਵਰਗ ਹੈ ਜਿਥੇ ਮੈਂ ਇੰਦਰ ਹਾਂ ਤੇ ਦਰਸ਼ੀ ਮੇਰੀ ਅਲਕਾ, ਮੁਸਕਰਾਂਦੇ ਫੁੱਲ ਤੇ ਦਰਸ਼ੀ ! ਮੇਰੀ ਅਲਕਾ !
- ਪਰ ਪਿਛਲੇ ਕੁਝ ਅਰਸੇ ਤੋਂ ਦਰਸ਼ੀ ਮੇਰੇ ਕੋਲੋਂ ਮੇਰਾ ਇਹ ਸਵਰਗ ਖੋਹ ਲੈਣਾ ਚਾਹੁੰਦੀ ਹੈ।
ਸ਼ਾਮ ਦੀ ਚਾਹ ਸੋਚਾਂ ਵਿਚ ਹੀ ਖ਼ਤਮ ਹੋ ਜਾਂਦੀ ਹੈ। ਇਸ ਤੋਂ ਪਹਿਲਾਂ ਕਿ ਮੈਂ ਉਹਨੂੰ ਸਾਰੇ ਦਿਨ ਦੇ ਆਪਣੇ ਰੋਜ਼ਨਾਮਚੇ ’ਚੋਂ ਕੋਈ ਦਿਲਚਸਪ ਗੱਲ ਸੁਣਾਵਾਂ - ਉਹ ਪਹਿਲਾਂ ਹੀ ਆਪਣੀ ਗੱਲ ਕਹਿਣ ਲਈ ਤਿਆਰ ਹੁੰਦੀ ਹੈ - । ਬਹੁਤ ਸਾਰੀਆਂ ਏਧਰ ਓਧਰ ਦੀਆਂ ਗੱਲਾਂ ਦੀ ਭੂਮਿਕਾ ਤੋਂ ਬਾਅਦ ਉਹ “ਇਹ ਕਹਿੰਦੀ ਹੈ ਨਾ ਤੁਹਾਡੇ ਦੋਸਤ ਸਭਰਵਾਲ ਦੀ ਵਾਈਫ਼ ਕੀਰਤੀ।”
“ ਆਹੋ ! ਕੀ ਹੋਇਆ ਕੀਰਤੀ ਨੂੰ ?
“ ਉਹਨੂੰ ਵੀ ਸਕੂਲ ’ਚ ਸਰਵਿਸ ਮਿਲ ਗਈ ਹੈ ?
“ਅੱਛਾ ! ਬਹੁਤ ਬੁਰਾ ਹੋਇਆ, ਮੈਂ ਜਿਵੇਂ ਖਿਝ ਗਿਆ ਹੋਵਾਂ। -
‘‘“ਬੁਰਾ ਕਿਉਂ ਹੋਇਆ ? ਉਹ ਵੀ ਤਲਖ਼ ਹੋ ਜਾਂਦੀ ਹੈ। ਪਰ ਮੈਂ ਤਲਖ਼ੀ ਦੇ ਵਾਤਾਵਰਣ ਨੂੰ ਸੁਖਾਵਾਂ ਕਰਨ ਲਈ ਨਰਮੀ ਨਾਲ ਕਿਹਾ “ਬਸ ਤੂੰ ਬੁਰਾ ਹੀ ਸਮਝ।’’ ਇਸ ਵੇਲੇ ਮੈਂ ਬਹੁਤ ਕੁਝ ਕਹਿਣਾ ਚਾਹੁੰਦਾ ਸਾਂ, ਪਰ ਮੈਨੂੰ ਕੁਝ ਵੀ ਤੇ ਨਹੀਂ ਸੁਝਦਾ ਤੇ ਮੈਂ ਐਵੇਂ ਹੀ ਉਰਲੀਆਂ ਪਰਲੀਆਂ ਮਾਰਦਾ ਹਾਂ :
‘‘ਤਕੋਂ ਨਾ ਮੇਰੀ ਦਰਸ਼ੀ। ਔਰਤਾਂ ਦਾ ਨੌਕਰੀ ਕਰਨਾ ਬੜਾ ਖ਼ਤਰਨਾਕ ਹੈ। ਅੱਜ ਜਿੰਨੀ ਬੁਰੀ ਹਾਲਤ ਨੌਕਰੀ ਪੇਸ਼ਾ ਔਰਤਾਂ ਦੀ ਹੈ, ਹੋਰ ਕਿਸੇ ਦੀ ਨਹੀਂ।’’
‘ਕਿਵੇਂ ?’
“ਤੂੰ ਦੇਖਦੀ ਹੀ ਏਂ ਬੱਸਾਂ ’ਚ ਔਰਤਾਂ ਦਾ ਕਿੰਨਾ ਬੁਰਾ ਹਾਲ ਹੁੰਦਾ ਹੈ। ਜੇਕਰ ਵਰਖਾ ਦੇ ਦਿਨ ਹੋਣ ਤਾਂ ਕਹਿਰ ਹੀ ਤਾਂ ਹੈ।”
‘‘ਵਰਖਾ ਕਿਤੇ ਸਾਰਾ ਵਰ੍ਹਾ ਹੁੰਦੀ ਹੈ ?’’ -
“ਸਾਰਾ ਵਰ੍ਹਾ ਤਾਂ ਨਹੀਂ ਪਰ ਸਾਰਾ ਵਰ੍ਹਾ ਕੋਈ ਨਾ ਕੋਈ ਮੁਸੀਬਤ ਵਰਖਾ ਵਾਂਗ ਆਉਂਦੀ ਹੀ ਰਹਿੰਦੀ ਹੈ ਅਤੇ ਅਤੇ’ ....
ਮੇਰੀਆਂ ਇਹਨਾਂ ਨਿਰਾਰਥਕ ਗੱਲਾਂ ਅੱਗੇ ਉਹਨੂੰ ਹਥਿਆਰ ਸੁਟਣੇ ਪੈਂਦੇ ਹਨ। ਉਹਦਾ ਚਿਹਰਾ ਉਤਰ ਜਾਂਦਾ ਤੇ ਨੈਣਾਂ ਦੇ ਕੋਰਾਂ ’ਤੇ ਜਿਵੇਂ ਖਾਰਾ ਪਾਣੀ ਛਲਕ ਰਿਹਾ ਹੋਵੇ। ਇਸ ਵੇਲੇ ਲਗਦਾ ਜਿਵੇਂ ਉਹਦੀ ਨੌਕਰੀ ਕਰਨ ਦੀ ਖ਼ਾਹਸ਼ ਛਟਪਟਾ ਕੇ ਖ਼ੁਦਕਸ਼ੀ ਕਰ ਰਹੀ ਹੋਵੇ ਕੀ ਮੈਂ ਏਨਾ ਜ਼ਾਲਿਮ ਹਾਂ ? -
ਅਤੇ, ਮੈਂ ਉਹਦੀ ਤਸੱਲੀ ਖ਼ਾਤਰ ਕਹਿੰਦਾ ਹਾਂ - ਨਹੀਂ। “ਮੇਰੀ ਪਿਆਰੀ ! ਭਾਵੇਂ ਮੈਂ ਔਰਤਾਂ ਦੀ ਨੌਕਰੀ ਦੇ ਹੱਕ ਵਿਚ ਨਹੀਂ, ਪਰ ਮੈਂ ਲਗਾਤਾਰ ਕੋਸ਼ਿਸ਼ ਕਰ ਰਿਹਾ ਹਾਂ ਕਿ ਤੈਨੂੰ ਜ਼ਰੂਰ ਨੌਕਰੀ ਮਿਲ ਜਾਵੇ। ਮੈਂ ਜਾਣਦਾ ਹਾਂ ਕਿ ਤੂੰ ਸਾਰਾ ਦਿਨ ਘਰ ਇਕੱਲੀ ਬੋਰ ਹੋ ਜਾਂਦੀ ਹੈਂ। ਨੌਕਰੀ ਕਰਨ ਨਾਲ ਤੇਰੀ ਸ਼ਖ਼ਸੀਅਤ ਵੀ ਤਾਂ ਵਿਕਸਿਤ ਹੋ ਜਾਵੇਗੀ . . . . ਹੈ ਨਾ ?’
ਅਤੇ ਮੈਂ ਫੇਰ ਕਾਗਜ਼ੀ ਫੁੱਲ ਖਿੜਾਉਂਦਾ ਹਾਂ। ਯਾਨੀ, ਇਸ ਵੇਲੇ ਮੈਂ ਇਕ ਪਿਆਰ ਤੱਕਣੀ ਨਾਲ ਉਹਨੂੰ ਦੇਖਦਾ ਹਾਂ ਤੇ ਉਹ ਖ਼ੁਸ਼ ਹੋ ਜਾਂਦੀ ਹੈ।
ਵਿਚਾਰੀ ਔਰਤ !
ਜਿਸ ਦਿਨ ਦੀ ਉਸ ਨੇ ਐਮਬਰਾਇਡਰੀ ਡੀਜ਼ਾਇਨਿੰਗ ਦੀ ਟਰੇਨਿੰਗ ਕੀਤੀ ਹੈ, ਬਸ ਨੌਕਰੀ ਦੇ ਸਿਵਾ ਹੋਰ ਕੁਝ ਸੋਚ ਹੀ ਨਹੀਂ ਰਹੀ। ਨੌਕਰੀ ਕਰਨ ਦੀ ਖ਼ਾਹਸ਼ ਤਾਂ ਉਹਦੀ ਨਸ ਨਸ ’ਚ ਸਮਾ ਗਈ ਹੈ।
ਕਈ ਵਾਰ ਜਦ ਅਸੀਂ ਲਾਅਨ ਵਿਚ ਬੈਠੇ ਹੁੰਦੇ ਹਾਂ ਤਾਂ ਘਰ ਦੇ ਅੱਗੋਂ ਦੀ ਅਚਾਨਕ ਹੀ ਕੋਈ ਪ੍ਰਸੰਨ, ਟਹਿਕਦਾ ਤੇ ਚਹਿਕਦਾ ਸੁੰਦਰ ਜੋੜਾ ਲੰਘ ਜਾਂਦਾ ਤੇ ਦਰਸ਼ੀ ਦੀ ਦਿ੍ਰਸ਼ਟੀ ਉਸ ਬਿੰਦੂ ਤੇ ਟਿਕ ਕੇ ਰਹਿ ਜਾਂਦੀ ਹੈ ਉਹ ਔਰਤ ਆਪਣੇ ਪਤੀ ਦੇ ਕਦਮ ਨਾਲ ਕਦਮ ਮਿਲਾ ਕੇ ਬੜੇ ਅਭਿਮਾਨ ਨਾਲ ਚਲ ਰਹੀ ਨਜ਼ਰ ਆਉਂਦੀ ਹੈ।
ਉਸ ਦਾ ਕੱਦ ਆਪਣੇ ਪਤੀ ਨਾਲੋਂ ਛੋਟਾ ਹੁੰਦਿਆਂ ਵੀ ਉਹ ਆਪਣੇ ਪਤੀ ਜਿੰਨੀ ਲੰਮੀ ਲੰਮੀ ਜਾਪਦੀ ਹੈ। ਮੇਰੇ ਬੋਲਣ ਤੋਂ ਪਹਿਲਾਂ ਹੀ ਦਰਸ਼ੀ ਕਹੇਗੀ ਜ਼ਰੂਰ ਨੌਕਰੀ ਕਰਦੀ ਹੋਵੇਗੀ।”
“ਤੂੰ ਕਿਵੇਂ ਜਾਣਿਆ ?’
“ਜਦ ਤਕ ਔਰਤ ਨੌਕਰੀ ਨਹੀਂ ਕਰਦੀ, ਉਹਦੇ ’ਚ ਸਵੈਮਾਨ ਦਾ ਜਜ਼ਬਾ ਉਭਰ ਹੀ ਨਹੀਂ ਸਕਦਾ। .
ਅਤੇ ਉਹ ਫੇਰ ਦੂਰ ਜਾ ਰਹੇ ਉਸੇ ਜੋੜੇ ਨੂੰ ਤੱਕਦੀ ਨਜ਼ਰ ਆਉਂਦੀ ਹੈ। ਮੈਂ ਕਲਪਨਾ ਵਿਚ ਹੀ ਅਨੁਭਵ ਕਰਦਾ ਹਾਂ, ਜਿਵੇਂ ਉਹ ਦੂਰ ਜਾਣ ਵਾਲੇ ਪਤੀ ਤੇ ਪਤਨੀ ਮੈਂ ਤੇ ਦਰਸ਼ੀ ਹੋਵੀਏ .. ਫੇਰ ਮੈਂ ਕਿਆਸ ਕਰਦਾ ਹਾਂ ਕਿ ਜੇਕਰ ਦਰਸ਼ੀ ਨੂੰ ਵੀ ਨੌਕਰੀ ਮਿਲ ਜਾਵੇ ਤਾਂ ਉਹਦੇ ’ਚ ਕਿੰਨਾ ਸਵੈਮਾਨ ਉਭਰ-ਆਵੇਗਾ। ਉਹਦੀ ਚਾਲ ’ਚ ਦਿ੍ਰੜ੍ਹਤਾ ਆ ਜਾਵੇਗੀ। ਸ਼ਾਇਦ ਉਹਦੀ ਸ਼ਖ਼ਸੀਅਤ ਮੇਰੇ ਜੀਵਨ ਤੇ ਹਾਵੀ ਹੀ ਹੋ ਜਾਵੇ ਤੇ ? ਇਸ ਬਿੰਦੂ ਤੇ ਆ ਕੇ ਮੇਰੀ ਸੋਚ ਥਿੜਕ ਜਾਂਦੀ ਹੈ ਤੇ ਮੈਨੂੰ ਮਹਿਸੂਸ ਹੁੰਦਾ ਹੈ ਕਿ ਦਰਸ਼ੀ ਨਾਲ ਤੁਰਿਆ ਜਾਂਦਾ ਜਿਵੇਂ ਹੀਣਾ ਜਿਹਾ ਲਗ ਰਿਹਾ ਹੋਵਾਂ . . . . । ਮੈਂ ਸੁੱਕੇ ਪੱਤੇ ਵਾਂਗ ਕੰਬ ਗਿਆ ਜਿਵੇਂ ਮੈਂ ਕੋਈ ਭਿਆਨਕ ਸੁਪਨਾ ਵੇਖ ਲਿਆ ਹੋਵੇ। ਕੀ ਇਹ ਸੁਪਨਾ ਸੱਚਾ ਹੋ ਜਾਵੇਗਾ ? ਮੈਂ ਦਬ ਜਾਵਾਂ
ਇਸ ਵੇਲੇ ਵੀ ਦਰਸ਼ੀ ਉਸੇ ਸੁੰਦਰ ਜੋੜੇ ਦੇ ਦੂਰ ਜਾਂਦੇ ਪਰਛਾਵੇਂ ਨੂੰ ਤੱਕੀ ਜਾ ਰਹੀ ਹੈ। ਉਸ ਦੀ ਗਰਦਨ ਝੁਕੀ ਹੋਈ, ਅੱਖਾਂ ਨਿਤਾਣੀਆਂ ਤੇ ਚਿਹਰੇ ਤੇ ਕੰਬਦੀ ਲਾਟ ਵਰਗਾ ਸਵੈ-ਵਿਸ਼ਵਾਸ। ਅਭਾਵ ਦੀ ਸਾਕਾਰ ਪੂਰਤੀ ਦਰਸ਼ੀ। ਨਿਮਾਣੀ ਤੇ ਨਿਤਾਣੀ ਇਸ ਮੂਡ ’ਚ ਮੈਨੂੰ ਉਹ ਚੰਗੀ ਚੰਗੀ ਲੱਗੀ। ਇਹ ਦਿ੍ਰਸ਼ ਮੇਰੇ ਲਈ ਕਿੰਨਾ ਪੁਰਸਕੂਨ ਸੀ ? ਅਤੇ ਮੈਂ ਖ਼ੁਸ਼ ਹੋਏ ਬਿਨਾਂ ਨਾ ਰਹਿ ਸਕਿਆ। ਮੈਂ ਮੁਸਕਰਾ ਪਿਆ ਤੇ ਨਿੰਮ੍ਹਾ ਜਿਹਾ ਹਾਸਾ ਮੇਰੀਆਂ ਬੁੱਲ੍ਹੀਆਂ ’ਚ ਕੰਬ ਗਿਆ। ਮੇਰੀ ਇਹ ਰਹੱਸਮਈ ਅਵਸਥਾ ਵੇਖ ਕੇ ਦਰਸ਼ੀ ਦੀ ਸਮਾਧੀ ਟੁੱਟ ਗਈ ਤੇ ਉਹ ਛਟਪਟਾ ਕੇ ਬੋਲੀ : “ਤੁਹਾਨੂੰ ਕੀ ਗੱਲ ਐ ? ‘ਉਹਦੀ ਆਵਾਜ਼ ਕੰਬ ਰਹੀ ਸੀ। ਮੈਂ ਖ਼ੁਸ਼ ਹੋ ਕੇ ਝੂਠ ਮੂਠ ਕਹਿ ਦਿਤਾ : “ਮੈਂ ਸੋਚਦਾਂ ਕਿ ਜੇ ਕਰ ਤੈਨੂੰ ਵੀ ਨੌਕਰੀ ਮਿਲ ਜਾਵੇ ਤਾਂ ਸਾਡੀ ਜ਼ਿੰਦਗੀ ਵੀ ਉਸੇ ਸੁੰਦਰ ਜੋੜੇ ਵਾਂਗ ਤੂੰ ਵੀ .... ਤੂੰ ਵੀ ....
ਹੋਵੇ . ਅਤੇ ...’
ਅੱਗੇ ਮੈਂ ਕੁਝ ਨਾ ਕਹਿ ਸਕਿਆ। ਜਿਵੇਂ ਝੂਠ ਬੋਲਣਾ ਮੇਰੇ ਲਈ ਔਖਾ ਹੋ ਗਿਆ ਹੋਵੇ – ਮਾਰੂ ਵਿਸ਼ । ਪਰ ਦਰਸ਼ੀ ਦੇ ਤਾਂ ਖੁਸ਼ੀ ’ਚ ਹੀ ਅੱਥਰੂ ਨਿਕਲ ਆਏ ਤੇ ਡਾਢੀ ਖ਼ੁਸ਼ ਹੋ ਕੇ ਉਹ ਮੇਰੇ ਲਈ ਕਾਫ਼ੀ ਬਣਾਣ ਲਈ ਰਸੋਈ ’ਚ ਚਲੀ ਗਈ।
ਕਈ ਵਾਰ ਅਖ਼ਬਾਰ ਪੜ੍ਹਦਿਆਂ ਅਚਾਨਕ ਹੀ ਮੇਰੀ ਨਜ਼ਰ ਇਕ ਘਟੀਆ ਜਿਹੀ ਖ਼ਬਰ ਤੇ ਜਾ ਕੇ ਰੁਕ ਜਾਂਦੀ ਤੇ ਮੈਂ ਕਿੰਨਾ ਹੀ ਚਿਰ ਉਸ ਨੂੰ ਪੜ੍ਹਦਾ ਰਹਿੰਦਾ ਇਹ ਖ਼ਬਰ ਇਕ ਅਜਿਹੀ ਔਰਤ ਬਾਰੇ ਹੁੰਦੀ ਜਿਹੜੀ ਨੌਕਰੀ ਕਰਦੀ ਕਰਦੀ ਆਪਣੇ ਦਫ਼ਤਰ ਵਿਚ ਹੀ ਕਿਸੇ ਅਸਿਸਟੈਂਟ ਨਾਲ ਪ੍ਰੇਮ ਬੰਧਨ ’ਚ ਬਝ ਕੇ ਕਿਸੇ ਹੋਰ ਸ਼ਹਿਰ ਚਲੀ ਜਾਂਦੀ ਹੈ — ਜਦ ਇਹ ਖ਼ਬਰ ਮੈਂ ਚਟਖਾਰੇ ਲੈ ਕੇ ਦਰਸ਼ੀ ਨੂੰ ਸੁਣਾਉਂਦਾ ਤਾਂ ਉਸ ਦਾ ਰੰਗ ਪੀਲਾ ਪੈ ਜਾਂਦਾ ਹੈ, ਹੱਥ ਕੰਬ ਕੰਬ ਜਾਂਦੇ ਨੇ ਤੇ ਆਪ ਉਹ ਕਾਹਲੀ ਨਾਲ ਅਖ਼ਬਾਰ ਦੀਆਂ ਸੱਤਰਾਂ ਤੇ ਨਜ਼ਰ ਦੁੜਾਉਂਦੀ ਹੈ — ਜਿਉਂ ਜਿਉਂ ਉਹਦੇ ਚਿਹਰੇ ਦਾ ਰੰਗ ਉੱਡਦਾ ਜਾਂਦਾ ਹੈ, ਮੈਂ ਜਿਵੇਂ ਮਸਤ ਹੁੰਦਾ ਜਾਂਦਾ ਹਾਂ। ਤੇ ਦਰਸ਼ੀ ਜਿਵੇਂ ਬੇਚੈਨੀ ਦੀ ਸੂਲੀ ਤੇ ਲਟਕ ਰਹੀ ਹੋਵੇ। ਉਸ ਨੂੰ ਹੋਰ ਵੀ ਤੰਗ ਕਰਨ ਲਈ ਮੈਂ ਬੜੇ ਕਟੀਲੇ ਵਿਅੰਗ ਨਾਲ ਕਹਿੰਦਾ ਹਾਂ ।
‘ਮੰਨਿਆਂ ਵਿਗਿਆਨ ਨੇ ਬੜੀ ਤਰੱਕੀ ਕੀਤੀ ਹੈ। ਅਜ ਸਪੂਤਨਿਕ ਵੀ ਚੰਨ ਤਕ ਪਹੁੰਚਣ ਲਈ ਤਿਆਰ ਹਨ, ਔਰਤਾਂ ਨੂੰ ਬਰਾਬਰੀ ਦੇ ਹੱਕ ਵੀ ਮਿਲ ਗਏ ਨੇ, ਪਰ ਕੀ ਲਾਭ ? ਜਦ ਤਕ ਔਰਤਾਂ ਦੀ ਜ਼ਿੰਦਗੀ ’ਚ ਆਚਰਣ ਦੀ ਪਵਿੱਤਰਤਾ ਤੇ ਦਿ੍ਰੜਤਾ ਨਹੀਂ ਆਉਂਦੀ ਸਾਰੀ ਇਨਸਾਨੀ ਤਰੱਕੀ ਬੇਕਾਰ
ਹੈ ?’ ਇਸ ਗੱਲ ਤੇ ਦਰਸ਼ੀ ਢੱਠੇ ਮਨ ਨਾਲ ਪਲੰਘ ਤੇ ਜਾ ਲੈਟਦੀ ਤੇ ਕਈ ਦਿਨ ਉਹਦੇ ਚਿਹਰੇ ’ਤੇ ਪੱਤਝੜ ਪਸਰੀ ਰਹਿੰਦੀ ਹੈ। ਬਗ਼ੀਚੇ ’ਚ ਲੱਗੇ ਹੋਏ ਫੁੱਲ ਬੇਕਾਰ ਜਾਪਦੇ ਹਨ ਤੇ ਵਰਖਾ ਦੀਆਂ ਕਣੀਆਂ ਨਾਲ ਸਾਡੀ ਜ਼ਿੰਦਗੀ ’ਚ ਕੋਈ ਰੁਮਾਂਸ ਨਹੀਂ ਆਉਂਦਾ।
ਪਿਛਲੇ ਦਿਨਾਂ ’ਚ ਤਾਂ ਮੈਂ ਦਰਸ਼ੀ ਦੀ ਜ਼ਿੰਦਗੀ ਨੂੰ ਦਬ ਘੁਟ ਕੇ ਰੱਖਣ ਲਈ ਇਕ ਬਹੁਤ ਹੀ ਕੋਝੀ ਜਿਹੀ ਹਰਕਤ ਕਰ ਬੈਠਾ ਹਾਂ ਤੇ ਮੇਰੀ ਆਤਮਾ ਇਕ ਜ਼ਖ਼ਮੀ ਪਰਿੰਦੇ ਵਾਂਗ ਸਹਿਮੀ ਹੋਈ ਛਟਪਟਾਉਂਦੀ ਰਹਿੰਦੀ ਹੈ। ਅਤੇ ਇਕ ਦਿਨ ਅਚਾਨਕ ਹੀ ਦਰਸ਼ੀ ਹੱਥ ਵਿਚ ਅਖ਼ਬਾਰ ਫੜੀ ਮੇਰੇ ਸਾਹਮਣੇ ਆ ਖਲੋਂਦੀ ਹੈ। ਉਹਦੇ ਚਿਹਰੇ ਤੇ ਗੰਭੀਰ ਸ਼ਾਂਤੀ ਹੈ, ਜਿਵੇਂ ਇਸ ਸਾਗਰ ’ਚ ਕੋਈ ਹਲਚਲ ਮਚਣ ਵਾਲੀ ਹੋਵੇ।.... ਉਹ ਉਸ ਦਿਨ ਵਾਲੀ ਖ਼ਬਰ ਦਾ ਅੰਤਲਾ ਕਾਂਡ ਮੈਨੂੰ ਪੜ੍ਹਨ ਲਈ ਕਹਿੰਦੀ ਹੈ ਮੈਂ ਪੜ੍ਹ ਕੇ ਜਾਣਦਾ ਹਾਂ ਕਿ ਉਹ ਉਸ ਦਿਨ ਕਿਸੇ ਅਸਿਸਟੈਂਟ ਨਾਲ ਨੱਸਣ ਵਾਲੀ ਔਰਤ ਅਸਲ ’ਚ ਕੋਈ ਘਰੇਲੂ ਸੁਆਣੀ ਨਹੀਂ ਸੀ। ਉਹ ਤੇ ਕੋਈ ਪਰਿਤਿਅਕਤਾ ਔਰਤ ਸੀ, ਜਿਹੜੀ ਆਪਣੀ ਕਲੰਕਿਤ ਜ਼ਿੰਦਗੀ ਨੂੰ ਸਾਰਥਕ ਕਰਨਾ ਚਾਹੁੰਦੀ ਮੈਂ ਫੜਫੜਾ ਕੇ ਸਾਹ ਲੈਣ ਲਈ ਸਹਿਕਦਾ ਤੇ ਦਰਸ਼ੀ ਤੋਂ ਨਜ਼ਰ ਚੁਰਾ ਕੇ ਜਲਦੀ ਨਾਲ ਫੁੱਲਾਂ ਵਲ ਤੱਕਦਿਆਂ ਕਹਿੰਦਾ ਹਾਂ— “ਦਰਸ਼ੀ ! ਅਹਿ ਫੁੱਲ ਮੈਨੂੰ ਬਗੀਚੇ ’ਚ ਲਗੇ ਹੋਏ ਚੰਗੇ ਲਗਦੇ ਨੇ , ਇਹਨਾਂ ਦੀ ਖ਼ੁਸ਼ਬੋ ਦਰਸ਼ੀ ਮੇਰੀ ਪਿਆਰੀ ! ਤੱਕੋ ਨਾ ਨੂੰ ਏਥੇ ਹੀ ਰਹਿਣ ਦੇ ਪਰ ਅੱਗੇ ਮੈਂ ਕੁਝ ਵੀਂ ਤੇ ਨਹੀਂ ਕਹਿ ਸਕਦਾ, ਕੁਝ ਵੀ ਨਹੀਂ।
ਦਰਸ਼ੀ ਹਾਲੇ ਤਕ ਵੀ ਮੇਰੇ ਸਾਹਮਣੇ ਖੜੀ ਹੈ ਤੇ ਮੇਰੀਆਂ ਦਲੀਲਾਂ ਦੇ ਸਾਰੇ ਹਥਿਆਰ ਕੁੰਦ ਕਰ ਦੇਣਾ ਚਾਹੁੰਦੀ ਹੈ। ਮੈਂ ਮਨ ਹੀ ਮਨ ’ਚ ਸੋਚਦਾ ਹਾਂ ਕਿ ਇਹ ਔਰਤ ਸਵਾਧੀਨ ਹੋ ਕੇ ਜ਼ਰੂਰ ਇਕ ਦਿਨ ਮੇਰੇ ਮੁਕਾਬਲੇ ਤੇ ਖਲੋ ਜਾਵੇਗੀ, ਆਪਣੇ ਆਪ ਨੂੰ ਮੇਰੇ ਨਾਲੋਂ ਉੱਤਮ ਸਮਝੇਗੀ।
ਮੈਂ ਫੇਰ ਉਹਦੇ ਕੋਲੋਂ ਨਜ਼ਰ ਬਚਾ ਰਿਹਾ ਹਾਂ, ਪਰ ਉਹ ਹਰ ਵਾਰੀ ਮੇਰੀ ਨਜ਼ਰ ਨੂੰ ਕਾਬੂ ਕਰ ਲੈਂਦੀ ਹੈ।
“ ਕੱਲ੍ਹ ਮੈਂ ਇਮਪਲਾਇਮੈਂਟ ਐਕਸਚੇਂਜ ਗਈ ਸਾਂ . . .
“ਤੂੰ ? ਮੈਂ ਕੰਬ ਗਿਆ।
“ ਹਾਂ” ਉਹਦੀ ਆਵਾਜ਼ ਉੱਚੀ ਹੁੰਦੀ ਹੁੰਦੀ ਹੋਰ ਉੱਚੀ ਹੋ ਗਈ ‘ਡੀਲਿੰਗ ਕਲਰਕ ਨੇ ਦੱਸਿਆ ਕਿ ਭੈਣ ਜੀ, ਤੁਹਾਨੂੰ ਪਿਛਲੇ ਹਫ਼ਤੇ ਇੰਟਰਵਿਊ ਕਾਰਡ ਭੇਜਿਆ ਸੀ – ਸਿਰਫ਼ ਇਕੋ ਹੀ ਕੈਂਡੀਡੇਟ ਸੀ . . . . ਕੀ ਕੋਈ ਇੰਟਰਵਿਊ ਕਾਰਡ ਆਇਆ
ਸੀ ?”’
“ ‘ਹਾਂ ਆਇਆ ਸੀ . . . ਪਰ . . . ਮੈਂ ਪਾੜ ਸੁੱਟਿਆ . ਅਸਲ ’ਚ ਮੈਂ .... ਮੈਂ ...’
ਅਤੇ ਮੈਂ ਉਸ ਨੂੰ ਸਭੋ ਕੁਝ ਸਚ ਸਚ ਦੱਸ ਦਿੱਤਾ ਕਿ ਮੈਂ ਉਸ ਨੂੰ ਨੌਕਰੀ ਕਿਉਂ ਨਹੀਂ ਕਰਵਾਉਣੀ ਚਾਹੁੰਦਾ।
“ ਦੋ ਸੌ ਦੀ ਨੌਕਰੀ ਕਰਕੇ ਮੈਂ ਇਸ ਘਰ ਨੂੰ ਹੋਰ ਵੀ ਸੁੰਦਰ ਬਣਾ ਸਕਦੀ ਹਾਂ।” “‘‘ਪਰ ਪਰ ਹੁਣ ਕੀ ਹੋ ਸਕਦਾ ਹੈ . .. . । ਛੱਡ ਖ਼ਿਆਲ ਨੌਕਰੀ । ਨੌਕਰੀ ਜ਼ਿੰਦਗੀ ’ਚ ਬਹੁਤ ਵੱਡੀ ਚੀਜ਼ ਨਹੀਂ ਹੈ ।
ਮੈਂ ਡਾਢਾ ਪ੍ਰਸੰਨ ਸਾਂ। ਆਪਣੇ ਸਾਜ਼ਸ਼ੀ ਪ੍ਰੋਗਰਾਮ ’ਚ ਮੈਂ ਸਫ਼ਲ ਹੋ ਗਿਆ ਸਾਂ। ਪਰ ਮੇਰੀ ਗੱਲ ਅਣਸੁਣੀ ਕਰਕੇ ਉਹ ਉਸੇ ਦਿ੍ਰੜਤਾ ਨਾਲ ਕਹਿੰਦੀ ਗਈ :
“ਕਾਰਡ ਪਾੜਨ ਵੇਲੇ ਤੁਸਾਂ ਇੰਟਰਵੀਊ ਦੀ ਤਰੀਕ ਨਹੀਂ ਤੱਕੀ ਸ਼ਾਇਦ। ਮੈਨੂੰ ਇੰਟਰਵੀਊ ਕਾਰਡ ਹੋਰ ਮਿਲ ਗਿਆ ਸੀ ; ਅਜ ਮੈਂ ਇੰਟਰਵਿਊ ਕਰਕੇ ਅਪੁਆਇੰਟਮੈਂਟ ਲੈਟਰ ਲੈ ਆਈ ਹਾਂ।”
ਜਸਵੰਤਰ ਸਿੰਘ ਵਿਰਦੀ