ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਾਹਿਤਕਾਰ ਹੋਣਾ ਇਕ ਬੜੀ ਹੀ ਸੁਭਾਗੀ ਤੇ ਸੁਚੱਜੀ ਦਾਤ ਹੈ ਤੇ ਸੂਝ ਦੇ ਚਸ਼ਮੇ ‘ਚੋਂ ਲੋਕਾਈ ਦੀ ਪੀੜ ਨੂੰ ਤੱਕ ਕੇ ਤੇ ਫਿਰ ਕਲੇਜੇ ‘ਚ ਸਮੋਅ ਕੇ ਵੱਖ-ਵੱਖ ਸਮਾਜਿਕ, ਆਰਥਿਕ ਤੇ ਨੈਤਿਕ ਵਰਤਾਰਿਆਂ ਪ੍ਰਤੀ ਬੇਬਾਕ ਰਚਨਾਵਾਂ ਰਚਣ ਵਾਲਾ ਸਾਹਿਤਕਾਰ ਤਾਂ ‘ਸੋਨੇ ‘ਤੇ ਸੁਹਾਗੇ ’ਵਰਗਾ ਹੁੰਦਾ ਹੈ। ਇਸ ਵਕਤ ਬਟਾਲਾ ਦੇ ਵਸਨੀਕ ੳੁੱਘੇ ਸਾਤਿਹਕਾਰ ਤੇ ਚਿੰਤਕ ਡਾ. ਅਨੂਪ ਸਿੰਘ ’ਤੇ ਉਪਰੋਕਤ ਵਾਕ ਅੱਖਰ-ਅੱਖਰ ਢੁੱਕਦੇ ਹਨ। ਡਾ. ਅਨੂਪ ਸਿੰਘ ਹੁਣ ਤੱਕ ਵੱਖ-ਵੱਖ ਵਿਸ਼ਿਆਂ ਨੂੰ ਵੱਖ-ਵੱਖ ਸਾਹਿਤਕ ਵੰਨ੍ਹਗੀਆਂ ’ਚ ਗੁੰਦ ਕੇ 45 ਤੋਂ ਵੱਧ ਅਤਿ ਮੁੱਲਵਾਨ ਮੌਲਿਕ ਅਤੇ ਸੰਪਾਦਿਤ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲ੍ਹੀ ਪਾ ਚੁੱਕੇ ਹਨ। ਇਸਦੇ ਨਾਲ ਹੀ ਇਹ ਵੀ ਕਹਿਣਾ ਬਣਦਾ ਹੈ ਕਿ ਸਮਾਜਿਕ,ਆਰਥਿਕ,ਸਿਆਸੀ ਅਤੇ ਧਾਰਮਿਕ ਮਸਲਿਆਂ ਪ੍ਰਤੀ ਸਹੀ ਪਹੁੰਚ ਅਤੇ ਡੂੰਘੀ ਨੀਝ ਰੱਖਣ ਦੇ ਨਾਲ-ਨਾਲ ਲੋਕ ਚੇਤਨਾ ਅਤੇ ਲੋਕ ਹੱਕਾਂ ਹਿੱਤ ਵੱਡੇ ਜਥੇਬੰਦਕ ਘੋਲਾਂ ਦੇ ਰੂਹੇ-ਰਵਾਂ ਹੋਣ ਕਰਕੇ ਜੇਕਰ ਇਨ੍ਹਾ ਨੂੰ ‘ਇਕ ਵਿਅਕਤੀ ਨਹੀਂ ਸਗੋਂ ਇਕ ਸੰਸਥਾ’ ਦੇ ਲਕਬ ਨਾਲ ਸੁਸ਼ੋਭਿਤ ਕੀਤਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਇਸ ਵੇਲੇ ਉਮਰ ਦੇ 74ਵੇਂ ਵਰ੍ਹੇ ’ਚ ਪ੍ਰਵੇਸ਼ ਪਾ ਚੁੱਕੇ ਡਾ.ਅਨੂਪ ਸਿੰਘ ਦਾ ਜੀਵਨ ਸਫ਼ਰ 4 ਮਾਰਚ, ਸੰਨ 1950 ਨੂੰ ਮਾਤਾ ਸ੍ਰੀਮਤੀ ਅਜੀਤ ਕੌਰ ਦੀ ਕੁੱਖੋਂ ਪਿਤਾ ਸ.ਦਰਸ਼ਨ ਸਿੰਘ ਦੇ ਗ੍ਰਹਿ ਵਿਖੇ ਹੋਏ ਜਨਮ ਨਾਲ ਅਰੰਭ ਹੋਇਆ ਸੀ ਤੇ ਇਨ੍ਹਾ ਨੇ ਮੁੱਢਲੀ ਪੜ੍ਹਾਈ ਆਪਣੇ ਜੱਦੀ ਪਿੰਡ ਖਾਨੋਵਾਲ(ਜ਼ਿਲਾ ਗੁਰਦਾਸਪੁਰ) ਤੋਂ ਹੀ ਪੂਰੀ ਕਰਨ ਉਪਰੰਤ ਬਟਾਲਾ ਦੀ ਨਾਮਵਰ ਵਿੱਦਿਅਕ ਸੰਸਥਾ ਬੇਰਿੰਗ ਯੂਨੀਅਨ ਕ੍ਰਿਸ਼ਚਿਅਨ ਕਾਲਜ ਤੋਂ ਸੰਨ 1971 ਵਿਚ ਬੀ.ਐਸਸੀ. ਪਾਸ ਕੀਤੀ ਤੇ ਫਿਰ ਖ਼ਾਲਸਾ ਕਾਲਜ ਅਮ੍ਰਿਤਸਰ ਤੋਂ ਬੀ.ਐੱਡ ਕਰਨ ਪਿੱਛੋਂ ਸੰਨ 1972 ਵਿੱਚ ਬਤੌਰ ਸਾਇੰਸ ਮਾਸਟਰ ਸਰਕਾਰੀ ਸੇਵਾ ਵਿੱਚ ਆ ਗਏ। ਅਧਿਆਪਨ ਦੇ ਨਾਲ-ਨਾਲ ਵਿੱਦਿਆ ਗ੍ਰਹਿਣ ਕਰਨ ਦਾ ਕਾਰਜ ਜਾਰੀ ਰੱਖਦਿਆਂ ਹੋਇਆਂ ਇਨ੍ਹਾ ਨੇ ਪੰਜਾਬੀ ਅਤੇ ਰਾਜਨੀਤੀ ਸ਼ਾਸਤਰ ਵਿਸ਼ਿਆਂ ਵਿੱਚ ਐਮ.ਏ. ਪਾਸ ਕਰਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਨਾਮਵਰ ਹਸਤੀ ਡਾ. ਸੁਖਦੇਵ ਸਿੰਘ ਖਾਹਰਾ ਦੀ ਅਗਵਾਈ ਵਿੱਚ ਸੰਨ 1991 ਵਿੱਚ ਪੀ.ਐਚ.ਡੀ. ਵੀ ਕਰ ਲਈ ।ਸੰਨ 1996 ਵਿੱਚ ਡਾ. ਸਾਹਿਬ ਸਾਇੰਸ ਮਾਸਟਰ ਤੋਂ ਬਤੌਰ ਲੈਕਚਰਾਰ ਪੰਜਾਬੀ ਪਦੳੁੱਨਤ ਹੋ ਗਏ।ਪੰਜਾਬੀ ਮਾਂ ਬੋਲੀ ਅਤੇ ਚੰਗੇਰੇ ਪੰਜਾਬੀ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕਾਂ ਸਾਹਿਤਕ ਸਭਾਵਾਂ ਦੀ ਅਹੁਦੇਦਾਰੀ ਕਰਦਿਆਂ ਸਾਲ 2008 ਵਿੱਚ ਇਹ ਸਰਕਾਰੀ ਸੇਵਾ ਤੋਂ ਤਾਂ ਸੇਵਾਮੁਕਤ ਹੋ ਗਏ ਪਰ ਫਿਰ ਵੀ ਸਾਹਿਤ ਅਧਿਐਨ,ਸਾਹਿਤ ਰਚਨਾ ਅਤੇ ਲੋਕ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੇ ਕਾਰਜ ਵਿੱਚ ਇਨ੍ਹਾਂ ਨੇ ਖੜ੍ਹੋਤ ਨਹੀਂ ਆਉਣ ਦਿੱਤੀ ਹੈ ਤੇ ਉਮਰ ਦੇ ਅੱਠਵੇਂ ਦਹਾਕੇ ਵਿੱਚ ਵੀ ਉਕਤ ਸਾਰੇ ਕਾਰਜ ਇਨ੍ਹਾ ਨੇ ਬਾਦਸਤੂਰ ਜਾਰੀ ਰੱਖੇ ਹੋਏ ਹਨ। ਸਾਹਿਤਕ ਹਲਕਿਆਂ ਵਿੱਚ ਕਈ ੳੁੱਭਰਦੇ ਸਾਹਿਤਕਾਰਾਂ ਨੂੰ ਪ੍ਰੇਰਨਾ ਦੇ ਕੇ ਪੰਜਾਬੀ ਸਾਹਿਤ ਨੂੰ ਹੋਰ ਪ੍ਰਫੁੱਲਿਤ ਕਰਨ ਦਾ ਵਡਮੁੱਲਾ ਕਾਰਜ ਕਰਦਿਆਂ ਡਾ.ਅਨੂਪ ਸਿੰਘ ਇਕ ਸਫ਼ਲ ਮਨੁੱਖ,ਸੂਝਵਾਨ ਸਾਹਿਤਕਾਰ,ਲੋਕ ਮਸਲਿਆਂ ਦੇ ਚਿੰਤਕ, ਜਥੇਬੰਦਕ ਸੰਘਰਸ਼ ਦੇ ਪ੍ਰੇਰਨਾ ਸਰੋਤ ਤੇ ਮਾਂ ਬੋਲੀ ਦੇ ਊਰਜਾਵਾਨ ਪਹਿਰੇਦਾਰ ਵਜੋਂ ਆਪਣੇ ਫ਼ਰਜ਼ ਬਾਖ਼ੂਬੀ ਨਿਭਾਅ ਰਹੇ ਹਨ।
ਡਾ. ਅਨੂਪ ਸਿੰਘ ਨੇ ਸੰਨ 1989 ਵਿੱਚ ਆਪਣੀ ਪਹਿਲੀ ਪੁਸਤਕ ‘ਸਮਕਾਲੀ ਯਥਾਰਥ ਅਤੇ ਪੰਜਾਬੀ ਨਾਵਲ’ ਰਚ ਕੇ ਆਪਣੀ ਵਿਲੱਖਣ ਸਾਹਿਤਕ ਪ੍ਰਤਿਭਾ ਦਾ ਝਲਕਾਰਾ ਦੇ ਦਿੱਤਾ ਸੀ ਤੇ ਉਪਰੰਤ ‘ਪ੍ਰਗਤੀਵਾਦੀ ਪੰਜਾਬੀ ਨਾਵਲ ਵਿੱਚ ਜਮਾਤੀ ਚੇਤਨਾ (1991), ਹਰਭਜਨ ਸਿੰਘ ਹੁੰਦਲ ਦੀ ਕਾਵਿ ਸੰਵੇਦਨਾ (1992), ਮਿੰਨ੍ਹੀ ਕਹਾਣੀ : ਸੀਮਾ ਤੇ ਸੰਭਾਵਨਾਵਾਂ (1994), ਮਿੰਨ੍ਹੀ ਕਹਾਣੀ :ਵਿਕਾਸ ਤੇ ਪੜ੍ਹਾਅ (1996), ਆਧੁਨਿਕ ਗ਼ਜ਼ਲ ਚੇਤਨਾ (1996), ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਦਾ ਕਾਵਿ ਸਫ਼ਰ (1999), ਪਿ੍ਰੰਸੀਪਲ ਸੁਜਾਨ ਸਿੰਘ ਦਾ ਕਥਾ ਬੋਧ: ਪੁਨਰ ਮੁਲਾਂਕਣ(2009),ਇਕ ਸੰਸਥਾ ਇਕ ਲਹਿਰ : ਭਾਅ ਜੀ ਗੁਰਸ਼ਰਨ ਸਿੰਘ (2012), ਡਾ. ਰਵਿੰਦਰ : ਕਾਵਿ ਚਿੰਤਨ (2015), ਤਰਕਸ਼ ਵਿਚਲੇ ਹਰਫ਼(2018), ਸਦੀ ਦੇ ਆਰ-ਪਾਰ ਦਾ ਪੰਜਾਬੀ ਗਲਪ (2023) ਅਤੇ ਆਧੁਨਿਕ ਪੰਜਾਬੀ ਵਾਰਤਕ ਦੇ ਕੁਝ ਰੰਗ (2023)’ ਆਦਿ ਜਿਹੀਆਂ ਸਾਹਿਤ ਚਿੰਤਨ ਨਾਲ ਜੁੜੀਆਂ ਅਤਿਅੰਤ ਗਿਆਨਵਰਧਕ ਪੁਸਤਕਾਂ ਰਚ ਕੇ ਇਨ੍ਹਾ ਨੇ ਪੰਜਾਬੀ ਸਾਹਿਤ ਨੂੰ ਮਾਲਾਮਾਲ ਕਰ ਦਿੱਤਾ। ਆਰਥਿਕ ਅਤੇ ਸਿਆਸੀ ਮਸਲਿਆਂ ਨੂੰ ਕੇਂਦਰ ’ਚ ਰੱਖ ਕੇ ਰਚੀਆਂ ਡਾ. ਸਾਹਿਬ ਦੀਆਂ ਮੁੱਲਵਾਨ ਪੁਸਤਕਾਂ ‘ਸੰਸਾਰੀਕਰਨ, ਉਦਾਰੀਕਰਨ, ਨਿੱਜੀਕਰਨ (2000), ਵਿਸ਼ਵ ਵਪਾਰ ਸੰਸਥਾ : ਪੰਜਾਬ ਦੀ ਕਿਸਾਨੀ (2001), ਭਾਰਤ ਬਨਾਮ ਇੰਡੀਆ (2003), ਸਾਮਰਾਜੀ ਸੰਕਟ: ਪੂੰਜੀਵਾਦੀ ਵਿਸ਼ਵੀਕਰਨ ਦੀ ਅਸਫ਼ਲਤਾ (2005), ਪੌਣੀ ਸਦੀ ਦਾ ਸਫ਼ਰ(2022)’ ਆਦਿ ਤਾਂ ਬੇਹੱਦ ਵਿਚਾਰਨਯੋਗ ਹਨ। ਇਥੇ ਹੀ ਬਸ ਨਹੀਂ ਡਾ. ਅਨੂਪ ਸਿੰਘ ਹੁਰਾਂ ਨੇ ਸਿੱਖ ਦਰਸ਼ਨ ਦੀ ਗਹਿਰੀ ਪੜਚੋਲ ’ਤੇ ਆਧਾਰਿਤ ‘ਦਾਰਸ਼ਨਿਕ ਯੋਧਾ: ਗੁਰੂ ਗੋਬਿੰਦ ਸਿੰਘ(1999), ਨਾਨਕਵਾਦ (2004), ਨਾਨਕ ਸਾਇਰ ਏਵੁ ਕਹਤੁ ਹੈ (2005), ਕ੍ਰਾਂਤੀਕਾਰੀ ਸਿੱਖ ਦਰਸ਼ਨ (2006), ਗੁਰੂ ਅਰਜਨ ਦੇਵ: ਸਿਧਾਂਤ ਤੇ ਸ਼ਹਾਦਤ(2006)’ ਅਤੇ ‘ਗੁਰੂ ਗ੍ਰੰਥ ਸਾਹਿਬ : ਸਿਧਾਂਤ ਅਤੇ ਸਰੋਕਾਰ’ ਆਦਿ ਜਿਹੀਆਂ ਭਾਵਪੂਰਤ ਪੁਸਤਕਾਂ ਰਚ ਕੇ ਸਿੱਖ ਦਰਸ਼ਨ ਦਾ ਸਰਲ ਬਿਰਤਾਂਤ ਲੋਕਾਈ ਤੱਕ ਪੰਹੁਚਾਇਆ ਹੈ। ਇਨ੍ਹਾ ਤੋਂ ਇਲਾਵਾ ‘ਸਿਰੜੀ ਸੰਗਰਾਮੀਆਂ : ਕਾਮਰੇਡ ਚੰਨਣ ਸਿੰਘ ਤੁਗਲਵਾਲਾ’ (ਜੀਵਨੀ) , ‘ਮੁਹੱਬਤ ਦਾ ਸਫ਼ਰ’ (ਸਫ਼ਰਨਾਮਾ) ਅਤੇ ‘ਸਮਿਆਂ ਦੇ ਸਨਮੁੱਖ, ਜ਼ਿੰਦਗੀ ਦੀਆਂ ਪੈੜਾਂ ’ਤੇ, ਉਚੇਰੀ ਸੋਚ ਚੰਗੇਰੀ ਜ਼ਿੰਦਗੀ, ਬੋਲ ਸਦੀਵੀ, ਕਿਰਤ ਦਾ ਗੌਰਵ ਅਤੇ ਸ਼ਬਦ ਦੀ ਅਜ਼ਮਤ’ ਆਦਿ ਜਿਹੇ ਚਾਨਣ ਮੁਨ੍ਹਾਰਿਆਂ ਵਰਗੇ ਲੇਖ ਸੰਗ੍ਰਹਿ ਰਚਣ ਵਾਲੇ ਡਾ. ਅਨੂਪ ਸਿੰਘ ਜਿਹੇ ਰੌਸ਼ਨ ਦਿਮਾਗ ਵਿਦਵਾਨ ਦੀ ਪੰਜਾਬੀ ਸਾਹਿਤ ਨੂੰ ਦੇਣ ਸਚਮੁੱਚ ਹੀ ਅਭੁੱਲ ਅਤੇ ਅਤੁੱਲ ਹੈ।
ਡਾ. ਅਨੂਪ ਸਿੰਘ ਦੀਆਂ ਸਮੁੱਚੀਆਂ ਸਾਹਿਤਕ ਕਿਰਤਾਂ ਸਾਂਭਣਯੋਗ ਹਨ ਅਤੇ ਉਨ੍ਹਾਂ ਦੀਆਂ ਲਿਖਤਾਂ ਦੀ ਸੂਚੀ ਬਹੁਤ ਲੰਬੀ ਹੈ।
ਸੋ ਸੰਖੇਪ ਵਿਚ ਇਹ ਕਹਿਣਾ ਬਣਦਾ ਹੈ ਕਿ ਬੜੇ ਸੂਝਵਾਨ, ਵਿਦਵਾਨ ਅਤੇ ਸੰਘਰਸ਼ਾਂ ਦੀ ਭੱਠੀ ’ਚੋਂ ਕੁੰਦਨ ਬਣ ਕੇ ਨਿਕਲੇ ਡਾ.ਅਨੂਪ ਸਿੰਘ ਪੰਜਾਬੀ ਮਾਂ ਬੋਲੀ ਦੀ ਵਰਤਮਾਨ ਸਮੇਂ ’ਚ ਤਰਸਯੋਗ ਹਾਲਤ,ਪੁਸਤਕਾਂ ਦੇ ਪਾਠਕਾਂ ਦੀ ਘਟਦੀ ਸੰਖਿਆ, ਪੰਜਾਬੀ ਸੱਭਿਆਚਾਰ ਨੂੰ ਨਿਰੰਤਰ ਲੱਗ ਰਹੇ ਖੋਰੇ, ਨੌਜਵਾਨਾਂ ਵਿੱਚ ਪਸਰਦੇ ਨਸ਼ੇ, ਅਜੋਕੇ ਮਨੁੱਖ ਦੀ ਨੈਤਿਕਤਾ ’ਚ ਨਿੱਤ ਆਉਂਦੇ ਨਿਘਾਰ, ਸਿਆਸੀ ਆਗੂਆਂ ਅੰਦਰ ਦੇਸ਼ ਪ੍ਰਤੀ ਘਟਦੇ ਸਮਰਪਣ, ਸਮਾਜ ਅੰਦਰ ਗ਼ਰੀਬ ਤੇ ਅਮੀਰ ਵਿਚਕਾਰ ਵਧਦੇ ਪਾੜੇ ਅਤੇ ਧਰਮ ਦੇ ਠੇਕੇਦਾਰਾਂ ਵੱਲੋਂ ਧਰਮ ਦੇ ਅਸਲ ਅਰਥਾਂ ਨੂੰ ਅਪਣਾ ਕੇ ਜੀਵਨ ਸਫ਼ਲਾ ਕਰਨ ਦੀ ਥਾਂ ਲੋਕਾਂ ਨੂੰ ਅਡੰਬਰਵਾਦ ਵਿੱਚ ਉਲਝਾ ਕੇ ਆਪਣਾ ੳੁੱਲੂ ਸਿੱਧੇ ਕਰਨ ਜਿਹੇ ਚਲੰਤ ਸਰੋਕਾਰਾਂ ਨੂੰ ਲੈ ਕੇ ਬੇਹੱਦ ਫ਼ਿਕਰਮੰਦ ਹਨ ਤੇ ਨਵੀਂ ਪੀੜ੍ਹੀ ਦੇ ਸਾਹਿਤਕਾਰਾਂ ਅਤੇ ਸਿਆਸੀ ਤੇ ਸਮਾਜਿਕ ਆਗੂਆਂ ਤੋਂ ਇਹ ਆਸ ਰੱਖਦੇ ਹਨ ਕਿ ਉਹ ਵਰਤਮਾਨ ਕਾਲ ਵਿੱਚ ਪਸਰੀਆਂ ਵੱਖ-ਵੱਖ ਕੁਰੀਤੀਆਂ ਅਤੇ ਅਸਮਾਨਤਾਵਾਂ ਦੀ ਧੁੰਦ ਨੂੰ ਹਟਾ ਕੇ ਸਮਾਜ ਨੂੰ ਜਿਊਣ ਲਾਇਕ ਅਤੇ ਪਰਸਪਰ ਸਹਿਯੋਗ ਨਾਲ ਅੱਗੇ ਵਧਣ ਯੋਗ ਬਣਾ ਸਕਦੇ ਹਨ। ਡਾ.ਅਨੂਪ ਸਿੰਘ ਹੁਰਾਂ ਦੀਆਂ ਲਿਖ਼ਤਾਂ ਬਾਰੇ ਪੰਜਾਬੀ ਨਾਵਲਕਾਰ ਗੁਰਦਿਆਲ ਸਿੰਘ ਨੇ ਬਿਲਕੁਲ ਠੀਕ ਕਿਹਾ ਸੀ-‘‘ ਅਜੇ ਉਹ ਸਮਾਂ ਨਹੀਂ ਆਇਆ ਹੈ ਕਿ ਸਰਮਾਏਦਾਰੀ ਬੁੱਧੀਜੀਵੀਆਂ ਨੂੰ ਨਿੰਬੂ ਵਾਂਗ ਨਿਚੋੜ ਸਕੇ। ਇਹ ਸਰਮਾਏਦਾਰੀ ਦਾ ਉਹ ਪੜਾਅ ਹੈ ਜਿੱਥੇ ਹੇਠਲੇ ਵਰਗਾਂ ਨੂੰ ਹਰ ਤਰ੍ਹਾਂ ਦੇ ਸਿਆਸੀ, ਸਮਾਜਿਕ, ਆਰਥਿਕ ਮਸਲਿਆਂ ਬਾਰੇ ਸੁਚੇਤ ਕਰਨ ਦੀ ਲੋੜ ਹੈ। ਇਸ ਲਈ ਸੁਭਾਵਿਕ ਹੈ ਕਿ ਅਜਿਹੇ ਲੇਖਕਾਂ( ਡਾ. ਅਨੂਪ ਸਿੰਘ ਜਿਹੇ) ਦੀ ਬਹੁਤ ਲੋੜ ਹੈ ਜੋ ਪੂਰੀ ਕਰਨੀ ਵੀ ਪੈਣੀ ਹੈ। ਡਾ.ਅਨੂਪ ਸਿੰਘ ਆਪਣਾ ਇਤਿਹਾਸਕ ਫ਼ਰਜ਼ ਨਿਭਾਅ ਰਿਹਾ ਹੈ, ਇਸ ਲਈ ਉਸਨੂੰ ਹੱਲਾਸ਼ੇਰੀ ਦੇਣਾ, ਸਾਡਾ ਵੀ ਫ਼ਰਜ਼ ਹੈ। ਦੁਆ ਹੈ ਕਿ ਉਹ ਉਦੋਂ ਤੱਕ ਆਪਣਾ ਫ਼ਰਜ਼ ਨਿਭਾਉਂਦਾ ਰਹੇ ਜਦੋਂ ਤਕ ਇਸਦੀ ਲੋੜ ਹੈ। ਜੋ ਫ਼ਰਜ਼ ਉਸਨੇ ਹੁਣ ਤਕ ਨਿਭਾਇਆ ਹੈ,ਉਸਦੇ ਲਈ ਉਹ ਮੁਬਾਰਕਬਾਦ ਦਾ ਹੱਕਦਾਰ ਹੈ।’’
-ਮੋਬਾ: 97816-46008