Wednesday, January 22, 2025  

ਲੇਖ

ਪੰਜਾਬੀ ਨਾਟਕਾਂ ਦਾ ਸ਼ਾਹ ਅਸਵਾਰ ਤੇ ਬਹੁਪੱਖੀ ਸ਼ਖ਼ਸੀਅਤ : ਬਲਵੰਤ ਗਾਰਗੀ

April 22, 2024

ਪੰਜਾਬੀ ਸਾਹਿਤ ਦੇ ਖੇਤਰ ਚ ਬਲਵੰਤ ਗਾਰਗੀ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ।ਉਹ ਇੱਕ ਸੁਤੰਤਰ, ਨਿਧੜਕ ਲੇਖਕ, ਨਾਟਕਕਾਰ, ਪੱਤਰਕਾਰ, ਨਾਟਕ ਨਿਰਦੇਸ਼ਕ, ਯੂਨੀਵਰਸਿਟੀ ਆਫ ਵਾਸ਼ਿੰਗਟਨ(ਅਮਰੀਕਾ) ’ਚ ਭਾਰਤੀ ਨਾਟਕ ਲਈ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰੰਗ ਮੰਚ ਅਧਿਆਪਕ ਰਹੇ ਹਨ। ਬਲਵੰਤ ਗਾਰਗੀ ਦਾ ਜਨਮ ਅਣਵੰਡੇ ਪੰਜਾਬ ਮਾਲਵੇ ਦੀ ਧਰਤੀ ਜਿਲ੍ਹਾ ਬਠਿੰਡਾ ਦੇ ਪਿੰਡ ਸ਼ਹਿਣਾ ਵਿੱਚ 4 ਦਸੰਬਰ 1916 ਨੀਤਾ ਖਾਨਦਾਨ ਵਿੱਚ ਪਿਤਾ ਸ੍ਰੀ ਸ਼ਿਵਦਿਆਲ ਦੇ ਘਰ ਹੋਇਆ ਸੀ। ਉਹਨਾਂ ਦਾ ਮੁੱਢ ਤੋਂ ਹੀ ਪੜਾਈ ਅਤੇ ਕੁਝ ਨਵਾਂ ਕਰਨ ਦੀ ਰੁਚੀ ਸੀ।ਉੱਚ ਪੜ੍ਹਾਈ ਲਈ ਉਹਨਾਂ ਮਹਿੰਦਰਾ ਕਾਲਜ ਪਟਿਆਲਾ ਤੋਂ ਐਫ.ਏ. ਪਾਸ ਕੀਤੀ ਸੀ।ਉਹਨਾਂ ਐਫ.ਸੀ. ਕਾਲਜ ਲਾਹੌਰ ਤੋਂ ਐਮ.ਏ.ਪੁਲੀਟੀਕਲ ਸਾਇੰਸ ਅਤੇ ਡੀ.ਏ.ਵੀ. ਕਾਲਜ ਲਾਹੌਰ ਤੋਂ ਐਮ.ਏ. ਅੰਗਰੇਜ਼ੀ ਦੀ ਤਾਲੀਮ ਹਾਸਲ ਕੀਤੀ।
ਉਹਨਾਂ ਦੀ ਰੁਚੀ ਨਾਟਕ ਵਿੱਚ ਹੋਣ ਕਰਕੇ ਉਹ ਪ੍ਰਤਿਭਾਵਾਨ ਨਾਟਕਕਾਰ ਦੇ ਰੂਪ ਚ ਉੱਭਰੇ ਸਨ।ਨਾਟਕ ਸਿਰਜਣਾਤਕ ਰੁਚੀਆਂ ਨੂੰ ਵਧੇਰੇ ਪ੍ਰਫੁੱਲਿਤ ਕਰਕੇ ਪ੍ਰਭਾਵਸ਼ਾਲੀ ਅਤੇ ਗੁਣਾਤਮਕ ਬਣਾਉਣ ਲਈ ਉਹਨਾਂ ਪੋਲੈਂਡ, ਫਰਾਂਸ, ਅਮਰੀਕਾ ਅਤੇ ਇੰਗਲੈਂਡ ਵਿਚ ਜਾਕੇ ਉੱਥੋਂ ਦੀਆਂ ਨਾਟਕ ਸ਼ੈਲੀਆਂ ਅਤੇ ਨਾਟਕ ਕਲਾ ਦਾ ਵਿਸ਼ੇਸ਼ ਅਧਿਐਨ ਕੀਤਾ।ਸਾਲ 1944 ’ਚ ਉਹਨਾਂ ਦਾ ਪਹਿਲਾਂ ਨਾਟਕ ‘ਲੋਹਾ ਕੁੱਟ’ ਛਪਿਆ ਸੀ,ਜੋ ਬੇਹੱਦ ਮਕਬੂਲ ਹੋਇਆ ਅਤੇ ਸਾਹਿਤਕ ਹਸਤੀਆਂ ’ਚ ਉਹਨਾਂ ਦੇ ਨਾਟਕ ਦੀ ਅਥਾਹ ਚਰਚਾ ਹੋਈ।ਰੰਗ ਮੰਚ ਦੀ ਕਲਾ ਅਨੁਭਵ ਨਾਲ ਲਿਖੇ ਉਹਨਾਂ ਦੇ ਨਾਟਕ ‘ਕੇਸਰੋ’ ਅਤੇ ‘ਸੋਹਣੀ ਮਹੀਵਾਲ’ ਮਹੀਨਿਆਂ ਬੱਧੀ ਪੱਛਮੀ ਰੰਗ ਮੰਚ ਤੇ ਖੇਡੇ ਜਾਂਂਦੇ ਰਹੇ ਹਨ।ਉਹਨਾਂ ਦੇ ਲਿਖੇ ਨਾਟਕਾਂ ਦੀ ਸੂਚੀ ਬਹੁਤ ਲੰਮੇਰੀ ਹੈ, ਪਰ ਕੁੱਝ ਦਾ ਜ਼ਿਕਰ ਕੀਤੇ ਬਿਨਾਂ ਉਹਨਾਂ ਪ੍ਰਤੀ ਜਾਣਕਾਰੀ ਅਧੂਰੀ ਰਹਿ ਜਾਵੇਗੀ।
ਲੋਹਾ ਕੁੱਟ, ਸੈਲ ਪੱਥਰ, ਕੇਸਰੋ, ਨਵਾਂ ਮੁੱਢ, ਕਣਕ ਦੀ ਬੱਲੀ, ਘੁੱਗੀ, ਗਗਨ ਮੇਂ ਥਾਲ, ਧੂਣੀ ਦੀ ਅੱਗ, ਸੌਂਕਣ, ਅਭਿਸਾਰਕ, ਸੋਹਣੀ ਮਹੀਂਵਾਲ, ਮਿਰਜਾ ਸਾਹਿਬਾ, ਸੁਲਤਾਨ ਰਜੀਆ ਆਦਿ ਉਹਨਾਂ ਦੇ ਲਿਖੇ ਪ੍ਰਮੁੱਖ ਨਾਟਕ ਹਨ।
ਉਹ ਸਿਰਫ ਨਾਟਕਕਾਰ ਹੀ ਨਹੀਂ, ਕਹਾਣੀਕਾਰ, ਇਕਾਂਗੀਕਾਰ, ਨਾਵਲਕਾਰ ਵੀ ਸਨ।ਦਸਵੰਧ, ਕੁਆਰੀ ਟੀਸੀ, ਬੇਬੇ, ਪੱਤਣ ਦੀ ਬੇੜੀ, ਦੁੱਧ ਦੀ ਧਾਰਾ, ਚਾਕੂ, ਕੀੜਿਆਂ ਵਾਲਾ ਸੱਪ ਆਦਿ ਉਹਨਾਂ ਦੇ ਵਿਸ਼ੇਸ਼ ਇਕਾਂਗੀ ਸੰਗ੍ਰਹਿ ਹਨ। ਉਹਨਾਂ ਕੱਕਾ ਰੇਤ ਨਾਵਲ ਵੀ ਲਿਖਿਆ।ਇਸ ਤੋਂ ਇਲਾਵਾ ਉਹਨਾਂ ਰੰਗ-ਮੰਚ, ਨਿੰਮ ਦੇ ਪੱਤੇ, ਕਾਸ਼ਣੀ ਵਿਹੜਾ, ਸੁਰਮੇ ਵਾਲੀ ਅੱਖ ਆਦਿ ਵਾਰਤਕ ਸੰਗ੍ਰਹਿ ਪੰਜਾਬੀ ਪਾਠਕਾਂ ਦੀ ਝੋਲੀ ਪਾਏ। ਪਾਤਾਲ ਦੀ ਧਰਤੀ ਸਫਰਨਾਮਾ ਅਤੇ ਨੰਗੀ ਧੁੱਪ ਪੁਸਤਕ ਲਿਖੀ।
ਉਹਨਾਂ ਦਾ ਪਿਛੋਕੜ ਪੇਂਡੂ ਹੋਣ ਕਰਕੇ ਉਹਨਾਂ ਦੀਆਂ ਰਚਨਾਵਾਂ ਚ ਪੇਂਡੂ ਜਨਜੀਵਨ ਦਾ ਪ੍ਰਭਾਵ ਅਤੇ ਸਮੱਸਿਆਵਾਂ ਦਾ ਝਲਕਾਰਾ ਖੂਬ ਝਲਕਦਾ ਹੈ।ਮਨੁੱਖ ਅਤੇ ਸਮਾਜ ਦੇ ਸੰਘਰਸ਼ ਨੂੰ ਉਹਨਾਂ ਨਾਟਕਾਂ ਦਾ ਵਿਸ਼ਾ ਬਣਾਇਆ। ਰੁਮਾਂਸਵਾਦ, ਵਿਅਕਤੀਗਤ ਅਤੇ ਚਿੰਨਵਾਦ ਉਹਨਾਂ ਦੇ ਨਾਟਕਾਂ ਦਾ ਵਿਸ਼ੇਸ਼ ਲੱਛਣ ਹੈ।
ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰੰਗ ਮੰਚ ਵਿਭਾਗ ਦੇ ਬਾਨੀ ਡਾਇਰੈਕਟਰ ਸਨ। ਵਿਭਾਗ ਦੇ ਓਪਨ ਏਅਰ ਥੀਏਟਰ ਦਾ ਨਾਮ ਵੀ ਉਹਨਾਂ ਦੇ ਨਾਮ ਤੇ ਰੱਖਿਆ ਗਿਆ। ਉਹਨਾਂ ਦੇ ਵਿੱਦਿਆਰਥੀਆਂ ’ਚ ਅਨੁਪਮ ਖੇਰ, ਕਿਰਨ ਖੇਰ, ਪੂਨਮ ਢਿੱਲੋਂ, ਸਤੀਸ਼ ਕੌਸ਼ਿਸ਼ ਸਮੇਤ ਕਈ ਬਾਲੀਵੁੱਡ ਐਕਟਰ ਸ਼ਾਮਿਲ ਹਨ।
ਉਹਨਾਂ ਦੀ ਸਾਹਿਤਕ ਪ੍ਰਾਪਤੀਆਂ ਨੂੰ ਦੇਖਦੇ ਹੋਏ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 1958-59 ’ਚ ਸਨਮਾਨਿਤ ਕੀਤਾ ਗਿਆ। ਭਾਰਤੀ ਸਾਹਿਤ ਅਕਾਦਮੀ ਵੱਲੋਂ ਸਾਲ 1972 ’ਚ ਉਹਨਾਂ ਨੂੰ ਰੰਗ ਮੰਚ ਪੁਸਤਕ ਬਦਲੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਪੰਜਾਬ ਦਾ ਇਹ ਮਹਾਨ ਸਪੂਤ ਲੰਮੀ ਬਿਮਾਰੀ ਪਿੱਛੋਂ 22 ਅਪ੍ਰੈਲ 2003 ਨੂੰ ਬੰਬਈ ਵਿਖੇ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਸਾਰਾ ਪੰਜਾਬੀ ਜਗਤ ਉਹਨਾਂ ਨੂੰ ਉਹਨਾਂ ਦੀਆਂ ਮਹਾਨ ਪ੍ਰਾਪਤੀਆਂ ਸਦਕਾ ਹਮੇਸ਼ਾ ਯਾਦ ਰੱਖੇਗਾ ਅਤੇ ਉਹਨਾਂ ਦੀ ਸਲਾਨਾ ਬਰਸੀ ’ਤੇ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ।
ਇੰਜੀ. ਸਤਨਾਮ ਸਿੰਘ ਮੱਟੂ
-ਮੋਬਾ: 9779708257

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ