Wednesday, January 22, 2025  

ਲੇਖ

ਮਲੇਰੀਏ ਦੇ ਖ਼ਾਤਮੇ ਲਈ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ

April 25, 2024

ਗ਼ਰਮੀਆਂ ਆਉਂਦੇ ਹੀ ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦੇ ਮੱਛਰਾਂ ਦੀ ਘੂੰ-ਘੂੰ ਕਰ ਦੀ ਆਵਾਜ਼ ਕਿਸੇ ਨੂੰ ਚੰਗੀ ਨਹੀਂ ਲੱਗਦੀ। ਆਮਤੋਰ ਤੇ ਲੋਕਾਂ ਨੂੰ ਮੱਛਰਾਂ ਬਾਰੇ ਇਹੀ ਪਤਾ ਹੈ ਕਿ ਮੱਛਰ ਇੱਕੋ ਕਿਸਮ ਦੇ ਹੁੰਦੇ ਹਨ, ਬਸ ਇਹ ਸਭ ਗਿਣਤੀ ਵਿਚ ਅਣਗਿਣਤ ਹਨ। ਜਿਆਦਾਤਰ ਮੱਛਰਾਂ ਦੀ ਸਿਰਫ਼ 2 ਪ੍ਰਜਾਤੀਆਂ ਐਨਾਫਲੀਜ਼ ਅਤੇ ਏਡੀਜ਼ ਅਜਿਪਟੀ ਬਾਰੇ ਹੀ ਸੁਣਿਆ ਜਾਂ ਪੜਿ੍ਹਆ ਜਾਂਦਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਧਰਤੀ ’ਤੇ ਮੱਛਰਾਂ ਦੀਆਂ ਲਗਭਗ 3000 ਕਿਸਮਾਂ ਮੌਜੂਦ ਹਨ। ਮੱਛਰਾਂ ਨਾਲ ਹੋਣ ਵਾਲੀ ਬਿਮਾਰੀਆਂ ਵਿੱਚੋਂ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਦੇ ਮਰੀਜ਼ ਸਭ ਤੋਂ ਵੱਧ ਹਨ। ਮਾਦਾ ਮੱਛਰ ਐਨਾਫਲੀਜ਼ ਮਲੇਰੀਆ ਫੈਲਾਉਂਦਾ ਹੈ ਜਦੋਂ ਕਿ ਮਾਦਾ ਮੱਛਰ ਏਡੀਜ਼ ਅਜਿਪਟੀ ਡੇਂਗੂ ਅਤੇ ਚਿਕਨਗੁਨੀਆ ਫੈਲਾਉਂਦਾ ਹੈ। ਇਨ੍ਹਾਂ ਬਿਮਾਰੀਆਂ ਦਾ ਪ੍ਰਭਾਵ ਇੰਨਾ ਜ਼ਿਆਦਾ ਹੈ ਕਿ ਵਿਸ਼ਵ ਸਿਹਤ ਸੰਗਠਨ (W8O) ਨੇ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਵਜੋਂ ਘੋਸ਼ਿਤ ਕੀਤਾ ਹੈ। ਹਰ ਸਾਲ ਇਸ ਦਿਨ ਪਿੰਡ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਮੀਟਿੰਗਾਂ, ਸੈਮੀਨਾਰ ਅਤੇ ਹੋਰ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਂਦੇ ਹਨ।
ਹਤ ਵਿਭਾਗ ਪੰਜਾਬ ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਤਹਿਤ ਹਰ ਸਾਲ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮਾਂ ਅਤੇ ਰੈਲੀਆਂ ਦਾ ਆਯੋਜਨ ਵੀ ਕਰਦਾ ਹੈ। ਇਸ ਤੋਂ ਅਲਾਵਾ ਜੂਨ ਨੂੰ ਮਲੇਰੀਆ ਜਾਗਰੂਕਤਾ ਮਹੀਨੇ ਅਤੇ ਜੁਲਾਈ ਨੂੰ ਡੇਂਗੂ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਏਨਾ ਹੀ ਨਹੀਂ ਸਿਹਤ ਵਿਭਾਗ ਪੰਜਾਬ ਵਲੋਂ ਪਿਛਲੇ ਸਾਲ ਦੌਰਾਨ ਵਿੱਢੀ ਗਈ ਨਿਵੇਕਲੀ ਮੁਹਿੰਮ ’ਹਰ ਸ਼ੁੱਕਰਵਾਰ - ਡੇਂਗੂ ਤੇ ਵਾਰ’ ਦੇ ਤਹਿਤ ਮੱਛਰਾਂ ਦੇ ਖਾਤਮੇ ਲਈ ਫੀਲਡ ਵਿਚ ਗਤੀਵਿਧੀਆਂ ਕੀਤੀ ਜਾਂਦੀਆਂ ਹਨ, ਜਿਸ ਵਿਚ ਹੋਰ ਵਿਭਾਗਾਂ ਨੂੰ ਸ਼ਾਮਿਲ ਕੀਤਾ ਗਿਆ ਅਤੇ ਸਰਕਾਰੀ ਦਫਤਰਾਂ, ਬਸ ਸਟੈਂਡ, ਪੁਲਿਸ ਸਟੇਸ਼ਨ ਅਤੇ ਦੁਕਾਨਾਂ ਤੇ ਖਾਸ ਧਿਆਨ ਦਿੱਤਾ ਗਿਆ। ਇੰਨਾਂ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ ਤੇ ਸਾਫ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਵ ਮਲੇਰੀਆ ਦਿਵਸ ਨਿਵੇਕਲੀ ਥੀਮ ਨਾਲ ਮਨਾਇਆ ਜਾ ਰਿਹਾ ਹੈ। ਵਿਸ਼ਵ ਮਲੇਰੀਆ ਦਿਵਸ 2024 - ’ਵਧੇਰੇ ਬਰਾਬਰੀ ਵਾਲੇ ਸੰਸਾਰ ਲਈ ਮਲੇਰੀਆ ਵਿਰੁੱਧ ਲੜਾਈ ਨੂੰ ਤੇਜ਼ ਕਰਨਾ’ ਦੀ ਥੀਮ ਨਾਲ ਮਨਾਇਆ ਜਾ ਰਿਹਾ ਹੈ। ਹਾਲ ਹੀ ਦੇ ਸਾਲਾਂ ਵਿੱਚ, ਮਲੇਰੀਆ ਨੂੰ ਘਟਾਉਣ ਵਿੱਚ ਤਰੱਕੀ ਰੁਕ ਗਈ ਹੈ। ਮਲੇਰੀਆ ਨਾ ਸਿਰਫ਼ ਸਿਹਤ ਨੂੰ ਸਿੱਧੇ ਤੌਰ ’ਤੇ ਖਤਰੇ ਵਿੱਚ ਪਾਉਂਦਾ ਹੈ ਅਤੇ ਜਾਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਸਗੋਂ ਇਹ ਅਸਮਾਨਤਾ ਦੇ ਇੱਕ ਦੁਸ਼ਟ ਚੱਕਰ ਨੂੰ ਵੀ ਕਾਇਮ ਰੱਖਦਾ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਵਿਸ਼ਵ ਨੂੰ 2030 ਤੱਕ ਮਲੇਰੀਆ ਮੁਕਤ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ ਲਈ ਲੋੜ ਹੈ ਕਿ ਲੋਕ ਜਾਗਰੂਕ ਹੋਣ ਅਤੇ ਇਸ ਬਿਮਾਰੀ ਨੂੰ ਖਤਮ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣ।
‘ਮਲੇਰੀਆ ਦੇ ਲੱਛਣ’ : ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ। ਮਲੇਰੀਆ ਦੇ ਸਭ ਤੋਂ ਆਮ ਸ਼ੁਰੂਆਤੀ ਲੱਛਣ ਹਨ ਬੁਖਾਰ, ਸਿਰ ਦਰਦ ਅਤੇ ਠੰਢ ਲੱਗਣਾ। ਲੱਛਣ ਆਮ ਤੌਰ ’ਤੇ ਲਾਗ ਵਾਲੇ ਮੱਛਰ ਦੇ ਕੱਟਣ ਦੇ 10-15 ਦਿਨਾਂ ਦੇ ਅੰਦਰ ਸ਼ੁਰੂ ਹੋ ਜਾਂਦੇ ਹਨ।
1 . ਬਹੁਤ ਜ਼ਿਆਦਾ ਥਕਾਵਟ ਅਤੇ ਥਕਾਵਟ
2 . ਕਮਜ਼ੋਰ ਚੇਤਨਾ
3 . ਕੜਵੱਲ
4 . ਸਾਹ ਲੈਣ ਵਿੱਚ ਮੁਸ਼ਕਲ
5 . ਗਾੜਾ ਪਿਸ਼ਾਬ ਜਾਂ ਪਿਸ਼ਾਬ ਵਿਚ ਖੂਨ ਆਉਣਾ
6 . ਪੀਲੀਆ (ਅੱਖਾਂ ਅਤੇ ਚਮੜੀ ਦਾ ਪੀਲਾ ਹੋਣਾ)
7 . ਅਸਧਾਰਨ ਖੂਨ ਵਹਿਣਾ।
ਗਰਭ ਅਵਸਥਾ ਦੌਰਾਨ ਮਲੇਰੀਆ ਦੀ ਲਾਗ ਸਮੇਂ ਤੋਂ ਪਹਿਲਾਂ ਜਣੇਪੇ ਜਾਂ ਘੱਟ ਜਨਮ ਭਾਰ ਵਾਲੇ ਬੱਚੇ ਦੀ ਡਿਲੀਵਰੀ ਦਾ ਕਾਰਨ ਵੀ ਬਣ ਸਕਦੀ ਹੈ।
‘ਮਲੇਰੀਆ ਤੋਂ ਬਚਾਅ ਤੇ ਤਰੀਕੇ’: ਆਪਣੇ ਆਲੇ-ਦੁਆਲੇ ਦੀ ਸਫਾਈ ਰੱਖੋ, ਨੇੜੇ-ਤੇੜੇ ਪਾਣੀ ਖੜ੍ਹਾ ਨਾ ਹੋਣ ਦਿਓ, ਮਿੱਟੀ ਨਾਲ ਟੋਏ ਨੂੰ ਭਰ ਦਿਓ, ਟੋਇਆਂ ਅਤੇ ਨਾਲੀਆਂ ਵਿਚ ਕਾਲੇ ਤੇਲ ਦਾ ਛਿੜਕਾਅ ਕਰੋ, ਸਰੀਰ ਨੂੰ ਢੱਕ ਕੇ ਰੱਖੋ ਜਾਂ ਪੂਰੀ ਬਾਹਾਂ ਵਾਲੇ ਕੱਪੜੇ ਪਾਓ, ਮੱਛਰਦਾਨੀ ਦੀ ਵਰਤੋਂ ਕਰੋ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਮੱਛਰ ਮਾਰਨ ਵਾਲੀ ਦਵਾਈਆਂ ਦੀ ਵਰਤੋਂ ਕਰੋ। ਮਲੇਰੀਆ ਫੈਲਾਉਣ ਵਾਲਾ ਮਾਦਾ ਐਨਾਫ਼ਲੀਜ਼ ਮੱਛਰ ਸਾਫ਼ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਰਾਤ ਅਤੇ ਸਵੇਰੇ ਕੱਟਦਾ ਹੈ। ਮਲੇਰੀਆ ਬੁਖਾਰ ਦੀ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ, ਪਰ ਅਕਸਰ ਦੇਖਿਆ ਜਾਂਦਾ ਹੈ ਕਿ ਮਰੀਜ਼ ਬਿਮਾਰੀ ਦੇ ਆਖਰੀ ਪੜਾਅ ’ਤੇ ਇਲਾਜ ਲਈ ਆਉਂਦਾ ਹੈ। ਜੋ ਕਿ ਠੀਕ ਨਹੀਂ ਹੈ, ਇਸ ਲਈ ਜੇਕਰ ਤੁਹਾਨੂੰ ਬੁਖਾਰ ਹੈ ਤਾਂ ਤੁਰੰਤ ਆਪਣੀ ਜਾਂਚ ਕਰਵਾਓ।
ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਅਨੁਸਾਰ ਸਾਲ 2022 ਦੌਰਾਨ ਦੁਨੀਆ ਵਿਚ 249 ਮਿਲੀਅਨ ਨਵੇਂ ਕੇਸ ਦਰਜ ਕੀਤੇ ਗਏ ਅਤੇ ਇਸ ਦੇ ਕਾਰਨ 608000 ਮੌਤਾਂ ਹੋਈਆਂ ਜਦਕਿ ਸਾਲ 2017 ਵਿਚ ਦੁਨੀਆ ਵਿਚ ਮਲੇਰੀਆ ਕਾਰਨ 435000 ਮੌਤਾਂ ਹੋਈਆਂ ਸਨ। 2019 ਵਿੱਚ, ਮਹਾਮਾਰੀ ਆਉਣ ਤੋਂ ਪਹਿਲਾਂ, ਮੌਤਾਂ ਦੀ ਗਿਣਤੀ 568000 ਸੀ। 2020 ਅਤੇ 2021 ਦੇ ਵਿਚਕਾਰ ਮਲੇਰੀਆ ਦੇ ਮਾਮਲੇ ਵੱਧਦੇ ਰਹੇ। ਮਲੇਰੀਆ ਦੇ ਮਾਮਲਿਆਂ ਦੀ ਵਿਸ਼ਵਵਿਆਪੀ ਗਿਣਤੀ 2021 ਵਿਚ 247 ਮਿਲੀਅਨ ਤੱਕ ਪਹੁੰਚ ਗਈ। ਜੋ ਕਿ 2020 ਵਿੱਚ 245 ਮਿਲੀਅਨ ਅਤੇ 2019 ਵਿੱਚ 232 ਮਿਲੀਅਨ ਸੀ।
ਮਲੇਰੀਆ ਇਕ ਜਾਨਲੇਵਾ ਬਿਮਾਰੀ ਹੈ ਜੋ ਕਿ ਜਿਆਦਾਤਰ ਗਰਮ ਦੇਸ਼ਾਂ ਵਿਚ ਪਾਇਆ ਜਾਂਦਾ ਹੈ। ਇਹ ਰੋਕਥਾਮਯੋਗ ਅਤੇ ਇਲਾਜਯੋਗ ਹੈ। ਨਵਜਾਤ ਸ਼ਿਸ਼ੂ, 5 ਸਾਲ ਤੋਂ ਛੋਟੇ ਬੱਚੇ, ਗਰਭਵਤੀ ਔਰਤਾਂ, ਪ੍ਰਵਾਸੀ ਮਜਦੂਰ, ਐਚ.ਆਈ.ਵੀ, ਏਡਜ਼ ਵਾਲੇ ਲੋਕਾਂ ਨੂੰ ਗੰਭੀਰ ਸੰਕ੍ਰਮਣ ਦਾ ਵਧੇਰੇ ਜੋਖਮ ਹੁੰਦਾ ਹੈ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਮਲੇਰੀਆ ਦਾ ਪੂਰੀ ਤਰ੍ਹਾਂ ਖਾਤਮਾ ਹੋ ਜਾਵੇਗਾ। ਅਸੀਂ ਬਿਮਾਰੀਆਂ ਦੇ ਅਜਿਹੇ ਜਾਲ ਵਿੱਚ ਫਸੇ ਹੋਏ ਆਂ ਕਿ ਜੇਕਰ ਅਸੀਂ ਇੱਕ ਬਿਮਾਰੀ ਤੋਂ ਬਚਦੇ ਹਾਂ ਤਾਂ ਦੂਜੀ ਵਿੱਚ ਫਸ ਜਾਂਦੇ ਹਾਂ। ਇਸ ਲਈ ਆਪਣੇ ਆਪ ਤੇ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ ਹੈ। ਜਾਗਰੂਕ ਰਹੋ, ਸਵੱਛ ਰਹੋ, ਸਵੱਸਥ ਰਹੋ।
ਮਨਬੀਰ ਸਿੰਘ
-ਮੋਬਾ: 9417328603

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ