Wednesday, January 22, 2025  

ਲੇਖ

ਸਿਆਸੀ ਪਾਰਟੀਆਂ ਸੱਭਿਆਚਾਰਕ ਪ੍ਰਦੂਸ਼ਣ ਨੂੰ ਚੋਣ ਮੁੱਦਾ ਬਣਾਉਣ ਬਾਰੇ ਖਾਮੋਸ਼!

April 25, 2024

ਆ ਰਹੀਆਂ ਲੋਕ ਸਭਾ ਦੀਆਂ ਚੋਣਾ ਵਿਚ ‘ਸੱਭਿਆਚਰਕ ਪ੍ਰਦੂਸ਼ਣ’ ਵਰਗੇ ਗੰਭੀਰ ਤੇ ਸੰਵੇਦਨਸ਼ੀਲ ਸਮਾਜਿਕ ਮਸਲੇ ਨੂੰ ਚੋਣ ਮੁੱਦਾ ਬਣਾਉਂਣ ਬਾਰੇ ਤਮਾਮ ਰਾਜਨੀਤਿਕ ਧਿਰਾਂ ਨੂੰ ਬੀਤੇ ਤੀਹ ਵਿਚ ਤਿੰਨ ਵਾਰ ਇਪਟਾ, ਪੰਜਾਬ ਵੱਲੋਂ ਈਮੇਲ, ਵਟਸਐਪ ਤੇ ਟਵੀਟਰ (ਯ) ਰਾਹੀਂ ਭੇਜੇ ਪੱਤਰਾਂ ਬਾਰੇ ਸਾਰੀਆਂ ਰਾਜਨੀਤਕ ਧਿਰਾਂ ਦੀ ਭੇਦ ਭਰੀ ਖਾਮੋਸ਼ੀ ਹੈਰਾਨੀਜਨਕ ਵੀ ਹੈ ਤੇ ਅਫਸੋਸਨਾਕ ਵੀ।ਇਨ੍ਹਾਂ ਰਾਜਨੀਤਿਕ ਮਿੱਤਰਾਂ ਨੂੰ ਗੁਜ਼ਾਰਿਸ਼ ਕੀਤੀ ਗਈ ਸੀ ਕਿ ਸਭਿਆਚਾਰ ਵਿਚ ਵੱਧ ਰਹੇ ਪ੍ਰਦੂਸ਼ਣ ਨੂੰ ਠੱਲ ਪਾਉਂਣ ਲਈਆ ਆ ਰਹੀਆਂ ਲੋਕ ਸਭਾ ਦੀਆਂ ਚੋਣਾ ਵਿਚ ਚੋਣ ਮੁੱਦਾ ਬਣਾਇਆ ਜਾਵੇ ਤਾਂ ਜੋ ਸਮਾਜ ਇਕ ਵਾਰ ਫੇਰ ਤੱਰਕੀ ਦੀਆਂ ਬੁੰਲਦੀ ਸ਼ਿਖਰਾਂ ਛੂੰਹਣ ਦੇ ਨਾਲ-ਨਾਲ ਜ਼ਿਹਨੀ ਅਤੇ ਮਾਨਿਸਕ ਪੱਧਰ ’ਤੇ ਵੀ ਤੰਦਰੁਸਤ ਹੋ ਸਕੇ।
ਇਪਟਾ ਪੰਜਾਬ ਵੱਲੋਂ ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਮਾਨਯੋਗ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਸਬੰਧਤ ਮੰਤਰਾਲਿਆਂ, ਰਾਸ਼ਟਰ ਅਤੇ ਸੂਬਾ ਪੱਧਰੀ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅਨੇਕਾਂ ਵਾਰ ਲਿਖਤੀ ਤੌਰ ’ਤੇ ਸਭਿਆਚਾਰਕ ਪ੍ਰਦੁਸ਼ਣ ਬਾਰੇ ਜਾਣੂੰ ਅਤੇ ਸੁਚੇਤ ਕੀਤਾ ਗਿਆ ਪਰ ਅਫਸੋਸ ਉਸ ਸਮੇਂ ਦੇ ਰਾਸ਼ਟਰਪਤੀ ਅਬਦੁੱਲ ਕਲਾਮ ਸਾਹਿਬ ਅਤੇ ਅੰਨਾਂ ਹਜ਼ਾਰੇ ਹੋਰਾਂ ਤੋਂ ਬਿਨ੍ਹਾਂ ਕਿਸੇ ਨੇ ਇਨ੍ਹਾਂ ਪੱਤਰਾਂ ਦਾ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਿਆ ।
21 ਸਾਲ ਪਹਿਲਾਂ ਪ੍ਰਸਿੱਧ ਲੇਖਕ ਨਾਟ-ਕਰਮੀ ਅਤੇ ਵਿਦਵਾਨ ਸਵਰਗੀ ਤੇਰਾ ਸਿੰਘ ਚੰਨ (ਬਾਨੀ ਇਪਟਾ, ਪੰਜਾਬ), ਸੰਤੋਖ ਸਿੰਘ ਧੀਰ, ਡਾ. ਐਸ ਤਰਸੇਮ, ਡਾ. ਪਰੇਮ ਸਿੰਘ ਦੀ ਪ੍ਰਧਾਨਗੀ ਹੇਠ ਮੁਹਾਲੀ ਵਿਖੇ ਹੋਈ ਰਾਜ ਪੱਧਰੀ ਕਨਵੈਂਨਸ਼ਨ 'ਰਾਜਨੀਤਕ ਪਾਰਟੀਆਂ ਦੇ ਸਾਹਿਤ, ਸਭਿਆਚਾਰ ਤੇ ਭਾਸ਼ਾ ਪ੍ਰਤੀ ਕਰਤੱਵ' ਦੌਰਾਨ ਰਾਜਨੀਤਕ ਪਾਰਟੀਆਂ ਦੇ ਆਗੂ ਕੈਪਟਨ ਕੰਵਲਜੀਤ ਸਿੰਘ (ਸਵਰਗੀ), ਬਲਵੰਤ ਸਿੰਘ ਰਾਮੂਵਾਲੀਆ, ਡਾ. ਜੋਗਿੰਦਰ ਦਿਆਲ (ਸਵਰਗੀ) ਤੇ ਮੰਗਤ ਰਾਮ ਪਾਸਲਾ ਨੇ ਹਾਅ ਦਾ ਨਾਹਰਾ ਮਾਰਦਿਆਂ ਆਪੋ-ਆਪਣੀਆਂ ਸਿਆਸੀ ਪਾਰਟੀਆਂ ਵੱਲੋਂ ਹੋਰਨਾਂ ਤੋਂ ਇਲਾਵਾ ਲੇਖਕ, ਅਲੋਚਕ ਤੇ ਨਾਟਕਰਮੀ ਅਤੇ ਸਮਾਜਿਕ ਕਾਰਕੁਨ ਡਾ. ਤੇਜਵੰਤ ਸਿੰਘ ਮਾਨ, ਦਵਿੰਦਰ ਦਮਨ, ਰਿਪੁਦਮਨ ਸਿੰਘ ਰੂਪ, ਮਨਮੋਹਨ ਸਿੰਘ ਦਾਊਂ ਅਤੇ ਕਿਸਾਨ ਆਗੂ ਐਡਵੋਕੇਟ ਪ੍ਰੇਮ ਸਿੰਘ ਭੰਗੂ ਹੋਰਾਂ ਦੀ ਮੌਜੂਦਗੀ ਵਿੱਚ ਸਾਹਿਤ, ਭਾਸ਼ਾ ਤੇ ਸਭਿਆਚਾਰ ਦੀ ਬਿਹਤਰੀ ਲਈ ਗੰਭੀਰ ਤੇ ਸੁਹਿਰਦ ਯਤਨ ਕਰਨ ਦਾ ਵਾਅਦਾ ਕੀਤਾ ਸੀ।ਪਰ ਪਰਨਾਲਾ ਉਥੇ ਦਾ, ਉਥੇ ਹੀ ਹੈ।
ਇਕ ਕਲਾਕਾਰ ਹੋਣ ਦੇ ਨਾਤੇ ਭਗਵੰਤ ਮਾਨ ਹੋਰਾਂ ਦੇ ਮੁੱਖ-ਮੰਤਰੀ ਬਨਣ ਨਾਲ ਕੁੱਝ ਉਮੀਦ ਜਾਗੀ ਸੀ ਕਿ ‘ਸੱਭਿਆਚਾਰਕ ਪ੍ਰਦੂਸ਼ਣ’ ਨੂੰ ਨਕੇਲ ਪਾਉਂਣ ਦੇ ਗੰਭੀਰ ਅਤੇ ਸੁਹਿਰਦ ਯਤਨ ਲਾਜ਼ਮੀ ਹੋਣਗੇ।ਇਪਟਾ, ਪੰਜਾਬ ਵੱਲੋਂ ਮੁੱਖ-ਮੰਤਰੀ ਦਫ਼ਤਰ ਨੂੰ ਘੱਟੋ-ਘੱਟ ਅੱਧੀ ਦਰਜਤ ਤੋਂ ਵੱਧ ਵਾਰ ਈਮੇਲ ਕਰਕੇ ਇਪਟਾ ਦੇ ਵਫ਼ਦ ਲਈ ਮੁਲਕਾਤ ਦਾ ਸਮਾਂ ਮੰਗਿਆ। ਤਾਂਜੋ ਭਗਵੰਤ ਮਾਨ ਹੋਰਾਂ ਨਾਲ ਇਸ ਲੋਕ-ਮਸਲੇ ਦੇ ਹੱਲ ਲਈ ਚਰਚਾ ਕੀਤੀ ਜਾ ਸਕੇ।ਪਰ ਮੁੱਖ-ਮੰਤਰੀ ਦਫ਼ਤਰ ਨੇ ਮੁਲਾਕਾਤ ਦਾ ਸਮਾਂ ਨਿਰਧਾਰਤ ਕਰਨ ਦੀ ਵਜਾਏ ਸਭਿਆਚਾਰਕ ਵਿਭਾਗ ਨੂੰ ਸਾਰੇ ਪੱਤਰ ਭੇਜ ਦਿੱਤੇ।ਇਸ ਨੂੰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਚਲਾਕੀ ਕਿਹਾ ਜਾਵੇ ਜਾਂ……।
ਸੱਭਿਆਚਾਰਕ ਪ੍ਰਦੂਸ਼ਣ ਦੇ ਰੂਪ ਵਿਚ ਇਸ ਇਨਸਾਨ ਅਤੇ ਸਮਾਜ ਵਿਰੋਧੀ ਵੱਗ ਰਹੀ ਹਨੇਰੀ ਨੂੰ ਠੱਲ ਪਾਉਂਣਾ ਅਹਿਮ ਕਾਰਜ ਹੈ ਪਰ ਇਹ ਕੱਲੇ-ਕਾਰੇ ਵਿਆਕਤੀ ਜਾਂ ਸੰਸਥਾਂ ਦੇ ਵੱਸ ਦਾ ਰੋਗ ਨਹੀਂ, ਇਸ ਲਈ ਰਾਜਨੀਤਿਕ ਇੱਛਾ ਸ਼ਕਤੀ ਅਤੇ ਤਾਕਤ ਦੀ ਵੀ ਲੋੜ ਹੈ।ਇਸ ਲਈ ਇਪਟਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜ਼ਿ.), ਪੈਗ਼ਾਮ-ਏ-ਨਾਮਾ ਅਤੇ ਇਪਟਾ, ਚੰਡੀਗੜ ਦੇ ਸਹਿਯੋਗ ਨਾਲ ਰਾਜਨੀਤਿਕ ਧਿਰਾਂ ਵੱਲੋਂ ਬੇਹੱਦ ਗੰਭੀਰ ਤੇ ਸੰਦੇਵਨਸ਼ੀਲ ਮਸਲੇ ‘ਸੱਭਿਆਚਾਰਕ ਪ੍ਰਦੂਸ਼ਣ’ ਨੂੰ ਚੋਣ ਮੁੱਦਾ ਨਾ ਬਣਾਉਣ ਦੇ ਕਾਰਣ ਜਾਨਣ ਲਈ ‘ਕਨਵੈਨਸ਼ਨ’ ਦਾ ਆਯੋਜਨ 25 ਅਪ੍ਰੈਲ, ਵੀਰਵਾਰ ਨੂੰ ਦੁਪਹਿਰ 3.30 ਵਜੇ ਪੰਜਾਬ ਕਲਾ ਭਵਨ, ਸੈਕਟਰ-16, ਚੰਡੀਗੜ੍ਹ ਵਿਖੇ ਕਰਵਾਇਆ ਹੈ।ਇਸ ਮੌਕੇ ਸਾਰੀ ਰਾਨਜੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨੂੰ ਆਪਣਾ ਪੱਖ ਰੱਖਣ ਲਈ ਸਨਿਮਰ ਸੱਦਾ ਦਿੱਤਾ।
ਸੰਜੀਵਨ ਸਿੰਘ
-ਮੋਬਾ: 94174-60656

 

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ