ਪਾਰਟੀ ਵਰਕਰ ਕਿਸੇ ਵੀ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ ਕੋਈ ਸਮਾਂ ਹੁੰਦਾ ਸੀ ਜਦੋਂ ਵਰਕਰ ਆਪੋ ਆਪਣੀ ਪਾਰਟੀ ਲਈ ਨਿਸ਼ਕਾਮ ਹੋ ਕੇ ਸੇਵਾ ਕਰਦੇ ਸਨ ਅਤੇ ਸਮਾਂ ਆਉਣ ਤੇ ਪਾਰਟੀ ਵੱਲੋਂ ਵੀ ਵਰਕਰਾਂ ਦੀ ਸੇਵਾ ਅਨੁਸਾਰ ਉਨ੍ਹਾਂ ਨੂੰ ਅਹੁਦੇ ਦਿੱਤੇ ਜਾਂਦੇ ਸਨ ਜਿਸ ਦਾ ਮੁੱਖ ਪੈਮਾਨਾ ਹੀ ਵਰਕਰਾਂ ਦੀ ਸੇਵਾ ਭਾਵਨਾ ਦਾ ਸਮਾਂ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਨੂੰ ਲਿਆ ਜਾਂਦਾ ਸੀ ਜੇਕਰ ਕਿਸੇ ਪਾਰਟੀ ਵੱਲੋਂ ਆਪਣੇ ਕਿਸੇ ਵਰਕਰ ਨਾਲ ਕੋਈ ਅਹੁਦਾ ਦੇਣ ਵੇਲੇ ਵਧੀਕੀ ਵੀ ਹੋ ਜਾਂਦੀ ਸੀ ਤਾਂ ਵੱਧ ਤੋਂ ਵੱਧ ਉਹ ਵਰਕਰ ਕੁੱਝ ਸਮਾਂ ਰੋਸ ਵਜੋਂ ਰੁੱਸ ਕੇ ਘਰ ਬੈਠ ਜਾਂਦਾ ਸੀ ਨਾਕਿ ਉਹ ਝੱਟ ਹੀ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਜਾਂਦਾ ਸੀ ਕਿਉਂਕਿ ਉਸ ਸਮੇਂ ਵਰਕਰਾਂ ਨੂੰ ਕੁੱਝ ਸੰਗ ਸ਼ਰਮ ਵੀ ਹੁੰਦੀ ਸੀ ਕਿ ਪਹਿਲਾਂ ਜਿਸ ਪਾਰਟੀ ਜਾਂ ਵਿਰੋਧੀ ਲੀਡਰਾਂ ਦੇ ਖਿਲਾਫ ਅਸੀਂ ਬੋਲਦੇ ਰਹੇ ਹਾਂ ਉਹ ਹੁਣ ਇੱਕ ਦਮ ਦੁੱਧ ਧੋਤੇ ਕਿਵੇਂ ਹੋ ਗਏ ?
ਪਰੰਤੂ ਹੁਣ ਦਿਨੋਂ ਦਿਨ ਪਾਰਟੀਆਂ ਬਦਲਣ ਦਾ ਰੁਝਾਨ ਜ਼ੋਰਾਂ ਤੇ ਚੱਲ ਰਿਹਾ ਹੈ ਪਹਿਲਾਂ ਵਾਲੇ ਸਮੇਂ ਵਿੱਚ ਲੀਡਰ ਤਾਂ ਕੀ ਛੇਤੀ ਕੀਤੇ ਵਰਕਰ ਵੀ ਪਾਰਟੀ ਨਹੀਂ ਬਦਲਦੇ ਸਨ ਪ੍ਰੰਤੂ ਹੁਣ ਤਾਂ ਸੱਤਾ ਮਿਲਣੀ ਚਾਹੀਦੀ ਹੈ ਭਾਵੇਂ ਕਿਸੇ ਵੀ ਪਾਰਟੀ ਵੱਲੋਂ ਹੋਵੇ ਸਿਆਸੀ ਪਾਰਟੀਆਂ ਦਾ ਕਿਰਦਾਰ ਵੀ ਇੰਨਾਂ ਨੀਵਾਂ ਹੋ ਗਿਆ ਹੈ ਕਿ ਉਹ ਆਪਣੇ ਪਾਰਟੀ ਵਰਕਰਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਝੱਟ ਦੂਸਰੀਆਂ ਪਾਰਟੀਆਂ ਵਿੱਚੋਂ ਆਏ ਹੋਏ ਲੀਡਰਾਂ ਨੂੰ ਗਲ ਨਾਲ ਲਾ ਲੈਂਦੇ ਹਨ ਅਤੇ ਵਰਿਆਂ ਤੋਂ ਪਾਰਟੀ ਦੀ ਤਨ ਮਨ ਅਤੇ ਧਨ ਨਾਲ ਸੇਵਾ ਕਰਦੇ ਹੋਏ ਵਰਕਰ ਵੇਖਦੇ ਹੀ ਰਹਿ ਜਾਂਦੇ ਹਨ ਅਤੇ ਵੇਖਣ ਵਾਲੀ ਗੱਲ ਇਹ ਵੀ ਹੈ ਕਿ ਜਿਹੜਾ ਆਪਣੀ ਪਿਤਰੀ ਪਾਰਟੀ ਦਾ ਨਹੀਂ ਬਣਿਆ ਉਹ ਤੁਹਾਡਾ ਕਿਵੇਂ ਬਣੇਗਾ? ਜਿਸ ਕਰਕੇ ਕਈ ਵਾਰ ਜ਼ੋ ਜ਼ਮੀਰ ਵਾਲੇ ਵਰਕਰ ਹੁੰਦੇ ਹਨ ਅਜਿਹੇ ਹਾਲਾਤਾਂ ਵਿਚ ਉਹ ਘਰ ਬੈਠਣ ਨੂੰ ਹੀ ਤਰਜੀਹ ਦਿੰਦੇ ਹਨ ਜਿਸ ਕਰਕੇ ਨਿਕੰਮੇ, ਮੌਕਾਪ੍ਰਸਤ ਅਤੇ ਚਾਪਲੂਸ ਲੋਕ ਰਾਜਨੀਤੀ ਉਪਰ ਕਾਬਜ਼ ਹੋ ਜਾਂਦੇ ਹਨ
ਕਿਉਂ ਕਿ ਸਭ ਨੂੰ ਪਤਾ ਹੈ ਕਿ ਪਾਰਟੀ ਬਦਲਣ ਵਾਲੇ ਜ਼ਿਆਦਾਤਰ ਲੀਡਰਾਂ ਦਾ ਮਨੋਰਥ ਕੋਈ ਲੋਕ ਸੇਵਾ ਕਰਨਾ ਨਹੀਂ ਹੁੰਦਾ ਸਗੋਂ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦੇਣਾ ਹੁੰਦਾ ਹੈ ਅਤੇ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਜੇਕਰ ਪਾਰਟੀ ਛੱਡਣ ਵਾਲੇ ਵਿੱਚ ਕੋਈ ਜ਼ਿਆਦਾ ਗੁਣ ਹੀ ਹੁੰਦੇ ਤਾਂ ਉਸ ਨੂੰ ਉਸਦੀ ਪਹਿਲਾਂ ਵਾਲੀ ਪਿਤਰੀ ਪਾਰਟੀ ਹੀ ਕਿਉਂ ਛੱਡਦੀ? ਇਸ ਲਈ ਦਲਬਦਲੀ ਵਾਲੇ ਜ਼ਿਆਦਾਤਰ ਆਗੂਆਂ ਤੋਂ ਸਮਾਜ ਅਤੇ ਸੂਬੇ ਦੇ ਭਲੇ ਦੀ ਆਸ ਰੱਖਣਾ ਮੂਰਖਤਾ ਹੀ ਹੈ ਕਿਉਂਕਿ ਜਿਹੜੇ ਆਗੂ ਰਾਜਭਾਗ ਸਮੇਂ ਆਪੋ ਆਪਣੀਆਂ ਪਾਰਟੀਆਂ ਤੋਂ ਮਲਾਈਆਂ ਖਾ ਕੇ ਉਨ੍ਹਾਂ ਦੇ ਨਹੀਂ ਬਣੇ ਫੇਰ ਇਹ ਨਵੀਂ ਪਾਰਟੀ ਦੇ ਵਫਾਦਾਰ ਕਿਸ ਤਰ੍ਹਾਂ ਬਣ ਸਕਦੇ ਹਨ ?
ਇਸ ਵਾਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿੱਚ ਜ਼ੋ ਦਲ ਬਦਲੀ ਹੋ ਰਹੀ ਹੈ ਇਸ ਨੇ ਪਿਛਲੇ ਸਾਰੇ ਰਿਕਾਰਡ ਤੋੜੇ ਦਿੱਤੇ ਹਨ ਅਤੇ ਇੱਥੇ ਕੁਝ ਕੁ ਉਦਾਹਰਣਾਂ ਆਪ ਜੀ ਦੇ ਸਨਮੁੱਖ ਪੇਸ਼ ਹਨ ਜਿਸ ਤਰ੍ਹਾਂ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦਾ ਮੌਜੂਦਾ ਐਮ ਪੀ ਸੁਸ਼ੀਲ ਕੁਮਾਰ ਰਿੰਕੂ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਸੀ ਅਤੇ ਹੁਣ ਇਹ ਭਾਜਪਾ ਵੱਲੋਂ ਟਿਕਟ ਲੜ ਰਿਹਾ ਹੈ ਇੱਕ ਸਾਲ ਦੇ ਅੰਦਰ ਹੀ ਤਿੰਨ ਪਾਰਟੀਆਂ ਬਦਲ ਗਿਆ ਕਾਂਗਰਸ ਦੇ ਪੰਜਾਬ ਪ੍ਰਧਾਨ ਰਹੇ ਅਤੇ ਕਾਂਗਰਸ ਵੱਲੋਂ ਐਮ ਪੀ ਰਹੇ ਮਹਿੰਦਰ ਸਿੰਘ ਕੇ ਪੀ ਅਕਾਲੀ ਦਲ ਵੱਲੋਂ ਟਿਕਟ ਲੜ ਰਹੇ ਹਨ ਅਕਾਲੀ ਦਲ ਦੇ ਐਮਐਲਏ ਅਤੇ ਅਹਿਮ ਅਹੁਦਿਆਂ ਤੇ ਰਹੇ ਪਵਨ ਟੀਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਲੜ ਰਹੇ ਹਨ ਕਮਾਲ ਦੀ ਗੱਲ ਹੈ ਕਿ ਇੱਥੇ ਕਿਸੇ ਪਾਰਟੀ ਕੋਲ ਵੀ ਆਪਣੇ ਵਰਕਰਾਂ ਦੇ ਕੇਡਰ ਵਿੱਚੋਂ ਕੋਈ ਯੋਗ ਵਰਕਰ ਨਹੀਂ ਹੈ ਜਿਸ ਨੂੰ ਟਿਕਟ ਦਿੱਤੀ ਜਾ ਸਕੇ ਕਾਂਗਰਸ ਦੇ ਸਾਬਕਾ ਐਮ ਪੀ ਰਹੇ ਚੌਧਰੀ ਸੰਤੋਖ ਸਿੰਘ ਦੀ ਧਰਮ ਪਤਨੀ ਟਿਕਟ ਨਾ ਮਿਲਣ ਕਰਕੇ ਭਾਜਪਾ ਵਿੱਚ ਸ਼ਾਮਲ ਹੋ ਗਈ ਹੈ ਜਦੋਂ ਕਿ ਉਸ ਦਾ ਪੁੱਤਰ ਵਿਕਰਮ ਚੌਧਰੀ ਅੱਜ ਵੀ ਕਾਂਗਰਸ ਵੱਲੋਂ ਐਮ ਐਲ ਏ ਹੈ ਇਸ ਹਲਕੇ ਤੋਂ ਇਕੱਲੇ ਚਰਨਜੀਤ ਸਿੰਘ ਚੰਨੀ ਹੀ ਅਜਿਹੇ ਨੇਤਾ ਹਨ ਜੋ ਕਾਂਗਰਸੀ ਹੋ ਕੇ ਕਾਂਗਰਸ ਵੱਲੋਂ ਟਿਕਟ ਲੜ ਰਹੇ ਹਨ ਰਾਜ ਕੁਮਾਰ ਚੱਬੇਵਾਲ ਕਾਂਗਰਸ ਦੇ ਮੌਜੂਦਾ ਵਿਧਾਇਕ ਸਨ ਅਤੇ ਉਨ੍ਹਾਂ ਨੇ ਵੀ ਦਲਬਦਲੀ ਕਰਕੇ ਆਮ ਆਦਮੀ ਪਾਰਟੀ ਦੀ ਤਰਫੋਂ ਹੁਸ਼ਿਆਰਪੁਰ ਤੋਂ ਲੋਕ ਸਭਾ ਸੀਟ ਲੜਨ ਦਾ ਫੈਸਲਾ ਕੀਤਾ ਹੈ ਇਸੇ ਤਰ੍ਹਾਂ ਕਾਂਗਰਸ ਦੀ ਤਰਫੋਂ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹੇ ਰਵਨੀਤ ਸਿੰਘ ਬਿੱਟੂ ਵੀ ਇਸ ਵਾਰ ਦਲਬਦਲੀ ਕਰਕੇ ਲੁਧਿਆਣਾ ਲੋਕ ਸਭਾ ਸੀਟ ਤੋਂ ਭਾਜਪਾ ਵੱਲੋਂ ਚੋਣ ਲੜ ਰਹੇ ਹਨ ਇਸੇ ਤਰ੍ਹਾਂ ਪਾਰਟੀਆਂ ਬਦਲਣ ਦੇ ਮਾਹਿਰ ਮੰਨੇ ਜਾਂਦੇ ਜੀਤ ਮਹਿੰਦਰ ਸਿੰਘ ਸਿੱਧੂ ਬਠਿੰਡਾ ਤੋਂ ਕਾਂਗਰਸ ਪਾਰਟੀ ਦੀ ਤਰਫੋਂ ਚੋਣ ਲੜ ਰਹੇ ਹਨ ਇਸੇ ਤਰ੍ਹਾਂ ਪਿਛਲੇ 25-30 ਸਾਲ ਤੋਂ ਬਾਦਲ ਪਰਿਵਾਰ ਨਾਲ ਗੂਹੜੇ ਸੰਬੰਧ ਰੱਖਣ ਵਾਲੇ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਵੀ ਬਠਿੰਡੇ ਤੋਂ ਭਾਜਪਾ ਦੀ ਤਰਫੋਂ ਚੋਣ ਮੈਦਾਨ ਵਿੱਚ ਹੈ ।
ਦਲਬਦਲੀ ਭਾਵੇਂ ਧਰਮਵੀਰ ਗਾਂਧੀ ਨੇ ਵੀ ਕੀਤੀ ਹੈ ਪਰ ਸਭ ਨੂੰ ਪਤਾ ਹੈ ਕਿ ਧਰਮਵੀਰ ਗਾਂਧੀ ਦਾ ਮਨੋਰਥ ਕੋਈ ਲੁੱਟ ਖਸੁੱਟ ਕਰਨਾ ਨਹੀਂ ਹੈ ਅਤੇ ਇਨ੍ਹਾਂ ਦੀ ਪਿਛਲੀ ਕਾਰਗੁਜ਼ਾਰੀ ਵੀ ਸਭ ਦੇ ਸਾਹਮਣੇ ਹੀ ਹੈ ਕਿ ਇੰਨਾਂ ਦੀ ਭਗਵੰਤ ਮਾਨ ਅਤੇ ਕੇਜਰੀਵਾਲ ਨਾਲ ਨਾਂ ਬਣਨ ਦਾ ਕੀ ਕਾਰਨ ਸੀ ਕਿਉਂਕਿ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਕਹਿਣੀ ਅਤੇ ਕਰਨੀ ਵਿੱਚ ਦਿਨ ਰਾਤ ਦਾ ਫ਼ਰਕ ਸੀ ਜਿਸ ਨੂੰ ਹਰ ਇੱਕ ਜ਼ਮੀਰ ਵਾਲੇ ਬੰਦੇ ਲਈ ਬਰਦਾਸ਼ਤ ਕਰਨਾ ਉਸ ਦੇ ਵੱਸ ਦਾ ਰੋਗ ਨਹੀਂ ਹੁੰਦਾ
ਸੋ ਪੰਜਾਬੀਓ ਤੁਹਾਡੇ ਕੋਲ ਸਮਾਂ ਪੰਜ ਸਾਲ ਬਾਅਦ ਇੱਕ ਵਾਰ ਆਉਂਦਾ ਹੈ ਇਹ ਤੁਸੀਂ ਵੇਖਣਾ ਹੈ ਕਿ ਚੰਗਾ ਮਾੜਾ ਕੌਣ ਹੈ ਸੋ ਇਸ ਸਮੇਂ ਜਿਨ੍ਹਾਂ ਨੇ ਵੀ ਕੁਰਸੀਆਂ ਦੀ ਝਾਕ ਵਿੱਚ ਆਪੋ ਆਪਣੀ ਪਾਰਟੀ ਤੇ ਵਰਕਰਾਂ ਨਾਲ ਧੋਖਾ ਕੀਤਾ ਹੈ ਉਨ੍ਹਾਂ ਨੂੰ ਹਰਾ ਕੇ ਸਬਕ ਸਿਖਾਉਣ ਦੀ ਸਖ਼ਤ ਲੋੜ ਹੈ ਤਾਂ ਕਿ ਅੱਗੇ ਤੋਂ ਕਿਸੇ ਵੀ ਪਾਰਟੀ ਦਾ ਨੇਤਾ ਐਨ ਮੌਕੇ ਤੇ ਆਪਣੀ ਪਾਰਟੀ ਅਤੇ ਵਰਕਰਾਂ ਨੂੰ ਧੋਖਾ ਦੇਣ ਦਾ ਹੀਆ ਨਾ ਕਰ ਸਕੇ ਕਿਉਂਕਿ ਅਜਿਹੇ ਮੌਕਾਪ੍ਰਸਤਾਂ ਤੋਂ ਪਾਰਟੀ ਜਾਂ ਸੂਬੇ ਦੇ ਕਿਸੇ ਭਲੇ ਦੀ ਆਸ ਵੀ ਨਹੀਂ ਕੀਤੀ ਜਾ ਸਕਦੀ ।
ਹਰਮੀਤ ਸਿੰਘ ਮਹਿਰਾਜ
-ਮੋਬਾ: 98786-91567