ਮਨੁੱਖ ਆਪਣੇ ਆਪ ਨੂੰ ਤਨਾਅ ਮੁੱਕਤ ਤੇ ਖੁਸ਼ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਬਹੁਤ ਸਾਰੀਆਂ ਖੁਸ਼ੀਆਂ ਦੀਆਂ ਉਮੀਦਾਂ ਸਮਾਜ ਆਪਣੇ ਪਰਿਵਾਰ ਬੱਚਿਆਂ ਆਦਿ ਤੋਂ ਵੀ ਰੱਖਦਾ ਹੈ। ਪਰੰਤੂ ਜਦ ਇਹ ਉਮੀਦਾਂ ਪੂਰੀਆਂ ਨਹੀ ਹੁੰਦੀਆਂ ਤਾਂ ਦੁੱਖੀ ਹੋ ਜਾਂਦਾ ਹੈ। ਮਨੁੱਖ ਬਿਰਤੀ ਦੀ ਇਕ ਵੱਡੀ ਬੁਰਾਈ ਇਹ ਹੈ ਕਿ ਮਨੁੱਖ ਸਮੁੱਚੀ ਦੁਨੀਆ ਨੂੰ ਆਪਣੇ ਨਜ਼ਰੀਏ ਨਾਲ ਦੇਖਦਾ ਹੈ ਅਤੇ ਲੋਕਾਂ ਦਾ ਮੂਲਅੰਕਣ ਆਪਣੇ ਸੁਭਾਅ ਅਨੁਸਾਰ ਕਰਦਾ ਹੈ। ਆਪਣੀ ਸੋਚ ਅਨੁਸਾਰ ਲੋਕਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਸਹੀ ਗਲਤ ਸਾਬਤ ਕਰਨ ਤੇ ਲੱਗਾ ਰਹਿੰਦਾ ਹੈ ਅਤੇ ਉਸ ਨੂੰ ਸਮਾਜ ਤੇ ਆਪਣਾ ਪਰਿਵਾਰ ਬਹੁਤ ਕੁਝ ਗਲਤ ਤੇ ਫਜ਼ੂਲ ਕਰਦਾ ਪ੍ਰਤੀਤ ਹੁੰਦਾ ਹੈ। ਜਦ ਕਿ ਇਸ ਦੁਨੀਆ ਵਿੱਚ ਹਰੇਕ ਮਨੁੱਖ ਦੀ ਸ਼ਕਲ ਤੇ ਅਕਲ ਕੁਦਰਤ ਦੀ ਦੇਣ ਹੈ ਅਤੇ ਕਿਸੇ ਵੀ ਮਨੁੱਖ ਦੀ ਸ਼ਕਲ ਤੇ ਅਕਲ ਪੂਰੀ ਤਰ੍ਹਾਂ ਇੱਕ ਦੂਸਰੇ ਨਾਲ ਮੇਲ ਨਹੀ ਖਾਂਦੀ। ਫਿਰ ਕੰਮ ਵੀ ਇਕੋਂ ਜਿਹੇ ਕਿਵੇਂ ਹੋ ਸਕਦੇ ਹਨ। ਜੇਕਰ ਸਭ ਦੀ ਸੋਚ ਤੇ ਸੁਭਾਅ ਇਕੋਂ ਜਿਹੇ ਹੁੰਦੇ ਤਾਂ ਇਹ ਦੁਨੀਆ ਚਲ ਹੀ ਨਹੀਂ ਸੀ ਸਕਦੀ। ਮਨੁੱਖ ਆਪਣੀ ਸੋਚ ਅਨੁਸਾਰ ਦੂਸਰਿਆਂ ਦੀਆਂ ਜਿੰਦਗੀਆਂ ਦੇ ਫੈਸਲੇ ਕਰਨ ਲੱਗ ਪੈਂਦਾ ਹੈ। ਉਸ ਨੂੰ ਲੱਗਦਾ ਹੈ ਕਿ ਜੋ ਕੰਮ ਮੇਰੇ ਲਈ ਫਾਇਦੇਮੰਦ ਹੈ ਉਹ ਦੂਸਰੇ ਲਈ ਵੀ ਹੋਵੇਗਾ। ਪਰ ਇਹ ਜ਼ਰੂਰੀ ਨਹੀ। ਹਰ ਮਨੁੱਖ ਦਾ ਆਪਣਾ ਇੱਕ ਦਾਇਰਾ (ਖੇਤਰ) ਹੁੰਦਾ ਹੈ। ਉਸ ਨੂੰ ਆਪਣੇ ਖੇਤਰ ਬਾਰੇ ਜਾਣਕਾਰੀ ਤੇ ਤਜ਼ਰਬਾ ਹੋ ਸਕਦਾ ਹੈ ਪਰ ਜਰੂਰੀ ਨਹੀ ਕਿ ਦੂਸਰੇ ਦੇ ਕੰਮ-ਕਾਜ ਹਲਾਤਾਂ ਆਦਿ ਬਾਰੇ ਬਹੁਤੀ ਜਾਣਕਾਰੀ ਹੋਵੇ। ਸਮੇਂ ਦੇ ਗੁਜਰਨ ਨਾਲ ਮਨੁੱਖ ਦੀਆਂ ਲੋੜਾਂ, ਸਮਝਣ ਸ਼ਕਤੀ, ਸੁਭਾਅ, ਕੰਮ ਕਰਨ ਦਾ ਢੰਗ ਆਦਿ ਸਭ ਬਦਲ ਜਾਂਦੇ ਹਨ। ਬਹੁਤ ਕੁਝ ਉਹ ਦੇਖਣ ਨੂੰ ਮਿਲਦਾ ਹੈ ਜਿਸ ਦੀ ਕਦੀ ਕਲਪਨਾ ਵੀ ਨਹੀ ਕੀਤੀ ਹੁੰਦੀ। ਕੁਦਰਤ ਦਾ ਨਿਯਮ ਵੀ ਬਦਲਾਅ ਹੀ ਹੈ। ਜੇਕਰ ਤੁਸੀਂ ਖੁਸ਼ ਤੇ ਤਨਾਅ ਮੁਕਤ ਰਹਿਣਾ ਚਾਹੁੰਦੇ ਹੋ ਤਾਂ ਦੂਸਰਿਆਂ ਬਾਰੇ ਬਹੁਤਾ ਸੋਚਣਾ - ਫਿਕਰ ਕਰਨਾ, ਦੂਸਰਿਆਂ ਤੋਂ ਬਹੁਤੀਆਂ ਉਮੀਦਾਂ ਕਰਨੀਆਂ, ਬਿਨਾਂ ਮੰਗਿਆ ਸਲਾਹ ਦੇਣ ਆਦਿ ਤੋਂ ਪ੍ਰਹੇਜ ਕਰਨਾ ਜਰੂਰੀ ਹੈ।
ਆਪਣੇ ਕੰਮ ਵੱਧ ਤੋਂ ਵੱਧ ਆਪ ਕਰਨ ਦੀ ਆਦਤ ਪਾਉ। ਆਪਣਾ ਖਿਆਲ ਆਪ ਰੱਖੋ। ਆਪਣੀ ਜਿੰਦਗੀ ਨੂੰ ਇਮਾਨਦਾਰੀ ਨਾਲ ਜੀੳ। ਝੂਠ ਬੋਲਣ ਤੇ ਵੱਧ ਤੋਂ ਵੱਧ ਪ੍ਰਹੇਜ ਕਰੋ। ਖੁਸ਼ ਰਹਿਣ ਤੇ ਹੱਸਣ ਦੀ ਆਦਤ ਪਾਉ। ਬਨਾਵਟੀ ਦਿਖਾਵੇ ਤੋਂ ਬਚੋ। ਵੱਧ ਤੋਂ ਵੱਧ ਕੁਦਰਤ ਨਾਲ ਜੁੜ ਕੇ ਰਹੋ। ਜੇਕਰ ਅਸੀ ਇਹਨਾ ਚੰਗਿਆਈਆਂ ਦੇ ਧਾਰਨੀ ਹੋਵਾਗੇ ਤਾਂ ਅਸੀ ਆਤਮਿਕ ਤੋਰ ਤੇ ਮਜਬੂਰ ਤੇ ਖੁਸ਼ੀ ਮਹਿਸੂਸ ਕਰਾਂਗੇ। ਮਨੁੱਖ ਦਾ ਸਭ ਤੋ ਵੱਡਾ ਦੋਸਤ ਤੇ ਦੁਸ਼ਮਣ ਉਸ ਦਾ ਆਪਣਾ ਸੁਭਾਅ ਹੀ ਹੁੰਦਾ ਹੈ। ਅਸੀਂ ਹਰ ਗੱਲ ਦੇ ਆਪਣੇ ਸੁਭਾਅ ਅਨੁਸਾਰ ਮਤਲਬ ਕੱਢਦੇ ਹੋਏ ਖੁਸ਼ੀ ਗਮੀ ( ਦੁੱਖ) ਆਦਿ ਮਹਿਸੂਸ ਕਰਦੇ ਹਾਂ। ਲੋੜ ਹੈ ਆਪਣੇ ਸੁਭਾਅ ਨੂੰ ਥੋੜਾ ਬੇਪ੍ਰਵਾਹ ਕਰਨ ਦੀ ਤਾਂ ਜੋ ਛੋਟੀਆਂ ਛੋਟੀਆਂ ਗੱਲਾਂ ਤਨਾਅ ਦਾ ਕਾਰਨ ਨਾ ਬਣਨ। ਮਨੁੱਖ ਵੱਲੋ ਜ਼ਿੰਦਗੀ ਭਰ ਕੀਤੀ ਗਈ ਮਿਹਨਤ ਜੱਦੋ-ਜਹਿਦ ਤੇ ਪ੍ਰਾਪਤੀਆਂ ਇਕ ਸਮੇਂ ਤੇ ਆ ਕੇ ਬਹੁਤ ਹੱਦ ਤੱਕ ਫਜੂਲ ਤੇ ਵਿਅਰਥ ਲੱਗਣ ਲੱਗ ਪੈਂਦੀਆਂ ਹਨ। ਮਨੁੱਖ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦਾ ਬਹੁਤਾਂ ਸਮਾਂ ਉਹਨਾਂ ਦੁਨਿਆਵੀ ਚੀਜ਼ਾਂ ਵਸਤੂਆਂ ਆਦਿ ਬਾਬਤ ਗਵਾਅ ਲਿਆ ਜਿੰਨ੍ਹਾਂ ਤੋਂ ਬਿਨਾ ਵੀ ਜ਼ਿੰਦਗੀ ਵਧੀਆ ਚਲ ਸਕਦੀ ਸੀ । ਸੋ ਸਾਡੇ ਜੀਵਨ ਦਾ ਮਕਸਦ ਅਨੰਦ ਤੇ ਖੁਸ਼ੀ ਹੋਣਾ ਚਾਹੀਦਾ ਹੈ ਨਾ ਕਿ ਫਜੂਲ ਦੇ ਫਿਕਰ ਤੇ ਭੱਜ ਦੌੜ।
ਗੁਰਿੰਦਰ ਕਲੇਰ
-ਮੋਬਾ: 9914538888