Wednesday, January 22, 2025  

ਲੇਖ

ਯੂਕਰੇਨ ਤੇ ਇਜ਼ਰਾਈਲ ਜੰਗ ਦੇ ਸਮਾਨਅੰਤਰ ਉਭਰ ਰਹੀ ਬਹੁ-ਧਰੁਵੀ ਵਿਸ਼ਵ-ਵਿਵਸਥਾ

April 27, 2024

ਯੂਕਰੇਨ ਅਤੇ ਇਜ਼ਰਾਈਲ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਇਹ ਪ੍ਰਭਾਵ ਦੇ ਰਹੀਆਂ ਹਨ ਕਿ ਅਮਰੀਕਾ ਲਈ ਇਹ ਸੰਪਤੀ ਨਾਲੋਂ ਜ਼ਿਆਦਾ ਦੇਣਦਾਰੀ ਬਣਦੇ ਨਜ਼ਰ ਆ ਰਹੇ ਹਨ। ਹੁਣੇ ਹੁਣੇ ਅਮਰੀਕੀ ਕਾਂਗਰਸ ਨੇ ਯੂਕਰੇਨ ਅਤੇ ਇਜ਼ਰਾਈਲ ਲਈ 95 ਬਿਲੀਅਨ (ਅਰਬ) ਡਾਲਰ ਸਹਾਇਤਾ ਦੇਣ ਦਾ ਮਤਾ ਪਾਸ ਕੀਤਾ ਹੈ, ਇਸ ਵਿੱਚੋਂ 61 ਬਿਲੀਅਨ ਡਾਲਰ ਯੂਕਰੇਨ ਲਈ ਹੈ, ਅਮਰੀਕਾ ਇਹ ਸੋਚਦਾ ਸੀ ਕਿ ਯੂਰਪ ਵਿੱਚ ਯੂਕਰੇਨ ਅਤੇ ਮੱਧ ਪੂਰਬ ਵਿੱਚ ਇਜ਼ਰਾਈਲ ਉਸਦੀ ਵੱਡੀ ਮਲਕੀਅਤ (ਐਸੇਟਸ) ਹਨ, ਅਮਰੀਕਾ ਯੂਰਪ ਵਿੱਚ ਯੂਕਰੇਨ ਨੂੰ ਰੂਸ ਵਿਰੁੱਧ ਪਰੌਕਸੀ ਯੁੱਧ ਵਜੋਂ ਵਰਤ ਕੇ ਰੂਸ ਨੂੰ ਕਮਜ਼ੋਰ ਕਰ ਸਕਦਾ ਸੀ ਪਰੰਤੂ ਹਾਲੇ ਤੱਕ ਯੂਕਰੇਨ ਨੂੰ ਬਹੁਤ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਕਰੇਨ ਨੂੰ ਹੋਰ ਸਹਾਇਤਾ ਅਤੇ ਹਥਿਆਰ ਲੜਾਈ ਨੂੰ ਲੰਬਾ ਤਾਂ ਪਾ ਸਕਦਾ ਹੈ ਅਤੇ ਯੂਕਰੇਨ ਦੀ ਹੋਰ ਬਰਬਾਦੀ ਤਾਂ ਕਰ ਸਕਦਾ ਹੈ ਪਰੰਤੂ ਰੂਸ ਨੂੰ ਹਰਾ ਨਹੀਂ ਸਕਦਾ। ਰੂਸ ਨੂੰ ਅਕਸਰ ਪੱਛਮੀ ਦੇਸ਼ ਰਿੱਛ (ਬੇਅਰ) ਕਹਿੰਦੇ ਹਨ। ਅਮਰੀਕਾ ਤੇ ਪੱਛਮੀ ਦੇਸ਼ਾਂ ਨਾਲ ਜੋ ਯੂਕਰੇਨ ਵਿੱਚ ਮਾੜਾ ਹੋ ਰਿਹਾ ਹੈ, ਉਸ ਬਾਰੇ ਇਕ ਚੁਟਕਲਾ ਸੁਣਨ ਨੂੰ ਮਿਲਿਆ ਹੈ। ਇਕ ਸ਼ਿਕਾਰੀ ਬੰਦੂਕ ਲੈ ਕੇ ਰਿੱਛ ਦਾ ਸ਼ਿਕਾਰ ਕਰਨ ਗਿਆ, ਉਸ ਨੇ ਰਿੱਛ ਨੂੰ ਦੇਖ ਕੇ ਗੋਲੀ ਮਾਰੀ ਅਤੇ ਸਮਝਿਆ ਕਿ ਰਿੱਛ ਮਰ ਗਿਆ ਹੈ, ਜਦੋਂ ਉਹ ਜਿਥੇ ਰਿੱਛ ਪਿਆ ਸੀ, ਉਥੇ ਪਹੁੰਚਿਆ ਤਾਂ ਰਿੱਛ ਨੇ ਉਸ ਨੂੰ ਫੜ ਲਿਆ ਅਤੇ ਕਿਹਾ ਤੂੰ ਚੁਣ ਲੈ ਜਾਂ ਤਾਂ ਮੈਂ ਤੈਨੂੰ ਮਾਰ ਸਕਦਾ ਹਾਂ ਜਾਂ ਮੈਂ ਤੇਰਾ ਬਲਾਤਕਾਰ ਕਰਾਂਗਾ। ਸ਼ਿਕਾਰੀ ਦੂਜੇ ਦਿਨ ਫਿਰ ਉਸ ਤੋਂ ਵੀ ਵੱਡੀ ਬੰਦੂਕ ਲੈ ਕੇ ਜਾਂਦਾ ਹੈ ਅਤੇ ਰਿੱਛ ’ਤੇ ਗੋਲੀ ਚਲਾਉਂਦਾ ਹੈ ਪਰੰਤੂ ਫਿਰ ਪਹਿਲੇ ਦਿਨ ਵਾਲੀ ਸਥਿਤੀ ਬਣ ਜਾਂਦੀ ਹੈ, ਤੀਸਰੇ ਦਿਨ ਸ਼ਿਕਾਰੀ ਬਜੂਕਾਂ ਲੈ ਕੇ ਜਾਂਦਾ ਹੈ, ਪਰੰਤੂ ਗੋਲੀ ਚਲਾਉਣ ਤੋਂ ਪਹਿਲਾਂ ਹੀ ਰਿੱਛ ਉਸ ਨੂੰ ਮਿਲ ਕੇ ਕਹਿੰਦਾ ਹੈ ਕਿ ਮੈਨੂੰ ਨਹੀਂ ਲਗਦਾ ਕਿ ਤੂੰ ਮੇਰਾ ਸ਼ਿਕਾਰ ਕਰਨ ਆਉਂਦਾ ਹੈ। ਅਮਰੀਕਾ ਤੇ ਪੱਛਮੀ ਦੇਸ਼ ਯੂਕਰੇਨ ਨੂੰ ਜਿੰਨਾ ਮਰਜ਼ੀ ਪੈਸਾ ਤੇ ਵੱਡੇ ਹਥਿਆਰ ਦੇ ਦੇਣ ਪਰੰਤੂ ਉਨ੍ਹਾਂ ਨੂੰ ਬੇਇਜਤੀ ਤੋਂ ਬਿਨ੍ਹਾਂ ਹੋਰ ਕੁੱਝ ਨਹੀਂ ਮਿਲਣਾ।
ਅਮਰੀਕਾ ਤੇ ਪੱਛਮੀ ਦੇਸ਼ਾਂ ਦਾ ਮੱਧ ਪੂਰਬ ਵਿੱਚ ਇਜ਼ਰਾਈਲ ਦੇਸ਼ ਬਣਾਉਣ ਦਾ ਮੁੱਖ ਕਾਰਨ ਤੇਲ ਦੇ ਵੱਡੇ ਜਖੀਰਿਆ ਵਾਲੇ ਅਰਬ ਅਤੇ ਮੁਸਲਮਾਨ ਦੇਸ਼ਾਂ ਦੇ ਇਲਾਕੇ ਵਿੱਚ ਇਕ ਵੱਡਾ ਫੌਜੀ ਅੱਡਾ ਸਥਾਪਿਤ ਕਰਨਾ ਸੀ, ਜਿਸ ਨਾਲ ਹਮੇਸ਼ਾਂ ਉਨ੍ਹਾਂ ਨੂੰ ਕਾਬੂ ਵਿੱਚ ਰੱਖਿਆ ਜਾ ਸਕੇ। ਪਰੰਤੂ ਹੁਣ ਦਿਨੋ ਦਿਨ ਮੁਕਾਬਲਤਨ ਇਜ਼ਰਾਈਲ ਕਮਜ਼ੋਰ ਹੋ ਰਿਹਾ ਹੈ ਅਤੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਦਾ ਰਸੂਖ ਘਟ ਜਾ ਰਿਹਾ ਹੈ। ਹੁਣ ਇਜ਼ਰਾਈਲ ਰਾਹੀਂ ਦੂਜੇ ਦੇਸ਼ਾਂ ਤੇ ਦਬਾਅ ਬਣਾਏ ਰੱਖਣ ਨਾਲੋਂ ਇਜ਼ਰਾਈਲ ਦੀ ਹੋਂਦ ਨੂੰ ਬਚਾਉਣਾ ਹੀ ਅਮਰੀਕਾ ਤੇ ਪੱਛਮੀ ਦੇਸ਼ਾਂ ਲਈ ਵੱਡੀ ਚੁਣੌਤੀ ਬਣ ਗਿਆ ਹੈ। ਪਹਿਲਾਂ ਕਿਸੇ ਸਮਾਜ ਜਾਂ ਮੁਸਲਮਾਨ ਦੇਸ਼ ਦੀ ਇੰਨੀ ਸਮਰਥਾ ਨਹੀਂ ਸੀ ਕਿ ਉਹ ਇਜ਼ਰਾਈਲ ਤੇ ਹਮਲਾ ਕਰ ਸਕਦਾ, ਭਾਵੇਂ ਕਿ ਇਰਾਕ ਦੇ ਪ੍ਰਧਾਨ ਸੱਦਾਮ ਹੁਸੈਨ ਨੇ ਇਜ਼ਰਾਈਲ ਤੇ ਸਕੱਡ ਮਿਸਾਈਲਾਂ ਸੁੱਟੀਆਂ ਪਰੰਤੂ ਇਸ ਬਾਰੇ ਮੀਡੀਆ ਨੇ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ । ਪਰੰਤੂ ਹੁਣ ਇਜ਼ਰਾਈਲ ਤੇ ਲਗਾਤਾਰ ਰਾਕਟਾਂ, ਡਰੋਨਾਂ ਅਤੇ ਮਿਸਾਈਲਾਂ ਨਾਲ ਹਮਲੇ ਹੋਣ ਦੀ ਗੱਲ ਚਲਦੀ ਰਹਿੰਦੀ ਹੈ। ਈਰਾਨ ਨੇ ਇਜ਼ਰਾਈਲ ’ਤੇ ਇਕ ਵੱਡੇ ਪੱਧਰ ਦਾ ਮਿਸਾਈਲਾਂ ਅਤੇ ਡਰੋਨਾਂ ਨਾਲ ਹਮਲਾ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਹੁਣ ਇਜ਼ਰਾਈਲ ’ਤੇ ਵੱਡਾ ਹਮਲਾ ਕੀਤਾ ਜਾ ਸਕਦਾ ਹੈ। ਭਾਵੇਂ ਕਿ ਈਜ਼ਰਾਨ ਇਸ ਹਮਲੇ ਵਿੱਚ ਇਜ਼ਰਾਈਲ ਦੀ ਵੱਡੀ ਤਬਾਹੀ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਹਮਲਾ ਕਰਨ ਜਾ ਰਿਹਾ ਹੈ। ਪਰੰਤੂ ਹੁਣ ਈਰਾਨ ਨੇ ਇਹ ਐਲਾਨ ਕੀਤਾ ਹੈਕਿ ਜੇ ਇਜ਼ਰਾਈਲ ਨੇ ਇਰਾਨ ’ਤੇ ਹਮਲਾ ਕੀਤਾ ਤਾਂ ਇਜ਼ਰਾਈਲ ਨੂੰ ਪੂਰੀ ਤਰ੍ਹਾਂ ਤਬਾਹ ਕੀਤਾ ਜਾਏਗਾ, ਸਵਾਲ ਇਹ ਹੈ ਕਿ ਕੀ ਇਰਾਨ ਦੀ ਇਹ ਚਿਤਾਵਨੀ ਯਥਾਰਥ ਦੇ ਨੇੜੇ ਹੈ ਜਾਂ ਇਕ ਵਧਾਇਆ ਚੜਾਇਆ ਦਾਅਵਾ ਹੈ। ਜਿਥੋਂ ਤੱਕ ਮੈਨੂੰ ਲਗਦਾ ਹੈ ਕਿ ਇਹ ਦਾਅਵਾ ਬਿਲਕੁੱਲ ਯਥਾਰਥਵਾਦੀ ਹੈ, ਇਰਾਨ ਹੁਣ ਇਜ਼ਰਾਈਲ ਨੂੂੰ ਪੂਰੀ ਤਰ੍ਹਾਂ ਤਬਾਹ ਕਰ ਸਕਦਾ ਹੈ। ਪਰੰਤੂ ਉਸ ਨੂੰ ਇਹ ਸੋਚਣਾ ਪਏਗਾ ਕਿ ਅਮਰੀਕਾ ਵੀ ਇਰਾਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਸਕਦਾ ਹੈ। ਪਰੰਤੂ ਕੀ ਅਮਰੀਕਾ ਨੂੰ ਵੀ ਇਰਾਨ ਕੋਈ ਨੁਕਸਾਨ ਪਹੁੰਚਾ ਸਕਦਾ ਹੈ? ਪਹਿਲਾਂ ਇਹ ਸੁਣਨ ਵਿੱਚ ਆਇਆ ਸੀ ਕਿ ਇਰਾਨ ਨੇ 10 ਲੱਖ ਮਰਜੀਵੜਿਆਂ ਦੀ ਇਕ ਫੌਜ ਤਿਆਰ ਕੀਤੀ ਹੋੲਂੀ ਹੈ ਜੋ ਕਿ ਸਾਰੇ ਸੰਸਾਰ ਵਿੱਚ ਫੈਲੀ ਹੋਈ ਹੈ, ਜੇ ਅਮਰੀਕਾ ਇਰਾਨ ਨੂੰ ਪੂਰੀ ਤਰ੍ਹਾਂ ਤਬਾਹ ਵੀ ਕਰ ਦਿੰਦਾ ਹੈ ਤਾਂ ਇਹ ਮਰਜੀਵਾੜੇ ਸੰਸਾਰ ਭਰ ਵਿੱਚ ਅਮਰੀਕਾ ਹਿੱਤਾਂ ਨੂੰ ਨੁਕਸਾਨ ਪਹੁੰਚਾਉਣਗੇ। ਜ਼ਾਹਿਰ ਹੈ ਕਿ ਅਮਰੀਕਾ ਦਾ ਵੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਸਥਿਤੀ ਨਾਲ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਹੁਣ ਅਮਰੀਕਾ ਇਜ਼ਰਾਈਲ ਨੂੰ ਇਰਾਨ ਵਰਗੇ ਦੇਸ਼ਾਂ ਤੇ ਦਬਾਅ ਪਾਉਣ ਲਈ ਨਹੀਂ ਵਰਤ ਸਕਦਾ। ਅਮਰੀਕਾ ਨੇ ਇਜ਼ਰਾਈਲ ਤੇ ਪੂਰਾ ਦਬਾਅ ਪਾਇਆ ਸੀ ਕਿ ਉਹ ਇਰਾਨ ਨਾਲ ਲੜਾਈ ਨਾ ਵਧਾਏ, ਕਿਉਂਕਿ ਅਜਿਹੀ ਸਥਿਤੀ ਵਿੱਚ ਅਮਰੀਕਾ ਕੋਲ ਬਹੁਤ ਮੁਸ਼ਕਿਲ ਚੋਣਾਂ ਹਨ।
ਹੁਣੇ ਹੁਣੇ ਅਮਰੀਕਾ ਵਿੱਚ ਰੂਸ ਦੇ ਰਾਜਦੂਤ (ਸਫੀਰ) ਨੇ ਬਿਆਨ ਦਿੱਤਾ ਹੈ ਕਿ ਹੁਣ ਜੋ ਅਮਰੀਕਾ ਨੇ ਯੂਕਰੇਨ ਨੂੰ ਲੰਬੇ ਫਾਸਲੇ ਤੱਕ ਮਾਰ ਕਰਨ ਵਾਲੀਆਂ ਮਿਸਾਈਲਾਂ ਦਿੱਤੀਆਂ ਹਨ ਜੋ ਕਰੀਮੀਆਂ ਤੱਕ ਪਹੁੰਚ ਸਕਦੀਆਂ ਹਨ, ਵੀ ਲੜਾਈ ਦਾ ਪਾਸਾ ਨਹੀਂ ਪਰਤ ਸਕਣਗੀਆਂ। ਦੂਜੇ ਸ਼ਬਦਾਂ ਵਿੱਚ ਰੂਸ ਦੀ ਜਿੱਤ ’ਤੇ ਯੂਕਰੇਨ ਦੀ ਹਾਰ ਹੁਣ ਯਕੀਨ ਹੈ। ਪਰੰਤੂ ਅਜਿਹਾ ਕਰਕੇ ਅਮਰੀਕਾ ਆਪਣੀਆਂ ਕਹੀਆਂ ਗੱਲਾਂ ਤੋਂ ਮੁਕਰ ਰਿਹਾ ਹੈ। ਅਮਰੀਕਾ ਨੇ ਕਿਹਾ ਸੀ ਕਿ ਉਹ ਯੂਕਰੇਨ ਨੂੰ ਸਿਰਫ ਉਹ ਹਥਿਆਰ ਹੀ ਦਵੇਗਾ ਜੋ ਬਚਾਅ (ਡੀਫੈਂਸ) ਲਈ ਜ਼ਰੂਰੀ ਹਨ ਪਰੰਤੂ ਉਸ ਨੂੰ ਲੰਬੇ ਫਾਸਲੇ ਤੱਕ ਮਾਰ ਕਰਨ ਵਾਲੇ ਹਥਿਆਰ ਨਹੀਂ ਦਏਗਾ। ਰੂਸੀ ਰਾਜਦੂਤ ਨੇ ਕਿਹਾ ਕਿ ਅਮਰੀਕਾ ਅਜਿਹਾ ਕਰਕੇ ਯੂਕਰੇਨ ਨੂੰ ਤਾਂ ਨਹੀਂ ਜਿੱਤਾ ਸਕਦਾ ਪਰੰਤੂ ਆਪ ਅਜਿਹੀ ਦਲਦਲ ਵਿੱਚ ਫਸ ਸਕਦਾ ਹੈ, ਜਿਸ ਵਿਚੋਂ ਉਸ ਨੂੰ ਨਿਕਲਣਾ ਬਹੁਤ ਮੁਸ਼ਕਿਲ ਹੋ ਜਾਏਗਾ। ਜ਼ਾਹਿਰ ਹੈ ਕਿ ਇਸ ਵੇਲੇ ਅਮੀਰਕਾ ਯੂਰਪ ਅਤੇ ਮੱਧ ਪੂਰਬ ਵਿੱਚ ਬਹੁਤ ਕਸੂਤੀ ਸਥਿਤੀ ਵਿੱਚ ਫਸ ਚੁੱਕਾ ਹੈ। ਯੂਕਰੇਨ ਅਤੇ ਇਜ਼ਰਾਈਲ ਦੋਨੋ ਹੀ ਅਮਰੀਕਾ ਲਈ ਮਲਕੀਅਤ (ਐਸੇਟ) ਨਾਲੋਂ ਦੇਣਦਾਰੀ (ਲਾਇਅਬਿਲਟੀ) ਜ਼ਿਆਦਾ ਬਣ ਚੁੱਕੇ ਹਨ।
ਯੂਰਪ ਅਤੇ ਮੱਧ ਪੂਰਬ ਵਿੱਚ ਅਮਰੀਕਾ ਦਾ ਟਕਰਾਅ ਮੁੱਖ ਤੌਰ ’ਤੇ ਰੂਸ ਨਾਲ ਹੈ, ਪਰੰਤੂ ਏਸ਼ੀਆ ਪੈਸੇਫਿਕ ਖੇਤਰ ਵਿੱਚ ਅਮਰੀਕਾ ਚੀਨ ਨਾਲ ਪੰਗਾ ਲੈ ਰਿਹਾ ਹੈ। ਅਮਰੀਕਾ ਚੀਨ ਵਿਰੁੱਧ ਇਸ ਖਿੱਤੇ ਵਿੱਚ ਦੇਸ਼ਾਂ ਨੂੰ ਲਾਮਬੰਦ ਕਰਦਾ ਨਜ਼ਰ ਆ ਰਿਹਾ ਹੈ। ਅੱਜ ਕੱਲ, ਖਾਸ ਕਰਕੇ ਫਿਲਿਪਾਈਨਜ਼ ਨੂੰ, ਚੀਨ ਵਿਰੁੱਧ ਖੜ੍ਹਾ ਕਰਨ ਦੀ ਤਿਆਰੀ ਹੋ ਰਹੀ ਹੈ। ਤੈਵਾਨ ਨੂੰ ਪਹਿਲਾਂ ਹੀ ਅਮਰੀਕਾ ਨੇ ਚੀਨ ਵਿਰੁੱਧ ਕਾਫੀ ਚੁੱਕਿਆ ਹੋਇਆ ਹੈ। ਲਗਦਾ ਹੈ ਕਿ ਯੂਰਪ ਅਤੇ ਮੱਧ ਪੂਰਬ ਵਿੱਚ ਯੁੱਧ ਦੇ ਦੋ ਫਰੰਟ ਖੁੱਲ ਚੁੱਕੇ ਹਨ ਜੇ ਅਮਰੀਕਾ ਏਸ਼ੀਆ ਪੈਸੇਫਿਕ ਵਿੱਚ ਤੀਜਾ ਫਰੰਟ ਖੋਲ ਦੇਵੇ ਤਾਂ ਉਸ ਲਈ ਇਕੋ ਸਮੇਂ ਤਿੰਨ ਫਰੰਟਾਂ ਤੇ ਲੜਨਾ ਬਹੁਤ ਮੁਸ਼ਕਿਲ ਹੋ ਜਾਏਗਾ। ਇਸ ਦਾ ਮਤਲਬ ਇਹ ਵੀ ਹੋਏਗਾ ਕਿ ਇਕੋ ਸਮੇਂ ਰੂਸ ਦੇ ਨਾਲ ਨਾਲ ਅਮਰੀਕਾ ਨੂੰ ਚੀਨ ਨਾਲ ਵੀ ਲੜਨਾ ਪਏਗਾ। ਮੈਨੂੰ ਲਗਦਾ ਹੈ ਕਿ ਅਮਰੀਕਾ ਚੀਨ ਵਿਰੁੱਧ ਫਰੰਟ ਖੋਲਣ ਤੋਂ ਝਿੱਜਕ ਰਿਹਾ ਹੈ। ਇਕ ਪਾਸੇ ਅਮਰੀਕਾ ਚੀਨ ਨੂੰ ਉਕਸਾ ਰਿਹਾ ਹੈ, ਦੂਜੇ ਪਾਸੇ ਚੀਨ ਨਾਲ ਸਮਝੌਤਾ ਕਰਨ ਵਾਲਾ ਰੁੱਖ ਵੀ ਅਪਣਾ ਰਿਹਾ ਹੈ। ਪਹਿਲਾਂ ਅਮਰੀਕਾ ਨੇ ਆਪਣੇ ਵਿੱਤ ਮੰਤਰੀ ਜੈਨਟ ਯੈਲਨ ਨੂੰ ਚੀਨ ਨਾਲ ਗੱਲਬਾਤ ਕਰਨ ਲਈ ਚੀਨ ਭੇਜਿਆ। ਜੈਨਟ ਯੈਲਨ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਚੀਨ ਨਾਲ ਸਬੰਧ ਸੁਧਾਰਨ ਦੀ ਮੁਦੱਈ ਹੈ। ਹੁਣ ਅਮਰੀਕੀ ਵਿਦੇਸ਼ ਮੰਤਰੀ ਐਨਥੋਨੀ ਬÇਲੰਕਨ ਨੂੰ ਚੀਨ ਦੇ ਦੌਰੇ ’ਤੇ ਹਨ। ਬÇਲੰਕਨ ਵੀ ਚੀਨ ਨਾਲ ਲੜਨਾ ਨਹੀਂ ਚਾਹੁੰਦੇ। ਚੀਨ ਵਿਰੁੱਧ ਅਮਰੀਕਾ ਨੇ ਜੋ ਚਾਰ ਦੇਸ਼ਾਂ ਦਾ ਗੱਠਜੋੜ (ਕੁਆਰਡ) ਬਣਾਉਣ ਦਾ ਯਤਨ ਕੀਤਾ ਸੀ, ਉਹ ਵੀ ਮੱਠਾ ਪੈ ਰਿਹਾ ਹੈ। ਆਸਟ੍ਰੇਲੀਆ ਨੇ ਚੀਨ ਨਾਲ ਆਪਣੇ ਸਬੰਧ ਸਧਾਰਣ ਦਾ ਫੈਸਲਾ ਕਰ ਲਿਆ ਹੈ। ਭਾਰਤ ਵੀ ਚੀਨ ਨਾਲ ਲੜਨ ਲਈ ਜ਼ਿਆਦਾ ਉਤਸੁਕ ਨਜ਼ਰ ਨਹੀਂ ਆ ਰਿਹਾ। ਸਮੁੱਚੇ ਤੌਰ ’ਤੇ ਇਹ ਹੀ ਕਿਹਾ ਜਾ ਸਕਦਾ ਹੈ ਕਿ ਅਮਰੀਕਾ ਦੀ ਸਰਦਾਰੀ ਹੇਠ ਇਕ ਧਰੁਵੀ ਵਿਸ਼ਵ ਵਿਵਸਥਾ ਦੀ ਥਾਂ ’ਤੇ ਇਕ ਬਹੁਧਰੁਵੀ ਵਿਸ਼ਵ ਵਿਵਸਥਾ ਹੋਂਦ ਵਿੱਚ ਆ ਰਹੀ ਹੈ।
ਡਾ. ਸਵਰਾਜ ਸਿੰਘ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ