Wednesday, January 22, 2025  

ਲੇਖ

ਸਰਦਾਰ ਹਰੀ ਸਿੰਘ ਨਲਵਾ ਨੂੰ ਯਾਦ ਕਰਦਿਆਂ...

April 29, 2024

ਗੱਲ ਪੰਜਾਬ ਦੀ ਹੋਵੇ ਕਿਰਤ ਤੋਂ ਅਣਖਾਂ ਤੱਕ ਦਾ ਸਫ਼ਰ ਤੈਅ ਕਰਨਾ ਸਾਡੀ ਧਰਤੀ ਦੇ ਹਿੱਸੇ ਹੀ ਆਇਆ। ਜਿੱਥੇ ਯੋਧੇ,ਸੂਰਮੇ ਅਣਖਾਂ ਦੀ ਗੁੜ੍ਹਤੀ ਲੈਕੇ ਪੈਦਾ ਹੁੰਦੇ ਨੇ ਤੇ ਸ਼ਹਾਦਤਾਂ ਦਾ ਜਾਮ ਪੀਕੇ ਆਪਣੀਆਂ ਜਾਨਾਂ ਕੌਮ ਦੇ ਲੇਖੇ ਲਾ ਜਾਂਦੇ ਨੇ, ਜਦੋਂ ਇੱਥੋਂ ਦੇ ਇਤਿਹਾਸ ਦੇ ਪੰਨੇ ਸਮੇਂ-ਸਮੇਂ ’ਤੇ ਫਰੋਲੇ ਜਾਣਗੇ ਤਾਂ ਹਰ ਦਿਨ ਤੁਹਾਨੂੰ ਚੜ੍ਹਦੀ ਕਲਾ ਦਾ ਸੁਨੇਹਾ ਹੀ ਮਿਲ਼ੇਗਾ। ਚਲੋ ਹੁਣ ਆਪਾਂ ਵੀ ਨਵੀਂ ਪੀੜ੍ਹੀ ਨੂੰ ਸਰਦਾਰ ਗੁਰਦਿਆਲ ਸਿੰਘ ਉੱਪਲ ਅਤੇ ਧਰਮ ਕੌਰ ਦੇ ਘਰ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਲੈ ਚਲਦੇ ਹਾਂ,ਜਿੱਥੇ 1791 ਈ ਨੂੰ ਇੱਕ ਬੱਚੇ ਹਰੀ ਸਿੰਘ ਦਾ ਜਨਮ ਹੁੰਦਾ ਹੈ।
ਇਸ ਬੱਚੇ ਹਰੀ ਸਿੰਘ ਦੇ ਪਿਤਾ ਅਤੇ ਦਾਦਾ ਹਰੀਦਾਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਅਤੇ ਦਾਦਾ ਚੜ੍ਹਤ ਸਿੰਘ ਦੀ ਫ਼ੌਜ ਵਿੱਚ ਰਹਿਣ ਦਾ ਮਾਣ ਹਾਸਲ ਸੀ।
ਦਸ ਸਾਲ ਦੀ ਉਮਰ ਵਿੱਚ ਹਰੀ ਸਿੰਘ ਨੂੰ ਖੰਡੇ ਬਾਟੇ ਦੀ ਪਾਹੁਲ ਦਿੱਤੀ ਗਈ। ਮਾਮਿਆਂ ਕੋਲ ਰਹਿੰਦਿਆਂ ਹੀ ਜੰਗੀ ਕਸਬ ਵਿੱਚ ਮੁਹਾਰਤ ਵੀ ਪ੍ਰਾਪਤ ਕੀਤੀ। 12-13 ਸਾਲ ਦੀ ਉਮਰ ਤੱਕ ਪਹੁੰਚਦਿਆਂ ਤਲਵਾਰ ਬਾਜ਼ੀ, ਘੋੜਸਵਾਰੀ,ਨੇਜ਼ਾਬਾਜ਼ੀ ਵੀ ਚੰਗੀ ਤਰ੍ਹਾਂ ਸਿੱਖ ਲਈ ਸੀ।
ਨਲੂਆ ਜਾਂ ਨਲਵਾ ਖਿਤਾਬ ਬਾਰੇ ਬਾਬਾ ‘ਪ੍ਰੇਮ ਸਿੰਘ ਜੀ ਹੋਤੀ’ ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿੱਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿੱਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿੱਚ ਆਉਣ ਕਰਕੇ, ਇਸ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ।
‘ਮੌਲਾਨਾ ਅਹਿਮਦ ਦੀਨ’ ਆਪਣੀ ਪੁਸਤਕ ’ਮੁਕੰਮਲ ਤਾਰੀਖ- ਕਸ਼ਮੀਰ’ ਵਿੱਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ। ਇਸੇ ਤਰ੍ਹਾਂ ਮਿਸਟਰ ਐਂਨ. ਕੇ. ਸਿਨਹਾ ਆਪਣੀ ਲਿਖਤ ਤਾਰੀਖ਼ ਵਿੱਚ ਲਿਖਦਾ ਹੈ ਕਿ ਸਰਦਾਰ ਹਰੀ ਸਿੰਘ ਦੇ ਨਾਮ ਨਾਲ ਨਲਵਾ ਉੱਪ ਨਾਮ ਇਸ ਲਈ ਪ੍ਰਸਿੱਧ ਹੋ ਗਿਆ ਕਿ ਉਸ ਨੇ ਸ਼ੇਰ ਦੇ ਸਿਰ ਨੂੰ ਹੱਥਾਂ ਨਾਲ ਮਰੋੜ ਕੇ ਮਾਰ ਸੁੱਟਿਆ ਸੀ।
ਸਰਦਾਰ ਹਰੀ ਸਿੰਘ ਦੇ ਸੈਨਿਕ ਜੀਵਨ ਦਾ ਅਰੰਭ 1807 ਈ: ਵਿੱਚ ਕਸੂਰ ਦੀ ਜਿੱਤ ਨਾਲ ਹੋਇਆ। 1810 ਈ: ਵਿੱਚ ਸ. ਹਰੀ ਸਿੰਘ ਨੇ ਮੁਲਤਾਨ ਦੇ ਸ਼ਾਸਕ ਨਵਾਬ ਮੁਜ਼ੱਫ਼ਰ ਖਾਨ ਨੂੰ ਹਰਾਇਆ। ਜਿੱਥੇ 1813 ਈ: ਵਿੱਚ ਉਸ ਨੇ ਅਟਕ ਦੇ ਦੋਸਤ ਮੁਹੰਮਦ ਨੂੰ ਹਰਾ ਕੇ ਆਪਣੀ ਫੌਜੀ ਸ਼ਕਤੀ ਦਾ ਲੋਹਾ ਮੰਨਵਾਇਆ। ਉੱਥੇ 1818 ਵਿੱਚ ਮੁਲਤਾਨ, 1819 ਵਿੱਚ ਕਸ਼ਮੀਰ ਅਤੇ 1834 ਵਿੱਚ ਪਿਸ਼ਾਵਰ ਦੀ ਜਿੱਤਾਂ ਉਸ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਸਨ।
1819 ਵਿੱਚ ਕਸ਼ਮੀਰ ਨੂੰ ਖਾਲਸਾ ਰਾਜ ਵਿੱਚ ਮਿਲਾਏ ਜਾਣ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ 25 ਅਗਸਤ 1820 ਨੂੰ ਸ. ਹਰੀ ਸਿੰਘ ਨਲੂਆ ਨੂੰ ਉਥੋਂ ਦਾ ਗਵਰਨਰ ਨਿਯੁਕਤ ਕੀਤਾ। ਸ.ਹਰੀ ਸਿੰਘ ਨਲੂਆ ਨੇ ਆਪਣੇ ਸ਼ਾਸਕੀ ਪ੍ਰਬੰਧ ਦੁਆਰਾ ਉਥੋਂ ਦੇ ਲੋਕਾਂ ਨੂੰ ਅਜਿਹਾ ਸੁਚੱਜਾ ਰਾਜ ਦਿੱਤਾ ਕਿ ਮਹਾਰਾਜੇ ਨੇ ਖ਼ੁਸ਼ ਹੋਕੇ ਸ. ਹਰੀ ਸਿੰਘ ਨੂੰ ਆਪਣੇ ਨਾਮ ਦਾ ਸਿੱਕਾ ਜਾਰੀ ਕਰਨ ਦਾ ਅਧਿਕਾਰ ਦੇ ਦਿੱਤਾ। ਸ. ਹਰੀ ਸਿੰਘ ਦੇ ਨਾਮ ’ਤੇ ਜਾਰੀ ਕੀਤਾ ਗਿਆ ਸਿੱਕਾ 1890 ਈ: ਤੱਕ ਕਸ਼ਮੀਰ ਵਿੱਚ ਚੱਲਦਾ ਰਿਹਾ।
ਹਰੀ ਸਿੰਘ ਨਲਵਾ ਨੇ ਆਪਣੇ ਜੀਵਨ ਦੀ ਆਖ਼ਰੀ ਲੜਾਈ ਅਪ੍ਰੈਲ 1837 ਵਿੱਚ ਜਮਰੌਦ ਦੇ ਸਥਾਨ ’ਤੇ ਦੋਸਤ ਮੁਹੰਮਦ ਖਾਨ, ਸ਼ਮਸ-ਉ-ਦੀਨ ਅਤੇ ਅਕਬਰ ਖਾਨ ਅਫਗਾਨ ਦੇ ਵਿਰੁੱਧ ਲੜੀ। ਇਸ ਲੜਾਈ ਵਿੱਚ ਕਿਸੇ ਲੁਕਵੀਂ ਥਾਂ ਤੋਂ ਅਫਗਾਨ ਸੈਨਿਕਾਂ ਦੁਆਰਾ ਚਲਾਈਆਂ ਗਈਆਂ ਗੋਲੀਆਂ ਨਾਲ਼ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਦੀ ਛਾਤੀ ਉੱਪਰ ਖੰਜਰ ਦੇ ਵੀ ਦੋ ਗਹਿਰੇ ਟੱਕ ਸਨ। ਸਮੇਂ ਸਿਰ ਮੱਲ੍ਹਮ ਪੱਟੀ ਨਾ ਹੋਣ ਕਰ ਕੇ ਅਤੇ ਸਰੀਰ ਵਿੱਚੋਂ ਬਹੁਤ ਖ਼ੂਨ ਵਗ ਜਾਣ ਕਾਰਨ ਪੰਜਾਬ ਦਾ ਇਹ ਸੂਰਬੀਰ ਖ਼ਾਲਸੇ ਰਾਜ ਦਾ ਥੰਮ ਜਰਨੈਲ 30 ਅਪ੍ਰੈਲ 1837 ਨੂੰ ਸ਼ਹੀਦੀ ਪਾ ਗਿਆ।
ਸ.ਮ. ਲਤੀਫ ਲਿਖਦੇ ਹਨ ਕਿ ਸਰਦਾਰ ਹਰੀ ਸਿੰਘ ਦੇ ਦਬਦਬੇ ਦਾ ਐਸਾ ਅਸਰ ਅਫ਼ਗਾਨਾਂ ਦੇ ਦਿਲਾਂ ’ਤੇ ਹੋਇਆ ਸੀ ਕਿ ਅੱਜ ਤੱਕ ’ਹਰੀਆ’ ਆਖ ਕੇ ਉਸ ਦਾ ਨਾਮ ਦੁਹਰਾਉਂਦੇ ਹਨ ਅਤੇ ਪਿਸ਼ਾਵਰ ਦੇ ਨੇੜੇ ਦੇ ਇਲਾਕੇ ਵਿਚ ਮਾਵਾਂ ਆਪਣੇ ਨਿਆਣਿਆਂ ਨੂੰ ਡਰਾਵਾ ਉਸਦੇ ਨਾਮ ਦਾ ਵਰਤਦੀਆਂ ਹਨ।
ਲੰਡਨ ਦੇ ਇੱਕ ਅਖ਼ਬਾਰ ਵਿੱਚ ਵੇਰਵਾ ਮਿਲਦਾ ਹੈ ਕਿ ਜੇਕਰ ਹਰੀ ਸਿੰਘ ਨਲਵਾ ਕੁੱਝ ਹੋਰ ਚਿਰ ਜਿਉਂਦਾ ਰਹਿੰਦਾ ਅਤੇ ਉਸ ਕੋਲ ਅੰਗਰੇਜ਼ਾਂ ਵਾਲੇ ਸਮਾਨ ਤੇ ਸਾਧਨ ਹੁੰਦੇ ਤਾਂ ਉਹ ਕੁਝ ਮਹੀਨਿਆਂ ਵਿੱਚ ਹੀ ਖਾਲਸਾ ਰਾਜ ਦੀਆਂ ਹੱਦਾਂ ਵਿੱਚ ਏਸ਼ੀਆ ਤੇ ਯੂਰਪ ਵੀ ਸ਼ਾਮਲ ਕਰ ਲੈਂਦਾ।
ਕੁਝ ਸਮਾਂ ਪਹਿਲਾਂ ਆਸਟ੍ਰੇਲੀਆ ਦੇ ਬਿਲੀਆਨਾਇਰ ਮੈਗਜ਼ੀਨ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਵਿਸ਼ਵ ਇਤਿਹਾਸ ਦੇ 10 ਮਹਾਨ ਜੇਤੂ ਜਰਨੈਲਾਂ ਦੀ ਸ਼੍ਰੇਣੀ ਵਿੱਚ ਸਰਦਾਰ ਹਰੀ ਸਿੰਘ ਨਲਵੇ ਨੂੰ ਪਹਿਲੇ ਸਥਾਨ ‘ਤੇ ਰੱਖਿਆ ਗਿਆ ਹੈ।
ਅਜੋਕੇ ਸਮੇਂ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਜਿਹੇ ਮਾਣਮੱਤੇ ਇਤਿਹਾਸ ਨੂੰ ਸਮਝਦਿਆਂ, ਚੇਤਿਆਂ ਵਿੱਚ ਵਸਾਉਦਿਆਂ, ਹੋਰ ਜਾਣਨ ਦੀ ਤਾਂਘ ਦੇ ਨਾਲ਼-ਨਾਲ਼, ਆਉਣ ਵਾਲੀਆਂ ਨਸਲਾਂ ਨੂੰ ਸਮੇਂ-ਸਮੇਂ ਅਜਿਹੇ ਮਹਾਨ ਯੋਧਿਆਂ, ਸੂਰਮਿਆਂ, ਜਰਨੈਲਾਂ ਬਾਰੇ ਜਾਣੂ ਕਰਵਾਉਂਦੇ ਰਹਿਣ ਦਾ ਮਾਣ ਕਾਇਮ ਰੱਖਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ।
ਸੁਖਚੈਨ ਸਿੰਘ ਕੁਰੜ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ