Wednesday, January 22, 2025  

ਲੇਖ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 63ਵੇਂ ਸਥਾਪਨਾ ਦਿਵਸ ’ਤੇ ਵਿਸ਼ੇਸ਼

April 29, 2024

ਪੰਜਾਬੀ ਮਾਤ—ਭਾਸ਼ਾ ਅਤੇ ਅਕਾਦਮਿਕ ਖਿੱਤੇ ਦੇ ਬਹੁਪੱਖੀ ਵਿਕਾਸ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਵਿਸ਼ੇਸ਼ ਮਹੱਤਵ ਹੈ।ਹਿਬਰੋ (ਯਹੂਦੀਆਂ ਦੀ ਭਾਸ਼ਾ) ਯੂਨੀਵਰਸਿਟੀ ਤੋਂ ਬਾਅਦ ਵਿਸ਼ਵ ਵਿਚ ਮਾਤ—ਭਾਸ਼ਾ ਦੇ ਨਾਂ ਤੇ ਸਥਾਪਿਤ ਹੋਣ ਵਾਲੇ ਇਸ ਦੂਜੇ ਅਦਾਰੇ ਨੇ ਆਪਣੀ ਉਚ—ਅਕਾਦਮਿਕਤਾ ਦੀ ਮਹਿਕ ਨੂੰ ਦੇਸ਼—ਵਿਦੇਸ਼ ਵਿਚ ਵੀ ਫੈਲਾਇਆ ਹੈ। 1960 ਦੇ ਆਸ—ਪਾਸ ਪੰਜਾਬ ਦੇ ਮਲਵਈ ਖਿੱਤੇ ਵਿਚ ਪਹਿਲੀ ਅਜਿਹੀ ਯੂਨੀਵਰਸਿਟੀ ਸਥਾਪਿਤ ਕਰਨ ਲਈ ਬਾਕਾਇਦਾ ਇਕ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ ਜਿਸ ਅਧੀਨ ਵੀਹ—ਮੈਂਬਰਾਂ ਦੀ ਇਕ ਨਵ ਨਿਯੁਕਤ ਕਮੇਟੀ ਨੇ ਆਪਣੀਆਂ ਪੁਰਜ਼ੋਰ ਦਲੀਲਾਂ ਅਤੇ ਸਿਫ਼ਾਰਸ਼ਾਂ ਦੇ ਆਧਾਰ ’ਤੇ 1961 ਦੇ ਪੰਜਾਬ ਐਕਟ 35 ਨੰਬਰ ਤਹਿਤ ਇਸ ਸੰਸਥਾ ਦੀ ਬੁਨਿਆਦ ਪਟਿਆਲਾ ਸ਼ਹਿਰ ਦੀ ਬਾਰਾਂਦਰੀ ਵਿਖੇ ‘ਰਾਜਿੰਦਰਾ ਕੋਠੀ’ (ਜੋ ਅੱਜਕੱਲ੍ਹ ਵਿਰਾਸਤੀ ਹੋਟਲ ਵਜੋਂ ਜਾਣੀ ਜਾਂਦੀ ਹੈ) ਵਿਖੇ 30 ਅਪ੍ਰੈਲ, 1962 ਨੂੰ ਰੱਖੀ ਗਈ ਸੀ ਜਿਸ ਦਾ ਉਦਘਾਟਨ ਤਤਕਾਲੀਨ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨਨ ਨੇ ਕੀਤਾ ਸੀ।ਬਾਅਦ ਵਿਚ ਇਸ ਯੂਨੀਵਰਸਿਟੀ ਦੀ ਇਮਾਰਤ ਦੀ ਯੋਜਨਾਬੱਧ ਤਾਮੀਰ ਪਟਿਆਲਾ ਤੋਂ 7 ਕਿਲੋਮੀਟਰ ਦੀ ਦੂਰੀ ਤੇ ਪਟਿਆਲਾ—ਰਾਜਪੁਰਾ ਰੋਡ ਤੇ ਹਰੇ—ਭਰੇ ਵਿਸ਼ਾਲ ਰੁੱਖਾਂ ਵਾਲੇ 316 ਏਕੜ ਦੇ ਖ਼ੂਬਸੂਰਤ ਇਲਾਕੇ ਵਿਚ ਕੀਤੀ ਗਈ।ਐਕਟ ਅਨੁਸਾਰ ਇਸ ਯੂਨੀਵਰਸਿਟੀ ਦੀ ਸਥਾਪਨਾ ਦਾ ਬੁਨਿਆਦੀ ਮਕਸਦ ਇਸ ਪ੍ਰਕਾਰ ਨਿਰਧਾਰਤ ਕੀਤਾ ਗਿਆ ਸੀ, “ਪੰਜਾਬੀ ਅਧਿਐਨ ਦੀ ਉਨਤੀ ਅਤੇ ਮਾਨਵਵਾਦੀ ਤੇ ਵਿਗਿਆਨਕ ਵਿਸ਼ਿਆਂ ਨੂੰ ਪੜ੍ਹਾਉਣ ਹਿੱਤ, ਸਿੱਖਿਆ ਦੇ ਮਾਧਿਅਮ ਰਾਹੀਂ ਜਾਂ ਹੋਰ ਢੰਗਾਂ ਨਾਲ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਸਾਧਾਰਨ ਤੌਰ ਤੇ ਉਚ—ਵਿੱਦਿਆ ਅਤੇ ਖੋਜ ਲਈ ਇਕ ਯੂਨੀਵਰਸਿਟੀ ਸਥਾਪਤ ਕਰਨਾ.....।’’
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਨੀ ਵਾਈਸ ਚਾਂਸਲਰ ਉਘੇ ਵਿਦਵਾਨ ਅਤੇ ਸਿੱਖਿਆ ਸ਼ਾਸਤਰੀ ਭਾਈ ਜੋਧ ਸਿੰਘ ਨੇ ਆਪਣੀ ਦੂਰਦਿ੍ਰਸ਼ਟੀ ਦੇ ਚਾਨਣ ਨਾਲ ਇਸ ਅਦਾਰੇ ਦੀ ਗੁਣਵੱਤਾ ਨੂੰ ਜਗਮਗਾਉਣਾ ਸ਼ੁਰੂ ਕਰ ਦਿੱਤਾ। ਆਰੰਭਕ ਸਮੇਂ ਇਥੇ ਪੰਜਾਬੀ ਵਿਭਾਗ, ਮੁੱਖ ਲਾਇਬ੍ਰੇਰੀ (ਮੌਜੂਦਾ ਨਾਂ : ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ), ਪੰਜਾਬੀ ਵਿਉਂਤ ਵਿਕਾਸ (ਮੌਜੂਦਾ ਨਾਂ : ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਭਾਸ਼ਾ ਵਿਗਿਆਨ ਅਤੇ ਭਾਸ਼ਾ ਸਰਵੇਖਣ (ਮੌਜੂਦਾ ਨਾਂ : ਪੰਜਾਬੀ ਭਾਸ਼ਾ ਵਿਭਾਗ ਅਤੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਸਾਹਿਤ ਅਧਿਐਨ ਤੋਂ ਇਲਾਵਾ ਪੰਜਾਬੀ ਸ਼ਬਦ—ਜੋੜ ਕੋਸ਼ ਸੈਲ, ਪੰਜਾਬੀ ਕੋਸ਼ਕਾਰੀ,ਪੱਤਰ ਵਿਹਾਰ ਸਿੱਖਿਆ (ਮੌਜੂਦਾ ਨਾਂ : ਦੂਰਵਰਤੀ ਅਤੇ ਆਨਲਾਈਨ ਸਿੱਖਿਆ ਕੇਂਦਰ), ਪੰਜਾਬ ਇਤਿਹਾਸ ਅਧਿਐਨ, ਇਤਿਹਾਸ ਆਦਿ ਵਿਭਾਗ ਖੋਲ੍ਹੇ ਗਏ।ਬਾਦ ਵਿਚ ਭਾਸ਼ਾ, ਸਾਹਿਤ, ਸਭਿਆਚਾਰ, ਅਧਿਐਨ, ਅਧਿਆਪਨ ਅਤੇ ਖੋਜ ਨਾਲ ਸੰਬੰਧਤ ਹੋਰ ਵਿਭਾਗਾਂ ਦੇ ਗਠਨ ਵਿਚ ਇਜ਼ਾਫ਼ਾ ਹੁੰਦਾ ਗਿਆ।
ਪੰਜਾਬੀ ਯੂਨੀਵਰਸਿਟੀ ਵੱਲੋਂ ਉਚੇਰੀ ਸਿੱਖਿਆ ਦੇ ਪਾਸਾਰਾਂ ਵਿਚ ਨਿੱਗਰ ਵਾਧਾ ਕਰਦਿਆਂ ਮਾਨਵਤਾ ਦੇ ਕਲਿਆਣ ਹਿਤ ਹੋਰ ਖੇਤਰਾਂ ਅਤੇ ਵਿਸ਼ਿਆਂ ਨਾਲ ਸੰਬੰਧਤ ਕੁੱਲ 11 ਫੈਕਲਟੀਆਂ ਸਥਾਪਿਤ ਕੀਤੀਆਂ ਗਈਆਂ।ਇਹਨਾਂ ਵਿਚੋਂ ਸਮਾਜ—ਵਿਗਿਆਨ ਫੈਕਲਟੀ ਅਧੀਨ 14, ਆਰਟਸ ਅਤੇ ਕਲਚਰ ਅਧੀਨ 4, ਜੀਵਨ—ਵਿਗਿਆਨ ਅਧੀਨ 4, ਸਰੀਰਕ ਵਿਗਿਆਨ ਅਧੀਨ 9, ਭਾਸ਼ਾ ਅਧੀਨ 9, ਸਿੱਖਿਆ ਅਤੇ ਸੂਚਨਾ ਅਧੀਨ 5, ਇੰਜੀਨੀਅਰਿੰਗ ਅਤੇ ਤਕਨਾਲੋਜੀ ਅਧੀਨ 8, ਮੈਡੀਸਨ ਅਧੀਨ 3, ਵਣਜ ਅਧਿਐਨ ਅਧੀਨ 7 ਅਤੇ ਕਾਨੂੰਨ ਫੈਕਲਟੀ ਅਧੀਨ 4 ਵਿਭਾਗ ਅਧਿਐਨ, ਅਧਿਆਪਨ ਅਤੇ ਖੋਜ ਦੇ ਨਵੇਂ ਦਿਸਹੱਦੇ ਛੂਹ ਰਹੇ ਹਨ।
ਇਸ ਤੋਂ ਇਲਾਵਾ ਭੌਤਿਕ ਵਿਗਿਆਨ ਵਿਭਾਗ, ਬਨਸਪਤੀ ਵਿਗਿਆਨ ਵਿਭਾਗ, ਰਸਾਇਣ ਵਿਗਿਆਨ ਵਿਭਾਗ ਅਤੇ ਫੋਰੈਂਸਿਕ ਸਾਇੰਸ ਆਦਿ ਵਿਭਾਗਾਂ ਨੇ ਆਪਣੀਆਂ ਖੋਜ ਪ੍ਰਾਪਤੀਆਂ ਦੇ ਮੱਦੇਨਜ਼ਰ ਕੌਮਾਂਤਰੀ ਅਤੇ ਕੌਮੀ ਪੱਧਰ ਤੇ ਮਾਣਤਾ ਪ੍ਰਾਪਤ ਕੀਤੀ ਹੈ। ਇਸ ਦੇ ਸਮਾਂਤਰ ਖੇਡ—ਖੇਤਰ ਵਿਚ ਲਗਾਤਾਰ ਮਾਕਾ ਟਰਾਫ਼ੀ ਹਾਸਿਲ ਕਰਨਾ ਅਤੇ ਯੁਵਕਾਂ ਵਿਚ ਕਲਾਤਮਕ,ਸਭਿਆਚਾਰਕ ਅਤੇ ਸਿਰਜਣਾਤਮਕ ਖੇਤਰ ਵਿਚ ਕੌਮਾਂਤਰੀ ਉਪਲਬਧੀਆਂ ਯੂਨੀਵਰਸਿਟੀ ਦਾ ਹਾਸਿਲ ਹਨ।ਯੂਨੀਵਰਸਿਟੀ ਦੇ ਸੈਂਟਰ ਫਾਰ ਡਿਸਟੈਂਸ ਅਤੇ ਆਨਲਾਈਨ ਐਜੂਕੇਸ਼ਨ ਵਿਭਾਗ ਵੱਲੋਂ ਦੂਰਵਰਤੀ ਵਿਦਿਆਰਥੀਆਂ ਲਈ ਨਵੀਨਤਮ ਪ੍ਰੋਗਰਾਮ ਕਰਵਾਉਣਾ, ਸਿੱਖਿਆ ਅਤੇ ਖੋਜ ਨੂੰ ਅਜੋਕੇ ਸਮੇਂ ਦੀ ਹਾਣੀ ਬਣਾਉਣ ਵਾਸਤੇ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ,ਸਾਹਿੱਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦਾ ਉਚਤਮ ਕੇਂਦਰ, ਪੰਜਾਬੀ ਪੀਡੀਆ ਕੇਂਦਰ ਅਤੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਸਥਾਪਤ ਕਰਨਾ ਆਦਿ ਵਰਗੇ ਹੋਰ ਕਾਰਜ ਮਹੱਤਵਪੂਰਨ ਹਨ।ਯੂਨੀਵਰਸਿਟੀ ਦੀਆਂ ਨਵੀਨ ਉਪਲਬਧੀਆਂ ਵਿਚ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਨੈਟਵਰਕਿੰਗ ਕਾਰਜ ਪ੍ਰਣਾਲੀ ਨਾਲ ਜੋੜਨਾ,ਕੰਪਿਊਟਰ ਸਾਇੰਸ ਵਿਭਾਗ ਵੱਲੋਂ ਮੁਫ਼ਤ ਅਤੇ ਓਪਨ ਸੋਰਸ ਦੇ ਪਲੇਟਫਾਰਮ ‘ ਲਿਬਰੇਆਫ਼ਿਸ‘ ਲਈ ਪੰਜਾਬੀ ਸਪੈਲ ਚੈਕਰ ਅਤੇ ਸ਼ਬਦ—ਕੋਸ਼ ਵਿਕਸਿਤ ਕਰਨ ਦੀ ਪਹਿਲਕਦਮੀ ਵਰਗੇ ਉਦਮ ਸ਼ਾਮਿਲ ਹਨ।ਸਾਇੰਸ ਨਾਲ ਸੰਬੰਧਤ ਵਿਸ਼ਿਆਂ ਬਾਰੇ ਪੰਜਾਬੀ ਮਾਤ ਭਾਸ਼ਾ ਵਿਚ ਗਿਆਨ ਦੇਣ ਅਤੇ ਖੋਜ ਕਰਵਾਉਣ ਲਈ ਵੀ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਨੂੰ ਤਕਨੀਕੀ ਯੁੱਗ ਵਿਚ ਦਰਪੇਸ਼ ਚੁਣੌਤੀਆਂ ਬਾਰੇ ਚੇਤੰਨ ਹੀ ਨਹੀਂ ਕੀਤਾ ਜਾ ਰਿਹਾ ਸਗੋਂ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਆਦਿ ਵਿਗਿਆਨਕ ਕੋਰਸਾਂ ਦੇ ਵਿਸ਼ਿਆਂ ਨੂੰ ਪੰਜਾਬੀ ਭਾਸ਼ਾ ਰਾਹੀਂ ਆਸਾਨੀ ਨਾਲ ਸਮਝਣ ਲਈ ਵੱਖ ਵੱਖ ਕਿਸਮ ਦੇ ਮਾਤ—ਭਾਸ਼ਾ ਮੁਕਾਬਲੇ ਵੀ ਆਯੋਜਿਤ ਕੀਤੇ ਗਏ ਹਨ।
ਪੰਜਾਬੀ ਯੂਨੀਵਰਸਿਟੀ ਨੇ ਵਿਗਿਆਨ ਦੇ ਖੇਤਰ ਵਿਚ ਵੱਖ ਵੱਖ ਵਿਭਾਗਾਂ ਵੱਲੋਂ ਦੇਸ ਵਿਦੇਸ ਦੀਆਂ ਸਰਕਾਰੀ ਅਤੇ ਗ਼ੈਰ—ਸਰਕਾਰੀ ਸੰਸਥਾਵਾਂ ਨਾਲ ਐਮ.ਓ.ਯੂ. ਦਸਤਖ਼?ਤ ਕੀਤੇ ਹਨ ਜਿਨ੍ਹਾਂ ਦਾ ਦੋਵਾਂ ਸੰਸਥਾਵਾਂ ਨੂੰ ਵੱਡੀ ਪੱਧਰ ਤੇ ਲਾਭ ਪੁੱਜੇਗਾ। ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਦੀ ‘ਅਲੂਮਨੀ ਮੀਟ’ ਯੂਨੀਵਰਸਿਟੀ ਪਰਿਵਾਰਕ—ਤੰਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਹਰ ਸਾਲ ਨਵੇਂ ਉਤਸਾਹ ਨਾਲ ਜੁੜਦੀ ਹੈ।ਇਨ੍ਹਾਂ ਹੀ ਵਿਕਾਸ—ਕੜੀਆਂ ਵਿਚ ਯੂਨੀਵਰਸਿਟੀ ਵਿਖੇ ਪੰਜ ਸਾਲਾ ਏਕੀਕ੍ਰਿਤ ਕੋਰਸ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਪਹਿਲੇ ਸਾਲ 800 ਵਿਦਿਆਰਥੀ ਇਨਰੋਲ ਹੋਏ ਸਨ। ਹੁਣ ਇਹ ਗਿਣਤੀ ਲਗਭਗ 2400 ਹੈ।
ਯੂਨੀਵਰਸਿਟੀ ਦੀ ਆਰਥਿਕ ਪੱਖੋਂ ਸਥਿਤੀ ਦਾ ਜਾਇਜ਼ਾ ਲਿਆ ਜਾਵੇ ਤਾਂ ਪਿਛਲੇ ਅਰਸੇ ਦੌਰਾਨ ਯੂਨੀਵਰਸਿਟੀ ਮਾਲੀ ਸੰਕਟ ਦੀ ਸਥਿਤੀ ਵਿਚ ਰਹੀ ਹੈ ਪਰੰਤੂ ਵਰਤਮਾਨ ਦੌਰ ਵਿਚ ਇਸ ਨਜ਼ਰੀਏ ਤੋਂ ਸੁਖਦ ਵਾਧਾ ਹੋਇਆ ਹੈ ਅਤੇ ਭਾਰਤ ਅਤੇ ਪੰਜਾਬ ਸਰਕਾਰ ਦੀਆਂ ਏਜੰਸੀਆਂ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਪ੍ਰਾਜੈਕਟ ਵੀ ਪ੍ਰਾਪਤ ਹੋਏ ਹਨ।ਦੇਸੀ ਵਿਦੇਸ਼ੀ ਵੱਡੀਆਂ ਸੰਸਥਾਵਾਂ ਨਾਲ ਐਮ.ਓ.ਯੂ. (ਮੈਮੋਰੰਡਮ ਆਫ਼ ਅੰਡਰਸਟੈਂਡਿੰਗ) ਵੀ ਹੋਏ ਹਨ ਜਿਨ੍ਹਾਂ ਦਾ ਲਾਭ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਨਾਲ ਦੂਜੇ ਅਦਾਰਿਆਂ ਨੂੰ ਵੀ ਹੋਇਆ ਹੈ।ਇਹ ਵੀ ਸੰਤੁਸ਼ਟੀ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਗ੍ਰਾਂਟ ਵੀ 9.5 ਕਰੋੜ ਪ੍ਰਤੀ ਮਹੀਨਾ ਤੋਂ ਵਧਾ ਕੇ 30 ਕਰੋੜ ਰੁਪਏ ਪ੍ਰਤੀ ਮਹੀਨਾ ਹੋਈ ਹੈ ਪਰੰਤੂ ਫਿਰ ਵੀ ਯੂਨੀਵਰਸਿਟੀ ਨੂੰ ਆਪਣੇ ਕਈ ਵਿਭਾਗਾਂ ਦੀਆਂ ਬਜਟ—ਮੱਦਾਂ ਵਿਚ ਮਜ਼ਬੂਰਨ ਕੁਝ ਕਟੌਤੀ ਵੀ ਕਰਨੀ ਪਈ ਹੈ।ਮਾਲਵੇ ਦੀ ਉਚੇਰੀ ਸਿੱਖਿਆ ਦੇ ਰੂਪ ਵਿਚ ਇਸ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਕਰਨ ਅਤੇ ਇਸ ਨੂੰ ਕਰਜ਼ਾ—ਮੁਕਤ ਕਰਕੇ ਕਰਮਚਾਰੀਆਂ ਨੂੰ ਤਨਖਾਹ ਦੀ ਚਿੰਤਾ ਤੋਂ ਮੁਕਤ ਕਰਨ ਹਿਤ ਵਿਦਿਆਰਥੀਆਂ ਦੇ ਕਲਿਆਣ ਹਿਤ ਜੁੱਟੀਆਂ ਵੱਡੀਆਂ ਸਰਕਾਰੀ ਅਤੇ ਗ਼ੈਰ—ਸਰਕਾਰੀ ਸੰਸਥਾਵਾਂ ਅਤੇ ਐਨ.ਆਰ.ਆਈ. ਵਿਅਕਤੀਆਂ ਦਾ ਇਸ ਉਚੇਰੀ ਸਿੱਖਿਆ ਅਦਾਰੇ ਪ੍ਰਤੀ ਸਹਿਯੋਗ ਬੇਹੱਦ ਕਾਰਗਰ ਸਾਬਤ ਹੋ ਸਕਦਾ ਹੈ।ਆਰਥਿਕ ਸਥਿਤੀ ਬਿਹਤਰ ਹੋਵੇਗੀ ਤਾਂ ਯਕੀਨਨ ਅਧਿਆਪਨ ਅਤੇ ਖੋਜ ਕਾਰਜਾਂ ਦੀ ਗੁਣਵੱਤਾ ਵਿਚ ਹੋਰ ਮਿਆਰੀ ਵਾਧਾ ਹੋਵੇਗਾ।
ਹੁਣ ਉਚੇਰੀ ਸਿੱਖਿਆ ਵਿਭਾਗ ਦੇ ਅਨੁਭਵੀ ਸਕੱਤਰ ਆਈ.ਏ.ਐਸ.ਅਫ਼ਸਰ ਸ੍ਰੀ ਕੇ.ਕੇ. ਯਾਦਵ ਨੇ 26 ਅਪ੍ਰੈਲ, 2024 ਨੂੰ ਯੂਨੀਵਰਸਿਟੀ ਦੇ ਨਵੇਂ ਵਾਈਸ—ਚਾਂਸਲਰ ਵਜੋਂ ਅਹੁਦਾ ਸੰਭਾਲਣ ਉਪਰੰਤ ਅਹਿਦ ਕੀਤਾ ਹੈ ਕਿ ਉਹ ਯੂਨੀਵਰਸਿਟੀ ਦੇ ਅਧਿਆਪਨ, ਗ਼ੈਰ—ਅਧਿਆਪਨ ਅਮਲੇ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇਸ ਅਦਾਰੇ ਨੂੰ ਹੋਰ ਉਚੇਰੀ ਮੰਜ਼ਲ ਵੱਲ ਲੈ ਕੇ ਜਾਣਗੇ।
ਅੱਜ ਪੰਜਾਬੀ ਯੂਨੀਵਰਸਿਟੀ ਸਾਇੰਸ ਆਡੀਟੋਰੀਅਮ ਵਿਖੇ ਸਵੇਰੇ 11 ਵਜੇ ਆਪਣਾ 63ਵਾਂ ਸ਼ਾਨਦਾਰ ਸਥਾਪਨਾ ਦਿਵਸ ਮਨਾਉਂਦੀ ਹੋਈ ਗੌਰਵ ਮਹਿਸੂਸ ਕਰ ਰਹੀ ਹੈ।
ਦਰਸ਼ਨ ਸਿੰਘ ‘ਆਸ਼ਟ’
- ਮੋਬਾ: 9814423703

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ