ਅੱਜ ਤੋਂ 138 ਸਾਲ ਪਹਿਲਾਂ ਅਮਰੀਕਾ ਦੇ ਸਨਅਤੀ ਸ਼ਹਿਰ ਸ਼ਿਕਾਗੋ ਵਿਚਲੀਆਂ ਵਾਪਰੀਆਂ ਖੂਨੀ ਘਟਨਾਵਾਂ ਨੇ ਦੁਨੀਆਂ ਭਰ ਦੀ ਮਜ਼ਦੂਰ ਜਮਾਤ ਵਿਚ ਕ੍ਰਾਂਤੀਕਾਰੀ ਅੰਦੋਲਨਾਂ ਰਾਹੀਂ ਵਰਗ ਸੰਘਰਸ਼ਾਂ ਵਿਚ ਜ਼ਬਰਦਸਤ ਚੜ੍ਹਤ ਪੈਦਾ ਕਰ ਦਿਤੀ ਸੀ. ਅਮਰੀਕਾ ਵਿਚਲੀਆਂ ਮਜ਼ਦੂਰ ਯੂਨੀਅਨਾਂ, ਜਿਹਨਾਂ ਨੂੰ ਜਥੇਬੰਦ ਕਰਨ ਵਿਚ ਸਮਾਜਵਾਦੀ, ਕਮਿਊਨਿਸਟ ਅਤੇ ਆਰਾਜਕਤਾਵਾਦੀ ਗਰੁੱਪ ਸਰਗਰਮ ਸਨ, ਦੇ ਪਹਿਲੀ ਮਈ 1886 ਨੂੰ ਸਾਰੇ ਦੇਸ ਵਿਚ ਕੌਮੀ ਹੜਤਾਲ ਦੇ ਸੱਦੇ ਤੇ ਸ਼ਿਕਾਗੋ ਦੇ ਮਜ਼ਦੂਰਾਂ ਨੇ ਵੀ ਜ਼ੋਰਦਾਰ ਹਿਸਾ ਲਿਆ। ਮਜ਼ਦੂਰਾਂ ਦੀਆਂ ਮੁੱਖ ਮੰਗਾਂ 8 ਘੰਟੇ ਦੀ ਕੰਮ ਦਿਹਾੜੀ ਸੀ ਜਦੋਂ ਸਨਅਤਕਾਰ ਮਜ਼ਦੂਰਾਂ ਤੋਂ 18 ਘੰਟੇ ਪ੍ਰਤੀ ਦਿਨ ਕੰਮ ਕਰਵਾ ਰਹੇ ਸਨ ਅਤੇ ਕੋਈ ਕਾਨੂੰਨੀ ਸੁਰੱਖਿਆਵਾਂ ਵੀ ਨਹੀਂ ਸਨ. ਮਜ਼ਦੂਰਾਂ ਦੀ ਮੰਗ ਸੀ 8 ਘੰਟੇ ਦਿਹਾੜੀ 8 ਘੰਟੇ ਆਰਾਮ ਅਤੇ 8 ਘੰਟੇ ਆਪਣੀ ਮਰਜ਼ੀ ਨਾਲ ਬਿਤਾਉਣ ਵਾਸਤੇ ਕਾਨੂੰਨੀ ਗਰੰਟੀ ਦਿਤੀ ਜਾਵੇ। ਸ਼ਿਕਾਗੋ, ਜਿਹੜਾ ਉਸ ਸਮੇਂ ਤਕੜੇ ਸਨਅਤੀ ਕੇਂਦਰਾਂ ਵਿਚੋਂ ਸੀ, ਦੇ ਸਨਅਤਕਾਰਾਂ, ਪ੍ਰਸ਼ਾਸਨ ਅਤੇ ਪੁਲੀਸ ਦੀਆਂ ਧਾੜਾਂ ਨੇ ਪੁਰਅਮਨ ਮਜ਼ਦੂਰਾਂ ਦੀਆਂ ਰੋਸ ਰੈਲੀਆਂ ਨੂੰ ਤਿਤਰ-ਬਿਤਰ ਕਰਨ ਲਈ ਭਿਅੰਕਰ ਤਸ਼ੱਦਦ ਕੀਤਾ। ਰੋਸ ਪ੍ਰਗਟ ਕਰਨ ਲਈ ਯੂਨੀਅਨਾਂ ਦੀ ਅਗਵਾਈ ਵਿਚ ਮੈਕ-ਕਾਰਮਿਕ ਹਾਰਵੈਸੇਟਿੰਗ ਮਸ਼ੀਨ ਕੰਪਨੀ ਦੇ ਮਜ਼ਦੂਰਾਂ ਦੀ ਹੜਤਾਲ ਸਮੇਂ ਤਿੰਨ ਮਈ ਨੂੰ ਸ਼ਿਕਾਗੋ ਦੇ ਮਜ਼ਦੂਰਾਂ ਨੇ ਜ਼ੋਰਦਾਰ ਰੋਸ ਰੈਲੀ ਕੀਤੀ ਜਿਸ ਤੇ ਫੇਰ ਪੁਲੀਸ ਨੇ ਅੰਨ੍ਹੇਵਾਹ ਤਸ਼ੱਦਦ ਕੀਤਾ. ਦਰਜਨਾਂ ਮਜ਼ਦੂਰ ਜ਼ਖਮੀ ਹੋ ਗਏ ਤੇ ਇਕ ਦੀ ਮੌਤ ਹੋ ਗਈ। ਅਗਲੇ ਦਿਨ 4 ਮਈ ਵਾਲੇ ਦਿਨ ਫੇਰ ਘਾਹ ਮੰਡੀ ਚੌਕ ਵਿਚ ਹਜ਼ਾਰਾਂ ਮਜ਼ਦੂਰਾਂ ਨੇ ਜ਼ਬਰਦਸਤ ਰੈਲੀ ਦਾ ਅਯੋਜਨ ਕੀਤਾ. ਰੈਲੀ ਨੂੰ ਅਗਸਤ ਸਪਾਈਜ਼ ਸਮੇਤ ਕਈ ਮਜ਼ਦੂਰ ਲੀਡਰਾਂ ਨੇ ਸੰਬੋਧਨ ਕੀਤਾ। ਬਹੁਤ ਵੱਡੀ ਗਿਣਤੀ ਵਿਚ ਪੁਲੀਸ ਦੀਆਂ ਟੁਕੜੀਆਂ ਦਾ ਪ੍ਰਬੰਧ ਕੀਤਾ ਗਿਆ ਸੀ। ਨੇੜਲੇ ਇਕ ਘਰ ਵਿਚੋਂ ਬੰਬ ਫਟ ਕੈ ਪੁਲੀਸ ਦੀ ਭੀੜ ਵਿਚ ਜਾ ਡਿਗਿਆ। ਘਬਰਾਹਟ ਵਿਚ ਆਈ ਪੁਲੀਸ ਨੇ ਅੰਨ੍ਹੇਵਾਹ ਗੋਲੀਆਂ ਦਾ ਜਿਵੇਂ ਮੀਂਹ ਹੀ ਵਰਸਾ ਦਿਤਾ ਹੋਵੇ। ਇਹਨਾਂ ਖੂਨੀ ਘਟਨਾਵਾਂ ਵਿਚ 7 ਪੁਲੀਸ ਕਰਮੀ ਮਾਰੇ ਗਏ ਅਤੇ 60 ਜ਼ਖਮੀ ਹੋ ਗਏ। ਦੂਜੇ ਪਾਸੇ ਮਜ਼ਦੂਰਾਂ ਦੇ ਮਰਨ ਵਾਲਿਆਂ ਦੀ ਗਿਣਤੀ 4 ਤੋਂ 8 ਦੱਸੀ ਜਾਂਦੀ ਹੈ ਅਤੇ 30 ਤੋਂ 40 ਮਜ਼ਦੂਰ ਜ਼ਖਮੀ ਹੋ ਗਏ। ਬੰਬ ਕਿਸ ਨੇ ਸੁੱਟਿਆ, ਇਸਦਾ ਪਤਾ ਅੱਜ ਤਕ ਨਹੀਂ ਚਲਿਆ। ਮਾਹਰਾਂ ਦੀ ਪੁਣ-ਛਾਣ ਦੱਸਦੀ ਹੈ ਕਿ ਸਾਰੀਆਂ ਗੋਲੀਆਂ ਪੁਲੀਸ ਦੀ ਭੀੜ ਵਾਲੇ ਪਾਸਿਉਂ ਆਈਆਂ। ਉਥੇ ਖੜ੍ਹੇ ਸਤੰਭਾਂ ਅਤੇ ਦੀਵਾਰਾਂ ਵਿਚਲੀਆਂ ਗੋਲੀਆਂ ਦੇ ਨਿਸ਼ਾਨਾਂ ਦੇ ਕੀਤੇ ਗਏ ਨਿਰੀਖਣ ਵੀ ਇਹੀ ਦਰਸਾਉਂਦੇ ਸਨ। ਭਾਵ ਜਾਨੀ ਨੁਕਸਾਨ ਪੁਲੀਸ ਦੀਆਂ ਗੋਲੀਆਂ ਰਾਹੀਂ ਹੋਇਆ। ਭੜਕਾਹਟ ਅਤੇ ਘਬਰਾਏ ਪੁਲੀਸ ਕਰਮਚਾਰੀਆਂ ਦੀਆਂ ਅੰਨ੍ਹੇਵਾਹ ਚਲੀਆਂ ਗੋਲੀਆਂ ਰਾਹੀਂ ਪੁਲੀਸ ਕਰਮੀ ਵੀ ਮਾਰੇ ਗਏ ਸਨ। 8 ਆਗੂਆਂ ਵਿਰੁੱਧ ਚਲੇ ਮੁਕੱਦਮੇ ਵਿਚ 5 ਨੂੰ ਫਾਂਸੀ ਦਾ ਹੁਕਮ ਸੁਣਾ ਦਿਤਾ ਤੇ ਤਿੰੰਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ. 11 ਨਵੰਬਰ 1887 ਨੂੰ ਨੂੰ 4 ਲੀਡਰਾਂ ਨੂੰ ਫਾਂਸੀ ਦੇ ਦਿਤੀ ਗਈ ਤੇ ਇਕ ਆਤਮ-ਹੱਤਿਆ ਕਰ ਗਿਆ। ਅਗਸਤ ਸਪਾਈਜ਼ ਨੇ ਫਾਂਸੀ ਸਮੇਂ ਆਖਿਆ ਸੀ ‘‘ਸਾਡੀ ਆਵਾਜ਼ ਤਾਂ ਖਤਮ ਕਰ ਸਕਦੇ ਹੋ ਪਰ ਸਾਡੇ ਵਿਚਾਰ ਤੁਸੀਂ ਖਤਮ ਨਹੀਂ ਕਰ ਸਕਦੇ। ਇਹ ਕਈ ਗੁਣਾਂ ਸ਼ਕਤੀਸ਼ਾਲੀ ਬਣਕੇ ਸਾਰੀ ਦੁਨੀਆਂ ਵਿਚ ਫੈਲ ਜਾਣਗੇ.’’ ਅਮਰੀਕਨ ਪਰੈਸ ਨੇ ਮਜ਼ਦੂਰ ਅੰਦੋਲਨ ਵਿਰੁਧ ਜ਼ੋਰਦਾਰ ਭੜਾਸ ਕੱਢਦਿਆਂ ਹੋਇਆਂ ਇਸਨੂੰ ‘‘ਲਾਲ ਅੱਤਵਾਦ’’ (ਰੈਡ ਟੈਰਿਰ) ਦਾ ਨਾਮ ਦਿੰਦਿਆਂ ਇਹਨਾਂ ਘਟਨਾਵਾਂ ਨੂੰ ਸੋਸ਼ਲਿਸਟਾਂ, ਕਮਿਊਨਿਸਟਾਂ ਅਤੇ ਅਰਾਜਕਿਤਾਵਾਦੀਆਂ ਨਾਲ ਜੋੜਿਆ. ਇਸ ਪ੍ਰਕਾਰ ਪੂੰਜੀਵਾਦ ਨੇ ਪੂਰੇ ਜ਼ੋਰ ਨਾਲ ‘‘ਟੈਰਰਿਸਟ’’ ਸ਼ਬਦ ਕਮਿਊਨਿਸਟਾਂ ਅਤੇ ਸਮਾਜਵਾਦੀਆਂ ਅਨਾਰਰਿਸਤਟਾਂ ਵਿਰੁਧ ਵਰਤਿਆ. ਮਈ ਦਿਵਸ ਦੇ ਸ਼ਹੀਦਾਂ ਵਜੋਂ ਜਾਣੇ ਜਾਂਦੇ ਫਾਂਸੀ ਦਿਤੇ ਗਏ ਚਾਰਾਂ ਦੇ ਨਾਮ ਇਸ ਪ੍ਰਕਾਰ ਹਨ : ਅਲਬਰਟ ਪਰਸਨਜ਼, ਅਗਸਤ ਸਪਾਈਜ਼, ਜਾਰਜ ਇੰਗਲ ਅਤੇ ਐਡੋਲਫ ਫਿਸ਼ਰ, ਪੰਜਵੇੱ ਲੁਈਸ Çਲੰਗ ਨੇ ਆਤਮ-ਹੱਤਿਆ ਕਰ ਲਈ ਸੀ। ਸ਼ਹੀਦਾਂ ਦੀ ਅਰਥੀ ਸਮੇਂ 1.5 ਲੱਖ ਤੋਂ ਵਧੇਰੇ ਮਜ਼ਦੂਰਾਂ ਨੇ ਹਿਸਾ ਲਿਆ। ਅਮਰੀਕਾ ਲਾਤੀਨੀ ਅਮਰੀਕਾ ਅਤੇ ਯੂਰਪ ਦੇ ਦੇਸ਼ਾਂ ਵਿਚ ਅੰਦੋਲਨ ਨੇ ਵਧੇਰੇ ਜ਼ੋਰ ਪਕੜਿਆ। ਭਾਵੇਂ ਸਾਰੀ ਦੁਨੀਆਂ ਵਿਚ ਇਸ ਦਾ ਪ੍ਰਭਾਵ ਪ੍ਰਗਟ ਹੋਇਆ। ਪ੍ਰਸ਼ਾਸਨ ਅਤੇ ਪੂੰਜੀਵਾਦੀ ਪ੍ਰਣਾਲੀ ਏਨੀ ਡਰ ਗਈ ਸੀ ਕਿ ਅਦਾਲਤ ਨੇ ਜਲਦੀ ਫੈਸਲਾ ਲਿਆ ਤੇ ਵਧੇਰੇ ਲੀਡਰ ਜਿਨ੍ਹਾਂ ਨੂੰ ਸਜ਼ਾ ਦਿਤੀ ਗਈ ਉਹ ਘਟਨਾ ਸਮੇਂ ਹਾਜ਼ਰ ਵੀ ਨਹੀਂ ਸਨ।
ਫਾਂਸੀ ਦੀ ਸਜ਼ਾ ਤੋਂ 6 ਸਾਲਾਂ ਬਾਅਦ 1893 ਵਿਚ ਗਵਰਨਰ ਜੋਹਨ ਪੀਟਰ ਆਲਟਗੈਲਡ ਨੇ ਮੁਕੱਦਮੇ ਦੀ ਮੁੜ ਸੁਣਵਾਈ ਕਰਕੇ ਉਮਰ ਕੈਦ ਕੱਟ ਰਹੇ ਤਿੰਨ ਲੀਡਰਾਂ ਨੂੰ ਬਰੀ ਕਰ ਦਿਤਾ। ਗਵਰਨਰ, ਜਿਹੜਾ ਇਕ ਡੈਮੋਕਰੇਟਿਕ ਅਤੇ ਅਗਾਂਹਵਧੂ ਵਿਚਾਰਾਂ ਦਾ ਵਿਅਕਤੀ ਸੀ, ਨੇ ਆਪਣੇ ਇਤਿਹਾਸਕ ਫੈਸਲੇ ਵਿਚ ਕਿਹਾ ਕਿ ਮੁਜਰਮਾਂ ਨੂੰ ਨਾ ਤਾਂ ਉਚਿਤ ਕਾਨੂੰਨੀ ਬਚਾਅ ਕਾਰਵਾਈ ਕਰਨ ਦਾ ਮੌਕਾ ਦਿਤਾ ਤੇ ਨਾ ਹੀ ਉਚਿਤ ਇਨਸਾਫ ਦਿਤਾ ਗਿਆ। ਗਵਰਨਰ ਨੇ ਕਿਹਾ ਕਿ ਜਿਊਰੀ ਨੇ ਪਹਿਲਾਂ ਹੀ ਮਨ ਬਣਾਇਆ ਹੋਇਆ ਸੀ ਤੇ ਨਫ਼ਰਤ ਦੀ ਡੰਗੀ ਹੋਈ ਸੀ। ਸਨਤਕਾਰਾਂ, ਪੂੰਜੀਵਾਦੀ ਪ੍ਰਣਾਲੀ ਅਤੇ ਪਰੈਸ ਨੇ ਫੈਸਲੇ ਵਿਰੁਧ ਜ਼ੋਰਦਾਰ ਸ਼ੋਰ-ਸ਼ਰਾਬਾ ਕੀਤਾ ਜਦੋਂ ਕਿ ਮਜ਼ਦੂਰ ਯੂਨੀਅਨਾਂ ਅਤੇ ਮਜ਼ਦੂਰਾਂ ਨੇ ਫੈਸਲੇ ਦਾ ਭਰਪੂਰ ਸੁਆਗਤ ਕੀਤਾ।
1989 ਵਿਚ ਦੂਜੀ ਇੰਟਰਨੈਸ਼ਨਲ ਨੇ ਪਹਿਲੀ ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਤੇ ਮਨਾਉਣ ਦਾ ਐਲਾਨ ਕਰ ਦਿਤਾ। ਸ਼ਿਕਾਗੋ ਦੀਆਂ ਖੂਨੀ ਘਟਨਾਵਾਂ ਤੋਂ ਲੈ ਕੇ ਲਗਭਗ 138 ਸਾਲਾਂ ਦੇ ਸਮੇਂ ਵਿਚ ਮਜ਼ਦੂਰ ਜਮਾਤ ਵਲੋਂ ਪ੍ਰਾਪਤ ਕੀਤੇ ਗਏ ਅਨੇਕ ਅਧਿਕਾਰਾਂ ਅਤੇ ਕਾਨੂੰਨੀ ਹੱਕਾਂ ਤੇ ਸੰਸਾਰ ਪੂਜੀਵਾਦੀਆਂ ਵਲੋਂ ਨਵੇਂ-ਨਵੇਂ ਨਾਅਰਿਆਂ ਹੇਠ ਹਮਲੇ ਕੀਤੇ ਜਾ ਰਹੇ ਹਨ। ਐਲਪੀਜੀ ਭਾਵ ਉਦਾਰਵਾਦ, ਨਿਜੀਕਰਣ ਅਤੇ ਸੰਸਾਰਵਾਦ ਦੇ ਨਾਂਅ ’ਤੇ ਨਵੀਆਂ ਆਰਥਿਕ ਨੀਤੀਆਂ ਰਾਹੀਂ ਪ੍ਰਾਪਤ ਕੀਤੇ ਹੱਕ ਖੋਹੇ ਜਾ ਰਹੇ ਹਨ। 1990ਵਿਆਂ ਚਾਲੂ ਕੀਤੀਆਂ ਇਹਨਾਂ ਨੀਤੀਆਂ ਦਾ ਦੀਵਾਲੀਆ ਨਿਕਲ ਗਿਆ ਹੈ ਤੇ ਸੰਸਾਰ ਭਰ ਵਿਚ ਇਹਨਾਂ ਨੀਤੀਆਂ ਦੇ ਨਾਂਹ-ਪੱਖੀ ਨਤੀਜਿਆਂ ਕਰਕੇ ਪੂੰਜੀਵਾਦੀ ਆਰਥਿਕ ਸੰਕਟ ਵਧੇਰੇ ਡੂੰਘਾ ਹੋ ਗਿਆ। ਨਤੀਜੇ ਵਜੋਂ ਬੁਖਲਾਇਆ ਹੋਇਆ ਸਾਮਰਾਜ ਆਪਣੇ ਮੁਨਾਫਿਆਂ ਲਈ ਦੂਜੇ ਦੇਸ਼ਾਂ ਤੇ ਹਮਲੇ ਕਰ ਰਿਹਾ ਹੈ, ਅੰਦਰੂਨੀ ਮਸਲਿਆਂ ਵਿਚ ਦਖਲ ਦੇ ਰਿਹਾ ਹੈ ਅਤੇ ਨਾਟੋ ਦੇ ਫੌਜੀ ਗਠਜੋੜ ਨੂੰ ਪ੍ਰਯੋਗ ਵਿਚ ਲਿਆ ਕੇ ਵਰਤਮਾਨ ਸੰਸਾਰ ਸੰਕਟ ਦਾ ਕਾਰਣ ਬਣ ਰਿਹਾ ਹੈ। ਯੂਕਰੇਨ ਅਤੇ ਇਜ਼ਰਾਈਲ ਨੂੰ ਕੇਂਦਰ ਬਣਾ ਕੇ ਸੰਸਾਰ ਨੂੰ ਪ੍ਰਮਾਣੂ ਤਬਾਹੀ ਵੱਲ ਧੱਕ ਰਿਹਾ ਹੈ।
ਸੰਸਾਰ ਦੀ ਮਜ਼ਦੂਰ ਅਤੇ ਕਿਸਾਨੀ ਵਰਗੀਆਂ ਮਿਹਨਤਕਸ਼ ਜਮਾਤਾਂ ਨੂੰ ਗੁਲਾਮੀ ਵਰਗੀਆਂ ਹਾਲਤਾਂ ਵਿਚ ਗੁਜਰਨਾ ਪੈ ਰਿਹਾ ਹੈ। ਭਾਰਤ ਜਿਹੜਾ ਇਕ ਵੇਲੇ ਨਿਰਪੱਖ ਦੇਸ਼ਾਂ ਦੇ ਅੰਦੋਲਨਾਂ ਦੀ ਅਗਵਾਈ ਕਰਦਾ ਸਾਮਰਾਜੀ ਵਿਰੁਧ ਰੁਖ ਅਪਣਾ ਕੇ ਆਪਣੀ ਆਜ਼ਾਦ ਵਿਦੇਸ਼ ਨੀਤੀ ਦੀ ਸ਼ਾਨਦਾਰ ਰਾਖੀ ਕਰ ਰਿਹਾ ਸੀ ਅੱਜ ਇਥੇ ਫਾਸ਼ਿਸ਼ਟ ਵਿਚਾਰਧਾਰਾ ਵਾਲੀ ਆਰਐਸਐਸ ਦੀ ਅਗਵਾਈ ਵਿਚ ਸਾਡੀਆਂ ਕੌਮੀ ਤੌਰ ਤੇ ਪ੍ਰਵਾਨਤ ਨੀਤੀਆਂ ਵਾਲੀਆਂ ਲੋਕਰਾਜੀ ਸੰਸਥਾਵਾਂ ਦੀ ਰਾਖੀ ਕਰਦੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਸਰਕਾਰੀ ਸੰਸਥਾਵਾਂ ਈਡੀ, ਸੀਬੀਆਈ, ਇਨਕਮ ਟੈਕਸ ਸੰਸਥਾ ਅਤੇ ਐਨਆਈਏ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜਿਸ ਕਾਰਣ ਸਾਰੀ ਦੁਨੀਆਂ ਵਿਚ ਭਾਰਤ ਦੀ ਥੂਹ-ਥੂਹ ਹੋ ਰਹੀ ਹੈ ਤੇ ਸਾਰਾ ਪਬਲਿਕ ਸੈਕਟਰ ਕਾਰਪੋਰੇਟ ਘਰਾਣਿਆਂ ਹਵਾਲੇ ਕੀਤਾ ਜਾ ਰਿਹਾ ਹੈ. ਮਜ਼ਦੂਰ ਜਮਾਤ ਦੇ ਹੱਕਾਂ ਦੀ ਰਾਖੀ ਵਾਲੇ ਸਾਰੇ ਕਾਨੂੰਨਾਂ ਨੂੰ ਖਤਮ ਕਰਕੇ ਪੂੰਜੀਵਾਦੀਆਂ ਦੇ ਪੱਖ ਵਿਚ 4 ਕੋਡ ਬਣਾ ਦਿਤੇ ਗਏ ਹਨ। ਕਿਸਾਨਾਂ ਦੇ ਜ਼ਮੀਨੀ ਹੱਕ ਖੋਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ. ਇਹਨਾਂ ਕਾਰਣਾਂ ਕਰਕੇ ਹੀ ਭਾਰਤ ਦੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਵੀ ਦੁਨੀਆਂ ਭਰ ਦੀਆਂ ਮਿਹਨਤਕਸ਼ ਜਮਾਤਾਂ ਦੇ ਨਾਲ-ਨਾਲ ਜ਼ੋਰਦਾਰ ਸੰਘਰਸ਼ ਲੜਣੇ ਪੈ ਰਹੇ ਹਨ। ਭਾਰਤ ਦੀਆਂ ਮਜ਼ਦੂਰ ਅਤੇ ਕਿਸਾਨ ਜਮਾਤਾਂ ਅਜੋਕੇ ਸਮੇਂ ਦੀਆਂ ਸੰਸਦੀ ਚੋਣਾਂ ਵਿਚ ਆਪਣੇ ਅਧਿਕਾਰਾਂ ਦੀ ਰਾਖੀ ਕਰਨ ਦੇ ਨਾਲ-ਨਾਲ ਭਾਰਤ ਦੀ ਜਮਹੂਰੀਅਤ ਅਤੇ ਸੰਵਿਧਾਨ ਦੀ ਰਾਖੀ ਲਈ ਸੱਤਾਧਾਰੀ ਫਾਸ਼ੀ ਪਾਰਟੀਆਂ ਨੂੰ ਸੱਤਾ ਵਿਚੋਂ ਬਾਹਰ ਕੱਢਣ ਲਈ ਆਪਣੀ ਪੂਰੀ ਸ਼ਕਤੀ ਲਾ ਰਹੀਆਂ ਹਨ। ਇਤਿਹਾਸ ਦੁਆਰਾ ਨਿਰਧਾਰਤ ਕੀਤੇ ਅਜੋਕੇ ਸਮੇਂ ਵਿਚ ਮਜ਼ਦੂਰ ਜਮਾਤ ਵਲੋਂ ਆਪਣੇ ਅਤੇ ਦੂਜੀਆਂ ਮਿਹਨਤਕਸ਼ ਜਮਾਤਾਂ ਦੀ ਰਾਖੀ ਲਈ ਫਾਸ਼ੀ ਸੱਤਾਧਾਰੀਆਂ ਨੂੰ ਸੱਤਾ ਤੋਂ ਬਾਹਰ ਕੱਢਣ ਲਈ ਸੰਘਰਸ਼ ਕਰਨਾ ਹੀ ਮਈ ਦਿਵਸ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ।
ਬੰਤ ਸਿੰਘ ਬਰਾੜ