Wednesday, January 22, 2025  

ਲੇਖ

ਮਦਰਾਸ ਵਿਖੇ 1923 ਨੂੰ ਮਨਾਇਆ ਗਿਆ ਪਹਿਲਾ ਮਈ ਦਿਵਸ!

April 30, 2024

ਕਿਰਤੀਆਂ ਦਾ ਪਹਿਲੀ ਮਈ ਦਾ ਕੌਮਾਂਤਰੀ ਦਿਹਾੜਾ ਹਿੰਦੁਸਤਾਨ ਵਿੱਚ ਮਨਾਉਣ ਦੀ ਸ਼ੁਰੂਆਤ 1923 ਵਿੱਚ ਮਦਰਾਸ ਤੋਂ ਹੋਈ ਸੀ। ਇਸ ਦਿਨ ਨੂੰ ਮਨਾਉਣ ਦੀ ਪਿਰਤ ਪਾਉਣ ਵਾਲਾ ਮਹਾਨ ਮਨੁੱਖ ਸੀ ਕਾਮਰੇਡ ਸਿੰਗਾਰਵੇਲੂ। ਪਹਿਲੀ ਵਾਰ ਮਈ ਦਿਵਸ ਹਿੰਦੁਸਤਾਨ ਵਿੱਚ ਮਦਰਾਸ ਵਿਖੇ ਦੋ ਥਾਵਾਂ ਤੇ ਮਨਾਇਆ ਗਿਆ।
ਕਿਰਤੀਆਂ ਦੇ ਇਸ ਦਿਵਸ ਦਾ ਸਿਧਾਂਤ ਸਾਨੂੰ ਇਹ ਰੋਸ਼ਨੀ ਪ੍ਰਦਾਨ ਕਰਦਾ ਹੈ ਕਿ ਸਮਾਜ ਚੋਂ ਬੇਰੁਜ਼ਗਾਰੀ ਖ਼ਤਮ ਕਰਕੇ ਹਰੇਕ ਮਨੁੱਖ ਨੂੰ ਕੰਮ (ਰੁਜ਼ਗਾਰ) ਦਿੱਤਾ ਜਾ ਸਕਦਾ ਹੈ। ਲੋੜ ਸਮਾਜ ਦੀ ਬੇਹਤਰੀ ਵਾਸਤੇ ਮਨੁੱਖੀ ਯੋਜਨਾ ਬਣਾਉਣ ਦੀ ਹੈ । ਮਈ ਦਿਵਸ ਦੇ ਸਿਧਾਂਤ ਤੇ ਸਿਧਾਂਤਕਾਰਾਂ ਦੇ ਮੱਤਭੇਦ ਹਨ ਤੇ ਰਹਿਣੇ ਵੀ ਹਨ ਇਹ ਵਰਤਾਰਾ ਕੁਦਰਤੀ ਹੈ।
ਡਾਰਵਿਨ, ਮਾਰਕਸ, ਏਂਗਲਜ ਤੇ ਲੈਨਿਨ ਦਾ ਸਿਧਾਂਤ ਸਾਨੂੰ ਇਹ ਹੀ ਦੱਸਦਾ ਹੈ ਕਿ ਰਗੜ ਚੋਂ ਸਮਾਜ ਅੱਗੇ ਵੱਧਿਆ ਤੇ ਵਧ ਰਿਹਾ ਹੈ। ਰਗੜ ਭਾਵ ਇੱਕ ਦੂਜੇ ਦੇ ਵਿਰੋਧ। ਇੱਕ ਰੋਕਦਾ ਹੈ ਤੇ ਦੂਜਾ ਧੱਕਦਾ ਹੈ। ਇਸੇ ਸਿਧਾਂਤ ਚੋਂ ਹੀ ਅੱਜ ਚੀਨ ਵਿੱਚ ਬਿਨਾਂ ਤੇਲ, ਬਿਜਲੀ ਤੋਂ ਰੇਲਾਂ ਚੱਲ ਰਹੀਆਂ ਹਨ ਭਾਵ ਉਹ ਚੁੰਬਕੀ ਸ਼ਕਤੀ ਨਾਲ ਚੱਲ ਰਹੀਆਂ ਹਨ। ਇਸ ਲਈ ਸਮਾਜ ਦਾ ਵਿਕਾਸ ਹੀ ਵਿਰੋਧ ਚੋਂ ਹੋਇਆ ਤੇ ਇਸੇ ਨਿਯਮ ਨਾਲ ਹੁਣ ਵੀ ਚਲਦਾ ਰਹਿਣਾ ਹੈ।
ਮਈ ਦਿਵਸ ਆਮ ਤੌਰ ਤੇ ਕਿਰਤੀਆਂ ਦੀ ਕੰਮ ਦਿਹਾੜੀ ਛੋਟੀ ਕਰਨ ਦਾ ਨਾਅਰਾ ਦਿੰਦਾ ਹੈ ਪਰ ਅਜੋਕੇ ਦੌਰ ਦੇ ਕਿਰਤੀਆਂ ਦੇ ਆਗੂ ਇਥੇ ਪਹੁੰਚ ਗਏ ਹਨ ਕਿ ਕਿੰਨੀ ਕਿ ਦਿਹਾੜੀ ਛੋਟੀ ਕੀਤੀ ਜਾ ਸਕਦੀ ਹੈ। ਕਿਤੇ ਤਾਂ ਖਲੋਣਾ ਹੀ ਪਵੇਗਾ। ਪਰ ਉਹ ਇਹ ਨਹੀਂ ਸਮਝਦੇ ਕਿ ਇਹ ਹਾਲਾਤ ਬਦਲਦੇ ਰਹਿੰਦੇ ਹਨ। ਹੋ ਸਕਦਾ ਸਮਾਜ ਵਿਚ ਅਜਿਹੇ ਹਾਲਾਤ ਬਣ ਜਾਣ ਕਿ ਆਮ ਲੁਕਾਈ ਨੂੰ ਕਿਰਤੀਆਂ ਸਮੇਤ ਕੰਮ ਦਿਹਾੜੀ ਲੰਬੀ ਕਰਨ ਦੀ ਮੰਗ ਕਰਨੀ ਪਵੇ। ਪਰ ਅਜੋਕੇ ਅਤਿ ਵਿਕਸਿਤ ਪੂੰਜੀਵਾਦੀ ਯੁੱਗ ਵਿੱਚ ਕਿਰਤੀਆਂ ਵੱਲੋਂ ਕੰਮ ਮੰਗਣ ਦੇ ਨਾਲ ਨਾਲ ਨਵੇਂ ਕਿਰਤੀਆਂ ਨੂੰ ਕੰਮ ਦੇਣ ਵਾਸਤੇ ਕੰਮ ਦਿਹਾੜੀ ਸਮਾਂ ਕਾਨੂੰਨ ਦੁਆਰਾ ਘੱਟ ਕਰਨ ਦੀ ਮੰਗ ਕਰਦਾ ਹੈ ਤਾਂ ਹੀ ਬੇਰੁਜ਼ਗਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ।
ਲੇਬਰ ਕਿਸਾਨ ਪਾਰਟੀ ਵੱਲੋਂ ਪਹਿਲੀ ਵਾਰ 1923 ਵਿੱਚ ਭਾਰਤ ਵਿੱਚ ਮਈ ਦਿਵਸ ਮਨਾਇਆ ਗਿਆ। ਜਿਸ ਦੇ ਮੁੱਖ ਕਰਤਾ ਧਰਤਾ ਕਾਮਰੇਡ ਸਿੰਗਾਰਵੇਲੂ ਸਨ। ਲੇਬਰ ਕਿਸਾਨ ਪਾਰਟੀ ਦੀ ਬਕਾਇਦਾ ਤੌਰ ਤੇ ਘੋਸ਼ਣਾ ਵੀ ਮਈ ਦਿਵਸ ਤੇ 1923 ਵਿੱਚ ਹੋਈ ਸੀ। ਪਹਿਲੀ ਮਈ ਨੂੰ ਮਦਰਾਸ ਵਿਖੇ ਦੋ ਸਭਾਵਾਂ ਅਯੋਜਿਤ ਕੀਤੀਆਂ ਗਈਆਂ। ਇੱਕ ਸਭਾ ਹਾਈ ਕੋਰਟ ਦੇ ਨਜ਼ਦੀਕ ਸਮੁੰਦਰ ਦੇ ਕੰਢੇ ਬੀਚ ਤੇ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸਿੰਗਾਰਵੇਲੂ ਨੇ ਕੀਤੀ। ਦੂਜੀ ‘ਟਰਿਪਲਕੇਨ’ ਬੀਚ ਤੇ ਹੋਈ ਜਿਸ ਦੀ ਪ੍ਰਧਾਨਗੀ ਲੇਬਰ ਕਿਸਾਨ ਪਾਰਟੀ ਦੇ ਪ੍ਰਧਾਨ ਐਮ ਪੀ ਐਸ ਵੇਲਾਯਧਮ ਨੇ ਕੀਤੀ। ਇਸ ਸਭਾ ਵਿੱਚ ਕਾਂਗਰਸ ਦੇ ਲੀਡਰ ਸੁਬਰਾਮਨੀ ਤੇ ਕ੍ਰਿਸ਼ਨਾ ਸਵਾਮੀ ਸ਼ਰਮਾ ਨੇ ਵੀ ਹਿੱਸਾ ਲਿਆ। ਇੰਨਾਂ ਦੋਹਾਂ ਸਭਾਵਾਂ ਵਿੱਚ ਕਿਰਤੀਆਂ ਦਾ ਅੰਤਰਰਾਸ਼ਟਰੀ ਪੱਧਰ ਦਾ ਲਾਲ ਝੰਡਾ ਲਹਿਰਾਇਆ ਗਿਆ। ਸੰਭਵ ਹੈ ਕਿ ਸ਼ਾਇਦ ਹਿੰਦੁਸਤਾਨ ਵਿੱਚ ਪਹਿਲੀ ਵਾਰ ਕਿਸੇ ਸਭਾ ਵਿੱਚ ਲਾਲ ਝੰਡਾ ਲਹਿਰਾਇਆ ਗਿਆ ਹੋਵੇ। ਉਕਤ ਲਿਖਤ ਉੱਘੇ ਖੋਜਕਾਰ ਅਨਿਲ ਰਾਜਿਮਵਾਲੇ ਦੀ ਹੈ।
ਕਮਿਉਨਿਸਟ ਪਾਰਟੀ ਆਫ ਇੰਡੀਆ (ਸੀ ਪੀ ਆਈ) ਨੇ 7 ਤੋਂ 15 ਫਰਵਰੀ 1968 ਨੂੰ ਕਾਰਿਆਨੰਦ ਨਗਰ ਪਟਨਾ ਵਿਖੇ ਕੁੱਲ ਹਿੰਦ ਕਾਨਫਰੰਸ ਵਿੱਚ ਬਹੁਤ ਮਹੱਤਵਪੂਰਨ ਪ੍ਰੋਗਰਾਮ ਪਾਸ ਕੀਤਾ ਸੀ । ਜਿਸ ਅਨੁਸਾਰ ਬਾਕੀ ਕਾਰਜਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਦੇ ਨਾਲ ਨਾਲ ਕੰਮ ਦਿਹਾੜੀ ਸਮਾਂ ਲਗਾਤਾਰ ਘੱਟ ਕਰਨ ਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ । ਪਾਰਟੀ ਦਾ ਪ੍ਰੋਗਰਾਮ ਜੋ ਭਵਿੱਖ ਦੇ ਕਾਰਜਾਂ ਦੀ ਪੂਰਤੀ ਲਈ ਪਾਸ ਕੀਤਾ ਗਿਆ ਸੀ ਉਹ ਸਮਾਜ ਨੂੰ ਚੰਗੇਰਾ ਤੇ ਖੁਸ਼ਹਾਲ ਬਣਾਉਣ ਲਈ ਬਹੁਤ ਹੀ ਅਹਿਮ ਸੀ ਤੇ ਹੈ।
ਇਸ ਕਾਨਫਰੰਸ ਨੇ ਪ੍ਰੋਗਰਾਮ ਵਿੱਚ ਹੀ ਪਾਸ ਕੀਤਾ ਕਿ ਔਰਤਾਂ ਨੂੰ ਕੌਮ ਦੀ ਉਸਾਰੀ ਦੀਆਂ ਸਰਗਰਮੀਆਂ ਵਿੱਚ ਸ਼ਰੀਕ ਹੋਣ ਦੇ ਯੋਗ ਬਣਾਉਣ ਵਾਸਤੇ ਤੇ ਘਰਾਂ ਦੇ ਘਰੇਲੂ ਜਿੱਲ੍ਹਣ ਵਿਚੋਂ ਕੱਢਣ ਲਈ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਇਸ ਕਾਰਜ ਦੀ ਪੂਰਤੀ ਲਈ ਔਰਤਾਂ ਨੂੰ ਵੱਖ ਵੱਖ ਹੁਨਰ ਦੀ ਸਿੱਖਿਆ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਅੰਗਰੇਜ਼ਾਂ ਦੇ ਰਾਜ ਦੇ ਚੰਬੇ ਹੋਏ ਕਿਸਾਨਾਂ ਦੀ ਹਾਲਤ ਜੋ ਤਰਸਯੋਗ ਸੀ ਤੇ ਹੁਣ ਵੀ ਕੋਈ ਜ਼ਿਆਦਾ ਬੇਹਤਰ ਨਹੀਂ। ਇਸ ਬਾਬਤ ਇਸੇ ਕਾਨਫਰੰਸ ਦੇ ਪ੍ਰੋਗਰਾਮ ਵਿੱਚ ਪਾਸ ਕੀਤਾ ਗਿਆ ਕਿ ਕਿਸਾਨ ਜੋ ਜਗੀਰਦਾਰ ਦੀ ਜ਼ਮੀਨ ਤੇ ਖੇਤੀ ਕਰਦੇ ਹਨ ਉਨ੍ਹਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ। ਜਾਣਕਾਰੀ ਲਈ ਜੋ ਕਿਸਾਨ ਜਗੀਰਦਾਰ ਦੀ ਜ਼ਮੀਨ ਤੇ ਖੇਤੀ ਕਰਦੇ ਸਨ ਉਨ੍ਹਾਂ ਦੀ ਆਪਣੀ ਨਿੱਜੀ ਜ਼ਮੀਨ ਨਹੀਂ ਸੀ ਹੁੰਦੀ। ਇਸ ਦੇ ਨਾਲ ਹੀ ਖੇਤ ਮਜ਼ਦੂਰਾਂ ਦੇ ਕਰਜ਼ੇ ਵੀ ਮੁਆਫ਼ ਕਰਨ ਦੀ ਯੋਜਨਾ ਬਣਾਈ ਗਈ ਜੋ ਕਿਸਾਨਾਂ ਦੇ ਨਾਲ ਖੇਤੀ ਦੇ ਕਾਰਜ਼ ਵਿੱਚ ਆਪਣੀ ਕਿਰਤ ਸ਼ਕਤੀ ਵੇਚ ਕੇ ਕੰਮ ਕਰਦੇ ਸਨ। ਇਸੇ ਪ੍ਰੋਗਰਾਮ ਵਿੱਚ ਹੀ ਖੇਤ ਮਜ਼ਦੂਰਾਂ ਦੀ ਜੀਵਨ ਹਾਲਤ ਨੂੰ ਬੇਹਤਰ ਬਣਾਉਣ ਦੀ ਗਾਰੰਟੀ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੀਆਂ ਕੋਆਪਰੇਟਿਵ ਸੁਸਾਇਟੀਆਂ ਬਣਾਉਣ ਤੇ ਘਰ ਬਣਾਉਣ ਲਈ ਮੁਫ਼ਤ ਥਾਂ ਤੇ ਮਾਲੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ।
ਆਉਣ ਵਾਲੀ ਪੀੜ੍ਹੀ ਨੂੰ ਗਿਆਨ ਦੇ ਪੱਖੋਂ ਸੰਸਾਰ ਦੇ ਹਾਣੀ ਬਣਾਉਣ ਵਾਸਤੇ ਹਾਇਰ ਸੈਕੰਡਰੀ ਭਾਵ ਗਿਆਰਾਂ ਜਮਾਤਾਂ ਤੱਕ ਕੁੜੀਆਂ ਤੇ ਮੁੰਡਿਆਂ ਨੂੰ ਮੁਫ਼ਤ ਤੇ ਲਾਜ਼ਮੀ ਵਿਦਿਆ ਦੇਣੀ ਯਕੀਨੀ ਬਣਾਉਣਾ ਪਾਸ ਕੀਤਾ ਗਿਆ। ਇਸ ਉਦੇਸ਼ ਦਾ ਮੁੱਖ ਮਕਸਦ ਇਹ ਸੀ ਕਿ ਹਿੰਦੁਸਤਾਨ ਚੋਂ ਅਨਪੜ੍ਹਤਾ ਖ਼ਤਮ ਕੀਤੀ ਜਾਵੇਗੀ ਅਤੇ ਵਿਦਿਆ ਨੂੰ ਹੁਨਰ ਪੱਖੀ ਬਣਾਇਆ ਜਾਵੇਗਾ। ਸਿਹਤ ਸਹੂਲਤਾਂ ਦੇ ਪੱਖ ਤੋਂ ਘੱਟੋ ਘੱਟ ਡਾਕਟਰੀ ਸਹੂਲਤਾਂ ਮੁਹਈਆ ਕਰਨ ਲਈ ਜਨੇਪੇ ਸਮੇਂ ਔਰਤਾਂ ਦੀਆਂ ਸੇਵਾਵਾਂ ਵਾਸਤੇ ਜਾਲ ਉਣ ਦਿੱਤਾ ਜਾਵੇਗਾ। ਹਰੇਕ ਮਨੁੱਖ ਭਾਵੇਂ ਉਹ ਮਰਦ ਜਾਂ ਔਰਤ ਹੋਵੇ ਉਸ ਦੇ ਇਲਾਜ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਸ ਸਮੇਂ ਦੀਆਂ ਘਾਤਕ ਬਿਮਾਰੀਆਂ ਹੈਜੇ,ਚੀਚਕ ਤੇ ਮਲੇਰੀਆ ਨੂੰ ਖ਼ਤਮ ਕਰਨ ਵੱਲ ਉਚੇਚਾ ਧਿਆਨ ਹੋਵੇਗਾ।
ਬੱਚਿਆਂ ਤੇ ਜੁਆਨੀ ਨੂੰ ਸਿਹਤਮੰਦ ਰੱਖਣ ਤੇ ਬਣਾਉਣ ਵਾਸਤੇ ਖੇਡਾਂ ਤੇ ਸਰੀਰਕ ਕਸਰਤ ਦੀਆਂ ਹੋਰ ਸਰਗਰਮੀਆਂ ਵਿੱਚ ਜਨਤਕ ਪੱਧਰ ਤੇ ਸ਼ਰਤੀਆ ਸਭ ਲੋੜਾਂ ਦੀ ਸਹੂਲਤ ਮੁੱਹਈਆ ਕੀਤੀ ਜਾਵੇਗੀ।
ਸਾਹਿਤ ਕਲਾ ਤੇ ਸੱਭਿਆਚਾਰ ਰਾਹੀਂ ਮਨੁੱਖ ਨੂੰ ਮਨੁੱਖ ਦੀ ਨਫ਼ਰਤ, ਅਧੀਨਗੀ ਅਤੇ ਦਬਾਅ ਛੱਡਣ ਲਈ ਕਲਾ ਰਾਹੀਂ ਪ੍ਰੇਰਤ ਕੀਤਾ ਜਾਵੇਗਾ। ਇਸ ਕਾਨਫਰੰਸ ਨੇ ਪਾਸ ਕੀਤਾ ਕਿ ਮਨੁੱਖ ਦੀ ਰਚਨਾਤਮਕ ਕਿਰਤ, ਸੁਤੰਤਰਤਾ ਤੇ ਆਜ਼ਾਦੀ , ਸਭਨਾਂ ਲਈ ਚੰਗੇਰੇ ਜੀਵਨ ਤੇ ਰੁਜ਼ਗਾਰ ਲਈ ਬਹਾਦਰਾਨਾ ਜੱਦੋਜਹਿਦ ਕਰਨੀ ਹੋਵੇਗੀ।
ਹੁਣ ਇਹ ਸਵਾਲ ਉੱਠਦਾ ਹੈ ਕਿ ਕਮਿਉਨਿਸਟ ਪਾਰਟੀ ਦੀ ਕਿਸੇ ਵੀ ਕਾਂਗਰਸ ਨੇ ਨਾ ਤਾਂ 1968 ਵਾਲੀ ਕਾਨਫਰੰਸ ਦੇ ਪ੍ਰੋਗਰਾਮ ਨੂੰ ਰੱਦ ਕੀਤਾ ਹੈ ਤੇ ਨਾ ਲਾਗੂ ਭਾਵ ਕਾਨਫਰੰਸ ਦੇ ਪ੍ਰੋਗਰਾਮ ਤੇ ਅਮਲ ਕਰਨ ਲਈ ਸਿਰਤੋੜ ਯਤਨ ਨਹੀਂ ਹੋਏ । ਮੇਰੀ ਸਮਝ ਇਹ ਕਹਿੰਦੀ ਹੈ ਕਿ ਜੇ ਇਸ ਸ਼ਾਨਾਮੱਤਾ ਪ੍ਰੋਗਰਾਮ ਤੇ ਅਮਲ ਹੋ ਜਾਂਦਾ ਤਾਂ ਕਮਿਉਨਿਸਟਾਂ ਦੀ ਤਾਕਤ ਦੇਸ਼ ਵਿੱਚ ਕਿਤੇ ਜ਼ਿਆਦਾ ਵੱਧ ਹੋਣੀ ਸੀ।ਇਸ ਪ੍ਰੋਗਰਾਮ ਬਾਰੇ ਪਾਰਟੀ ਨੂੰ ਮੁੜ ਵਿਚਾਰਨ ਦੀ ਲੋੜ ਹੈ।
ਪਿਰਥੀਪਾਲ ਸਿੰਘ ਮਾੜੀਮੇਘਾ
-ਮੋਬਾ: 9876078731

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ