ਪੰਜਾਬੀਆਂ ਵਿਚ ਸ਼ੌਕ ਵਜੋਂ ਪ੍ਰਚਲਿਤ ਹੋਈ ਨਸ਼ਿਆਂ ਦੀ ਲੱਤ ਅੱਜ ਪੰਜਾਬੀਆਂ ਲਈ ਇਕ ਭਿਆਨਕ ਮਹਾਂਮਾਰੀ ਬਣ ਗਈ ਹੈ । ਜਿਹੜੀ ਕਿ ਨੌਜਵਾਨ ਪੀੜ੍ਹੀ ਨੂੰ ਘੁਣ ਵਾਂਗ ਤਬਾਹ ਕਰ ਰਹੀ ਹੈ । ਅੱਜ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਜਿੱਥੇ ਇਕ ਸਮਾਜਿਕ ਮੁੱਦਾ ਹੈ ਉੱਥੇ ਇਹ ਇਕ ਸਿਆਸੀ ਮੁੱਦਾ ਵੀ ਬਣ ਗਿਆ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਨਸ਼ਿਆਂ ਦਾ ਫੈਲਾਅ ਅਤੇ ਵਪਾਰ ਕੋਈ ਰਾਤੋ-ਰਾਤ ਨਹੀਂ ਹੋਇਆ, ਇਹ ਕਿਸੇ ਨਾ ਕਿਸੇ ਸਾਜ਼ਿਸ਼ ਅਤੇ ਯੋਜਨਾ ਤਹਿਤ ਹੀ ਹੋਇਆ ਜਾਪਦਾ ਹੈ । ਆਓ, ਇਨਾਂ ਨਸ਼ਿਆਂ ਦੇ ਅਤੀਤ ਨੂੰ ਫਰੋਲ ਕੇ ਮੌਜੂਦਾ ਸਥਿਤੀ ’ਤੇ ਭਵਿੱਖ ਬਾਰੇ ਕੁੱਝ ਸਮਝੀਏ।
ਨਸ਼ਿਆਂ ਦਾ ਜ਼ਿਕਰ ਸਦੀਆਂ ਪਹਿਲਾਂ ਧਾਰਮਿਕ ਗ੍ਰੰਥਾਂ ਵਿੱਚ ਵੀ ਆਉਂਦਾ ਹੈ ਜਿਵੇਂ ਕਿ ਦੇਵਤਿਆਂ ਵੱਲੋਂ ਸਮੁੰਦਰ ਮੰਥਨ ਵੇਲੇ ਅਮਿ੍ਰਤ ਸਮੇਤ ਨਿਕਲੇ 14 ਰਤਨਾਂ ਵਿੱਚ ਮਦੁਰਾ ਭਾਵ ਸ਼ਰਾਬ ਦਾ ਵੀ ਜ਼ਿਕਰ ਆਉਂਦਾ ਹੈ । ਇਸੇ ਤਰਾਂ ਸ਼ਿਵਜੀ ਵੱਲੋਂ ਭੰਗ ਦਾ ਨਸ਼ਾ ਕਰਨ ਦਾ ਜ਼ਿਕਰ ਵੀ ਆਉਂਦਾ ਹੈ । ਇਨਾਂ ਗ੍ਰੰਥਾਂ ਦੇ ਅਧਿਐਨ ਤੋਂ ਸਪਸ਼ਟ ਹੈ ਕਿ ਉਨਾਂ ਵਿਚ ਕਿਤੇ ਵੀ ਨਸ਼ਿਆਂ ਦੀ ਵਡਿਆਈ ਨਹੀਂ ਕੀਤੀ ਗਈ, ਨਸ਼ਿਆਂ ਬਾਰੇ ਤੁਲਨਾਤਮਕ ਅਧਿਅਨ ਕਰਕੇ ਇਹਨਾਂ ਨੂੰ ਮਾੜਾ ਹੀ ਕਿਹਾ ਗਿਆ ਹੈ । ਇਨਾਂ ਨਸ਼ਿਆਂ ਵਿਚ ਭੰਗ ਤੇ ਸ਼ਰਾਬ ਦਾ ਨਸ਼ਾ ਸਭ ਤੋਂ ਪੁਰਾਣਾ ਮੰਨਿਆ ਜਾਂਦਾ ਹੈ। ਸ਼ਰਾਬ ਨੂੰ ਸੁਰਾ, ਮਦ, ਮਦੁਰਾ, ਸੋਮ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਸੀ । ਜੋ ਕਿ ਹੌਲੀ-ਹੌਲੀ ਸੁਧਰਦੀ ਹੋਈ ਅਜੋਕੇ ਰੂਪ ਵਿਚ ਅਣਗਿਣਤ ਬਰਾਂਡ ਨਾਵਾਂ ਨਾਲ ਵਿਕਦੀ ਹੈ ।
ਅੱਜ ਭਾਵੇਂ ਸਿੰਥੈਟਿਕ ਨਸ਼ੇ ਚਰਚਾ ਵਿਚ ਹਨ, ਜਿਨਾਂ ਨੇ ਮੌਜੂਦਾ ਨੌਜਵਾਨ ਪੀੜ੍ਹੀ ਨੂੰ ਬੁਰੀ ਤਰਾਂ ਆਪਣੀ ਗਿ੍ਰਫਤ ਵਿੱਚ ਲੈ ਲਿਆ ਹੈ । ਪਰ ਜੇ ਅਸੀਂ ਗੰਭੀਰਤਾ ਨਾਲ ਵਿਚਾਰ ਚਰਚਾ ਕਰੀਏ ਤਾਂ ਸਮੁੱਚੇ ਨਸ਼ਿਆਂ ਦੀ ਜੜ੍ਹ ਇਸ ਸ਼ਰਾਬ ਦੀ ਬੋਤਲ ਵਿੱਚੋਂ ਹੀ ਆਉਂਦੀ ਜਾਪਦੀ ਹੈ । ਭਾਵ ਸਾਰੇ ਨਸ਼ਿਆਂ ਦੀ ਜੜ੍ਹ ਇਹ ਸ਼ਰਾਬ ਹੀ ਹੈ । ਆਓ ਜ਼ਰਾ ਅਤੀਤ ਤੇ ਝਾਤ ਮਾਰੀਏ। ਪੰਜਾਬ ਵਿਚ 20ਵੀਂ ਸਦੀ ਦੇ ਦੌਰਾਨ ਰੂੜੀ ਮਾਰਕਾ ਆਮ ਪ੍ਰਚਲਿਤ ਸੀ। ਪਿੰਡਾਂ ਵਿਚ ਲੋਕ ਆਮ ਭੱਠੀਆਂ ਬਾਲ਼-ਬਾਲ਼ ਕੱਢਦੇ ਸਨ ਤੇ ਰੱਜ-ਰੱਜ ਪੀਂਦੇ ਸਨ । ਕਈ ਪੱਕੇ ਸ਼ਰਾਬੀ ਹੋ ਗਏ, ਜਿਨਾਂ ਦਾ ਕੰਮ ਧੰਦਾ ਹੀ ਇਹੋ ਸੀ ਕਿ ਸ਼ਰਾਬ ਕੱਢਣੀ, ਪੀਣੀ ਅਤੇ ਵੇਚਣੀ । ਭਾਵੇਂ ਅੰਗਰੇਜ਼ਾਂ ਵੱਲੋਂ 1914 ਵਿਚ ਐਕਸਾਈਜ਼ ਐਕਟ ਬਣਾ ਕੇ ਸ਼ਰਾਬ ਦੀ ਵਿਕਰੀ ਲਈ ਕਾਨੂੰਨ ਲਾਗੂ ਕੀਤਾ ਸੀ ਪਰ ਉਦੋਂ ਤੋਂ ਲੈ ਕੇ ਦੇਸ਼ ਆਜ਼ਾਦ ਹੋਣ ਤੱਕ ਠੇਕਿਆਂ ’ਤੇ ਸ਼ਰਾਬ ਦੀ ਵਿਕਰੀ ਬਹੁਤੀ ਪ੍ਰਚਲਿਤ ਨਹੀਂ ਸੀ । ਉਸ ਤੋਂ ਬਾਅਦ ਸਮੇਂ-ਸਮੇਂ ਦੀਆਂ ਸਰਕਾਰਾਂ ਇਸ ਕਾਨੂੰਨ ਵਿਚ ਬਦਲਾਅ ਤੇ ਸੋਧ ਕਰਦੀਆਂ ਰਹੀਆਂ ਹਨ ਤਾਂ ਜੋ ਸ਼ਰਾਬ ਦੀ ਵਿਕਰੀ ਨੂੰ ਉਤਸ਼ਾਹਤ ਕੀਤਾ ਜਾ ਸਕੇ । ਸ਼ਰਾਬ ਨੂੰ ਵੇਚ ਕੇ ਸਰਕਾਰਾਂ ਕਰੋੜਾਂ ਰੁਪਏ ਮਾਲੀਆ ਇਕੱਠਾ ਕਰਦੀਆਂ ਹਨ। ਸ਼ਰਾਬ ਜੋ ਬਾਕੀ ਨਸ਼ਿਆਂ ਦੀ ਜੜ੍ਹ ਹੈ, ਇਸ ਨੂੰ ਸਰਕਾਰਾਂ ਖੁਦ ਉਤਸ਼ਾਹਤ ਕਰ ਰਹੀਆਂ ਹਨ, ਜਦੋਂ ਕਿ ਅਜੋਕੇ ਨੌਜਵਾਨ ਗੰਭੀਰ ਨਸ਼ਿਆਂ ਦੀ ਗਿ੍ਰਫ਼ਤ ਵਿਚ ਆ ਚੁੱਕੇ ਹਨ। ਦੂਜੇ ਪਾਸੇ ਇਹੋ ਸਿਆਸੀ ਪਾਰਟੀਆਂ ਤੇ ਸਰਕਾਰਾਂ ਜਨਤਾ ਸਾਹਮਣੇ ਮਗਰਮੱਛ ਦੇ ਹੰਝੂ ਵਹਾ ਰਹੀਆਂ ਹਨ।
ਆਓ ਸ਼ਰਾਬ ਦੀ ਵਿਕਰੀ ਸੰਬੰਧੀ ਗੂਗਲ ਤੇ ਮੌਜੂਦ ਸਰਕਾਰੀ ਅੰਕੜਿਆਂ ਤੇ ਇਕ ਝਾਤ ਮਾਰੀਏ । ਅੰਕੜਿਆਂ ਮੁਤਾਬਕ 1966 ਵਿਚ ਪੰਜਾਬੀ ਸੂਬਾ ਹੋਂਦ ਵਿਚ ਆਇਆ ਅਤੇ ਪਹਿਲੇ ਹੀ ਸਾਲ ਪੰਜਾਬ ਸਰਕਾਰ ਨੇ 66 ਕਰੋੜ ਰੁਪਏ ਸ਼ਰਾਬ ਦੇ ਠੇਕਿਆਂ ਨੂੰ ਵੇਚ ਕੇ ਮਾਲੀਆ ਇਕੱਠਾ ਕੀਤਾ ਸੀ ।ਜੋ ਕਿ 1990-91 ਵਿਚ ਤੱਕ ਵਧ ਕੇ ਰਿਕਾਰਡ 426 ਕਰੋੜ ਹੋ ਗਿਆ, 1996-1997 ਵਿਚ 1100 ਕਰੋੜ, 1999 ਵਿੱਚ 1500 ਕਰੋੜ ਸੀ ਜੋ ਕਿ 2013-14 ਤੱਕ 3758 ਕਰੋੜ ਤੱਕ ਪੁੱਜ ਗਈ, ਫਿਰ ਦਸ ਸਾਲਾਂ ਬਾਅਦ 2022-23 ਦੌਰਾਨ ਛੜੱਪਾ ਮਾਰ ਕੇ ਦੁੱਗਣੀ ਤੋਂ ਵੀ ਵੱਧ 8841.40 ਕਰੋੜ ਤੇ ਪੁੱਜ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ 25-30 ਸਾਲਾਂ ਤੋਂ ਲੋਕ ਨਸ਼ਿਆਂ ਦੇ ਖ਼ਿਲਾਫ਼ ਲਾਮਬੰਦ ਵੀ ਹੋ ਰਹੇ ਹਨ, ਲੜ ਵੀ ਰਹੇ ਹਨ ਪਰ ਸ਼ਰਾਬਨੋਸ਼ੀ ਛੜੱਪੇ ਮਾਰ ਵਧ ਰਹੀ ਹੈ, ਇਕੱਲੇ ਇਸੇ ਸਾਲ ਦੇ ਹੈਰਾਨੀਜਨਕ ਅੰਕੜੇ ਹਨ ਕਿ ਬੀਤੇ ਵਰ੍ਹੇ 2022-23 ਵਿਚ 2021-22 ਨਾਲੋਂ ਸ਼ਰਾਬ ਦਾ ਮਾਲੀਆ 41ਪ੍ਰਤੀਸ਼ਤ ਵਧਿਆ ਹੈ । 2021-22 ਦੌਰਾਨ ਪੰਜਾਬੀਆਂ ਨੇ 6254 ਕਰੋੜ ਦੀ ਸ਼ਰਾਬ ਪੀਤੀ ਸੀ। ਇਕ ਅੰਦਾਜ਼ੇ ਮੁਤਾਬਕ ਪੰਜਾਬ ਦੇ ਵਿੱਚ 30 ਲੱਖ ਦੇ ਲਗਭਗ ਲੋਕ ਸ਼ਰਾਬ ਪੀਣ ਦੇ ਆਦੀ ਦੱਸੇ ਜਾਂਦੇ ਹਨ।
ਸ਼ਰਾਬ ਦੇ ਅਤੀਤ ਅਤੇ ਵਰਤਮਾਨ ਦੀ ਸਥਿਤੀ ਨੂੰ ਵੇਖ ਕੇ ਇਸ ਦੇ ਭਵਿੱਖ ਦਾ ਵੀ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ । ਭਵਿੱਖ ਵਿਚ ਵੀ ਇਸ ਦੇ ਘਟਣ ਦੇ ਕੋਈ ਆਸਾਰ ਨਜ਼ਰ ਨਹੀਂ ਆਉਂਦੇ । ਮੌਜੂਦਾ ਸਰਕਾਰ ਨੇ ਇਕ ਪੁਲਾਂਘ ਹੋਰ ਪੁੱਟਦਿਆਂ ਔਰਤਾਂ ਲਈ ਵੱਖਰੇ ਠੇਕੇ ਖੋਲ੍ਹਣ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਦੱਸੀ ਜਾਂਦੀ ਹੈ।
ਤੰਬਾਕੂ ਦਾ ਨਸ਼ਾ ਜੋ ਵਿਦੇਸ਼ੀ ਧਾੜਵੀਆਂ ਰਾਹੀਂ ਪੰਜਾਬ ਪਹੁੰਚਿਆ ਦੱਸਿਆ ਜਾਂਦਾ ਹੈ, ਉਸ ਦੀ ਵਰਤੋਂ ਵੀ ਜੋਰਾਂ ਸ਼ੋਰਾਂ ਨਾਲ ਹੋ ਰਹੀ ਹੈ ਇਸ ਦੇ ਨਾਲ-ਨਾਲ ਅੱਜ ਪੰਜਾਬ ਵਿਚ ਮੈਡੀਕਲ ਤੇ ਸਿੰਥੈਟਿਕ ਨਸ਼ਿਆਂ ਦੀ ਭਰਮਾਰ ਖਤਰਨਾਕ ਸਥਿਤੀ ਵਿੱਚ ਪਹੁੰਚ ਗਈ ਹੈ । ਇਹ ਨਸ਼ੇ ਅੱਜ ਪੰਜਾਬੀਆਂ ਨੂੰ ਮਹਾਂਮਾਰੀ ਦੇ ਰੂਪ ਵਿਚ ਚਿੰਬੜ ਗਏ ਹਨ। ਆਓ ਇਨਾਂ ਨਸ਼ਿਆਂ ਦੀ ਵੀ ਸ਼ੁਰੂਆਤੀ ਪੈੜ ਨੱਪਣ ਦੀ ਕੋਸ਼ਿਸ਼ ਕਰਦੇ ਹਾਂ । 1984 ਤੋਂ ਬਾਅਦ ਪੰਜਾਬ ਵਿਚ ਹਾਲਾਤ ਖਰਾਬ ਹੁੰਦੇ ਹਨ । ਇਸ ਸਮੇਂ ਦੌਰਾਨ ਸ਼ਰਾਬ ਵਰਗੇ ਨਸ਼ਿਆਂ ਨੂੰ ਜ਼ਰੂਰ ਕੁਝ ਠੱਲ੍ਹ ਪਈ ਰਹੀ ਪਰ ਲੁਕਵੇਂ ਰੂਪ ਵਿੱਚ ਇਹ ਕੰਮ ਜਾਰੀ ਰਿਹਾ ।
1990 ਦੌਰਾਨ ਟਾਵੇਂ-ਟਾਵੇਂ ਮੈਡੀਕਲ ਸਟੋਰਾਂ ’ਤੇ ਨਸ਼ਿਆਂ ਦੀ ਵਿਕਰੀ ਲੁਕਵੇਂ ਰੂਪ ਵਿਚ ਸ਼ੁਰੂ ਹੋਈ । ਸ਼ਰਾਬ ਦਾ ਸੇਵਨ ਤਾਂ ਪਿੰਡਾਂ ਵਿਚ ਆਮ ਹੀ ਹੁੰਦਾ ਸੀ ਤੇ ਉਸ ਸਮੇਂ 1992 ਵਿਚ ਬਣੀ ਕਾਂਗਰਸ ਦੀ ਸਰਕਾਰ ਸਮੇਂ ਨੌਜਵਾਨਾਂ ਵਿੱਚ ਮੈਡੀਕਲ ਨਸ਼ਿਆਂ ਦਾ ਸੇਵਨ ਵਧਣ ਲੱਗਾ । ਇਸੇ ਦੌਰਾਨ ਮੈਡੀਕਲ ਸਟੋਰਾਂ ਤੇ ਇਕ ਖੰਘ ਵਾਲੀ ਦਵਾਈ ਦੀ ਆਮਦ ਹੁੰਦੀ ਹੈ ਜੋ ਕਿ ਪੰਜਾਬ ਵਿੱਚ 1992-1997 ਵਿਚ ਬਣੀ ਸਰਕਾਰ ਦੌਰਾਨ ਖੂਬ ਵਿਕੀ । ਇਸ ਦੇ ਨਾਲ-ਨਾਲ ਨਸ਼ੇ ਦੇ ਕੈਪਸੂਲਾਂ ਦੀ ਵਿਕਰੀ ਵਿਚ ਵੀ ਤੇਜ਼ੀ ਆਈ । ਇਸੇ ਸਮੇਂ ਦੌਰਾਨ ਮੈਡੀਕਲ ਸਟੋਰਾਂ ਵਾਲਿਆਂ ਨੇ ਖੂਬ ਹੱਥ ਰੰਗੇ। ਇਸ ਉਪਰੰਤ ਅਕਾਲੀ ਦਲ ਦੀ ਸਰਕਾਰ ਬਣੀ, ਉਸ ਸਮੇਂ ਵੀ ਮੈਡੀਕਲ ਨਸ਼ਿਆਂ ਦਾ ਕਾਰੋਬਾਰ ਬੇਰੋਕ ਟੋਕ ਚਲਦਾ ਰਿਹਾ। ਬਹੁਤ ਸਾਰੀਆਂ ਸੰਸਥਾਵਾਂ ਤੇ ਯੂਥ ਕਲੱਬਾਂ ਵੱਲੋਂ ਆਵਾਜ਼ ਉਠਾਉਣ ’ਤੇ ਵੀ ਇਨਾਂ ਮੈਡੀਕਲ ਸਟੋਰਾਂ ਵਾਲਿਆਂ ’ਤੇ ਕੋਈ ਖਾਸ ਕਾਰਵਾਈ ਨਹੀਂ ਹੋਈ। ਜਦੋਂ ਤੱਕ ਕਾਰਵਾਈ ਹੋਈ, ਉਦੋਂ ਤੱਕ ਇਕ ਪੀੜ੍ਹੀ ਨੂੰ ਮੈਡੀਕਲ ਨਸ਼ੇ ਬਰਬਾਦ ਕਰ ਚੁੱਕੇ ਸਨ, ਖੰਘ ਦੀ ਸ਼ੀਸ਼ੀ, ਨਸ਼ੀਲੀਆਂ ਗੋਲੀਆਂ, ਟੀਕਿਆਂ ਅਤੇ ਕੈਪਸੂਲਾਂ ਦੇ ਸੇਵਨ ਨਾਲ ਸੈਂਕੜੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਗਈਆਂ। ਸਰਕਾਰ ਦੀਆਂ ਉਦੋਂ ਵੀ ਅੱਖਾਂ ਨਾ ਖੁੱਲੀਆਂ।
ਇਸ ਤੋਂ ਬਾਅਦ ਪੰਜਾਬ ਵਿਚ ਸਮੈਕ ਦੀ ਆਮਦ ਹੁੰਦੀ ਹੈ । ਇਹ ਸਮੈਕ ਦਾ ਨਸ਼ਾ ਬੜੀ ਤੇਜ਼ੀ ਨਾਲ ਪੂਰੇ ਪੰਜਾਬ ਨੂੰ ਆਪਣੇ ਕਲਾਵੇ ਵਿਚ ਲੈ ਲੈਂਦਾ ਹੈ । ਪੰਜਾਬ ਦੇ ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਦੇ ਲੋਕਾਂ ਬੜਾ ਰੌਲਾ ਰੱਪਾ ਪਾਇਆ ਪਰ ਸਮੇਂ ਸਮੇਂ ਦੀਆਂ ਸਰਕਾਰਾਂ ਇਸ ਨੂੰ ਰੋਕਣ ਵਿਚ ਨਾਕਾਮ ਰਹੀਆਂ। ਇਨਾਂ ਨਸ਼ਿਆਂ ਦੀ ਤਸਕਰੀ ਸਬੰਧੀ ਭਾਵੇਂ ਵੱਖ ਵੱਖ ਸਿਆਸੀ ਪਾਰਟੀਆਂ ਦੀ ਸ਼ਮੂਲੀਅਤ ਦੇ ਵੀ ਇਲਜ਼ਾਮ ਲਗਦੇ ਰਹੇ ਹਨ ਪਰ ਇਹ ਸਾਰੇ ਇਸ ਨੂੰ ਰੋਕਣ ਵਿਚ ਅਸਫ਼ਲ ਰਹੇ। ਸਮੈਕ ਦੀ ਤਸਕਰੀ ਤੋਂ ਬਾਅਦ ਫਿਰ ਹੁਣ ਇਹ ਅਲਾਮਤ ਭਿਆਨਕ ਨਸ਼ੇ ਚਿੱਟੇ ਅਤੇ ਸਿੰਥੈਟਿਕ ਡਰੱਗ ਦੇ ਰੂਪ ਵਿਚ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਤਬਾਹ ਕਰ ਰਹੀ ਹੈ ।
ਇਸ ਸਭ ਕਾਸੇ ਨੂੰ ਭਾਂਪਦਿਆਂ ਸਾਡੇ ਸਾਹਮਣੇ ਇਕ ਗੱਲ ਤਾਂ ਪ੍ਰਤੱਖ ਹੈ ਕਿ ਇਨਾਂ ਨਸ਼ਿਆਂ ਦਾ ਸਫ਼ਰ ਬੜੇ ਯੋਜਨਾਬੱਧ ਅਤੇ ਪੜ੍ਹਾਅਵਾਰ ਤਰੀਕੇ ਨਾਲ ਅੰਜ਼ਾਮ ’ਤੇ ਪਹੁੰਚਾਇਆ ਗਿਆ ਹੈ । ਇਸ ਵਿਚ ਅਸੀਂ ਵੀ ਜ਼ਿੰਮੇਵਾਰ ਹਾਂ । ਅਸੀਂ ਵੀ ਇਸ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਕਿਉਂਕਿ ਸਾਡਾ ਅਤੀਤ ਸਾਡੀ ਸ਼ਮੂਲੀਅਤ ਬਾਰੇ ਚੀਕ-ਚੀਕ ਕੇ ਦੱਸ ਰਿਹਾ ਹੈ । ਉਹ ਕਿਵੇਂ ਆਓ ਇਸ ਨੂੰ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ।
ਮੈਡੀਕਲ ਸਾਇੰਸ ਕਹਿੰਦੀ ਹੈ ਕਿ ਮਾਂ-ਬਾਪ ਤੋਂ ਗੁਣ-ਔਗੁਣ ਬੱਚਿਆਂ ਵਿਚ ਪੀੜ੍ਹੀ ਦਰ ਪੀੜ੍ਹੀ ਜੀਨ ਰਾਹੀਂ ਜਾਂਦੇ ਹਨ। ਹੁਣ ਇਕ ਉਦਾਹਰਨ ਦੇ ਤੌਰ ’ਤੇ ਜੇ ਗੱਲ ਕਰੀਏ ਕਿ ਬਾਬੇ ਨੇ ਪਹਿਲਾਂ ਰੱਜ ਕੇ ਰੂੜੀ ਮਾਰਕਾ ਪੀਤੀ, ਪਿਓ ਨੇ ਠੇਕੇ ਆਲੀ ਪੀਤੀ ਅਤੇ ਨਾਲ ਦੀ ਨਾਲ ਸਰੀਰ ਕਾਇਮ ਰੱਖਣ ਲਈ ਨਸ਼ੇ ਦੀਆਂ ਗੋਲੀਆਂ ਵੀ ਖਾਧੀਆਂ ਜਾਂ ਅਫੀਮ, ਭੁੱਕੀ ਦਾ ਸੇਵਨ ਕੀਤਾ, ਜੇ ਹੁਣ ਅੱਗੇ ਪੁੱਤਰ ਸਮੈਕ ਪੀਣ ਲਗਦਾ ਹੈ ਜਾਂ ਚਿੱਟਾ ਪੀਂਦਾ ਹੈ ਤਾਂ ਉਹ ਧਾਹਾਂ ਮਾਰਦੇ ਹਨ । ਇਹ ਉਦਾਹਰਨ ਸਾਰਿਆਂ ’ਤੇ ਭਾਵੇਂ ਲਾਗੂ ਨਾ ਵੀ ਹੁੰਦੀ ਹੋਵੇ । ਪਰ ਇਹ ਗੱਲ ਬੜੀ ਗੰਭੀਰਤਾ ਨਾਲ ਸੋਚਣ ਵਾਲੀ ਹੈ, ਜਿਹੜੇ ਆਖਦੇ ਹਨ ਸ਼ਰਾਬ ਪੀਣ ਨਾਲ ਕੁਝ ਨਹੀਂ ਹੁੰਦਾ, ਜਦੋਂ ਉਹ ਇਸ ਦੀ ਵਰਤੋਂ ਲਿਮਟ ਤੋਂ ਬਾਹਰ ਕਰਦੇ ਹਨ ਫਿਰ ਨਤੀਜੇ ਘਾਤਕ ਹੁੰਦੇ ਹਨ। ਇੱਕ ਰਿਪੋਰਟ ਮੁਤਾਬਕ ਬੀਤੇ ਵਰ੍ਹੇ ਪੰਜਾਬ ਵਿੱਚ 200 ਦੇ ਕਰੀਬ ਵਿਅਕਤੀ ਮਾੜੀ ਸ਼ਰਾਬ ਪੀਣ ਤੇ ਓਵਰਡੋਜ਼ ਹੋਣ ਨਾਲ ਮਰੇ ਹਨ । ਜਦੋਂ ਸੜਕ ਹਾਦਸਿਆਂ ਦਾ ਸ਼ਿਕਾਰ ਹੋਣ ਵਾਲਿਆਂ ਦੀ ਸੰਖਿਆ ਵੱਖਰੀ ਹੈ । ਅੱਜ ਅਸੀਂ ਨਸ਼ਿਆਂ ਦੇ ਖ਼ਿਲਾਫ਼ ਪੂਰੇ ਜ਼ੋਰ-ਸ਼ੋਰ ਆਵਾਜ਼ ਉਠਾਉਣ ਲੱਗੇ ਹੋਏ ਹਾਂ ਪਰ ਅਫਸੋਸ ਇਨਾਂ ਨੂੰ ਅਜੋਕੇ ਦੌਰ ਤੱਕ ਪਹੁੰਚਾਉਣ ’ਚ ਕਿਤੇ ਨਾ ਕਿਤੇ ਭਾਗੀਦਾਰ ਵੀ ਹਾਂ। ਇੱਥੇ ਇਕ ਗੱਲ ਹੋਰ ਵੀ ਕਰਨੀ ਬਣਦੀ ਹੈ ਕਿ ਅੱਜ ਭਾਵੇਂ ਸਾਡਾ ਬੁੱਧੀਜੀਵੀ ਲੇਖਕ ਵਰਗ ਵੀ ਨਸ਼ਿਆਂ ਖ਼ਿਲਾਫ਼ ਚਿੰਤਤ ਹੈ, ਪਰ ਇਨ੍ਹਾਂ ਵਿਚੋਂ ਬਹੁਤ ਸਾਰਿਆਂ ਨੇ ਆਪਣੀਆਂ ਲਿਖਤਾਂ (ਗੀਤਾਂ, ਕਵਿਤਾਵਾਂ) ਵਿਚ ਸ਼ਰਾਬ ਦੀਆਂ ਸਿਫ਼ਤਾਂ ਦੇ ਪੁਲ਼ ਬੰਨੇ ਹਨ। ਬਹੁ ਗਿਣਤੀ ਲੇਖਕ ਆਪਣੇ ਭਾਸ਼ਣਾਂ ’ਚ ਸ਼ਰੇਆਮ ਸ਼ਰਾਬ ਦਾ ਜ਼ਿਕਰ ਕਰਦੇ ਸੁਣੇ ਜਾ ਸਕਦੇ ਹਨ ।
ਪੰਜਾਬੀ ਗੀਤਕਾਰਾਂ, ਗਾਇਕਾਂ ਅਤੇ ਫਿਲਮਸਾਜ਼ਾਂ ਨੇ ਤਾਂ ਬੇੜਾ ਹੀ ਗਰਕ ਕਰ ਦਿੱਤਾ । ਜਿਨਾਂ ਨੇ ਸ਼ਰਾਬ ਤੋਂ ਇਲਾਵਾ ਸੁਲਫ਼ਾ, ਗਾਂਜਾ, ਅਫ਼ੀਮ ਅਤੇ ਭੁੱਕੀ ਦੇ ਸੋਹਿਲੇ ਆਪਣੇ ਗੀਤਾਂ ਵਿਚ ਰੱਜ ਕੇ ਗਾਏ ਅਤੇ ਫਿਲਮਾਏ ਹਨ। ਅਸੀਂ ਵੇਖਦੇ ਹਾਂ ਜਦੋਂ ਸਮਾਜ ਵਿਚ ਕੋਈ ਸਮਾਜ ਸੁਧਾਰ ਲਹਿਰ ਜਾਂ ਲੋਕ ਲਹਿਰ ਖੜ੍ਹੀ ਹੋਈ ਹੈ ਤਾਂ ਉਸ ਦਾ ਪ੍ਰਚਾਰ-ਪ੍ਰਸਾਰ, ਲੋਕ ਗੀਤਾਂ, ਕਵਿਤਾਵਾਂ, ਭਾਸ਼ਣਾਂ ਤੇ ਹੋਰ ਵੱਖੋ-ਵੱਖ ਰੂਪਾਂ ਵਿਚ ਕੀਤਾ ਜਾਂਦਾ ਰਿਹਾ ਹੈ । ਇਨ੍ਹਾਂ ਨਸ਼ਿਆਂ ਦੇ ਪ੍ਰਚਾਰ-ਪ੍ਰਸਾਰ ਲਈ ਉਪਰੋਕਤ ਸਮੁੱਚੇ ਵਰਗ ਵੀ ਸਿੱਧੇ ਅਸਿੱਧੇ ਰੂਪ ਵਿਚ ਨਸ਼ਿਆਂ ਦੀ ਮੌਜੂਦਾ ਵਰਤਮਾਨ ਸਥਿਤੀ ਲਈ ਭਾਗੀਦਾਰ ਹਨ ।
ਪੰਜਾਬ ਦੇ ਭਵਿੱਖ ਨੂੰ ਜੇ ਖੁਸ਼ਹਾਲ ਬਣਾਉਣਾ ਹੈ, ਜੇ ਅਸੀਂ ਸੱਚੀਂ-ਮੁਚੀਂ ਦਿਲੋਂ ਤੜਪ ਰੱਖਦੇ ਹਾਂ ਤਾਂ ਸਾਨੂੰ ਇਨ੍ਹਾਂ ਭਿਆਨਕ ਨਸ਼ਿਆਂ ਦੇ ਖਾਤਮੇ ਦੇ ਨਾਲ-ਨਾਲ ਸ਼ਰਾਬ ਦੀ ਵਰਤੋਂ ਦੀ ਮਾਤਰਾ ਨੂੰ ਸੀਮਤ ਕਰਨ ਵੱਲ ਧਿਆਨ ਦੇਣਾ ਪਵੇਗਾ। ਸਰਕਾਰ ਨੂੰ ਵੀ ਪੰਜਾਬ ’ਚ ਠੇਕਿਆਂ ਦੀ ਗਿਣਤੀ ਕੇਵਲ ਸ਼ਹਿਰਾਂ ਤੱਕ ਹੀ ਸੀਮਤ ਕਰਨੀ ਚਾਹੀਦੀ ਹੈ । ਅਸੀਂ ਜਿੰਨਾ ਮਰਜੀ ਰੌਲਾ ਪਾਈ ਜਾਈਏ, ਜਦੋਂ ਤੱਕ ਪੰਜਾਬ ਦੇ ਲੋਕ ਘਰਾਂ ਤੇ ਵਿਆਹਾਂ ਸ਼ਾਦੀਆਂ ਵਿੱਚ ਪਾਣੀ ਵਾਂਗੂੰ ਸ਼ਰਾਬ ਪੀਂਦੇ ਰਹਿਣਗੇ ਉਦੋਂ ਤੱਕ ਨਸ਼ਾ ਖਤਮ ਨਹੀਂ ਹੋ ਸਕਦਾ । ਆਓ, ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਸਰਕਾਰਾਂ ਤੋਂ ਟੇਕ ਛੱਡ ਕੇ ਸ਼ਰਾਬ ਸਮੇਤ ਬਾਕੀ ਨਸ਼ਿਆਂ ਨੂੰ ਤਿਆਗ ਕੇ ਇਸ ਦੇ ਮੁਕੰਮਲ ਖ਼ਾਤਮੇ ਲਈ ਆਪਣਾ ਬਣਦਾ ਯੋਗਦਾਨ ਪਾਈਏ ।
ਸੁਖਵਿੰਦਰ ਸਿੰਘ ਸਿੱਧੂ
-ਮੋਬਾ : 94635-28494