Wednesday, January 22, 2025  

ਲੇਖ

ਕਿਤਾਬ

May 04, 2024

ਕਿਤਾਬਾਂ ਮਨੁੱਖ ਦੀਆਂ ਮਿੱਤਰ ਹੁੰਦੀਆਂ ਨੇ ਅਕਸਰ ਹੀ ਸੁਣਿਆ ਹੈ, ਪਰ ਇਹਨਾਂ ਨਾਲ ਮਿੱਤਰਤਾ ਹਰ ਇੱਕ ਦੇ ਵੱਸ ਵਿੱਚ ਨਹੀਂ ਹੁੰਦੀ। ਸਮਾਂ, ਸਲੀਕਾ, ਸ਼ਾਂਤ ਮਾਹੌਲ ਮੰਗਦੀਆਂ ਨੇ, ਕਿਉਂਕਿ ਇਹਨਾਂ ਦੀ ਡੂੰਘਾਈ ਮਾਪਣ ਲਈ ਸਮਾਂ, ਬੈਠਣ ਦਾ ਢੰਗ ਤੇ ਰੌਲੇ ਰੱਪੇ ਤੋਂ ਪਰੇ ਦਾ ਮਾਪਦੰਡ ਜ਼ਰੂਰੀ ਹੁੰਦਾ।
ਅੱਜ ਦੀ ਜ਼ਿੰਦਗੀ ਏਨੀ ਭੱਜ-ਦੌੜ ਵਿੱਚ ਉਲਝ ਗਈ ਕਿ ਕਿਤਾਬਾਂ ਤੇ ਕਿਤੇ ਬਹੁਤ ਦੂਰ ਹੀ ਭੁੱਲ ਆਏ ਹਾਂ, ਬੀਤੇ ਦੀ ਕਹਾਣੀ ਬਣ ਗਈਆਂ ਨੇ।
ਅੱਜ ਸਾਡੇ ਕੋਲ ਮਨ ਪਰਚਾਵੇ ਦੇ ਲਈ ਹਰ ਹੱਥ ’ਚ ਫ਼ੋਨ ਜੋ ਸਾਨੂੰ ਇੱਕ ਨਹੀਂ ਸਭ ਦੇਸ਼ਾਂ ਦੀ ਹਰ ਕੌੜੀ ਮਿੱਠੀ ਗੱਲ਼ ਸੁਣਾਉਂਦਾ, ਪਰ ਕਿਤਾਬ ਵਰਗੀ ਵਿਸ਼ਾਲਤਾ ਇਸ ਵਿੱਚ ਨਹੀਂ, ਕਿਤਾਬ ਵਾਂਗ ਦਿਲਚਸਪ ਨਹੀਂ। ਕਿਤਾਬ ਨਾਲ ਸਾਡਾ ਗਿਆਨ ਤੇ ਵਧਦਾ ਹੀ ਹੈ, ਸਾਡੀ ਸੋਚ ਦਾ ਘੇਰਾ ਵੀ ਵਿਸ਼ਾਲ ਤੇ ਨਿਵੇਕਲੀ ਉਪਜ ਬਣਦਾ। ਇੱਕ ਕਿਤਾਬ ਚਿਰਾਂ ਤੋਂ ਪਨਪਦੀ ਰੂੜੀਵਾਦੀ ਸੋਚ ਨੂੰ ਬਦਲਣ ਦਾ ਤਕੜਾ ਹੀਆ ਰੱਖਦੀ।
ਜਿਸ ਤਰ੍ਹਾਂ ਸਮਾਜ ਵਿੱਚ ਬਹੁਤ ਲੋਕ ਹਨ, ਪਰ ਸਾਡੇ ਤੇ ਨਿਰਭਰ ਕਰਦਾ ਕਿ ਚੋਣ ਕਿਵੇਂ ਕਰਨੀ, ਇਸੇ ਤਰ੍ਹਾਂ ਸੰਸਾਰ ਭਰ ਵਿੱਚ ਕਿਤਾਬਾਂ ਦੀ ਗਿਣਤੀ ਬਹੁਤ ਹੈ ਪਰ ਸਭ ਚੰਗੀਆਂ ਵੀ ਨਹੀਂ ਹੁੰਦੀਆਂ, ਸਾਨੂੰ ਆਪਣੀ ਸੋਚ ਦੇ ਹਿਸਾਬ ਨਾਲ ਇਹਨਾਂ ਦੀ ਚੋਣ ਕਰਨੀ ਚਾਹੀਦੀ। ਕਿਉਂਕਿ ਇੱਕ ਗਲਤ ਕਿਤਾਬ ਤੁਹਾਡੇ ਵਿੱਚ ਸੌੜੀ ਮਾਨਸਿਕਤਾ ਪੈਦਾ ਕਰ ਦੇਵੇਗੀ ਤੇ ਤੁਸੀਂ ਗਿਆਨਵਾਨ, ਵਿਚਾਰਕ ਬਣਨ ਦੀ ਥਾਂ ਹੋਰ ਵੀ ਢਹਿ ਜਾਉਗੇ।
ਇੱਕ ਚੰਗੀ ਕਿਤਾਬ ਦਾ ਅੱਖਰ-ਅੱਖਰ ਤੁਹਾਡੇ ਮਨ ਵਿੱਚ ਵੱਸ ਜਾਵੇਗਾ ਤੇ ਤੁਸੀਂ ਆਪਣੇ ਅੰਦਰ ਗਿਆਨ ਦੀ ਲਾਇਬ੍ਰੇਰੀ ਪੈਦਾ ਕਰ ਲਉਗੇ ਤੇ ਇਹ ਲਾਇਬ੍ਰੇਰੀ ਅੱਗੇ ਕਈਆਂ ਲਈ ਰਾਹ ਦਸੇਰੀ ਬਣੇਗੀ।
ਜਦੋਂ ਵੀ ਕਦੇ ਸਮਾਜ ਵਿੱਚ ਕ੍ਰਾਂਤੀ ਆਈ ਉਸ ਪਿੱਛੇ ਸ਼ਬਦਾਂ ਦੀ ਹੀ ਹੱਲਾਸ਼ੇਰੀ ਸੀ, ਜੋ ਚਿਰਾਂ ਤੋਂ ਚੱਲੀਆਂ ਆ ਰਹੀਆਂ ਪ੍ਰਥਾਵਾਂ ਨੂੰ ਤੋੜ ਸਕੇ ਤੇ ਉਹਨਾਂ ਨੂੰ ਗਲਤ ਸਾਬਤ ਕਰਕੇ ਹਰ ਦੱਬੇ-ਕੁਚਲੇ ਨੂੰ ਸਮਾਜ ਵਿੱਚ ਚੰਗਾ ਤੇ ਬਣਦਾ ਦਰਜਾ ਦਿਵਾ ਸਕੇ।
ਮਨੁੱਖੀ ਮਨ ਕਦੇ ਵੀ ਉਦਾਸ ਹੋਵੇ, ਜ਼ਿੰਦਗੀ ਵਿੱਚ ਕੁਰਾਹੇ ਪੈ ਜਾਵੇ, ਜੀਵਣ ਤੋਂ ਮਨ ਭਰ ਜਾਵੇ ਤਾਂ ਇੱਕ ਚੰਗੀ ਕਿਤਾਬ ਦੀ ਪੇਸ਼ਕਸ਼ ਉਸ ਨੂੰ ਰਾਹ ਦਿਖਾ ਸਕਦੀ, ਉਹ ਜ਼ਿੰਦਗੀ ਨਾਲ ਮੋਹ ਪਾ ਸਕਦਾ।
ਇੱਕ ਚੰਗੀ ਕਿਤਾਬ ਤੁਹਾਡੀ ਮਿੱਤਰ ਉਦੋਂ ਹੀ ਬਣੇਗੀ ਜਦੋਂ ਤੁਸੀਂ ਉਸ ਨਾਲ ਡੂੰਘਾਈ ਨਾਲ ਵਿਚਰਨਾ ਸ਼ੁਰੂ ਕਰਤਾ।
ਕਿਤਾਬ ਪੜ੍ਹਨ ਲਈ ਸਮਾਂ ਕੱਢਣਾ ਬਹੁਤ ਜ਼ਰੂਰੀ, ਕਿਉਂਕਿ ਕਿਤਾਬ ਨੂੰ ਅਸੀਂ ਵਾਧੂ ਸਮਝ ਕੇ ਪੜਾਂਗੇ ਤਾਂ ਇਹ ਮਜ਼ਬੂਰੀ ਹੋਵੇਗੀ,ਜੋ ਤੁਹਾਨੂੰ ਚੰਗੇ ਪਾਠਕ ਨਹੀਂ ਬਣਾ ਸਕਦੀ।
ਸ਼ਬਦ ਤੁਹਾਡੇ ਗਿਆਨ ਵਿੱਚ ਵਾਧਾ ਕਰਦੇ ਨੇ ਇਹ ਤੁਹਾਡੇ ਮਨ ਦਾ ਗਹਿਣਾ ਹੋ ਨਿੱਬੜਦੇ ਤੇ ਇਹ ਗਹਿਣਾ ਕੋਈ ਚੋਰੀ ਨਹੀਂ ਕਰ ਸਕਦਾ, ਸਗੋਂ ਇਸ ਦੀ ਉਪਜ ਵਧਦੀ ਜਾਵੇਗੀ।
ਇੱਕ ਚੰਗੀ ਕਿਤਾਬ ਦਿਲੀ ਸ਼ਾਂਤੀ ਪ੍ਰਦਾਨ ਕਰਦੀ ਤੇ ਤੁਸੀਂ ਅਨੇਕਾਂ ਉਲਝਣਾਂ ਨੂੰ ਪਿੱਛੇ ਛੱਡ ਕੇ ਨਿੱਖਰੀ ਹੋਈ ਜ਼ਿੰਦਗੀ ਵਿੱਚ ਪੈਰ ਧਰਦੇ ਓ।
ਕਿਤਾਬਾਂ ਵਰਗਾ ਕੋਈ ਦੋਸਤ ਨਹੀਂ, ਇਹਨਾਂ ਨਾਲ ਦੋਸਤੀ ਤੁਹਾਨੂੰ ਕਦੇ ਬੁਝਣ ਨਹੀਂ ਦੇਵੇਗੀ। ਇੱਕ ਚੰਗੀ ਕਿਤਾਬ ਵਿੱਚ ਤੁਹਾਨੂੰ ਜ਼ਿੰਦਗੀ ਦੀ ਹਰ ਮੁਸ਼ਕਿਲ ਨਾਲ ਹੱਸ ਕੇ ਨਜਿੱਠਣ ਦੀ ਊਰਜਾ ਹੁੰਦੀ ਹੈ, ਇਹ ਜਿੱਥੇ ਵੀ ਪੜੀਆਂ ਜਾਣਗੀਆਂ ਉਹ ਜਗ੍ਹਾ ਸਵਰਗ ਤੋਂ ਘੱਟ ਨਹੀਂ । ਕਿਤਾਬਾਂ ਨੂੰ ਵੀ ਉਹਨਾਂ ਦਾ ਪਹਿਲਾ ਹੱਕ ਦੇਈਏ, ਕਦੇ ਵੀ ਡਿੱਗਣ ਨਹੀਂ ਦੇਣਗੀਆਂ।
ਮਨਪ੍ਰੀਤ ਕੌਰ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ