ਲੋਕਾਂ ਦੇ ਮੁੱਦੇ ਗੁਆਚੇ ਇਸ ਸਮੇਂ ਪੂਰੇ ਦੇਸ਼ ਵਿਚ ਲੋਕ ਸਭਾ ਦੀਆਂ ਚੋਣਾਂ ਦਾ ਬਿਘਲ ਵੱਜ ਚੁੱਕਿਆ ਹੈ। ਜਦੋਂ ਤੋਂ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਦਿਨ ਨਿਰਧਾਰਿਤ ਕੀਤਾ ਹੈ। ਉਦੋਂ ਤੋਂ ਹੀ ਸਿਆਸੀ ਤਿਕੜਮਾਂ ਲੱਗਣੀਆਂ ਵੀ ਸ਼ੁਰੂ ਹੋ ਗਈਆ ਹਨ। ਲੀਡਰ ਇਕ ਪਾਰਟੀ ਤੋਂ ਦੂਜੀ ਪਾਰਟੀ ਵੱਲ ਜਾ ਰਹੇ ਹਨ ਜਾਂ ਆਪਣੀ ਜਿੱਤ ਨੂੰ ਹਾਸਿਲ ਕਰਨ ਲਈ ਵੋਟਾਂ ਦਾ ਜੋੜ ਘਟਾਉ ਵੀ ਕਰ ਰਹੇ ਹਨ। ਪਰ ਇਸ ਸਮੇਂ ਲੋਕਾਂ ਦੇ ਮੁੱਦੇ, ਲੋਕਾਂ ਦੀਆਂ ਮੁਸ਼ਕਿਲਾਂ ਇਕ ਪਾਸੇ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਵਾਰ ਕੋਈ ਵੀ ਪਾਰਟੀ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਵਿਸ਼ੇਸ ਮੁੱਦੇ ਨੂੰ ਉਭਾਰ ਨਹੀਂ ਸਕੀ।
ਲੋਕ ਹਿੱਤਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਕੋਈ ਵੇਲਾ ਸੀ ਜਦੋਂ ਆਮ ਪਿੰਡਾਂ ਵਿਚ ਕੋਈ ਨਗਰ, ਮੁਹੱਲਾ ਜਾਂ ਭਾਈਚਾਰੇ ਵੱਲੋਂ ਕਿਸੇ ਇੱਕ ਧਿਰ ਨੂੰ ਵੋਟਾਂ ਲਈ ਹਾਂ ਕਰ ਦਿੱਤੀ ਜਾਂਦੀ ਤਾਂ ਦੂਸਰੀ ਧਿਰ ਦਾ ਕੋਈ ਵਿਅਕਤੀ ਵਿਸ਼ੇਸ ਜਾਂ ਨੇਤਾ ਆਉਦਾ ਤਾਂ ਲੋਕਾਂ ਵੱਲੋਂ ਇਹੀ ਕਿਹਾ ਜਾਂਦਾ ਸੀ ਕਿ ਤੁਸੀ ਦੇਰੀ ਕਰ ਦਿੱਤੀ ਹੈ ਅਸੀ ਤੁਹਾਡੇ ਤੋਂ ਪਹਿਲਾਂ ਸਾਡੇ ਕੋਲ ਆਈ ਪਾਰਟੀ ਨੂੰ ਹਾਂ ਕਰ ਦਿੱਤੀ ਗਈ ਹੈ ਭਾਵ ਜੁਬਾਨ ਕੀਤੀ ਜਾਂਦੀ ਸੀ ਕੋਈ ਲਾਲਚ ਨਹੀਂ। ਪਰ ਅੱਜ ਦੇ ਸਮੇਂ ਵਿਚ ਜੋ ਲੀਡਰ ਲੰਮੇ ਸਮੇਂ ਤੋਂ ਇੱਕ ਪਾਰਟੀ ਨਾਲ ਹੁੰਦੇ ਅਗਲੇ ਦਿਨ ਚੁੱਪ ਚਪੀਤੇ ਦੂਸਰੀ ਪਾਰਟੀ ਵਿਚ ਸ਼ਾਮਿਲ ਹੋ ਜਾਂਦਾ ਹੈ। ਲੋਕਾਂ ਨੇ ਜਿਹਨਾਂ ਵੋਟਾਂ ਪਾ ਕੇ ਚੁਣਿਆ ਹੁੰਦਾ ਹੈ, ਠੱਗੇ ਠੱਗੇ ਮਹਿਸੂਸ ਕਰਦੇ ਹਨ ਉਹਨਾਂ ਦੇ ਕੰਮਕਾਰ ਜਾਂ ਹੋਰ ਮਸਲਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਜੋ ਲੀਡਰ ਪਹਿਲੇ ਦਿਨ ਦੂਸਰੀਆਂ ਪਾਰਟੀਆਂ ਦੀਆਂ ਵਿਰੁੱਧ ਦੋਸ਼ ਲਗਾ ਰਿਹਾ ਹੁੰਦਾ ਹੈ, ਦੂਸਰੇ ਦਿਨ ਕਿਸੇ ਹੋਰ ਪਾਰਟੀ ਵਿਚ ਸ਼ਾਮਿਲ ਹੋ ਕੇ ਉਸੇ ਪਾਰਟੀ ਦੀਆਂ ਸਿਫ਼ਤਾਂ ਕਰਨ ਲੱਗ ਜਾਂਦਾ ਹੈ।
ਪੰਜਾਬ ਦੇ ਕਿਸਾਨ ਦਿੱਲੀ ਦੀ ਬਰੂਹਾਂ ਤੇ ਆਪਣੀਆਂ ਮੰਗਾਂ ਲਈ ਬੈਠੇ ਹਨ ਪਰ ਕਿਸੇ ਵੀ ਪਾਰਟੀ ਵੱਲੋਂ ਉਹਨਾਂ ਦੇ ਹੱਲ ਲਈ ਕੋਈ ਰਾਹ ਨਹੀਂ ਕੱਢਿਆ ਗਿਆ, ਪੰਜਾਬ ਦੇ ਡੂੰਘੇ ਪਾਣੀਆਂ ਦੀ ਚਿੰਤਾ, ਵੱਧ ਰਹੀ ਬੇਰੁਜ਼ਗਾਰੀ ਦੀ ਸਮੱਸਿਆਂ, ਬੇਅੱਦਬੀਆਂ ਦਾ ਮਸਲਾ, ਨਸ਼ੇ ਦੀ ਮਾਰ ਆਦਿ ਹੋਰ ਮੁੱਦਿਆਂ ਵੱਲ ਧਿਆਨ ਦੇ ਕੇ ਉਹਨਾਂ ਨੂੰ ਹੱਲ ਕਰਨ ਦੀ ਨੀਤੀ ਬਾਰੇ ਦੱਸਣਾ ਚਾਹੀਦਾ ਹੈ। ਲੋਕਾਂ ਨੂੰ ਅਸਲੀ ਮੁੱਦਿਆਂ ਵੱਲ ਧਿਆਨ ਦਿਵਾਉਣਆ ਚਾਹੀਦਾ ਹੈ।
ਪੰਜਾਬ ਦੀ ਸਿਆਸਤ ਨਵੇਕਲੀ ਰਹੀ ਹੈ। ਸਿਆਸੀ ਲੋਕ ਚਾਹੇ ਆਪਣੇ ਦਾਅ ਪੇਚ ਲਾ ਕੇ ਕਿੰਨੀ ਵੀ ਕੋਸ਼ਿਸ਼ ਕਰਦੇ ਰਹਿਣ। ਪਰ ਪੰਜਾਬ ਦੇ ਲੋਕਾਂ ਨੇ ਆਪਣੀ ਮਨ ਮਰਜੀ ਨਾਲ ਹੀ ਫੈਸਲਾ ਦਿੱਤਾ ਹੈ। ਇਕ ਦੂਜੇ ਵਿਰੁੱਧ ਬਿਆਨਬਾਜੀ, ਧਰਮ, ਭਾਈਚਾਰੇ ਦੀ ਸਿਆਸਤ ਤੋਂ ਸੰਕੋਚ ਕਰਨਾ ਚਾਹੀਦਾ ਹੈ। ਲੋਕਾਂ ਨੂੰ ਵੀ ਚੋਣਾਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਰਹਿਣ। ਆਪਣੇ ਸੁਨਹਿਰੀ ਭਵਿੱਖ ਨੂੰ ਲੈ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਕਿਉਂਕਿ ਸਾਡੀ ਵੋਟ ਦੀ ਅਹਿਮੀਅਤ ਬਹੁਤ ਖਾਸ ਹੈ, ਇਸ ਨੂੰ ਸਮਝਣ ਦੀ ਜਰੂਰਤ ਹੈ। ਇਕ ਵਾਰ ਉਗਲ ਉੱਪਰ ਸਿਆਹੀ ਲੱਗਣ ਬਾਅਦ ਪੰਜ ਸਾਲ ਲਈ ਸਾਡੇ ਕੋਲ ਕੁਝ ਵੀ ਨਹੀਂ ਬੱਚਦਾ।
ਸੁਖਮੰਦਰ ਪੁੰਨੀ
-ਮੋਬਾ: 9815788001